Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਓ ਨਿੱਕੀਏ ਨਿੱਕੀਏ ਚਿੜੀਏ..

April 01, 2021 03:13 AM

-ਪਰਮਜੀਤ ਕੌਰ ਸਰਹਿੰਦ
ਪੰਜਾਬੀ ਲੋਕ-ਕਾਵਿ ਨੂੰ ਸਹਿਜ ਸੁਭਾਅ ਜਾਂ ਗੰਭੀਰਤਾ ਨਾਲ ਵਾਚਦਿਆਂ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਇਹ ਮੂਲ ਰੂਪ ਵਿੱਚ ਲੋਕ ਮਨਾਂ ਦੀ ਆਵਾਜ਼ ਹੈ। ਇਹ ਕਾਵਿ ਜ਼ਿਆਦਾਤਰ ਨਾਰੀ ਜਾਤੀ ਨੇ ਸਿਰਜਿਆ ਹੈ, ਜਿਸ ਕੋਲ ਨਾ ਕਲਮ, ਨਾ ਅੱਖਰ, ਪਰ ਉਸ ਨੇ ਆਪਣੇ ਅੰਤਰ-ਮਨ ਦੀ ਵੇਦਨਾ, ਸੰਵੇਦਨਾ ਨੂੰ ਜ਼ਬਾਨੀ ਸਿਰਜਿਆ ਤੇ ਸੀਨਾ-ਬਸੀਨਾ ਜਾਂ ਪੀੜ੍ਹੀ ਦਰ ਪੀੜ੍ਹੀ ਤੁਰਦਾ ਇਹ ਕਾਵਿ ਲਿਖਤੀ ਰੂਪ ਵਿੱਚ ਸਾਂਭਿਆ ਗਿਆ ਹੈ। ਜਿੱਥੇ ਇਸ ਵਿੱਚ ਜੀਵਨ ਦੇ ਹਰ ਪੱਖ ਜਿਵੇਂ ਦੁੱਖ-ਦਰਦ, ਖ਼ੁਸ਼ੀ-ਗ਼ਮੀ, ਪ੍ਰੇਮ-ਮੁਹੱਬਤ ਤੇ ਬਿਰਹੋਂ-ਵਸਲ ਤੱਕ ਦਾ ਵਰਨਣ ਮਿਲਦਾ ਹੈ, ਉਥੇ ਨਾਰੀ ਮਨ ਦਾ ਰੋਹ-ਵਿਦਰੋਹ ਵੀ ਝਲਕਦਾ ਹੈ। ਇਸ ਵਿੱਚ ਘਰੇਲੂ ਵਸਤਾਂ; ਚੱਕੀ, ਚਰਖ਼ਾ-ਪੀੜ੍ਹੀ ਤੇ ਭਾਂਡਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਖੇਤ-ਖਲਵਾੜੇ ਅਤੇ ਫ਼ਸਲਾਂ ਵੀ ਨਜ਼ਰ ਆਉਂਦੀਆਂ ਹਨ। ਇਨ੍ਹਾਂ ਸਿਰਜਣ ਹਾਰੀਆਂ ਨੇ ਰਿਸ਼ਤਿਆਂ-ਨਾਤਿਆਂ ਤੋਂ ਇਲਾਵਾ ਫੁੱਲ-ਬੂਟੇ, ਰੁੱਖਾਂ ਅਤੇ ਪਸ਼ੂ-ਪੰਛੀਆਂ ਤੱਕ ਨਾਲ ਜੋੜ ਕੇ ਇਸ ਕਾਵਿ ਦੀ ਸ਼ਾਨ ਵਧਾਈ ਹੈ। ਮੋਰ, ਤੋਤੇ, ਮੈਨਾ, ਬੁਲਬੁਲ, ਕੋਇਲਾਂ, ਕਾਵਾਂ ਅਤੇ ਘੁੱਗੀਆਂ ਆਦਿ ਤੋਂ ਕਬੂਤਰ ਤੱਕ ਲੋਕ-ਕਾਵਿ ਵਿੱਚ ਗੁਟਰ-ਗੂੰ ਕਰਦਾ ਹੈ।
ਨਿੱਕੀ ਜਿਹੀ ਮਾਸੂਮ ਜਿਹੀ ਚਿੱਤਰ ਮਿੱਤਰੀ ਚਿੜੀ ਤੱਕ ਨੂੰ ਵੀ ਇਨ੍ਹਾਂ ਬਿਨਾਂ ਕਲਮ ਦੀਆਂ ਮਹਾਨ ਕਵਿੱਤਰੀਆਂ ਨੇ ਇਸ ਕਾਵਿ ਵਿੱਚ ਭਰਪੂਰ ਮਾਣ ਦਿੱਤਾ ਹੈ। ਚਿੜੀ ਨਾਲ ਜਿਵੇਂ ਔਰਤ ਦਾ ਬੜਾ ਮੋਹ ਭਰਿਆ ਤੇ ਜਜ਼ਬਾਤੀ ਰਿਸ਼ਤਾ ਹੈ। ਉਹ ਕਢਾਈ-ਬੁਣਾਈ ਕਰਦੀ ਵੀ ਚਿੜੀਆਂ ਦੇ ਨਮੂਨੇ ਪਾਉਂਦੀ ਹੈ ਤੇ ਬਚਪਨ ਵਿੱਚ ਦੇਖੀਆਂ ਭੂਰੀਆਂ ਜਿਹੀਆਂ ਚਿੜੀਆਂ ਤਾਂ ਅੱਜ ਸੁਪਨਾ ਹੋ ਗਈਆਂ ਨੇ। ਉਹ ਬਚਪਨ ਦੀਆਂ ਸਹੇਲੀਆਂ ਵਾਂਗ ਵਿਚਾਰੀਆਂ ਮੁੜ ਮਿਲੀਆਂ ਨਹੀਂ। ਉਨ੍ਹਾਂ ਦੀ ਚੀਂ ਚੀਂ ਮਿੱਠੀ ਆਵਾਜ਼ ਅਤੇ ਫੁਰਤੀਲਾਪਣ ਕਦੇ ਨਹੀਂ ਭੁੱਲਦਾ। ਲੋਕ-ਕਾਵਿ ਵਿੱਚੋਂ ਇੱਕ ਬਹੁਤ ਵੈਰਾਗ-ਮਈ ‘ਸੁਹਾਗ' ਕੁੜੀਆਂ ਦੇ ਵਿਆਹ ਉੱਤੇ ਗਾਇਆ ਜਾਂਦਾ ਹੈ, ਜਿਸ ਨੂੰ ਸੁਣ ਕੇ ਭਰ-ਭਰ ਅੱਖਾਂ ਡੁੱਲ੍ਹਦੀਆਂ ਹਨ। ਸੁਹਾਗ ਦੇ ਬੋਲ ਹਨ:
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉਡ ਵੇ ਜਾਣਾ,
ਸਾਡੀ ਲੰਮੀ ਉਡਾਰੀ ਵੇ
ਬਾਬਲ ਕਿਹੜੇ ਦੇਸ ਜਾਣਾ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ
ਬਾਬਲ ਗੁੱਡੀਆਂ ਕੌਣ ਖੇਡੂ?
ਬਾਬਲ ਆਪਣਾ ਧਰਮ ਨਿਭਾਉਂਦਾ ਧੀ ਨੂੰ ਸਹੁਰੇ ਤੋਰਨ ਲਈ ਬੇਵਸ ਹੋਇਆ ਦਲੀਲਾਂ ਦਿੰਦਾ ਕਹਿੰਦਾ-
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾਹ ਆਪਣੇ।
ਧੀ ਹੋਰ ਕਈ ਪੱਜ ਲਾਉਂਦੀ ਕਿ ਚਰਖਾ ਕੌਣ ਕੱਤੂ, ਕਸੀਦਾ ਕੌਣ ਕੱਢੂ, ਪਰ ਬਾਬਲ ਸਾਰੇ ਕੰਮ ਪੋਤਰੀਆਂ ਜ਼ਿੰਮੇ ਪਾ ਕੇ ਧੀ ਨੂੰ ਸਹੁਰੇ ਘਰ ਜਾਣ ਲਈ ਕਹਿੰਦਾ ਹੈ। ਅਖ਼ੀਰ ਧੀ ਵਾਸਤਾ ਪਾਉਂਦੀ ਹੈ-
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ
ਬਾਬਲ, ਡੋਲਾ ਨਹੀਂ ਲੰਘਦਾ..।
ਬਾਬਲ ਕਹਿੰਦਾ ਹੈ:
ਇੱਕ ਇੱਟ ਪੁਟਾ ਦੇਵਾਂ
ਧੀਏ, ਘਰ ਜਾਹ ਆਪਣੇ।
..ਤੇ ਧੀ ਚਲੀ ਜਾਂਦੀ ਹੈ। ਬਾਬਲ ਦਾ ਖੇੜਾ, ਅੰਮੜੀ ਦਾ ਵਿਹੜਾ ਸੁੰਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਘਰ ਦੇ ਵਿਹੜੇ ਵਿੱਚ ਲੱਗੇ ਕਿਸੇ ਨਿੰਮ ਜਾ ਧਰੇਕ ਦੇ ਰੁੱਖ ਤੋਂ ਚਿੜੀਆਂ ਦਾ ਚੰਬਾ (ਝੰੁਡ) ਜੋ ਚੀਂ-ਚੀਂ ਦਾ ਚੋਲ੍ਹਰ ਪਾਉਂਦਾ ਰੌਣਕਾਂ ਲਾਉਂਦਾ ਸੀ, ਉਡ ਜਾਂਦਾ ਹੈ ਤਾਂ ਜਿਵੇਂ ਰੁੱਖ ਉਦਾਸ ਹੋ ਜਾਂਦੇ ਨੇ, ਵਿਹੜਾ ਵੀ ਭਾਂ-ਭਾਂ ਕਰਦਾ ਹੈ। ਸਾਡੀ ਬਦਲੀ ਜੀਵਨ ਜਾਂਚ ਨੇ ਚਿੜੀਆਂ ਨੂੰ ਘਰ ਨਿਕਾਲਾ ਜਾਂ ਪਿੰਡ ਸ਼ਹਿਰ ਨਿਕਾਲਾ ਹੀ ਨਹੀਂ, ਜਿਵੇਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਪੰਜਾਬੀ ਲੋਕ-ਕਾਵਿ ਵਿੱਚ ਜਿਸ ਖ਼ੂਬਸੂਰਤੀ ਨਾਲ ਚਿੜੀ ਨੂੰ ਅਲੰਕਾਰ ਬਣਾ ਕੇ ਵਰਤਿਆ ਗਿਆ ਹੈ, ਬਾਕਮਲ ਜੁਗਤ ਹੈ। ਵੰਨਗੀ ਦੇਖੋ:
ਹੋਰ ਜਨੌਰ `ਕੱਲੇ-ਕੱਲੇ ਚੁਗਦੇ
ਚਿੜੀਆਂ ਚੁਗਦੀਆਂ ਕਾਵਾਂ ਨਾਲ,
ਆਪਣੀਆਂ ਮਾਵਾਂ ਨਾਲ।
ਹੋਰ ਜਨੌਰ ਬਾਗੀਂ ਰਹਿੰਦੇ
ਚਿੜੀਆਂ ਰਹਿੰਦੀਆਂ ਝਾਫਿਆਂ ਵਿੱਚ,
ਬੜਾ ਦਿਲ ਲੱਗਦਾ ਸੀ
ਆਪਣੇ ਮਾਪਿਆਂ ਵਿੱਚ।
ਪਿਛਲੇ ਸਮੇਂ ਵਿੱਚ ਕੁੜੀਆਂ ਮੁਟਿਆਰਾਂ ਹੋਣ ਉੱਤੇ ਸਹੁਰੇ ਘਰ ਤੋਰੀਆਂ ਜਾਂਦੀਆਂ ਸਨ, ਪਰ ਅੱਜਕੱਲ੍ਹ ਬਾਲੜੀ ਜਿਹੀ ਉਮਰੇ ਉਨ੍ਹਾਂ ਨੂੰ ਪੜ੍ਹਨ ਲਈ ਦੂਰ ਕਿਸੇ ਹੋਸਟਲ ਜਾਂ ਸੱਤ ਸਮੁੰਦਰੋਂ ਪਾਰ ਭੇਜਿਆ ਜਾਂਦਾ ਹੈ ਜਾਂ ਉਹ ਹੀ ਆਪਣੇ ਭਵਿੱਖ ਨੂੰ ਚੰਗਾ ਬਣਾਉਣ ਲਈ ਆਪਣੀ ਇੱਛਾ ਨਾਲ ਲੰਮੀ ਉਡਾਰੀ ਮਾਰ ਜਾਂਦੀਆਂ ਹਨ। ਵਿਛੋੜਾ ਤਾਂ ਵਿਛੋੜਾ ਹੁੰਦਾ ਹੈ। ਸ਼ਾਇਦ ਉਨ੍ਹਾਂ ਦੂਰ ਬੈਠੀਆਂ ਧੀਆਂ ਨੂੰ ਦਾਦੀਆਂ-ਨਾਨੀਆਂ ਜਾਂ ਮਾਵਾਂ ਤੋਂ ਸੁਣਿਆ ਗੌਣ ਯਾਦ ਆਉਂਦਾ ਹੋਵੇ, ਜਿਸ ਵਿੱਚ ਉਹ ਚਿੜੀ ਨਾਲ ਸੰਵਾਦ ਰਚਾਉਂਦੀਆਂ ਸਨ। ਬੋਲ ਹਨ:
ਉਡ ਉਡ ਚਿੜੀਏ ਨੀਂ ਉਡ ਬਹਿ ਜਾ ਖਿੜਕੀ।
ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ।
ਉਡ ਉਡ ਚਿੜੀਏ ਨੀਂ ਉਡ ਬਹਿ ਜਾ ਰੇਤੇ
ਮੇਰੀ ਅੰਮੜੀ ਬਾਝੋਂ ਨੀਂ ਕੌਣ ਕਰਦਾ ਚੇਤੇ।
ਅਨੇਕ ਤਰ੍ਹਾਂ ਦੇ ਪੰਛੀਆਂ ਵਿੱਚ ਚਿੜੀਆਂ ਦਾ ਆਪਣਾ ਸਥਾਨ ਤੇ ਬਹੁਤ ਸਾਰੀਆਂ ਕਿਸਮਾਂ ਹਨ। ਇਹ ਸੰਸਾਰ ਦੇ ਸਾਰੇ ਮਹਾਂਦੀਪਾਂ ਵਿੱਚ ਮਿਲਦੀਆਂ ਹਨ। ਸਾਡੀਆਂ ਘਰੇਲੂ ਚਿੜੀਆਂ ਦਾ ਰੰਗ ਰੂਪ ਵੱਖਰਾ ਹੈ। ਮਾਦਾ ਚਿੜੀ ਸੁਰਮਈ ਜਿਹੇ ਰੰਗਾਂ ਵਾਲੀ ਹੁੰਦੀ ਹੈ। ਨਰ ਜ਼ਰਾ ਚਮਕੀਲਾ ਤੇ ਚਿੱਟੇ-ਕਾਲੇ ਤੇ ਉਪਰਲੇ ਖੰਭਾਂ ਉਤੇ ਭੂਰੀਆਂ ਧਾਰੀਆਂ ਵਾਲੀ ਸ਼ਕਲ ਸੂਰਤ ਵਾਲਾ ਹੁੰਦਾ ਹੈ। ਇਸ ਦੀ ਨਿੱਕੀ ਚੁੰਝ ਬਹੁਤ ਤਿੱਖੀ ਹੁੰਦੀ ਹੈ। ਸਾਡੇ ਘਰਾਂ ਵਿੱਚ ਘਰ ਦੇ ਜੀਆਂ ਵਾਂਗ ਫਿਰਨ ਵਾਲਾ ਇਹ ਜੀਵ ਸਾਡੇ ਕੋਲੋਂ ਦੂਰ ਹੋ ਗਿਆ ਹੈ। ਪਲੀਤ ਹੋਏ ਵਾਤਾਵਰਨ ਤੇ ਸਾਡੇ ਆਧੁਨਿਕ ਜੀਵਨ ਨੇ ਇਹ ਪਿਆਰਾ ਪੰਛੀ ਨਜ਼ਰੋਂ ਦੂਰ ਕਰ ਦਿੱਤਾ ਹੈ, ਪਰ ਦਿਲ ਤੋਂ ਨਹੀਂ ਹੋ ਸਕਦਾ। ਘਰ ਦੇ ਬਗ਼ੀਚੇ ਵਿੱਚ ਨਿੱਕੀਆਂ ਅਤੇ ਮੋਟੀਆਂ ਕਾਲੀਆਂ-ਭੂਰੀਆਂ ਚਿੜੀਆਂ ਜ਼ਰੂਰ ਦਿੱਸਦੀਆਂ ਹਨ, ਪਰ ਸਾਡੀ ਉਹ ਪਿਆਰੀ ਦਿਲਦਾਰ ਚਿੜੀ ਨਹੀਂ ਦਿੱਸਦੀ।
ਚਿੜੀ ਦਾ ਜ਼ਿਕਰ ਤਾਂ ਵਾਰਿਸ ਸ਼ਾਹ ਆਪਣੀ ਸ਼ਾਹੁਕਾਰ ਰਚਨਾ ‘ਹੀਰ' ਵਿੱਚ ਵੀ ਕਰਦਾ ਹੈ:
ਚਿੜੀ ਚੁਹਕਦੀ ਨਾਲ ਉਠ ਤੁਰੇ ਪਾਂਧੀ
ਪਾਈਆਂ ਚਾਟੀਆਂ ਵਿੱਚ ਮਧਾਣੀਆਂ ਨੀਂ..।
ਕੋਈ ਸਮਾਂ ਸੀ, ਕੜੀਆਂ-ਬਾਲਿਆਂ ਵਾਲੇ ਕੱਚੇ-ਪੱਕੇ ਜਿਹੇ ਘਰਾਂ ਵਿੱਚ ਚਿੜੀਆਂ ਦਾ ਰੈਣ-ਬਸੇਰਾ ਹੁੰਦਾ ਸੀ। ਇਹ ਸਰਕੜਿਆਂ-ਕਾਨਿਆਂ ਵਾਲੀਆਂ ਛੱਤਾਂ ਵਿੱਚ ਆਲ੍ਹਣੇ ਬਣਾ ਕੇ ਆਪਣੇ ਆਪ ਨੂੰ ਕੁੱਤੇ-ਬਿੱਲੀ ਤੋਂ ਸੁਰੱਖਿਅਤ ਸਮਝਦੀਆਂ। ਗਾਡਰਾਂ ਵਿਚਲੀ ਖਾਲੀ ਥਾਂ ਵਿੱਚ ਵੀ ਆਲ੍ਹਣੇ ਪਾਉਂਦੀਆਂ। ਘਰ ਦੀਆਂ ਸੁਆਣੀਆਂ ਕਈ ਵਾਰ ਸਫ਼ਾਈ ਕਰਦੀਆਂ ਆਲ੍ਹਣੇ ਲਾਹ ਸੁੱਟਦੀਆਂ। ਨਿੱਕੀ ਜਿਹੀ ਚੁੰਝ ਵਾਲੇ ਲਾਲ ਬੋਟ ਮੈਨੂੰ ਕਦੇ ਨਹੀਂ ਭੁੱਲਦੇ। ਚਿੜੀਆਂ ਬਿਨਾਂ ਆਲ੍ਹਣੇ ਨਹੀਂ ਰਹੀਆਂ ਤੇ ਕੁਦਰਤੀ ਸੰਗੀਤ ਤੋਂ ਅਸੀਂ ਬਾਂਝੇ ਹੋ ਗਏ।
ਲੋਕ-ਧਾਰਾ ਵਿੱਚ ਚਿੜੀ ਦਾ ਬਹੁਤ ਜ਼ਿਕਰ ਹੈ। ਕਹਾਵਤ ਹੈ, ‘ਚਿੜੀ ਚੋਂਚ ਭਰ ਲੇ ਗਈ ਨਦੀ ਨਾ ਘਟਿਓ ਨੀਰ' ਪਰ ਅੱਜਕੱਲ੍ਹ ਨਦੀਆਂ ਸੁੱਕ ਰਹੀਆਂ ਨੇ ਅਤੇ ਚਿੜੀਆਂ ਮੁੱਕ ਰਹੀਆਂ ਨੇ। ਭਵਿੱਖ ਵਿੱਚ ਅਜਿਹੀਆਂ ਗੱਲਾਂ ਸੁਣ ਕੇ ਲੋਕ ਹੈਰਾਨੀ ਵਿੱਚ ਡੁੱਬ ਜਾਇਆ ਕਰਨਗੇ। ਇਹ ਵੀ ਕਿਹਾ ਜਾਂਦਾ ਹੈ, ‘ਚਿੜੀਆਂ ਦਾ ਮਰਨ ਗੰਵਾਰਾਂ ਦਾ ਹਾਸਾ।' ਜਦੋਂ ਚੌਥੀ-ਪੰਜਵੀਂ ਜਮਾਤ ਵਿੱਚ ਇਹ ਮੁਹਾਵਰੇ ਪੜ੍ਹਦੀ ਸਾਂ, ਉਦੋਂ ਉਸ ਦੀ ਭਾਵਨਾਤਮਕ ਸਮਝ ਨਹੀਂ ਸੀ ਪੈਂਦੀ। ਇਹ ਚਿੜੀਆਂ ਮਾਸੂਮ ਅਤੇ ਮਜ਼ਲੂਮ ਦਾ ਪ੍ਰਤੀਕ ਵੀ ਬਣਦੀਆਂ ਸਨ। ਇਸ ਮੁਹਾਵਰੇ ਦੀ ਸਮਝ ਅੱਜ ਬਹੁਤ ਚੰਗੀ ਤਰ੍ਹਾਂ ਪਈ ਹੈ।
ਪੰਜਾਬੀ ਲੋਕ-ਕਾਵਿ ਵਿੱਚ ਜਿੱਥੇ ਦੂਜੇ ਪੰਛੀਆਂ ਨਾਲ ਸਬੰਧਤ ਸੁਖਾਂਤਕ ਕਾਵਿ-ਰੂਪ ਮਿਲਦਾ ਹੈ, ਉਥੇ ‘ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ' ਦੇ ਹਿਸਾਬ ਬਹੁਤੇ ਵੈਰਾਗਮਈ ਗੌਣ-ਗੀਤ ਮਿਲਦੇ ਹਨ। ਇੱਕ ਲੰਮਾ ਗੌਣ ਹੈ-
ਇੱਕ ਨਾ ਬੀਜੀਂ ਸਿੰਘਾ ਬਾਜਰਾ ਵੇ ਸਿੰਘਾ ਸਾਡਿਆ,
ਇੱਕ ਨਾ ਬੀਜੀਂ ਵੇ ਜੁਆਰ, ਖ਼ੂਨੀ ਨੈਣ ਜਲ ਭਰੇ।
ਕੋਠੇ ਤੋਂ ਉਚਾ ਸਿੰਘਾ ਬਾਜਰਾ ਵੇ ਸਿੰਘਾ ਸਾਡਿਆ
ਕੋਠੇ ਤੋਂ ਨੀਵੀਂ ਏ ਜੁਆਰ, ਖ਼ੂਨੀ ਨੈਣ ਜਲ ਭਰੇ।
ਕਾਵਾਂ ਨੇ ਖਾ ਲਿਆ ਸਿੰਘਾ ਬਾਜਰਾ, ਵੇ ਸਿੰਘਾ ਸਾਡਿਆ
ਚਿੜੀਆਂ ਨੇ ਠੂੰਗ ਲਈ ਵੇ ਜੁਆਰ, ਖ਼ੂਨੀ ਨੈਣ ਜਲ ਭਰੇ..।
ਪੇਂਡੂ ਮੁਟਿਆਰਾਂ ਆਪਣੇ ਵਾਲਾਂ ਵਿੱਚ ਵੀ ਚਿੜੀਆਂ ਬਣਾ ਲੈਂਦੀਆਂ ਨੇ, ਜਿਨ੍ਹਾਂ ਨੂੰ ‘ਫੁੱਲਚਿੜੀਆਂ' ਕਿਹਾ ਜਾਂਦਾ ਹੈ। ਕੰਨ ਪੱਟੀ ਕੋਲ ਚਿੜੀ ਦਾ ਨਿੱਕਾ ਜਿਹਾ ਢਿੱਡ ਤੇ ਸਿਰ ਵਿਚਕਾਰ ਕੱਢੇ ਚੀਰ ਵੱਲ ਉਸ ਦਾ ਮੂੰਹ ਤੇ ਚੁੰਝ ਜਿਹੀ ਬਣ ਜਾਂਦੀ ਹੈ। ਪ੍ਰਸਿੱਧ ਪੰਜਾਬੀ ਗੀਤ ਹੈ-
ਮੈਂ ਕੱਢੀਆਂ ਫੁੱਲਚਿੜੀਆਂ ਜ਼ੈਲਦਾਰਨੀ ਨੱਚੀ
ਮੈਂ ਵੀ ਉਹਨੂੰ ਚਿੜਾਵਣ ਖ਼ਾਤਰ ਪਾ ਕੇ ਬੋਲੀ ਨੱਚੀ..।
ਸੋਚਦੀ ਹਾਂ, ਕੁੜੀਆਂ ਚਿੜੀਆਂ ਲੰਮੀ ਉਡਾਰੀ ਮਾਰ ਜਾਂਦੀਆਂ ਨੇ, ਪਰ ਕੁੜੀਆਂ ਤਾਂ ਸਾਲ-ਛਿਮਾਹੀ ਪਿੱਛੋਂ ਫੇਰਾ ਪਾ ਹੀ ਜਾਂਦੀਆਂ ਨੇ। ਦੁੱਖ ਹੁੰਦਾ ਹੈ ਕਿ ਇਹ ਘਰੇਲੂ ਚਿੜੀਆਂ ਸਾਡੇ ਟੱਬਰ ਦੇ ਜੀਅ, ਬਚਪਨ ਦੀਆਂ ਸਹੇਲੀਆਂ, ਸਾਨੂੰ ਮੁੜ ਕਦੋਂ ਮਿਲਣਗੀਆਂ? ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ। ਨਿੱਕੇ ਹੁੰਦੇ ਚਿੜੀਆਂ ਨੂੰ ਦੇਖ ਗਾਈਦਾ ਸੀ-
ਨੀਂ ਨਿੱਕੀਏ ਨਿੱਕੀਏ ਚਿੜੀਏ।
ਤੈਨੂੰ ਤੱਕ ਤੱਕ ਕੇ ਅਸੀਂ ਖਿੜੀਏ
ਤੂੰ ਉਡ ਅਸਮਾਨੀਂ ਜਾਵੇਂ
...ਤੇ ਮੁੜ ਫੇਰਾ ਨਾ ਪਾਵੇਂ..।
ਸੱਚਮੁੱਚ ਉਹ ਅਜਿਹੇ ਅਸਮਾਨ ਵਿੱਚ ਉਡ ਗਈਆਂ, ਜਿੱਥੋਂ ਪਰਤ ਕੇ ਨਹੀਂ ਆ ਸਕੀਆਂ। ਭਾਵੇਂ ਵਾਤਾਵਰਨ ਪ੍ਰੇਮੀ ਬੜੇ ਯਤਨ ਕਰ ਰਹੇ ਹਨ। ਅਸੀਂ ਉਡੀਕ ਰਹੇ ਹਾਂ। ਕਾਸ਼! ਉਹ ਚਿੜੀਆਂ ਮੁੜ ਪਰਤ ਆਉਣ, ਵਿਹੜੇ ਵਿੱਚ ਭੋਰਾ-ਚੋਰਾ ਚੁਗਦੀਆਂ ਚੋਲ੍ਹਰ ਪਾਉਣ.., ਰੌਣਕ ਲਾਉਣ..।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”