ਲਾਸ ਏਂਜਲਸ, 13 ਦਸੰਬਰ (ਪੋਸਟ ਬਿਊਰੋ)- ਅਮਰੀਕੀ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਪੋਰਨ ਸਟਾਰ ਸਟਾਰਮੀ ਡੈਨੀਅਲਸ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਿੰਨ ਲੱਖ ਡਾਲਰ ਦਾ ਭੁਗਤਾਨ ਕਰੇਗੀ। ਸਟਾਰਮੀ ਨੇ ਟਰੰਪ ਦੇ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਸੀ, ਜਿਸ ਨੂੰ ਅਕਤੂਬਰ 'ਚ ਜੱਜ ਜੇਸ ਓਟੋਰੋ ਨੇ ਰੱਦ ਕਰ ਦਿੱਤਾ ਸੀ।
ਕੇਸ ਰੱਦ ਹੋਣ ਮਗਰੋਂ ਟਰੰਪ ਦੇ ਵਕੀਲਾਂ ਨੇ ਅਦਾਲਤ ਤੋਂ ਇਸ ਕੇਸ 'ਤੇ ਹੋਇਆ ਖਰਚਾ ਸਟਾਰਮੀ ਤੋਂ ਦਿਵਾਉਣ ਦੀ ਮੰਗ ਕੀਤੀ ਸੀ। ਸਟਾਰਮੀ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਟਰੰਪ ਨਾਲ ਆਪਣੇ ਸਬੰਧਾਂ 'ਤੇ ਚੁੱਪ ਰਹਿਣ ਲਈ ਇਕ ਵਿਅਕਤੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ। ਬੀਤੀ ਅਪ੍ਰੈਲ 'ਚ ਇਕ ਟਵੀਟ ਬਾਰੇ ਸਟਾਰਮੀ ਨੇ ਟਰੰਪ 'ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ। ਸਟਾਰਮੀ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਚੁੱਪ ਰਹਿਣ ਲਈ ਉਸ ਨੇ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸ ਦੇ ਬਦਲੇ ਉਸ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ 1,30,000 ਡਾਲਰ ਦਿੱਤੇ ਗਏ ਸਨ। ਸਮਝੌਤੇ ਨੂੰ ਰੱਦ ਕਰਨ ਲਈ ਸਟਾਰਮੀ ਨੇ ਟਰੰਪ ਤੇ ਉਨ੍ਹਾਂ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ 'ਤੇ ਅਲੱਗ ਤੋਂ ਕੇਸ ਕੀਤਾ ਹੈ।