ਮਾਸਕੋ, 17 ਦਸੰਬਰ (ਪੋਸਟ ਬਿਊਰੋ)- ਸੋਮਵਾਰ ਦੇ ਦਿਨ ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਘਰਾਂ ਵਿੱਚ ਲੱਗੀ ਅੱਗ ਦੀਆਂ ਘਟਨਾਵਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।
ਇਸ ਸੰਬੰਧ ਵਿੱਚ ਰੂਸ ਦੇ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਦੱਖਮੀ ਉਰਾਲ ਪਹਾੜੀ ਖੇਤਰ ਵਿਚਲੇ ਪਿੰਡ ਬਾਸ਼ਕੋਤ੍ਰੋਸਤਾਨ ਵਿੱਚ ਇੱਕ ਘਰ 'ਚ ਅੱਗ ਲੱਗਣ ਨਾਲ ਘੱਟੋ-ਘੱਟ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦੀ ਉਮਰ ਦੋ ਸਾਲ ਅਤੇ ਦੋਂਹ ਦੀ ਉਮਰ ਚਾਰ ਸਾਲ ਸੀ। ਘਟਨਾ ਵੇਲੇ ਇਹ ਤਿੰਨੇ ਘਰ ਵਿੱਚ ਇਕੱਲੇ ਸਨ।
ਇੱਕ ਹੋਰ ਖਬਰ ਮੁਤਾਬਕ ਦੱਖਣੀ ਸਰਾਤੋਵ ਇਲਾਕੇ ਦੇ ਕ੍ਰਾਸਨੀ ਕੁੱਟ ਪਿੰਡ ਵਿੱਚ ਕੱਲ੍ਹ ਇੱਕ ਘਰ 'ਚ ਅੱਗ ਦੀ ਘਟਨਾ ਵਿੱਚ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਇਸ ਦੌਰਾਨ ਕੇਂਦਰੀ ਰੂਸ ਦੇ ਗਣਰਾਜ ਤਾਤਾਰਸਤਾਨ ਦੇ ਐਮਰਜੈਂਸੀ ਸਥਿਤੀ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਕਜਾਨ ਸ਼ਹਿਰ ਵਿੱਚ ਕੱਲ੍ਹ ਇੱਕ ਘਰ ਵਿੱਚ ਅੱਗ ਲੱਗਣ ਨਾਲ ਇੱਕ ਬੱਚੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਮਾਸਕੋ ਦੇ ਪੇਰੇਸਵੇਟ 'ਚ ਕੱਲ੍ਹ ਅੱਗ ਲੱਗਣ ਨਾਲ ਦੋ ਬਾਲਗਾਂ ਦੀ ਮੌਤ ਹੋ ਗਈ ਤੇ ਤਿੰਨ ਬੱਚੇ ਜ਼ਖਮੀ ਹੋ ਗਏ।