Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਨਜਰਰੀਆ

ਨੀਂ ਬਾਬੇ ਖੇਤਾਂ ਦੇ, ਬਹਿਗੇ ਮੋਰਚਾ ਲਾ ਕੇ..

September 17, 2021 09:51 AM

-ਭੋਲਾ ਸਿੰਘ ਸ਼ਮੀਰੀਆ
ਦਿੱਲੀ ਦੀਆਂ ਬਰੂਹਾਂ ਉੱਤੇ ਡੇਰਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੀ ਪੂਰਤੀ ਤੱਕ ਦਾ ਸਿਰੜ ਧਾਰੀ ਬੈਠੀਆਂ ਹਨ। ਤਿੰਨੇ ਖੇਤੀ ਕਾਨੂੰਨ ਜਿੱਥੇ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕੇ ਹਨ, ਉਥੇ ਇਹ ਕਿਸਾਨਾਂ ਲਈ ਵੀ ਆਰ ਜਾਂ ਪਾਰ ਦੀ ਲੜਾਈ ਦੇ ਪ੍ਰਤੱਕ ਹੋ ਚੁੱਕੇ ਹਨ। ਪੰਜਾਬ ਦੀ ਧਰਤੀ ਉੱਤੇ ਪਹਿਲਾਂ ਵੀ ਅਜਿਹੇ ਸੰਘਰਸ਼ ਜਾਂ ਮੋਰਚੇ ਲੱਗਦੇ ਰਹੇ ਹਨ। ਬਾਗ਼ੀ ਸੁਰ ਜਾਂ ਆਪਣੇ ਹੱਕਾਂ ਲਈ ਸਿਰੜ ਧਾਰਨਾ ਪੰਜਾਬੀਆਂ ਦੇ ਖ਼ੂਨ ਵਿੱਚ ਸਮੋਈ ਪਈ ਹੈ। ਸਰਹੱਦੀ ਸੂਬਾ ਹੋਣ ਕਰਕੇ ਵਿਦੇਸ਼ੀਆਂ ਨਾਲ ਜੁਝਦਾ ਹੋਇਆ ਇਹ ਸੂੂਬਾ ਆਪਣੀ ਵੱਖਰੀ ਧਾਰਾ ਜਾਂ ਸ਼ੈਲੀ ਦਾ ਧਾਰਨੀ ਹੋ ਚੁੱਕਾ ਹੈ। ਇਤਿਹਾਸ ਗਵਾਹ ਹੈ ਕਿ ਕੇਂਦਰ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਸਮੇਂ ਇਹ ਸੂਬਾ ਆਪਣੇ ਮਤਭੇਦ ਭੁਲਾ ਕੇ ਮਾਲਾ ਦੇ ਮਣਕਿਆਂ ਵਾਂਗ ਏਕੋ ਦੀ ਲੜੀ ਵਿੱਚ ਪਰੋਇਆ ਜਾਂਦਾ ਹੈ।
ਇਸ ਕਿਸਾਨੀ ਸੰਘਰਸ਼ ਦੀ ਖ਼ਾਸ ਤੇ ਮਹੱਤਵ ਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਅੰਦੋਲਨ ਨੂੰ ਪੰਜਾਬ ਦੀ ਧਰਤੀ ਦਾ ਕਣ-ਕਣ ਆਪਣਾ ਸਮਰਥਨ ਦੇ ਰਿਹਾ ਹੈ। ਜਾਤੀਵਾਦ ਅਤੇ ਧਾਰਮਿਕ ਵਖਰੇਵਿਆਂ ਤੋਂ ਉਪਰ ਉਠ ਕੇ ਹਰ ਵਰਗ ਆਪੋ-ਆਪਣਾ ਢੰਗ ਨਾਲ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਸੰਘਰਸ਼ ਦੀ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੂਝਵਾਨ ਲੀਡਰਸ਼ਿਪ ਦੇ ਪਿੱਛੇ ਤੁਰਦਾ ਹੋਇਆ ਸ਼ਾਂਤਮਈ ਤੇ ਲੋਕਤੰਤਰੀ ਤੌਰ ਤਰੀਕਿਆਂ ਦਾ ਧਾਰਨੀ ਬਣ ਕੇ ਅੱਗੇ ਵਧ ਰਿਹਾ ਹੈ। ਬੁੱਧੀਜੀਵੀ ਅਤੇ ਸਾਹਿਤਕ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਆਪਣੀਆਂ ਲਿਖਤਾਂ ਤੇ ਵਿਚਾਰਾਂ ਨਾਲ ਇਸ ਸੰਘਰਸ਼ ਨੂੰ ਨਰੋਈ ਸੇਧ ਦੇ ਰਹੀਆਂ ਹਨ। ਪੰਜਾਬ ਦੀ ਲੋਕਧਾਰਾ ਤੇ ਕਾਵਿਕ ਨਜ਼ਰੀਆ ਵੀ ਇਸ ਸੰਘਰਸ਼ ਦਾ ਸ਼ਰੀਕ ਬਣ ਕੇ ਬਹੁੜਿਆ ਹੈ। ਇਹ ਸੰਘਰਸ਼ ਕਲਾਕਾਰਾਂ ਦੀ ਭਰਪੂਰ ਹਾਜ਼ਰੀ ਹੋਣ ਕਰਕੇ ਸਾਡੇ ਗੀਤਾਂ ਵਿੱਚ ਵੀ ਬੋਲਣ ਲੱਗ ਪਿਆ ਹੈ। ਲੋਕ ਬੋਲੀਆਂ ਦੇ ਵੱਖਰੇ ਰੰਗ ਵਿੱਚ ਰੰਗਿਆ ਗਿਆ ਹੈ। ਇਸ ਸੰਘਰਸ਼ ਦੀ ਝੋਲੀ ਲੋਕ ਬੋਲੀਆਂ ਨਾਲ ਭਰ ਜਾਣ ਕਰਕੇ ਇਹ ਸੰਘਰਸ਼ ਮਲਵਈ ਗਿੱਧਿਆਂ ਦੀ ਸ਼ਾਨ ਬਣ ਕੇ ਉਭਰਿਆ ਹੈ। ਮਲਵਈ ਗਿੱਧਿਆਂ ਦੇ ਸ਼ੌਕ ਨਾਲ ਜੁੜੇ ਕਲਾਕਾਰਾਂ ਨੇ ਆਪੋ-ਆਪਣੇ ਨਾਵਾਂ ਨਾਲ ਬੋਲੀਆਂ ਜੋੜ ਕੇ ਬੋਲੀਆਂ ਦੀ ਇੱਕ ਨਵੀਂ ਪਿਰਤ ਤੋਰੀ ਹੈ।
ਨਵੀਂਆਂ ਉੱਭਰੀਆਂ ਬੋਲੀਆਂ ਵਿੱਚੋਂ ਇੱਕ ਬੋਲੀ ਵਿੱਚ ਕਿਸਾਨ ਦਿੱਲੀ ਨੂੰ ਤਾਅਨਾ ਮਾਰਦੇ ਹੋਏ ਚੁਣੌਤੀ ਦਿੰਦੇ ਹਨ ਕਿ ਤੂੰ ਸਾਡੇ ਨਾਲ ਸਦੀਆਂ ਤੋਂ ਧੋ੍ਰਹ ਕਮਾਉਂਦੀ ਰਹੀ ਹੈਂ। ਇਹ ਬੋਲੀ ਕਿਸਾਨਾਂ ਦੀਆਂ ਭਾਵਨਾਵਾਂ ਇਉਂ ਪੇਸ਼ ਕਰਦੀ ਹੈ:
ਤੂੰ ਨਾ ਸਾਡੀ ਬਣੀ ਵੈਰਨੇ, ਦੇਖ ਲਿਆ ਅਜ਼ਮਾ ਕੇ।
ਤੇਰੀ ਖ਼ਾਤਰ ਅਸੀਂ ਦਿੱਲੀਏ, ਦੇਖੇ ਸੀਸ ਕਟਾ ਕੇ।
ਹੁਣ ਸਿੱਟਾਂਗੇ ਤੈਨੂੰ ਦਿੱਲੀਏ, ਅਸੀਂ ਢਾਕ ਉੱਤੇ ਲਾ ਕੇ।
ਨੀਂ ਬਾਬੇ ਖੇਤਾਂ ਦੇ, ਬਹਿਗੇ ਮੋਰਚਾ ਲਾ ਕੇ।
ਪੰਜਾਬੀਆਂ ਦੀ ਵਿਸ਼ੇਸ਼ਤਾ ਹੈ ਕਿ ਉਹ ਕਦੇ ਵੀ ਲੜਾਈ ਦੇ ਮੈਦਾਨ ਤੋਂ ਪਿੱਛੇ ਨਹੀਂ ਹਟਦੇ। ਇਤਿਹਾਸ ਵੱਲ ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ। ਇਹ ਪੰਜਾਬੀ ਵਿਦੇਸ਼ੀ ਧਾੜਵੀ ਅਬਦਾਲੀ ਦੀਆਂ ਫ਼ੌਜਾਂ ਉੱਤੇ ਹਮਲਾ ਕਰਕੇ ਉਸ ਨੂੰ ਵੀ ਲੁੱਟ ਲੈਂਦੇ ਸਨ। 1965, 1971 ਅਤੇ ਕਾਰਗਿਲ ਦੇ ਯੁੱਧ ਸਮੇਂ ਇਹ ਸਿੱਧ ਹੋ ਚੁੱਕਾ ਹੈ। ਇਸੇ ਤਰ੍ਹਾਂ ਕਿਸਾਨ ਦਿੱਲੀ ਨੂੰ ਆਪਣੀ ਬਹਾਦਰੀ ਦਾ ਪ੍ਰਮਾਣ ਦਿੰਦੇ ਹੋਏ, ਇੱਕ ਬੋਲੀ ਰਾਹੀਂ ਇਉਂ ਲਲਕਾਰਦੇ ਹਨ-
ਅਸੀਂ ਕਦੇ ਨਾ ਭੱਜੇ ਮੈਦਾਨੋਂ, ਨਾ ਨੀਂਹਾਂ ਵਿੱਚ ਡੋਲੇ।
ਤੈਨੂੰ ਇਹ ਕਿਰਸਾਨ ਵੈਰਨੇ, ਛੱਡੂ ਚਬਾ ਕੇ ਛੋਲੇ।
ਦੇਖ ਕੇ ਤੈਨੂੰ ਅਮਰਜੀਤ ਸਿੰਘ ਸਿੱਧੂ ਜੈਕਾਰਾ ਬੋਲੇ।
ਜਾਬਰ ਹਾਕਮ ਤੋਂ, ਅਸੀਂ ਕਦੇ ਨਾ ਡੋਲੇ।
ਨਵੇਂ ਸਿਰਜੇ ਹੋਵੇ ਤਿੰਨਾਂ ਕਾਨੂੰਨਾਂ ਦਾ ਸਤਾਇਆ ਕਿਸਾਨ ਦਿੱਲੀ ਦੀਆਂ ਸੜਕਾਂ ਉੱਤੇ ਡੇਰੇ ਲਾਈ ਬੈਠਾ ਹੈ। ਭਾਵੇਂ ਪੰਜਾਬ ਦੀ ਧਰਤੀ ਮਾਝਾ, ਮਾਲਵਾ ਤੇ ਦੁਆਬਾ ਖੇਤਰਾਂ ਕਰਕੇ ਕੁਝ ਭੂਗੋਲਿਕ, ਭਾਸ਼ਾ ਤੇ ਸੱਭਿਆਚਾਰਕ ਵਖਰੇਵਾਂ ਰੱਖਦੀ ਹੈ, ਪਰ ਕਿਸਾਨੀ ਸੰਘਰਸ਼ ਵਿੱਚ ਇਹ ਤਿੰਨੇ ਖੇਤਰ ਆਪੋ-ਆਪਣੀ ਹੋਂਦ ਮਿਟਾ ਕੇ ਸਿਰਫ਼ ਤੇ ਸਿਰਫ਼ ਕਿਸਾਨ ਬਣ ਕੇ ਹੀ ਜੂਝ ਰਹੇ ਹਨ। ਪੰਜਾਬ ਦੀਆਂ ਸੱਥਾਂ ਸੰੁਨੀਆਂ ਹੋ ਗਈਆਂ ਹਨ, ਕਿਉਂਕਿ ਸੱਥਾਂ ਵਾਲੀਆਂ ਰੌਣਕਾਂ ਕਿਸਾਨਾਂ ਨੇ ਦਿੱਲੀ ਜਾ ਲਾਈਆਂ ਹਨ। ਇਸ ਤਰ੍ਹਾਂ ਦੇ ਮਾਹੌਲ ਨੂੰ ਇੱਕ ਬੋਲੀ ਇਉਂ ਪੇਸ਼ ਕਰਦੀ ਹੈ”
ਸੜਕਾਂ ਮੱਲ ਕੇ ਬਹਿਗੀ ਕਿਸਾਨੀ,
ਦਿੱਲੀ ਦੀਆਂ ਬਰੂਹਾਂ।
ਪਿੱਛੇ ਘਰਾਂ ਦਾ ਫ਼ਿਕਰ ਨਾ ਕਰਨਾ,
ਹੁੱਬ ਕੇ ਆਂਹਦੀਆਂ ਨੂੰਹਾਂ।
ਮਾਝਾ, ਮਾਲਵਾ ਖਾਲੀ ਹੋ ਗਿਆ,
ਸੁੰਨੀਆਂ ਹੋ ਗਈਆਂ ਜੂਹਾਂ।
ਵਕਤੋਂ ਵਿੱਛੜੀਆਂ ਰੂਹਾਂ।
ਇਸ ਸੰਘਰਸ਼ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਦੇਖੀ ਗਈ ਹੈ ਕਿ ਸੰਘਰਸ਼ ਵਿੱਚ ਔਰਤਾਂ ਦਾ ਯੋਗਦਾਨ ਤੇ ਜੋਸ਼ ਠਾਠਾਂ ਮਾਰਦਾ ਲੱਭਦਾ ਹੈ। ਔਰਤ ਆਪਣੇ ਪਤੀ, ਭਰਾਵਾਂ ਦੇ ਦਿਓਰਾਂ-ਜੇਠਾਂ ਨੂੰ ਇਸ ਵਿੱਚ ਕੁੱਦਣ ਦੀ ਸਿਰਫ਼ ਹੱਲਾਸ਼ੇਰੀ ਨਹੀਂ ਦਿੰਦੀ, ਉਸ ਦੇ ਮੋਢੇ ਨਾਲ ਮੋਢਾ ਜੋੜਦੀ ਪ੍ਰਤੀਤ ਹੁੰਦੀ ਹੈ। ਆਪਣੇ ਕਾਰਜਾਂ ਨੂੰ ਖ਼ੁਦ ਨਿਭਾਉਣ ਦੀ ਜ਼ਿੰਮੇਵਾਰੀ ਲਈ ਆਪਣੇ ਪਰਾਂ ਨੂੰ ਤੋਲਦੀ ਹੈ। ਜਿਵੇਂ ਇੱਕ ਬੋਲੀ ਵਿੱਚ ਇੱਕ ਔਰਤ ਆਪਣੇ ਦਿਓਰ ਨੂੰ ਇੰਜ ਹੌਸਲਾ ਦਿੰਦੀ ਹੈ:
ਸਿੰਘੂ ਬਾਡਰ ਉਤੇ ਦਿਓਰਾ, ਲਾ ਕੇ ਬੈਠ ਜਾ ਧਰਨਾ।
ਜੇਕਰ ਆਪਣੇ ਖੇਤ ਖੁੱਸਗੇ, ਜਿਉ ਕੇ ਫੇਰ ਕੀ ਕਰਨਾ।
ਕੁੜਤਾ ਪਜਾਮਾ ਪਾ ਝੋਲੇ ਵਿੱਚ, ਨਾਲੇ ਕਛਹਿਰਾ ਪਰਨਾ।
ਭੀਖੀ ਵਾਲੇ ਸੱਤ ਪਾਲ ਤੋਂ ਹੁਣ ਆਪਾਂ ਨੀਂ ਡਰਨਾ।
ਡਟਿਆ ਰਹਿ ਦਿਓਰਾ, ਆਪੇ ਚੁਗਾ ਲਊਂ ਨਰਮਾ।
ਇਸ ਕਿਸਾਨੀ ਸੰਘਰਸ਼ ਵਿੱਚ ਔਰਤਾਂ ਤੀਹਰਾ ਕਾਰਜ ਨਿਭਾ ਰਹੀਆਂ ਹਨ, ਘਰ, ਖੇਤ ਦਾ ਤੇ ਮੋਰਚੇ ਦਾ। ਔਰਤਾਂ ਕੇਸਰੀ ਰੰਗ ਵਿੱਚ ਰੰਗੀਆਂ ਹੋਈਆਂ ਸੰਘਰਸ਼ ਦਾ ਹਿੱਸਾ ਬਣਦੀਆਂ ਪਿੰਡਾਂ ਵਿੱਚ ਇੱਕ ਦੂਜੀ ਨੂੰ ਲਾਮਬੰਦ ਕਰਦੀਆਂ ਮਿਲਦੀਆਂ ਹਨ। ਇੱਕ ਬੋਲੀ ਵਿੱਚ ਇੱਕ ਔਰਤ ਆਪਣੀ ਸਹੇਲੀ ਨੂੰ ਸੰਘਰਸ਼ ਵਿੱਚ ਦਿੱਲੀ ਜਾਣ ਨੂੰ ਇਉਂ ਪ੍ਰੇਰਦੀ ਹੈ:
ਦਿੱਲੀ ਦੇ ਵਿੱਚ ਧਰਨਾ ਲੱਗਿਆ, ਥਾਂ-ਥਾਂ ਹੋਵੇ ਚਰਚਾ।
ਭਾਂਡਾ-ਟੀਂਡਾ ਅੰਦਰ ਕਰਦੇ, ਆਉਣ ਵਾਲੀ ਹੈ ਵਰਖਾ।
ਪਾਣੀ ਦੇ ਦੋ ਤੌੜੇ ਭਰ ਜਾ, ਹੱਥੀਂ ਗੇੜ ਕੇ ਨਲਕਾ।
ਦੋ ਕੁ ਰੋਟੀਆਂ ਨਾਲ ਬੰਨ੍ਹ ਲੈ, ਲਾ ਕੇ ਗੰਢੇ ਨੂੰ ਤੜਕਾ।
ਦਿੱਲੀ ਚੱਲ ਚੱਲੀਏ, ਚੱਕਦੇ ਬਿਸ਼ਨੀਏ ਚਰਖਾ।
ਇਹ ਸੰਘਰਸ਼ ਸਿਆਸੀ ਪਾਰਟੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੀ ਦੂਰੀ ਬਣਾ ਕੇ ਤੁਰਨ ਕਰਕੇ ਨਿਰੋਲ ਕਿਸਾਨੀ ਹੋ ਨਿੱਬੜਿਆ ਹੈ। ਸਿਆਸੀ ਧਿਰਾਂ ਤੋਂ ਦੂਰੀ ਰੱਝਣ ਕਰਕੇ ਇਸ ਦਾ ਕੱਦ ਹੋਰ ਉਚਾ ਹੋ ਗਿਆ ਹੈ। ਇਹ ਵੀ ਇੱਕ ਸੋਚ ਹੈ ਕਿ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਸਹਿਯੋਗ ਬਿਨਾਂ ਅਧੂਰੀਆਂ ਜਾਪਦੀਆਂ ਹਨ। ਇਸ ਮੰਚ ਤੋਂ ਕਿਸੇ ਵੀ ਸਿਆਸੀ ਧਿਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ, ਸਗੋਂ ਉਨ੍ਹਾਂ ਨੂੰ ਵੰਗਾਰਿਆ ਤੇ ਲਲਕਾਰਿਆ ਜਾਂਦਾ ਹੈ ਕਿ ਪਾਰਲੀਮੈਂਟ ਵਿੱਚ ਬੈਠ ਕੇ ਹਾਕਮ ਪਾਰਟੀ ਦਾ ਵਿਰੋਧ ਕਰਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਲੋਕ ਉਨ੍ਹਾਂ ਦਾ ਬੁਰਾ ਹਾਲ ਕਰਨਗੇ। ਜਦੋਂ ਪਾਰਲੀਮੈਂਟ ਸੈਸ਼ਨ ਚੱਲਣਾ ਸੀ, ਓਦੋਂ ਹੋਂਦ ਵਿੱਚ ਆਈ ਬੋਲੀ ਉਸ ਦਿ੍ਰਸ਼ ਦੀ ਤਰਜ਼ਮਾਨੀ ਇਉਂ ਕਰਦੀ ਹੈ:
ਸੰਸਦ ਹੁਣ ਸੱਦ ਲਿਆ ਸੈਸ਼ਨ, ਬਾਈ ਤੇਈ ਬੱਸ ਆਈ।
ਸੰਘਰਸ਼ੀ ਮੋਰਚੇ ਨੇ ਵੀ ਵੀਰਨੋ, ਕਰ ਦਿੱਤੀ ਤਕੜਾਈ।
ਅਪੋਜੀਸ਼ਨ ਦੇ ਐਮ ਪੀ ਜਿੰਨੇ, ਚਿੱਠੀ ਹੈ ਭਿਜਵਾਈ।
ਕਰੋ ਵਿਰੋਧ ਕਾਨੂੰਨ ਦਾ ਰਲ ਕੇ, ਏਸੇ ਵਿੱਚ ਭਲਾਈ।
ਨਹੀਂ ਘੇਰਾਂਗੇ ਸੱਥ ਵਿੱਚ ਥੋਨੂੰ, ਸਿੱਧੂ ਗੱਲ ਸਮਝਾਈ।
ਫੜ ਕੇ ਮਾਂਜਾਗੇ, ਜੇ ਨਾ ਗੱਲ ਉਠਾਈ।
ਕਈ ਵਾਰੀ ਇਹ ਬੋਲੀਆਂ ਸਮੁੱਚੇ ਘਟਨਾਕ੍ਰਮ ਨੂੰ ਚਾਰੇ ਕੰਨੀਆਂ ਤੋਂ ਫੜ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਵੰਨਗੀ ਪੇਸ਼ ਕਰ ਜਾਂਦੀਆਂ ਹਨ। ਕਵਿਤਾ ਦਾ ਸਰੋਦ ਰਸ ਸਰੋਤਿਆਂ ਨੂੰ ਬੰਨ੍ਹ ਕੇ ਨਹੀਂ ਬਹਾਉਂਦਾ, ਸਗੋਂ ਉਨ੍ਹਾਂ ਨੂੰ ਸਮੁੱਚੇ ਹਾਲਾਤ ਦੀ ਜਾਣਕਾਰੀ ਵੀ ਦੇਂਦਾ ਹੈ। ਇਹ ਸੰਘਰਸ਼ ਕਿਉਂ ਸ਼ੁਰੂ ਹੋਇਆ? ਇਸ ਦੇ ਅੰਦਰਲੀ ਭਾਵਨਾ ਕੀ ਹੈ? ਭਵਿੱਖ ਵਿੱਚ ਇਸ ਦਾ ਸਾਡੇ ਉਪਰ ਕੀ ਅਸਰ ਪਵੇਗਾ? ਆਦਿ ਅਜਿਹੇ ਪ੍ਰਸ਼ਨ ਹਨ, ਜੋ ਇੱਕ ਬੋਲੀ ਦੇ ਰੂਪ ਵਿੱਚ ਸਾਰਅੰਸ ਬਣ ਕੇ ਉਭਰਦੇ ਹਨ:
ਕਾਰਪੋਰੇਟ ਘਰਾਣੇ ਜੋੜਗੇ, ਕੇਂਦਰ ਦੇ ਨਾਲ ਨਾਤਾ।
ਸਾਡੇ ਸਾਰੇ ਖੇਤ ਖੋਹਣ ਦਾ, ਫੀਡ ਕਰ ਲਿਆ ਡਾਟਾ।
ਸਰੋਂ ਕਣਕ ਸਾਡੀ ਸਸਤੀ ਲੈਣਗੇ, ਸਾਨੂੰ ਪਾਉਣਗੇ ਘਾਟਾ।
ਫੇਰ ਕਹਿਣਗੇ ਸਾਥੋਂ ਖ਼ਰੀਦੋ, ਛੋਲੇ ਤੇਲ ਤੇ ਆਟਾ।
ਸਾਨੂੰ ਇਨ੍ਹਾਂ ਨੇ ਸੀਰੀ ਲਾ ਕੇ, ਹੱਥ ਵਿੱਚ ਫੜਾਉਣੈ ਬਾਟਾ।
ਕੀ ਸਾਡੀ ਮੱਤ ਮਾਰੀ, ਕਾਹਤੋਂ ਪੁਟਾਈਏ ਝਾਟਾ।
ਕਿਸਾਨੀ ਸੰਘਰਸ਼ ਦੀ ਹਰ ਵੇਦਨਾ ਨੂੰ ਲੋਕ ਬੋਲੀਆਂ ਨੇ ਆਪਣੇ ਕਲਾਵੇ ਵਿੱਚ ਲਿਆ ਹੈ। ਆਪਣੇ ਘਰ ਤੋਂ ਦੂਰ ਦਿੱਲੀ ਦੇ ਧਰਨੇ ਉੱਤੇ ਬੈਠਾ ਇੱਕ ਕਿਸਾਨ ਆਪਣੀ ਪਤਨੀ ਨੂੰ ਚਿੱਠੀ ਵਰਗੀ ਭਾਵਨਾ ਨਾਲ ਫ਼ੋਨ ਕਰਦਾ ਹੈ, ਜਿਸ ਦੀ ਹੂ-ਬ-ਹੂ ਪੇਸ਼ਕਾਰੀ ਦੀ ਇੱਕ ਲੋਕ ਬੋਲੀ ਇਉਂ ਨਕਸ਼ਾ ਖਿੱਚਦੀ ਹੈ:
ਤਾਰੇ.. ਤਾਰੇ.. ਤਾਰੇ
ਟਿੱਕਰੀ ਬਾਡਰ ਤੋਂ, ਮੈਂ ਚੰਦ ਸਿਉਂ ਬੋਲਦਾਂ ਨਾਰੇ।
ਪੜ੍ਹਦੇ ਸੁਣਦਿਆਂ ਨੂੰ, ਮੇਰੀ ਫ਼ਤਹਿ ਬੁਲਾ ਦੇਈਂ ਸਾਰੇ।
ਦਿੱਲੀ ਵਾਲੇ ਬਾਡਰ `ਤੇ, ਸਾਨੂੰ ਪੈ ਗਏ ਮਾਮਲੇ ਭਾਰੇ।
ਹੋਰ ਏਥੇ ਕੋਈ ਦੁੱਖ ਨਾ, `ਕੱਲਾ ਘਰ ਦਾ ਫ਼ਿਕਰ ਜਾ ਮਾਰੇ।
ਦੁੱਧ ਵਾਲੀ ਮੱਝ ਰੱਖ ਕੇ, ਬਾਕੀ ਪਸ਼ੂ ਵੇਚ ਦੇਈਂ ਸਾਰੇ।
ਜਿੱਤ ਕੇ ਆਜਾਂਗੇ, ਸਿਦਕ ਰੱਖੀਂ ਮੁਟਿਆਰੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ