Welcome to Canadian Punjabi Post
Follow us on

18

October 2021
 
ਨਜਰਰੀਆ

ਮਨੁੱਖ ਨੂੰ ਮਨੁੱਖ ਹੋਣ ਦਾ ਮਾਣ ਦੇਈਏ

September 27, 2021 03:06 AM

-ਡਾ: ਸਰਬਜੀਤ ਕੌਰ ਸੋਹਲ
ਹਰਮ ਆ ਰਹੀ ਹੈ, ਬਹੁਤ ਸ਼ਰਮ। ਮੈਂ ਸ਼ਰਮਿੰਦਾ ਹਾਂ, ਬਹੁਤ ਹੀ ਸ਼ਰਮਿੰਦਾ। ਇੰਝ ਲੱਗਦਾ ਹੈ ਜਿਵੇਂ ਅੱਜ ਤੱਕ ਦਾ ਸਿੱਖਿਆ ਸਿਖਾਇਆ, ਕੀਤਾ-ਕਰਾਇਆ ਸਭ ਖੇਹ ਹੋ ਗਿਆ ਹੈ। ਮੈਂ ਇਸ ਦੇਸ਼ ਵਿੱਚ ਰਹਿੰਦੀ ਹਾਂ, ਉਸ ਧਰਤੀ ਦੀ ਜਾਈ ਹਾਂ, ਜਿੱਥੇ ਬਾਬੇ ਨਾਨਕ ਨੇ ਅਵਤਾਰ ਧਾਰਿਆ ਸੀ। ਅੱਜ ਜੇ ਕਿਰਤੀ ਕਿਸਾਨ ਤੇ ਮਜ਼ਦੂਰ ਸਮੂਹਿਕ ਤੌਰ ਉੱਤੇ ਹੱਕਾਂ ਲਈ ਲੜਨ ਵਾਲੇ ਅਤੇ ਕੁੱਲ ਦੁਨੀਆ ਲਈ ਮਿਸਾਲ ਬਣੇ ਹਨ, ਓਥੇ ਦੂਸਰੇ ਪਾਸੇ ਅਸੀਂ ਪੜ੍ਹੇ-ਲਿਖੇ ਲੋਕ ਉਚ ਡਿਗਰੀਆਂ ਦੇ ਧਾਰਨੀ, ਜਾਤੀਵਾਦ ਦੇ ਸ਼ਿਕਾਰ ਸ਼ਰਮਨਾਕ ਦੌਰ ਵਿੱਚ ਜੀਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਾਂ। ਵੈਸੇ ਪੂਰੀ ਦੁਨੀਆ ਵਿੱਚ ਹੀ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਹਨ, ਪਰ ਸਾਡੇ ਮਹਾਨ ਭਾਰਤ ਵਿੱਚ ਭਿ੍ਰਸ਼ਟ ਰਾਜਨੀਤਕ ਵਰਤਾਰਿਆਂ ਨੇ ਅੱਤ ਹੀ ਕਰ ਦਿੱਤੀ ਹੈ। ਇਸੇ ਰਾਜਨੀਤੀ ਦੇ ਸ਼ਿਕਾਰ ਪੰਜਾਬ ਵਿੱਚ ਅਣਸੁਖਾਵੇਂ ਮਾਹੌਲ ਨੇ ਸਭਨਾਂ ਦੀਆਂ ਬੇਚੈਨੀਆਂ ਨੂੰ ਵਧਾਇਆ ਪਿਆ ਹੈ। ਲੱਖ ਕੋਸ਼ਿਸ਼ ਕਰੇ ਬੰਦਾ, ਚੌਗਿਰਦੇ ਦੇ ਵਰਤਾਰਿਆਂ ਅਤੇ ਕਾਵਾਂ-ਰੌਲੀ ਤੋਂ ਬਚ ਨਹੀਂ ਸਕਦਾ। ਕਈ ਦਿਨਾਂ ਦੀਆਂ ਕਿਆਸ-ਅਰਾਈਆਂ, ਰਾਜਨੀਤਕ ਧੜੇਬੰਦੀਆਂ ਨੇ ਮਾਹੌਲ ਨੂੰ ਗਰਮਾਇਆ ਹੋਇਆ ਸੀ।
ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਖਬਰ ਆਈ ਤਾਂ ਹਰ ਵਿਅਕਤੀ ਦੀ ਉਤਸੁਕਤਾ ਵਧ ਗਈ, ਇਹ ਜਾਣਨ ਲਈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਸੋਸ਼ਲ ਮੀਡੀਆ ਤੇ ਬਾਕੀ ਚੈਨਲਾਂ ਉੱਤੇ ਸੁਨੀਲ ਜਾਖੜ ਦਾ ਨਾਂਅ ਪ੍ਰਚਾਰਿਆ ਜਾਣ ਲੱਗਾ ਤਾਂ ਅਚਨਚੇਤ ਚੰਗਾ-ਭਲਾ ਇਮਾਨਦਾਰ ਪੰਜਾਬੀ ਬੰਦਾ ‘ਹਿੰਦੂ ਚਿਹਰਾ’ ਬਣ ਗਿਆ। ਕਹਿਣ ਵਾਲਿਆਂ ਲਈ ਪੰਜਾਬ ਵਿੱਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣ ਸਕਦਾ ਹੈ। ਬਈ ਪਾਰਟੀ ਨੇ ਅਗਲੀਆਂ ਚੋਣਾਂ ਵਿੱਚ ਵੋਟਾਂ ਵੀ ਲੈਣੀਆਂ ਹਨ। ਸ੍ਰੀਮਤੀ ਅੰਬਿਕਾ ਸੋਨੀ ਨੂੰ ਦਿਲਦਾਰੀਆਂ ਨਾਲ ਵਰਚਾ ਦਿੱਤਾ ਗਿਆ। ਫਿਰ ਮੀਡੀਆ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਕਿਆਸ ਲਾਉਣ ਲੱਗੇ। ਗੱਲ ਕਾਫੀ ਅਗਾਂਹ ਤੱਕ ਪਹੁੰਚ ਗਈ।
ਚਲੋ, ਟਕਸਾਲੀ ਕਾਂਗਰਸੀ ਬੰਦਾ ਹੈ, ਠੀਕ ਹੈ। ਲੋਕਾਂ ਦੀ ਉਤਸੁਕਤਾ ਆਪਣੀ ਸਿਖਰ ਉੱਤੇ ਪਹੁੰਚ ਚੁੱਕੀ ਸੀ ਕਿ ਅਚਾਨਕ ਚਰਨਜੀਤ ਸਿੰਘ ਚੰਨੀ ਦਾ ਨਾਂਅ ਮੁੱਖ ਮੰਤਰੀ ਵਜੋਂ ਐਲਾਨ ਕਰ ਦਿੱਤਾ। ਚੰਨੀ ਅਤੇ ਉਨ੍ਹਾਂ ਦੇ ਪਰਵਾਰਕ ਜੀਆਂ ਉੱਤੇ ਕੈਮਰਿਆਂ ਦੀਆਂ ਫਲੈਸ਼ਾਂ ਪੈਣ ਲੱਗ ਪਈਆਂ ਤੇ ਨਾਲ ਮੀਡੀਆ ਨੇ ‘ਪਹਿਲੀ ਵਾਰ ਇੱਕ ਦਲਿਤ ਮੁੱਖ ਮੰਤਰੀ’ ਵਜੋਂ ਪੇਸ਼ਕਾਰੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਅੰਦਰਲਾ ਵਲੂੰਧਰਿਆ ਗਿਆ ਕਿ ਪਲਾਂ ਛਿਣਾਂ ਵਿੱਚ ਇੱਕ ਚੰਗਾ ਭਲਾ ਵਿਅਕਤੀ ਪੜ੍ਹਿਆ ਲਿਖਿਆ, ਉਚ ਸਿਖਿਅਤ ਕੈਬਨਿਟ ਮੰਤਰੀ ਕੇਵਲ ਤੇ ਕੇਵਲ ‘ਦਲਿਤ’ ਵਜੋਂ ਕਿਵੇਂ ਪ੍ਰਚਾਰਿਆ ਜਾਣ ਲੱਗਾ ਹੈ। ਹਰ ਚੈਨਲ, ਹਰ ਅਖਬਾਰ, ਹਰ ਵਿਅਕਤੀ ਇਸ ਸ਼ਬਦ ਦੀ ਵਰਤੋਂ ਇਉਂ ਕਰ ਰਿਹਾ ਸੀ ਜਿਵੇਂ ਇਸ ਸ਼ਬਦ ਤੋਂ ਬਿਨਾਂ ਚੰਨੀ ਸਾਹਿਬ ਦੀ ਸ਼ਖਸੀਅਤ ਅਧੂਰੀ ਨਾ ਰਹਿ ਜਾਵੇ। ਮੈਂ ਸੋਚਿਆ ਤੇ ਬਹੁਤ ਸੋਚਿਆ ਤੇ ਫਿਰ ਮੇਰੀ ਸ਼ਰਮਿੰਦਗੀ ਹੱਦਾਂ-ਬੰਨੇ ਪਾਰ ਕਰ ਗਈ। ਮੇਰੀ ਸਿੱਖਿਆ ਨਿਸਫਲ ਹੋ ਗਈ। ਬਾਬੇ ਨਾਨਕ ਦੀ ਜੀਵਨ-ਜਾਚ, ਮਨੁੱਖ ਵਜੋਂ ਪਛਾਣ ਸਭ ਕੁਝ ਲੋਪ ਹੋ ਗਿਆ। ਜਾਤਾਂ-ਪਾਤਾਂ ਦੀ ਇਸ ਨਗਰੀ ਵਿੱਚ ਘੋਰ ਅਸਫਲਤਾ ਦਾ ਅਹਿਸਾਸ ਮਨ ਉੱਤੇ ਭਾਰੂ ਹੋ ਗਿਆ।
ਸਮਝ ਤੋਂ ਬਾਹਰ ਇਸ ਵਰਤਾਰੇ ਨੇ ਡੂੰਘੀ ਮਾਰ-ਮਾਰੀ ਅਤੇੇ ਇਉਂ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ ਦੀ ਸੱਪ-ਸੀੜ੍ਹੀ ਵਾਲੀ ਖੇਡ ਵਿੱਚ ਨੜਿੱਨਵੇਂ ਤੋਂ ਸੱਪ ਨੇ ਡੰਗ ਮਾਰਿਆ ਹੋਵੇ ਅਤੇ ਮੁੜ ਮੈਂ ਜ਼ੀਰੋ ਉੱਤੇ ਅੱਪੜ ਗਈ ਹੋਵਾਂ। ਬਾਬੇ ਨਾਨਕ ਨੇ ਸਾਨੂੰ ਕੇਵਲ ਸਿਧਾਂਤ ਹੀ ਨਹੀਂ ਸੀ ਸਿਖਾਏ, ਵਿਹਾਰਕ ਤੌਰ ਉੱਤੇ ਵੀ ਸੰਗਤ, ਪੰਗਤ, ਮਿਹਨਤ, ਖੇਤੀ-ਜਾਤਾਂ-ਪਾਤਾਂ, ਭਰਮਾਂ ਤੋਂ ਉਪਰ ਉਠਣ ਦੀ ਜੁਗਤ ਵੀ ਸਿਖਾਈ ਸੀ। ਬਾਬੇ ਨਾਨਕ ਦੇ 550 ਸਾਲਾ ਉਤਸਵੀ ਮਾਹੌਲ ਵਿੱਚ ਅਸੀਂ ਸੈਮੀਨਾਰਾਂ, ਕਵੀ ਦਰਬਾਰਾਂ, ਲੈਕਚਰਾਂ, ਇਨਾਮਾਂ ਨਾਲ ਉਸ ਨੂੰ ਯਾਦ ਕਰਨ ਵਿੱਚ ਪੂਰੀ ਭੱਲ ਬਣਾਈ ਰੱਖੀ ਤੇ ਅੱਜ ਅਸੀਂ ਸਭ ਭੁੱਲ ਭੁਲਾ ਗਏ। ਮਿੰਟਾਂ ਵਿੱਚ ਸੁਨੀਲ ਜਾਖੜ ਹਿੰਦੂ ਹੋ ਗਿਆ, ਸੁਖਜਿੰਦਰ ਰੰਧਾਵਾ ਜੱਟ ਸਿੱਖ ਅਤੇ ਚਰਨਜੀਤ ਚੰਨੀ ਨੂੰ ਵੀ ਵਿਸ਼ੇਸ਼ਣ ਲਾ-ਲਾ ਕੇ ਮਨੁੱਖ ਹੋਣ ਤੋਂ ਅੱਗੇ ਹੋਰ ਕੁਝ ਹੋਰ ਹੀ ਬਣਾ ਦਿੱਤਾ।
ਕੀ ਅਸੀਂ ਪੜ੍ਹੇ ਲਿਖੇ ਹਾਂ? ਮੰਨਿਆ ਕਿ ਚੋਣ ਸਟੰਟ ਜ਼ਰੂਰੀ ਹੁੰਦੇ ਹਨ। ਰਾਜਨੀਤੀ ਦੀਆਂ ਸ਼ਿਕਾਰ ਪਾਰਟੀਆਂ ਇਹ ਚਾਲਾਂ ਚੱਲਦੀਆਂ ਹੀ ਹਨ, ਪਰ ਅਸੀਂ ਕਿਵੇਂ ਇੰਨੇ ਨਿਰ-ਅਹਿਸਾਸ ਹੋ ਗਏ? ਕੀ ਮੀਡੀਆ ਵਾਲਿਆਂ ਦੀ ਜ਼ੁਬਾਨ ਨਹੀਂ ਕੰਬੀ? ਇਨਸਾਨ ਵਿੱਚੋਂ ਇਨਸਾਨ ਮਨਫੀ ਕਰਨਾ ਭਲਾ ਕਿੱਥੋਂ ਦੀ ਇਨਸਾਨੀਅਤ ਹੈ? ਕੀ ਅਸੀਂ ਇੰਨੇ ਲਕੀਰ ਦੇ ਫਕੀਰ ਹੋ ਗਏ ਹਾਂ? ਉਘੇ ਵਿਸ਼ਲੇਸ਼ਕ, ਜਿਨ੍ਹਾਂ ਨੂੰ ਅਸੀਂ ਬੜੇ ਸਮਰੱਥ ਰਿਪੋਰਟਰ ਮੰਨਦੇ ਹਾਂ, ਉਹ ਵੀ ਘੜੀ ਮੁੜੀ ‘ਦਲਿਤ’ ਸ਼ਬਦ ਦੀ ਵਰਤੋਂ ਕਰ ਰਹੇ ਸਨ। ਅਸੀਂ ਬਾਬੇ ਨਾਨਕ ਤੋਂ ਲੈ ਕੇ ਡਾਕਟਰ ਅੰਬੇਡਕਰ ਨੂੰ ਵੀ ਆਪਣੇ ਰਾਜਨੀਤਕ ਹਿੱਤਾਂ ਲਈ ਵਰਤ ਲਿਆ ਜਾਪਦਾ ਹੈ। ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਸਭ ਭੁੱਲ ਭੁਲਾ ਗਏ ਅਤੇ ਜਾਤਾਂ ਦੀਆਂ ਦੁਹਾਈਆਂ ਪਾਉਣ ਲੱਗੇ। ਸਭਨਾਂ ਦਾ ਦੁਨੀਆ ਵਿੱਚ ਆਉਣ ਦਾ ਰਸਤਾ ਇੱਕੋ ਹੈ, ਫਿਰ ਕੋਈ ਊਚ-ਨੀਚ ਕਿਵੇਂ ਹੋ ਗਿਆ। ਨਾਮ ਦੇ ਅਸੀਂ ਬੁੱਧੀਜੀਵੀ ਹਾਂ, ਗੁਰੂ ਵਾਲੇ ਹਾਂ, ਪਰ ਉਸ ਦੀ ਸਿੱਖਿਆ ਨੂੰ ਮੰਨਣੋਂ ਇਨਕਾਰੀ ਹਾਂ। ਮੇਰੇ ਲਈ ਇਹੋ ਵੱਡਾ ਸੱਲ ਸੀ ਕਿ ਕਾਲਜ ਵਿੱਚ ਵਜ਼ੀਫੇ ਦੀ ਪ੍ਰਕਿਰਿਆ ਵੇਲੇ ਬੱਚਿਆਂ ਨੂੰ ਜਾਤੀਗਤ ਸ਼੍ਰੇਣੀ ਵਿੱਚ ਨਾਮ ਲਿਖਣਾ ਪੈਂਦਾ ਸੀ ਜਾਂ ਨੋਟਿਸ ਬੋਰਡ ਤੇ ਲਾਉਣ ਵਾਲੇ ਅਜਿਹੇ ਨੋਟਿਸਾਂ ਉਤੇ ਦਸਖਤ ਕਰਨੇ ਪੈਂਦੇ ਸਨ। ਜਾਤੀ ਦੱਸਦੇ ਸਰਟੀਫਿਕੇਟ ਬਣਾਉਣੇ ਪੈਂਦੇ ਸਨ। ‘ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’।
ਅਸੀਂ ਵੇਖਦੇ ਹਾਂ ਕਿ ਹਿੱਤ, ਕੇਵਲ ਤੇ ਕੇਵਲ ਨਿੱਜੀ ਹਿੱਤ। ਅਰਦਾਸਾਂ ਕਰ-ਕਰ ਕੇ ਡੇਰਾ ਬਾਬਾ ਨਾਨਕ ਦੇ ਰਾਹ ਖੁੱਲ੍ਹਵਾਉਣ ਵਾਲਾ ਨਵਜੋਤ ਸਿੱਧੂ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋ ਗਿਆ? ਉਫ! ਅਸੀਂ ਕਿਸ ਸੰਸਾਰ ਵਿੱਚ ਜੀਅ ਰਹੇ ਹਾਂ। ਅਜਿਹਾ ਜੀਣਾ ਵੀ ਕੀ ਜੀਣਾ ਹੋਇਆ? ਅਜਿਹਾ ਪੜ੍ਹਨ-ਪੜ੍ਹਾਉਣ ਦਾ ਵੀ ਕੀ ਲਾਭ ਹੋਇਆ? ਅਜੇ ਤਾਂ ਅਸੀਂ ਹਿੰਦੂ ਹਾਂ, ਸਿੱਖ ਹਾਂ, ਮੁਸਲਮਾਨ ਹਾਂ ਅਤੇ ਅਸੀਂ ਅਜੇ ਵਿਸ਼ੇਸ਼ ਜਾਤੀਗਤ ਵਿਸ਼ਲੇਸ਼ਣਾਂ ਵਾਲੀ ਮਲੀਨ ਮਾਨਸਿਕਤਾ ਦੇ ਸ਼ਿਕਾਰ ਹਾਂ। ਅਜਿਹੇ ਅਸੰਵੇਦਨਸ਼ੀਲ ਸ਼ਬਦ ਸੁਣ ਕੇ ਮਨ ਦ੍ਰਵਿਤ ਹੋਇਆ ਪਿਆ ਹੈ।
ਦੁਖੀ ਕਰਦਾ ਹੈ ਇਹ ਵਰਤਾਰਾ। ਜਿਊਣ ਲਈ ਸਹਿਜ ਹੋਣਾ ਬੜਾ ਜ਼ਰੂਰੀ ਏ ਅਤੇ ਹਾਲਾਤ ਸਾਨੂੰ ਇਉਂ ਕਰਨ ਦੀ ਮੁਹਲਤ, ਆਗਿਆ ਨਹੀਂ ਦਿੰਦੇ। ਪਿਛਲੇ ਦੋ-ਚਾਰ ਦਿਨਾਂ ਵਿੱਚ ਦਲਿਤ ਸ਼ਬਦ ਇਉਂ ਹਥੌੜੇ ਵਾਂਗ ਵੱਜਿਆ ਕਿ ਸੋਚ ਦਾ ਨਿਰਧਾਰਨ ਹੀ ਖਿੰਡ-ਪੁੰਡ ਗਿਆ। ਰੱਬ ਦਾ ਵਾਸਤਾ ਜੇ ਦੋਸਤੋ! ਇਉਂ ਨਾ ਕਰੋ, ਬੱਸ ਹਿੰਦੂ, ਸਿੱਖ, ਦਲਿਤ, ਉਚ ਜਾਤੀ ਦੇ ਨਾ ਬਣੋ। ਬਣੋ ਅਤੇ ਬਣੋ ਕੇਵਲ ਮਨੁੱਖ। ਮਨੁੱਖ ਨੂੰ ਮਨੁੱਖ ਹੋਣ ਦਾ ਮਾਣ ਦਿਓ ਅਤੇ ਇਉਂ ਹੀ ਉਸ ਨੂੰ ਵਿਕਾਸ ਕਰਨ ਦਿਉ। ਵਿਅਕਤੀ ਨੂੰ ਜਾਤੀ ਨਾਲ ਨਾਮ ਅੰਕਿਤ ਨਾ ਕਰੋ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਭ ਨੂੰ ਨਾਲ ਲੈ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੇ ਵਿਅਕਤੀ ਵਜੋਂ ਹੀ ਜਾਣੋ।

 
Have something to say? Post your comment