Welcome to Canadian Punjabi Post
Follow us on

22

April 2021
ਨਜਰਰੀਆ

ਵਿਅੰਗ ਮਨੁੱਖਾਂ ਦਾ ਆਧੁਨਿਕ ਮੁਕਤੀ ਮਾਰਗ

April 01, 2021 03:12 AM

-ਸੰਤੋਸ਼ ਤਿ੍ਰਵੇਦੀ
ਦੇਵਲੋਕ ਤੇ ਅਸੁਰ ਲੋਕ ਦੇ ਸਾਰੇ ਵਾਸੀ ਬੜੀ ਚਿੰਤਾ ਵਿੱਚ ਸਨ। ‘ਦੇਵਾਸੁਰ ਸੰਗਰਾਮ’ ਹੋਏ ਬਹੁਤ ਦਿਨ ਹੋ ਗਏ ਸਨ। ਦੋਵਾਂ ਲੋਕਾਂ ਤੋਂ ਕਿਸੇ ਤਰ੍ਹਾਂ ਦੇ ਅਣਸੁਖਾਵੇਂ ਸਮਾਚਾਰ ਦੀ ਕੋਈ ਸੂਚਨਾ ਨਹੀਂ ਸੀ। ਨਾਰਦ ਮੁਨੀ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਅੱਗੇ ਚੱਲ ਕੇ ਕਿਤੇ ਇਹ ‘ਸ਼ਾਂਤੀ' ਵੱਡਾ ਖਤਰਾ ਨਾ ਬਣ ਜਾਏ। ਸ੍ਰਿਸ਼ਟੀ ਦੀ ਬੁਨਿਆਦ ਵੀ ਹਿਲ ਸਕਦੀ ਹੈ। ਉਧਰ ਭੂਮੀ-ਲੋਕ ਵਿੱਚ ਵੱਡੇ ਪੱਧਰ ਉੱਤੇ ‘ਖੇਡ’ ਹੋ ਰਹੀ ਹੈ ਅਤੇ ਇਧਰ ਸਾਡੇ ਤੋਂ ਛੋਟਾ-ਮੋਟਾ ‘ਸੰਗਰਾਮ' ਵੀ ‘ਮੈਨੇਜ' ਨਹੀਂ ਹੋ ਰਿਹਾ ਹੈ। ਇਸ ਨਾਲ ਵੱਡਾ ਗਲਤ ਸੰਦੇਸ਼ ਜਾ ਰਿਹਾ ਹੈ।
ਨਾਰਦ ਜੀ ਦੀ ਇਹ ਚਿੰਤਾ ਲਗਾਤਾਰ ਵਧਦੀ ਜਾ ਰਹੀ ਸੀ। ਅਖੀਰ ਉਨ੍ਹਾਂ ਨੇ ਤੈਅ ਕੀਤਾ ਕਿ ਉਨ੍ਹਾਂ ਦੀ ਅਸਲ ਭੂਮਿਕਾ ਨਿਭਾਉਣ ਦਾ ਸਮਾਂ ਆ ਗਿਆ ਹੈ। ਉਹ ਤੁਰੰਤ ਦੇਵ ਲੋਕ ਨੂੰ ਚੱਲ ਪਏ। ਨਾਰਦ ਜੀ ਨੂੰ ਅਚਾਨਕ ਦੇਖ ਕੇ ਇੰਦਰ ਦੇਵ ਦੇ ਮਨ ਵਿੱਚ ਚਿੰਤਾ ਦਾ ਸਮੁੰਦਰ ਗੋਤੇ ਮਾਰਨ ਲੱਗਾ। ਉਨ੍ਹਾਂ ਦੇ ਆਉਣ ਦਾ ਕਾਰਨ ਪੁੱਛਿਆ। ਨਾਰਦ ਜੀ ਬਹੁਤ ਦੁਖੀ ਮਨ ਨਾਲ ਬੋਲੇ, ‘‘ਭੂਮੀ ਲੋਕ ਤੋਂ ਬਹੁਤ ਡਰਾਉਣੀਆਂ ਖਬਰਾਂ ਆ ਰਹੀਆਂ ਹਨ। ਜਦ ਤੋਂ ‘ਦੇਵਾਸੁਰ ਸੰਗਰਾਮ’ ਠਹਿਰ ਗਿਆ ਹੈ, ਮਨੁੱਖਾਂ ਨੇ ਕੁਝ ਨਵੇਂ ਨਾਇਕ ਅਤੇ ਖਲਨਾਇਕ ਲੱਭ ਲਏ ਹਨ। ‘ਨਿਊਜ਼ ਚੈਨਲ’ ਨਾਂਅ ਦੇ ਨਵੇਂ ਹਥਿਆਰਾਂ ਨੇ ਡਰਾਇੰਗ-ਰੂਮ ਨੂੰ ‘ਯੁੱਧ ਭੂਮੀ' ਵਿੱਚ ਬਦਲ ਦਿੱਤਾ ਹੈ। ਆਪਣੀ ਮੁਕਤੀ ਲਈ ਮਨੁੱਖ ਸੁਰਾਂ ਅਤੇ ਅਸੁਰਾਂ ਉੱਤੇ ਨਿਰਭਰ ਨਹੀਂ ਰਿਹਾ। ਸਭ ਦੇ ਆਪੋ-ਆਪਣੇ ‘ਈਸ਼ਵਰ’, ‘ਰਾਖਸ਼’ ਅਤੇ ‘ਐਂਕਰ' ਹਨ। ਇਸ ਦਾ ਜਲਦੀ ਹੱਲ ਨਾ ਲੱਭਿਆ ਤਾਂ ਮਾਮਲਾ ਬਿਲਕੁਲ ਹੱਥੋਂ ਨਿਕਲ ਜਾਏਗਾ।”
ਨਾਰਦ ਮੁਨੀ ਦੀਆਂ ਇਹ ਗੰਭੀਰ ਗੱਲਾਂ ਸੁਣ ਕੇ ਇੰਦਰ ਦੇਵ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਪੈ ਗਈਆਂ। ਕੁਝ ਦੇਰ ਸੋਚਦੇ ਹੋਏ ਉਹ ਬੋਲੇ, ‘‘ਸੰਕਟ ਅਸਲ ਵਿੱਚ ਗੰਭੀਰ ਹੈ। ਮਨੁੱਖ ਤਾਂ ਮਨੁੱਖ, ਦਾਨਵ ਤੱਕ ਵਰਦਾਨ ਨਹੀਂ ਮੰਗ ਰਹੇ। ਤਪੱਸਿਆ ਕਰਨੀ ਵੀ ਬੰਦ ਕਰ ਦਿੱਤੀ ਹੈ। ਇਸ ਲਈ ਸਾਨੂੰ ਸਭ ਨੂੰ ਇਸ ਦਾ ਨਿਪਟਾਰਾ ਕਰਨ ਵਾਲੇ ਜਗਦੀਸ਼ਵਰ ਦੇ ਕੋਲ ਜਾਣਾ ਪਵੇਗਾ।” ਇਸ ਤਰ੍ਹਾਂ ਉਹ ਦੋਵੇਂ ਖੀਰ ਸਮੁੰਦਰ ਵੱਲ ਰਵਾਨਾ ਹੋ ਗਏ।
ਪ੍ਰਵੇਸ਼ ਦੁਆਰ ਤੱਕ ਪਹੁੰਚਦੇ ਹੀ ਨਾਗ-ਰਾਜ ਮਿਲ ਗਏ। ਉਨ੍ਹਾਂ ਨੂੰ ਦੇਖਦੇ ਹੀ ਬੋਲੇ, ‘‘ਤੁਹਾਡੇ ਦੋਵਾਂ ਦੀ ਉਡੀਕ ਸੀ। ਲੱਗਦਾ ਹੈ, ਇਥੇ ਵੀ ‘ਖੇਡ' ਹੋਵੇਗੀ।'' ਪ੍ਰਭੂ ਨਾਲ ‘ਹੋਲੀ-ਮਿਲਣ' ਕਰਨ ਰਾਖਸ਼-ਰਾਜ ਵੀ ਆਏ ਹਨ। ਤੁਸੀਂ ਲੋਕ ਮੇਰੇ ਨਾਲ ਆਓ।” ਇੰਦਰ ਨੂੰ ਦੇਖਦੇ ਹੀ ਪ੍ਰਭੂ ਬੋਲੇ, ‘‘ਇੰਦਰ, ਮੈਨੂੰ ਸਭ ਪਤਾ ਹੈ। ਰਾਖਸ਼-ਰਾਜ ਦੇ ਨਾਲ ਅਸੀਂ ਇਸੇ ਸੰਕਟ ਉੱਤੇ ਚਰਚਾ ਕਰ ਰਹੇ ਹਾਂ। ਅਸੀਂ ਇੱਕ ਅਸੁਰ ਦੂਤ ਨੂੰ ਭੂਮੀ ਲੋਕ ਭੇਜ ਦਿੱਤਾ ਹੈ।” ਇਹ ਕਹਿ ਕੇ ਪ੍ਰਭੂ ਨੇ ਭੂਮੀ ਲੋਕ ਪਹੁੰਚੇ ਅਸੁਰ-ਦੂਤ ਨੂੰ ਵਾਟਸਐਪ ਕਾਲ ਲਾ ਦਿੱਤੀ। ਇਹ ਦੇਖ ਕੇ ਸਭ ਚੌਂਕ ਗਏ। ਇੰਦਰ ਦੇਵ ਦੇ ਨੇੜੇ ਖੜੋਤੇ ਨਾਗ-ਰਾਜ ਤੋਂ ਇਸ ਅਦਭੁਤ ਯੰਤਰ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਰਾਖਸ਼-ਰਾਜ ਨੇ ਸੰਪੂਰਨ ਭੂਮੀ ਲੋਕ ਦਾ ‘ਸਰਵਰ' ਹੈਕ ਕਰ ਲਿਆ ਸੀ, ਤਦ ਉਨ੍ਹਾਂ ਨੂੰ ਇਸ ਅਨੋਖੇ ਯੰਤਰ ਦਾ ਪਤਾ ਲੱਗਾ। ਉਨ੍ਹਾਂ ਨੇ ਕਿਸੇ ਤਰ੍ਹਾਂ ਇੱਕ ‘ਜੀਵਾਤਮਾ' ਦੀ ‘ਪ੍ਰਾਈਵੇਸੀ ਸੈਟਿੰਗ' ਭੰਗ ਕੀਤੀ ਤਾਂ ਇਹ ਹੱਥ ਲੱਗਾ ਹੈ। ਪ੍ਰਭੂ ਇਸੇ ਦੇ ਜ਼ਰੀਏ ਦੂਤ ਨਾਲ ਸੰਪਰਕ ਸਾਧ ਰਹੇ ਹਨ। ਤਦ ਸੰਪਰਕ ਜੁੜ ਗਿਆ। ਦੂਤ ਦੀ ਮੌਜੂਦਾ ਲੋਕੇਸ਼ਨ ‘ਸੋਨਾਰ ਬੰਗਲਾ' ਦਿੱਸਦੀ ਸੀ। ਕਿਸੇ ਚੋਣ ਰੈਲੀ ਦਾ ਦਿ੍ਰਸ਼ ਸੀ। ਮਨੁੱਖਾਂ ਦੀ ਭਾਰੀ ਭੀੜ ਸੀ। ਪ੍ਰਭੂ ਨੇ ਦੂਤ ਨੂੰ ਸੰਕੇਤ ਕੀਤਾ ਕਿ ਸ਼ੋਰ-ਸ਼ਰਾਬੇ ਤੋਂ ਬਾਹਰ ਆ ਕੇ ਉਨ੍ਹਾਂ ਨੂੰ ਜਲਦੀ ‘ਰਿਪੋਰਟ’ ਭੇਜੇ। ਦੂਤ ਪੂਰੇ ਜੋਸ਼ ਵਿੱਚ ਬੋਲਣ ਲੱਗਾ: ਇਹ ਆਰਿਆਵ੍ਰਤ ਦਾ ਅਜਿਹਾ ਖੇਤਰ ਹੈ, ਜੋ ਵਿੱਚੋਣ-ਗ੍ਰਸਤ' ਹੈ। ਇਥੇ ਹੋਲੀ ਤੇ ਚੋਣਾਂ ਇਕੱਠੀਆਂ ਆਈਆਂ ਹਨ। ਇੱਕ ‘ਸੰਗਰਾਮ’ ਦੀ ਕੌਣ ਕਹੇ, ਇਥੇ ਕਈ ਪੜਾਵਾਂ ਵਿੱਚ ‘ਸੰਗਰਾਮ’ ਹੋ ਰਿਹਾ ਹੈ। ਲੋਕ ਹੋਲੀ ਵਰਗੇ ਮਿਲਣ-ਪੁਰਬ ਵਿੱਚ ਵੀ ਸੰਘਰਸ਼ਸ਼ੀਲ ਹਨ। ਕਿਸੇ ‘ਵਾਇਰਲ ਮੈਸੇਜ' ਉੱਤੇ ‘ਖੇਡ’ ਹੋ ਜਾਂਦੀ ਹੈ। ਬਨਾਉਟੀ ਰੰਗਾਂ ਦੀ ਬਜਾਏ ਉਹ ਖੂਨ ਦੀ ਹੋਲੀ ਖੇਡ ਰਹੇ ਹਨ। ਇੱਕ ‘ਬਹਿਰੂਪੀਆ ਵਾਇਰਸ’ ਰਾਖਸ਼ ਦੇ ਭੇਸ ਵਿੱਚ ਵੜ ਗਿਆ ਹੈ। ਲੋਕ ਉਸ ਨਾਲ ਵੀ ਘੁਲ-ਮਿਲ ਰਹੇ ਹਨ। ਇਥੇ ਮੈਨੂੰ ਅਨੁਭਵ ਹੋਇਆ ਕਿ ਸੰਪੂਰਨ ਆਰਿਆਵ੍ਰਤ ਵਿੱਚ ਸੜਕ, ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ‘ਸੰਗਰਾਮ' ਦੀਆਂ ਖਤਰਨਾਕ ਸੰਭਾਵਨਾਵਾਂ ਹਨ। ਮੇਰੇ ਲਈ ਵੀ ਭਰਪੂਰ ਮੌਕੇ ਹਨ। ਰਾਖਸ਼-ਰਾਜ, ਮੈਨੂੰ ਮੁਆਫ ਕਰਨਾ। ਅਸੁਰ-ਲੋਕ ਵਿੱਚ ਬੇਕਾਰ ਜੀਵਨ ਬਿਤਾਉਣ ਨਾਲੋਂ ਚੰਗਾ ਹੈ ਕਿ ਮੈਂ ਇਥੇ ਹੀ ਵੱਸ ਜਾਵਾਂ।”
ਇਹ ਸੁਣਦੇ ਹੀ ਰਾਖਸ਼-ਰਾਜ ਬੋਲੇ, ‘‘ਪ੍ਰਭੂ, ਇਸ ਦੂਤ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਇਹ ਸਾਡੀ ਕੁਲ-ਪਰੰਪਰਾ ਦਾ ਨੁਕਸਾਨ ਕਰੇਗਾ।” ਪ੍ਰਭੂ ਬੋਲੇ, ‘‘ਚਿੰਤਾ ਦੀ ਕੋਈ ਗੱਲ ਨਹੀਂ ਰਾਖਸ਼-ਰਾਜ! ਇਹ ਦੂਤ ਬੇਸ਼ੱਕ ਤੁਹਾਡੇ ਨੈੱਟਵਰਕ ਤੋਂ ਬਾਹਰ ਚਲਾ ਗਿਆ ਹੈ, ਪਰ ਕੰਮ ਤੁਹਾਡਾ ਹੀ ਕਰੇਗਾ। ਅਤੇ ਹਾਂ, ਖੁਸ਼ੀ ਦੀ ਗੱਲ ਇਹ ਹੈ ਕਿ ‘ਦੇਵਾਸੁਰ ਸੰਗਰਾਮ’ ਅਜੇ ਤੱਕ ਰੁਕਿਆ ਨਹੀਂ। ਬੱਸ, ਭੂਮੀ ਲੋਕ ਵਿੱਚ ਸ਼ਿਫਟ ਹੋ ਗਿਆ ਹੈ। ਸਾਨੂੰ ਅਵਤਾਰ ਵੀ ਨਹੀਂ ਲੈਣਾ ਪੈਣਾ। ਮੁਕਤੀ ਦੇ ਮਾਮਲੇ ਵਿੱਚ ਮਨੁੱਖ ਆਤਮ-ਨਿਰਭਰ ਹੋ ਚੁੱਕਾ ਹੈ।”

Have something to say? Post your comment