Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਕੀ ਲਿਬਰਲਾਂ ਦਾ ਐਨ ਡੀ ਪੀ ਦੇ ਪਤਨ ਉੱਤੇ ਖੁਸ਼ ਹੋਣਾ ਸਹੀ ਹੈ?

December 11, 2018 09:01 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਵਿੱਚ ਜਿੰਨੇ ਸਾਲ ਵੀ ਲਿਬਰਲ ਪਾਰਟੀ ਨੇ ਘੱਟ ਗਿਣਤੀ ਸਰਕਾਰ ਵਜੋਂ ਰਾਜ ਕੀਤਾ ਉਹ ਸਾਰਾ ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਦੀ ਬਦੌਲਤ ਕੀਤਾ ਸੀ। ਫੈਡਰਲ ਪੱਧਰ ਉੱਤੇ ਹੁਣ ਸਥਿਤੀਆਂ ਕੁੱਝ ਅਜਿਹੀਆਂ ਬਣਦੀਆਂ ਜਾ ਰਹੀਆਂ ਹਨ ਕਿ ਲਿਬਰਲ ਪਾਰਟੀ ਸੋਚ ਰਹੀ ਹੈ ਕਿ ਐਨ ਡੀ ਪੀ ਉੱਥੇ ਵੀ ਉਸਦੀ ਦੀ ‘ਬੀ ਟੀਮ’ ਵਜੋਂ ਕੰਮ ਕਰੇਗੀ। ਇਸਦਾ ਇੱਕ ਵੱਡਾ ਕਾਰਣ ਐਨ ਡੀ ਪੀ ਦੇ ਗਰਾਫ ਦਾ ਦਿਨੋ ਦਿਨ ਥੱਲੇ ਡਿੱਗਦੇ ਜਾਣਾ ਹੈ। ਬੀਤੇ ਦਿਨੀਂ ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਐਨ ਡੀ ਪੀ ਨੂੰ ਕੈਨੇਡਾ ਦੇ ਸਿਰਫ਼ 14% ਵੋਟਰਾਂ ਦੀ ਹਮਾਇਤ ਹਾਸਲ ਹੈ ਜਦੋਂ ਕਿ ਇਸਦੇ ਆਗੂ ਜਗਮੀਤ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਵਾਸਤੇ ਮਹਿਜ਼ 5.7% ਲੋਕ ਵੋਟ ਪਾਉਣ ਲਈ ਤਿਆਰ ਹੋਣਗੇ। ਪਿਛਲੇ ਮਹੀਨੇ ਐਬਾਕਸ ਦੇ ਸਰਵੇਖਣ ਵਿੱਚ ਐਨ ਡੀ ਪੀ ਨੂੰ 16% ਵੋਟਾਂ ਮਿਲਣ ਦੀ ਸੰਭਾਵਨਾ ਵਿਖਾਈ ਗਈ ਸੀ। ਚੇਤੇ ਰਹੇ ਕਿ 2015 ਦੀਆਂ ਆਮ ਚੋਣਾਂ ਵਿੱਚ ਐਨ ਡੀ ਪੀ ਨੂੰ 19.7% ਵੋਟਾਂ ਮਿਲੀਆਂ ਸਨ ਜਿਸਦੀ ਬਦੌਲਤ 44 ਸੀਟਾਂ ਪਾਰਟੀ ਦੀ ਝੋਲੀ ਵਿੱਚ ਪਈਆਂ ਸਨ।

 

2015 ਦੇ ਨਤੀਜੇ ਵੀ ਐਨ ਡੀ ਪੀ ਲਈ ਬਹੁਤੇ ਉਤਸ਼ਾਹ ਭਰੇ ਨਹੀਂ ਸਨ ਜਿਸਦੇ ਮੱਦੇਨਜ਼ਰ ਪਾਰਟੀ ਆਗੂ ਥੋਮਸ ਮੁਲਕੇਅਰ ਨੂੰ ਕੁਰਸੀ ਛੱਡ ਕੇ ਜਗਮੀਤ ਸਿੰਘ ਲਈ ਰਾਹ ਪੱਧਰਾ ਕਰਨਾ ਪਿਆ ਸੀ। ਥੋਮਸ ਮੁਲਕੇਅਰ ਦੀ ਪਰਫਾਰਮੈਂਸ ਦਾ ਮੁਕਾਬਲਾ 2011 ਦੀਆਂ ਚੋਣਾਂ ਵਿੱਚ ਜੈਕ ਲੇਅਟਨ ਦੀ ਅਗਵਾਈ ਥੱਲੇ ਪ੍ਰਾਪਤ ਹੋਈ ਸਫ਼ਲਤਾ ਨਾਲ ਕੀਤਾ ਗਿਆ ਸੀ। ਉਸ ਚੋਣ ਵਿੱਚ ਐਨ ਡੀ ਪੀ ਨੇ ਰਿਕਾਰਡ ਤੋੜ 30.63% ਵੋਟਾਂ ਹਾਸਲ ਕਰਕੇ 103 ਸੀਟਾਂ ਜਿੱਤੀਆਂ ਸਨ। ਜੇ 2011 ਦਾ 2018 ਨਾਲ ਮੁਕਾਬਲਾ ਕਰਕੇ ਵੇਖਿਆ ਜਾਵੇ ਤਾਂ ਪਾਰਟੀ ਦੀ ਮਕਬੂਲੀਅਤ ਵਿੱਚ ਤਕਰੀਬਨ 20 ਤੋਂ 25% ਦੀ ਗਿਰਾਵਟ ਆਈ ਹੈ। ਇਹ ਮਹਿਜ਼ ਸਿਆਸੀ ਮਾਹਰਾਂ ਦੇ ਜੋੜਤੋੜ ਨਹੀਂ ਹਨ ਸਗੋਂ ਐਨ ਡੀ ਪੀ ਆਗੂ ਜਗਮੀਤ ਸਿੰਘ ਵੀ ਇਸ ਗੱਲ ਨੂੰ ਕਬੂਲ ਕਰਦੇ ਹਨ। ਕੱਲ ਓਟਵਾ ਵਿੱਚ ਐਨ ਡੀ ਪੀ ਸਟਾਫ਼ ਮੈਂਬਰਾਂ ਦੇ ਸਾਲਾਨਾ ਫੋਰਮ ਨੂੰ ਸੰਬੋਧਨ ਕਰਦੇ ਹੋਏ ਜਗਮੀਤ ਸਿੰਘ ਨੇ ਖੁਦ ਵੀ ਕਬੂਲ ਕੀਤਾ ਕਿ ‘ਇਹ ਆਖਣਾ ਸਹੀ ਹੋਵੇਗਾ ਕਿ ਪਾਰਟੀ ਨੂੰ ਕੁੱਝ ਦਿੱਕਤਾਂ ਦਰਪੇਸ਼ ਹਨ’।

 

ਐਨ ਡੀ ਪੀ ਦੀ ਕਾਰਗੁਜ਼ਾਰੀ ਵਿੱਚ ਆਈ ਕਮਜ਼ੋਰੀ ਨੇ ਪਾਰਟੀ ਸਫ਼ਾਂ ਵਿੱਚ ਲੰਬੇ ਸਮੇਂ ਤੋਂ ਹਲਚਲ ਪੈਦਾ ਕੀਤੀ ਹੋਈ ਹੈ। ਕੱਲ ਐਨ ਡੀ ਪੀ ਦੇ ਮੈਂਬਰ ਪਾਰਲੀਮੈਂਟ ਫਿਨ ਡੌਨਲੀ ਨੇ ਉਹਨਾਂ ਐਮ ਪੀਆਂ ਦੀ ਫਰਿਸਤ ਵਿੱਚ ਆਪਣਾ ਸ਼ਾਮਲ ਕਰ ਦਿੱਤਾ ਜਿਹੜੇ 2019 ਵਿੱਚ ਚੋਣਾਂ ਨਹੀਂ ਲੜਨਗੇ। ਫਿਨ ਡੋਨਲੀ ਬ੍ਰਿਟਿਸ਼ ਕੋਲੰਬੀਆ ਵਿੱਚ ਪੋਰਟ ਮੂਡੀ-ਕੋਕੁਇਟਲਮ ਰਾਈਡਿੰਗ ਤੋਂ ਐਮ ਪੀ ਹਨ। ਕਿਉਬਿੱਕ ਵਿੱਚ ਸਾਬਕਾ ਲੀਡਰ ਥੋਮਸ ਮੁਲਕੇਅਰ ਦੀ ਸੀਟ ਖਾਲੀ ਹੋਣ ਤੋਂ ਇਲਾਵਾ ਦੋ ਹੋਰ ਐਮ ਪੀਆਂ ਰੋਮੀਓ ਸਾਗਾਨੈਸ਼ ਅਤੇ ਹੀਲੇਨ ਲੇਵਰਡੀਏ 2019 ਵਿੱਚ ਚੋਣ ਨਹੀਂ ਲੜਨਗੇ। ਉਂਟਰੀਓ ਵਿੱਚ ਡੇਵਿਡ ਕ੍ਰਿਸਟੋਫਰਸਨ ਅਤੇ ਆਈਰੀਨ ਮੈਥੇਸਨ ਅਤੇ ਅਲਬਰਟਾ ਤੋਂ ਲਿੰਡਾ ਡੰਕਨ ਚੋਣ ਨਾ ਲੜਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।

 ਬਰਨਬੀ ਸਾਊਥ ਦੀ ਰਾਈਡਿੰਗ ਨੂੰ ਖਾਲੀ ਕਰਕੇ ਕੈਨੇਡੀ ਸਟੀਵਾਰਟ ਵੈਨਕੂਵਰ ਦੇ ਮੇਅਰ ਬਣ ਚੁੱਕੇ ਹਨ ਜਿੱਥੇ ਤੋਂ ਹੁਣ ਜਗਮੀਤ ਸਿੰਘ ਖੁਦ ਕਿਸਮਤ ਅਜ਼ਮਾਈ ਕਰਨਗੇ। ਜਗਮੀਤ ਸਿੰਘ ਲਈ ਉੱਥੇ ਹਾਲਾਤ ਬਹੁਤੇ ਖੁਸ਼ਗਵਾਰ ਨਹੀਂ ਜਾਪਦੇ। ਮੇਨਸਟਰੀਮ ਵੱਲੋਂ ਨਵੰਬਰ ਮਹੀਨੇ ਵਿੱਚ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਬਰਨਬੀ ਸਾਊਥ ਵਿੱਚ 35.9% ਵੋਟਰ ਲਿਬਰਲ ਪਾਰਟੀ ਨੂੰ ਵੋਟ ਪਾਉਣਗੇ ਜਦੋਂ ਕਿ ਕੰਜ਼ਰਵੇਟਿਵ ਅਤੇ ਐਨ ਡੀ ਪੀ ਨੂੰ ਕਰਮਵਾਰ 29.3% ਅਤੇ 27.2% ਵੋਟਾਂ ਮਿਲਣ ਦੀ ਸੰਭਾਵਨਾ ਹੈ। ਸੀ ਬੀ ਸੀ ਦੇ ਪੋਲ ਟਰੈਕਰ ਮੁਤਾਬਕ ਜੇ ਹਾਲਾਤ ਅੱਜ ਵਰਗੇ ਰਹੇ ਤਾਂ ਐਨ ਡੀ ਪੀ 2019 ਵਿੱਚ 2015 ਦੇ ਮੁਕਾਬਲੇ ਅੱਧੀਆਂ ਸੀਟਾਂ ਹੀ ਜਿੱਤ ਪਾਵੇਗੀ।

 ਐਨ ਡੀ ਪੀ ਦੀ ਇਸ ਸਥਿਤੀ ਅਤੇ ਉਸਦੀ ਮਕਬੂਲੀਅਤ ਵਿੱਚ ਆ ਰਹੀ ਗਿਰਾਵਟ ਦੇ ਚੱਲਦੇ ਲਿਬਰਲ ਸੋਚ ਰਹੇ ਹਨ ਕਿ ਐਨ ਡੀ ਪੀ ਨਾਲੋਂ ਟੁੱਟਣ ਵਾਲੀਆਂ ਵੋਟਾਂ ਦਾ ਲਾਭ ਉਹਨਾਂ ਨੂੰ ਹੋਵੇਗਾ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਲਿਬਰਲਾਂ ਨੂੰ ਐਨ ਡੀ ਪੀ ਦੀ ਅਸਫਲਤਾ ਉੱਤੇ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ। ਕਾਰਣ ਇਹ ਕਿ ਲਿਬਰਲ ਅਤੇ ਐਨ ਡੀ ਪੀ ਦੇ ਇੰਮੀਗਰੇਸ਼ਨ, ਆਰਥਕਤਾ, ਸਮਾਜਕ ਦ੍ਰਿਸ਼ਟੀਕੋਣ ਵਰਗੇ ਮੁੱਦਿਆਂ ਥੋੜੇ ਬਹੁਤ ਫਰਕ ਨਾਲ ਇੱਕੋ ਜਿਹੇ ਵਿਚਾਰ ਹਨ। ਜਿਹੋ ਜਿਹੇ ਹਾਲਾਤ ਚੱਲ ਰਹੇ ਹਨ, ਕਿਹਾ ਜਾ ਸਕਦਾ ਹੈ ਕਿ 2019 ਵਿੱਚ ਵੋਟਰਾਂ ਕੋਲ ਲਿਬਰਲਾਂ ਅਤੇ ਐਨ ਡੀ ਪੀ ਵਿੱਚੋਂ ਇੱਕ ਚੁਣਨ ਦੀ ਆਪਸ਼ਨ ਨਹੀਂ ਹੋਵੇਗੀ ਸਗੋਂ ਇਹਨਾਂ ਦੋਵਾਂ ਪਾਰਟੀਆਂ ਦੀ ਸੋਚ ਬਨਾਮ ਕੰਜ਼ਰਵੇਟਿਵ ਪਹੁੰਚ ਵਿੱਚੋਂ ਇੱਕ ਨੂੰ ਚੁਣਨਾ ਹੋਵੇਗਾ।

 

Have something to say? Post your comment