Welcome to Canadian Punjabi Post
Follow us on

22

April 2021
ਨਜਰਰੀਆ

ਪੰਜਾਬ ਵਿੱਚ ਕੋਰੋਨਾ ਦੀ ਵਧ ਰਹੀ ਮਾਰ ਦੇ ਕਾਰਨਾਂ ਉੱਤੇ ਇੱਕ ਝਾਤ

April 01, 2021 03:10 AM

-ਗਗਨਪ੍ਰੀਤ ਸਿੰਘ
ਵਿਸ਼ਵੀਕਰਨ ਦੇ ਦੌਰ ਵਿੱਚ ਸੰਸਾਰ ਦੇ ਦੇਸ਼ਾਂ ਨੇ ਬਹੁਤ ਤੇਜ਼ੀ ਨਾਲ ਆਰਥਿਕ ਵਿਕਾਸ ਕੀਤਾ। ਇਸ ਵਿਕਾਸ ਦੀ ਦੌੜ ਵਿੱਚ ਜਿੱਥੇ ਦੇਸ਼ਾਂ ਨੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ, ਉਥੇ ਇਸ ਗਲੋਬਲ ਪਿੰਡ ਵਿਚਲੇ ਮਨੁੱਖੀ ਜੀਵਾਂ ਤੇ ਜੰਤੂਆਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾਇਆ। ਇਸ ਵਿੱਚ ਸ਼ੱਕ ਨਹੀਂ ਕਿ ਵਿਸ਼ਵੀਕਰਨ ਨਾਲ ਸਾਰੇ ਦੇਸ਼ਾਂ ਵਿੱਚ ਸਮਾਜਕ ਅਤੇ ਵਪਾਰਕ ਨੇੜਤਾ ਦਾ ਵਾਧਾ ਹੋਇਆ ਹੈ, ਜਿਸ ਦੇ ਸਿੱਟੇ ਵਜੋਂ ਆਵਾਜਾਈ ਸਾਧਨਾਂ ਦੇ ਵਿਕਾਸ ਨਾਲ ਇੱਕ ਪਾਸੇ ਮਨੁੱਖੀ ਤੇ ਗੈਰ ਮਨੁੱਖੀ ਸਰੋਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ ਆਸਾਨ ਹੋ ਗਿਆ ਤਾਂ ਬਿਮਾਰੀਆਂ ਦਾ ਰਾਹ ਵੀ ਪੱਧਰਾ ਹੋ ਗਿਆ। ਅਜੋਕੇ ਸਮੇਂ ਵਿੱਚ ਕੋਰੋਨਾ ਮਹਾਮਾਰੀ ਇਸ ਦੀ ਤਾਜ਼ਾ ਮਿਸਾਲ ਹੈ।
ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਇਹ ਜਾਨਲੇਵਾ ਸਫਰ ਅੱਜ ਵਿਸ਼ਵ ਦੇ ਕੋਨੇ-ਕੋਨੇ ਤੱਕ ਪੁੱਜ ਗਿਆ ਹੈ ਅਤੇ ਅਜੇ ਵੀ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਦੁਨੀਆ ਭਰ ਵਿੱਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧੀ ਜਾ ਰਹੀ ਹੈ, ਜੋ ਵਿਸ਼ਵ ਦੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕਈ ਦੇਸ਼ਾਂ ਸਮੇਤ ਭਾਰਤ ਦੇ ਕਈ ਅਹਿਮ ਰਾਜਾਂ ਨੇ ਇੱਕ ਵਾਰ ਫਿਰ ਤਾਲਾਬੰਦੀ ਲਾਉਣ ਵੱਲ ਰੁਖ਼ ਕਰ ਲਿਆ ਹੈ।
ਇਸ ਸਮੇਂ ਸੰਸਾਰ ਵਿੱਚ ਕੋਰੋਨਾ ਦੀ ਮਾਰ ਹੇਠਾਂ ਆਏ ਪੀੜਤਾਂ ਦੀ ਗਿਣਤੀ ਬਾਰ੍ਹਾਂ ਕਰੋੜ ਟੱਪ ਕੇ ਤੇਰਾਂ ਕਰੋੜ ਦੇ ਨੇੜੇ ਪੁੱਜ ਗਈ ਅਤੇ 28 ਲੱਖ ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਇਸ ਦਾ ਪ੍ਰਭਾਵ ਸਿਰਫ ਸਿਹਤ ਸੰਕਟ ਤੱਕ ਸੀਮਿਤ ਨਹੀਂ, ਸਗੋਂ ਇਸ ਦੇ ਆਰਥਿਕ ਅਤੇ ਸਮਾਜਕ ਪ੍ਰਭਾਵ ਵੀ ਹਨ। ਪਿੱਛੇ ਜਿਹੇ ਯੂ ਐੱਨ) ਵੱਲੋਂ ਪ੍ਰਕਾਸ਼ਤ ਕੀਤੀ ਰਿਪੋਰਟ ਤੋਂ ਪਤਾ ਲੱਗਾ ਕਿ ਇਸ ਸੰਕਟ ਦੌਰਾਨ ਢਾਈ ਕਰੋੜ ਤੋਂ ਵੱਧ ਲੋਕਾਂ ਵੱਲੋਂ ਨੌਕਰੀਆਂ ਗਵਾ ਬਹਿਣ ਦਾ ਸ਼ੱਕ ਹੈ ਅਤੇ ਇਨ੍ਹਾਂ ਵਿੱਚੋਂ ਵੱਡਾ ਹਿੱਸਾ ਭਾਰਤ ਵਿੱਚ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦੀ ਦਰ, ਗਰੀਬੀ ਅਤੇ ਭੁੱਖਮਰੀ ਵੀ ਸਿਖਰ 'ਤੇ ਹੈ।
ਕੋਰੋਨਾ ਮਹਾਮਾਰੀ ਦੇ ਬਾਰੇ ਭਾਰਤ ਅੰਦਰਲੇ ਮਾਹੌਲ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮਾਰਚ ਦੇ ਮਹੀਨੇ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜੋ ਲੋਕਾਂ ਵੱਲੋਂ ਕੋਰੋਨਾ ਹਦਾਇਤਾਂ ਦੀ ਉਲੰਘਣਾ ਅਤੇ ਲਾਪਰਵਾਹੀ ਦਾ ਸਿੱਧਾ ਨਤੀਜਾ ਹੈ। ਦੁਨੀਆ ਵਿੱਚ ਭਾਰਤ ਦੂਜਾ ਸਭ ਤੋਂ ਵੱਧ ਕੋਵਿਡ-19 ਤੋਂ ਪੀੜਤ ਲੋਕਾਂ ਵਾਲਾ ਦੇਸ਼ ਬਣ ਚੁੱਕਾ ਹੈ। ਜਿਸ ਗਤੀ ਨਾਲ ਭਾਰਤ ਵਿੱਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਦਾ ਵਾਧਾ ਹੋ ਰਿਹਾ ਹੈ, ਬਹੁਤ ਜਲਦੀ ਭਾਰਤ ਸਵਾ ਕਰੋੜ ਦਾ ਅੰਕੜਾ ਪਾਰ ਕਰ ਜਾਵੇਗਾ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਡੇਢ ਲੱਖ ਟੱਪ ਚੁੱਕੀ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਭਾਰਤ ਦੇ ਉਨ੍ਹਾਂ ਰਾਜਾਂ ਵਿੱਚ ਕੋਵਿਡ-19 ਦੇ ਕੇਸ ਵੱਧ ਹਨ ਜਿੱਥੇ ਆਬਾਦੀ ਦੀ ਘਣਤਾ ਜ਼ਿਆਦਾ ਹੈ।
ਪੰਜਾਬ ਵਿੱਚ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾਂਦੀ ਹੈ। ਸੂਬੇ ਦੇ ਵਿੱਚ ਇਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਲਗਭਗ ਡੇਢ ਲੱਖ ਅਤੇ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਛੇ ਹਜ਼ਾਰ ਟੱਪ ਚੁੱਕੀ ਹੈ। ਪੰਜਾਬ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਮੌਤ ਦਰ ਕਈ ਰਾਜਾਂ ਤੋਂ ਬਹੁਤ ਵੱਧ ਹੈ, ਜਿਸ ਦੇ ਪਿੱਛੇ ਕਈ ਕਾਰਨ ਹਨ। ਇਨ੍ਹਾਂ ਵਿੱਚ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦਾ ਪੂਰਨ ਤੌਰ 'ਤੇ ਨਾ ਹੋਣਾ ਅਤੇ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਸਟਾਫ ਦੀ ਕਮੀ ਦਾ ਹੋਣਾ ਸ਼ਾਮਲ ਹੈ। ਪੰਜਾਬ ਵਿੱਚ ਪ੍ਰਤੀ ਇੱਕ ਹਜ਼ਾਰ ਲੋਕਾਂ ਪਿੱਛੇ ਡਾਕਟਰਾਂ ਦੀ ਗਿਣਤੀ ਦੋ ਤੋਂ ਵੀ ਘੱਟ ਹੈ, ਜਦ ਕਿ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨਾ ਮਾਤਰ ਹਨ। ਦੂਜੇ ਪਾਸੇ ਪੰਜਾਬ ਦੇ ਲੋਕਾਂ ਦਾ ਇਸ ਮਹਾਮਾਰੀ ਦੇ ਲੱਛਣਾਂ ਬਾਰੇ ਪਤਾ ਲੱਗਣ ਉਤੇ ਹਸਪਤਾਲਾਂ ਵਿੱਚ ਜਾਣ ਤੋਂ ਗੁਰੇਜ਼ ਕਰਨਾ, ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨਾ ਤੇ ਲਾਪਰਵਾਹੀ ਵਰਤਣਾ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰਦਾ ਹੈ। ਭਾਵੇਂ ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕੋਰੋਨਾ ਹਦਾਇਤਾਂ ਅਨੁਸਾਰ ਅੱਧੀ ਸਮਰੱਥਾ ਉੱਤੇ ਖੋਲ੍ਹ ਕੇ ਇੱਕ ਅਹਿਮ ਕਦਮ ਚੁੱਕਿਆ ਸੀ, ਪਰ ਅਮਲੀ ਰੂਪ ਵਿੱਚ ਪੰਜਾਬ ਵਿੱਚ ਵਿਦਿਆਰਥੀਆਂ ਵੱਲੋਂ ਕੋਰੋਨਾ ਹਦਾਇਤਾਂ ਦਾ ਸਹੀ ਪਾਲਣ ਨਹੀਂ ਹੋ ਰਿਹਾ ਸੀ।
ਇਸ ਰਾਜ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਕਾਰਨ ਜਾਨਣ ਦੇ ਲਈ ਲੇਖਕ ਦੁਆਰਾ ਕੁਝ ਉਚੇਰੀ ਸਿੱਖਿਅਕ ਸੰਸਥਾਵਾਂ, ਬਸ ਸਟੈਂਡਾਂ ਤੇ ਜਨਤਕ ਸਥਾਨਾਂ ਤੋਂ ਸਰਵੇਖਣ ਨਾਲ ਇਕੱਠੇ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੌਜਵਾਨ ਵਿਦਿਆਰਥੀਆਂ ਦਾ ਵੱਡਾ ਹਿੱਸਾ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਨਹੀਂ ਕਰਦਾ ਅਤੇ ਇਸ ਮਹਾਂਮਾਰੀ ਨੂੰ ਫੈਲਾਉਣੇ ਲੱਗਾ ਹੋਇਆ ਹੈ। ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਨੌਜਵਾਨ ਵਰਗ ਨੂੰ ਲੱਗਦਾ ਹੈ ਕਿ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਬੱਚਿਆਂ ਅਤੇ ਬਜ਼ੁਰਗਾਂ ਤੱਕ ਸੀਮਿਤ ਹੈ, ਪਰ ਨੌਜਵਾਨ ਇਹ ਭੁੱਲ ਗਏ ਹਨ ਕਿ ਉਹ ਇਸ ਵਾਇਰਸ ਨੂੰ ਬੱਚਿਆਂ ਅਤੇ ਬਜ਼ੁਰਗਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਦੋ-ਤਿਹਾਈ ਤੋਂ ਵੱਧ ਨੌਜਵਾਨ ਵਿਦਿਆਰਥੀਆਂ ਨੇ ਮੂੰਹ 'ਤੇ ਕਿਸ ਤਰ੍ਹਾਂ ਦਾ ਕੋਈ ਮਾਸਕ ਜਾਂ ਕੱਪੜਾ ਨਹੀਂ ਪਹਿਨਿਆ ਸੀ। ਹੈਰਾਨੀ ਵਾਲਾ ਤੱਥ ਇਹ ਵੀ ਹੈ ਕਿ ਬਹੁਤ ਸਾਰੇ ਨੌਜਵਾਨ ਵਿਦਿਆਰਥੀ ਕੋਵਿਡ-19 ਦੇ ਮਾੜੇ ਪ੍ਰਭਾਵ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ, ਪਰ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਰੱਖਣ ਵਿੱਚ ਸ਼ਰਮ ਮਹਿਸੂਸ ਕਰਦੇ ਸਨ। ਜਦੋਂ ਵਿਦਿਆਰਥੀਆਂ ਨੂੰ ਮਾਸਕ ਨਾ ਪਹਿਨਣ ਅਤੇ ਸਮਾਜਕ ਦੂਰੀ ਨਾ ਬਣਾਏ ਰੱਖਣ ਦੇ ਬਾਰੇ ਪੁੱਛਿਆ ਤਾਂ ਕਰੀਬ ਚਾਲੀ ਫੀਸਦੀ ਨੌਜਵਾਨ ਵਿਦਿਆਰਥੀਆਂ ਦਾ ਜਵਾਬ ਸੀ ਕਿ ਕੋਵਿਡ-19 ਦਾ ਪ੍ਰਭਾਵ ਖਤਮ ਹੋ ਚੁੱਕਾ ਹੈ ਅਤੇ ਕਿਸੇ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਖਾਸ ਲੋੜ ਨਹੀਂ। ਜਦ ਕਿ ਲਗਭਗ ਪੱਚੀ ਫੀਸਦੀ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਇੱਕ ਕੋਰੋਨਾ ਦਾ ਨਾਂਅ 'ਤੇ ਸਰਕਾਰਾਂ ਦਾ ਰਚਿਆ ਗਿਆ ਰਾਜਨੀਤਕ ਡਰਾਮਾ ਹੈ। ਇਸ ਤੱਥ ਤੋਂ ਕਿਤੇ ਨਾ ਕਿਤੇ ਇਹ ਝਲਕਦਾ ਹੈ ਕਿ ਨੌਜਵਾਨ ਵਿਦਿਆਰਥੀਆਂ ਦਾ ਅੱਜ ਦੀਆਂ ਸਰਕਾਰਾਂ 'ਤੇ ਭਰੋਸਾ ਨਹੀਂ ਰਿਹਾ। ਸੋਸ਼ਲ ਮੀਡੀਆ ਰਾਹੀਂ ਫੈਲਦੀਆਂ ਅਫਵਾਹਾਂ ਵੀ ਨੌਜਵਾਨ ਵਰਗ ਨੂੰ ਗੁੰਮਰਾਹ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਦਰਾਂ ਫੀਸਦੀ ਪੜ੍ਹੇ ਲਿਖੇ ਨੌਜਵਾਨ ਵਿਦਿਆਰਥੀਆਂ ਦਾ ਮੰਨਣਾ ਸੀ ਕਿ ਦੂਜੇ ਵਿਦਿਆਰਥੀ ਵੀ ਕਿਸੇ ਤਰ੍ਹਾਂ ਦਾ ਮਾਸਕ ਨਹੀਂ ਲਾ ਰਹੇ ਅਤੇ ਜੇ ਉਹ ਮਾਸਕ ਪਹਿਨਦੇ ਹਨ ਤਾਂ ਹੋਰ ਵਿਦਿਆਰਥੀਆਂ ਵੱਲੋਂ ਮਜ਼ਾਕ ਉਡਾਇਆ ਜਾਂਦਾ ਹੈ। ਬਾਕੀ ਕੁਝ ਸੂਝਵਾਨ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕੋਰੋਨਾ ਦੀ ਮਾਰ ਤੋਂ ਬਚਣ ਲਈ ਦਵਾਈ ਬਣ ਚੁੱਕੀ ਹੈ ਅਤੇ ਇਸ ਕਰ ਕੇ ਤਾਲਾਬੰਦੀ ਹਟਾ ਦਿੱਤੀ ਗਈ ਹੈ। ਅਜਿਹੇ ਹਾਲਾਤਾਂ ਵਿੱਚ ਨੌਜਵਾਨ ਵਿਦਿਆਰਥੀਆਂ ਦਾ ਇਹ ਲਾਪਰਵਾਹੀ ਭਰਿਆ ਵਤੀਰਾ ਪੰਜਾਬ ਵਿੱਚ ਕੋਵਿਡ-19 ਦੇ ਸੰਕਟ ਨੂੰ ਹੋਰ ਗੰਭੀਰ ਬਣਾ ਸਕਦਾ ਹੈ।
ਦੂਜੇ ਪਾਸੇ ਪੰਜਾਬ ਵਿੱਚ ਬਸਾਂ ਰਾਹੀਂ ਸਫਰ ਕਰਦੇ ਮੁਸਾਫਰਾਂ ਬਾਰੇ ਹਾਲਾਤ ਹੋਰ ਵੀ ਮਾੜੇ ਹਨ। ਪੰਜਾਬ ਦੇ ਕੁਝ ਜ਼ਿਲਿਆਂ ਵਿੱਚ ਵੱਖ-ਵੱਖ ਰਸਤਿਆਂ 'ਤੇ ਚੱਲਦੀਆਂ ਬਸਾਂ ਦੇ ਇੱਕ ਸਰਵੇਖਣ ਦੌਰਾਨ ਇਹ ਪਤਾ ਲੱਗਾ ਕਿ 72 ਫੀਸਦੀ ਯਾਤਰੀਆਂ ਨੇ ਬਸਾਂ ਵਿੱਚ ਯਾਤਰਾ ਵੇਲੇ ਕੋਈ ਮਾਸਕ ਨਹੀਂ ਪਾਇਆ ਸੀ, ਦਸ ਫੀਸਦੀ ਯਾਤਰੀਆਂ ਕੋਲ ਮਾਸਕ ਤਾਂ ਸੀ, ਪਰ ਮੂੰਹ ਉਪਰ ਨਹੀਂ ਲਾਇਆ ਸੀ। ਨੱਬੇ ਫੀਸਦੀ ਤੋਂ ਵੱਧ ਬਸਾਂ ਦੇ ਕੰਡਕਟਰ ਵੀ ਬਿਨਾਂ ਮਾਸਕ ਤੋਂ ਸਨ। ਬਸਾਂ ਵਿੱਚ ਟਿਕਟਾਂ ਕੱਟਦਾ ਕੰਡਕਟਰ ਇਸ ਤਰ੍ਹਾਂ ਲੱਗਾ, ਜਿਵੇਂ ਮੁਸਾਫਰਾਂ ਨੂੰ ਕੋਰੋਨਾ ਵੰਡ ਰਿਹਾ ਹੋਵੇ। ਮੈਡੀਕਲ ਸਟੋਰਾਂ ਤੇ ਮਾਰਕੀਟ ਦੀਆਂ ਦੁਕਾਨਾਂ ਉਤੇ ਮਾਸਕ ਆਮ ਤੌਰ 'ਤੇ ਵੇਖਣ ਨੂੰ ਮਿਲ ਜਾਂਦੇ ਹਨ, ਪਰ ਇਨ੍ਹਾਂ ਦੇ ਵਿਕਰੇਤਾ ਖੁਦ ਇਸ ਦੀ ਵਰਤੋਂ ਕਰਦੇ ਦਿਖਾਈ ਨਹੀਂ ਦੇਂਦੇ। ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਵਾਧਾ ਹੋ ਰਿਹਾ ਹੈ।
ਭਾਵੇਂ ਸਮੁੰਦਰ ਦੀਆਂ ਲਹਿਰਾਂ ਨੂੰ ਰੋਕਣਾ ਮਨੁੱਖ ਦੇ ਹੱਥ ਵਿੱਚ ਨਹੀਂ ਹੈ, ਪਰ ਇਸ ਮਹਾਮਾਰੀ ਦੀਆਂ ਲਹਿਰਾਂ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਕੋਰੋਨਾ ਦੀਆਂ ਇਹ ਲਹਿਰਾਂ ਮਨੁੱਖ ਦੀ ਲਾਪਰਵਾਹੀ ਅਤੇ ਸਾਵਧਾਨੀਆਂ ਵਰਤਣ 'ਤੇ ਨਿਰਭਰ ਕਰਦੀਆਂ ਹਨ। ਵਿਸ਼ਵ ਦੇ ਕਈ ਵਿਕਸਤ ਅਤੇ ਘੱਟ ਵਿਕਸਤ ਦੇਸ਼ਾਂ ਨੇ ਜਿੱਥੇ ਇੱਕ ਪਾਸੇ ਆਪਣੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਣ ਵਾਲੇ ਢੰਗਾਂ ਬਾਰੇ ਚੰਗੀ ਤਰ੍ਹਾਂ ਸੁਚੇਤ ਕੀਤਾ, ਉਥੇ ਲੋਕਾਂ ਨੇ ਵੀ ਕੋਰੋਨਾ ਹਦਾਇਤਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਦਾ ਸਖਤੀ ਨਾਲ ਪਾਲਣ ਕਰ ਕੇ ਸਫਲਤਾ ਪ੍ਰਾਪਤ ਕੀਤੀ। ਪੰਜਾਬ ਦੇ ਆਮ ਲੋਕਾਂ ਨੂੰ ਕੋਰੋਨਾ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਕੋਰੋਨਾ ਹਦਾਇਤਾਂ ਜਿਵੇਂ ਮਾਸਕ ਪਾਉਣਾ, ਸਮਾਜਕ ਦੂਰੀ ਬਣਾ ਕੇ ਰੱਖਣਾ ਅਤੇ ਕੁਝ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਆਦਿ ਦਾ ਜ਼ਰੂਰੀ ਪਾਲਣ ਕਰਨਾ ਚਾਹੀਦਾ ਹੈ। ਆਵਾਜਾਈ ਵਿਭਾਗ ਨੂੰ ਬਸਾਂ ਵਿੱਚ ਕੋਰੋਨਾ ਨਿਯਮਾਂ ਦੀ ਉਲੰਘਣਾ ਵੱਲ ਧਿਆਨ ਦੇਣ ਦੀ ਲੋੜ ਹੈ। ਕੋਰੋਨਾ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵਿਦਿਅਕ, ਧਾਰਮਿਕ ਤੇ ਹੋਰ ਜਨਤਕ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫਵਾਹਾਂ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਇਨ੍ਹਾਂ ਅਫਵਾਹਾਂ ਨੂੰ ਰੋਕਣ ਲਈ ਕੁਝ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।
ਪੜ੍ਹੇ ਲਿਖੇ ਨੌਜਵਾਨ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੈ ਅਤੇ ਮਹਾਮਾਰੀ ਨੂੰ ਰੋਕਣ ਦੇ ਸੰਦਰਭ ਵਿੱਚ ਵਿਸ਼ਵ ਸਿਹਤ ਸੰਸਥਾ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਰਾਜ ਸਰਕਾਰਾਂ ਅਤੇ ਹੋਰ ਸਿਹਤ ਸੰਸਥਾਵਾਂ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਦੂਜੇ ਪਾਸੇ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਮੌਜੂਦ ਸਿਹਤ ਸੇਵਾਵਾਂ ਦੇਣ ਵਾਲੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇ ਅਤੇ ਪੇਂਡੂ ਖੇਤਰ ਵਿੱਚ ਵੀ ਸਿਹਤ ਸਹੂਲਤਾਂ ਦਾ ਵਾਧਾ ਤੇਜ਼ੀ ਨਾਲ ਕੀਤਾ ਜਾਵੇ। ਕੁਝ ਦਿਨਾਂ ਤੋਂ ਪੰਜਾਬ ਸਰਕਾਰ ਨੇ ਵੀ ਇੱਕ ਵਾਰ ਫਿਰ ਮਿਥੇ ਸਮੇਂ ਅਨੁਸਾਰ ਕਰਫਿਊ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਾਨੂੰ ਸਾਰਿਆਂ ਨੂੰ ਕੋਰੋਨਾ ਮਹਾਮਾਰੀ ਖਿਲਾਫ ਚੱਲ ਰਹੀ ਇਸ ਵਿਸ਼ਵ ਪੱਧਰੀ ਜੰਗ ਵਿੱਚ ਇਕਜੁੱਟ ਹੋਣ ਦੀ ਲੋੜ ਹੈ।

 

Have something to say? Post your comment