ਮਾਸਕੋ, 16 ਸਤੰਬਰ (ਪੋਸਟ ਬਿਊਰੋ)- ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਖ਼ਤੀ ਦਾ ਦੌਰ ਜਾਰੀ ਹੈ। ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮ ਨੂੰ ਸਕਿਊਰਟੀ ਬਾਰੇ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। ਭਾਰਤ ਵਿੱਚਪਿੱਛੇਜਿਹੇ ਕੇਂਦਰ ਸਰਕਾਰ ਤੇ ਟਵੀਟਰ ਨਾਲ ਟਕਰਾਅ ਪੈਦਾ ਹੋਇਆ ਸੀ। ਉਸ ਤੋਂ ਬਾਅਦ ਰੂਸ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਫ਼ੇਸਬੁੱਕ, ਟਵਿੱਟਰ ਤੇ ਟੈਲੀਗ੍ਰਾਮ ਉੱਤੇ ਭਾਰੀ ਜੁਰਮਾਨਾ ਲਾਇਆ ਗਿਆ ਹੈ।
ਰੂਸ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਉਸ ਨੇ ਨਾਜਾਇਜ਼ ਸਮੱਗਰੀ ਨਾ ਹਟਾਉਣ ਉੱਤੇ ਅਮਰੀਕੀ ਮੀਡੀਆ ਕੰਪਨੀਆਂ ਫੇਸਬੁੱਕ ਤੇ ਟਵਿੱਟਰ ਅਤੇ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਜੁਰਮਾਨਾ ਲਾਇਆ ਹੈ।ਟੈਗਾਂਸਕੀ ਜ਼ਿਲ੍ਹਾ ਅਦਾਲਤ ਨੇ ਦੱਸਿਆ ਕਿ ਫੇਸਬੁੱਕ ਉੱਤੇ ਪੰਜ ਕੇਸਾਂ ਵਿੱਚ ਕੁੱਲ 2.1 ਕਰੋੜ ਰੂੂਬਲ (ਕਰੀਬ 2.12 ਕਰੋੜ ਰੁਪਏ) ਜੁਰਮਾਨਾ ਕੀਤਾ ਗਿਆ ਹੈ, ਜਦਕਿ ਟਵਿੱਟਰ ਨੂੰ ਦੋ ਕੇਸਾਂ ਵਿੱਚ ਕੁੱਲ 50 ਲੱਖ ਰੂਬਲ (ਕਰੀਬ 50.49 ਲੱਖ ਰੁਪਏ) ਜੁਰਮਾਨਾ ਭਰਨਾ ਪਵੇਗਾ। ਕੋਰਟ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਉੱਤੇ 90 ਲੱਖ ਰੂਬਲ (ਕਰੀਬ 90.88 ਲੱਖ ਰੁਪਏ) ਜੁਰਮਾਨਾ ਲਾਇਆ ਹੈ। ਇਸ ਬਾਰੇ ਫੇਸਬੁੱਕ, ਟਵਿੱਟਰ ਤੇ ਟੈਲੀਗ੍ਰਾਮ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਰੂਸ ਨੇ ਇੰਟਰਨੈਟ ਉੱਤੇ ਕੰਟਰੋਲ ਸਖ਼ਤ ਕਰਦੇ ਹੋਏ ਵਿਦੇਸ਼ੀ ਇੰਟਰਨੈਟ ਕੰਪਨੀਆਂ ਲਈ ਆਪਣੇ ਦੇਸ਼ ਵਿੱਚ ਫੁੱਲ ਟਾਈਮ ਦਫ਼ਤਰ ਖੋਲ੍ਹਣਾ ਲਾਜ਼ਮੀ ਕਰ ਦਿੱਤਾ ਹੈ। ਕੰਪਨੀਆਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਹੀ ਰੂਸੀ ਨਾਗਰਿਕਾਂ ਨਾਲ ਸਬੰਧਤ ਡੈਟਾ ਰੱਖਣਾ ਪਵੇਗਾ।