Welcome to Canadian Punjabi Post
Follow us on

18

April 2021
ਨਜਰਰੀਆ

ਕੀ ਜਨਰਲ ਬਾਜਵਾ ਜਾਂ ਫਿਰ ਇਮਰਾਨ ਖਾਨ ਪਾਕਿਸਤਾਨ ਦੀ ਪੁਰਾਣੀ ਮਾਨਸਿਕਤਾ ਛੱਡ ਸਕਣਗੇ?

March 29, 2021 02:11 AM

-ਹਰੀ ਜੈਸਿੰਘ
ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨੀ ਫੌਜ ਦੇ ਮੁਖੀਆਂ ਵੱਲੋਂ ਮੇਲ-ਮਿਲਾਪ ਦੀਆਂ ਗੱਲਾਂ ਸੁਭਾਵਿਕ ਨਹੀਂ, ਕਿਉਂਕਿ ਉਨ੍ਹਾਂ ਦੀ ਹੋਂਦ ਹੀ ਭਾਰਤ ਵਿਰੁੱਧ ਸਖ਼ਤ ਵਤੀਰਾ ਅਪਣਾਉਣ ਉੱਤੇ ਨਿਰਭਰ ਹੁੰਦੀ ਹੈ। ਪਾਕਿਸਤਾਨ ਦੀ ਫੌਜ ਦੇ ਤਾਨਾਸ਼ਾਹਾਂ ਵੱਲੋਂ ਸਮੇਂ-ਸਮੇਂ ਨਰਮੀ ਦਿਖਾਉਣ ਨੂੰ ਸਿਆਸੀ ਕਦਮ ਹੀ ਮੰਨਿਆ ਜਾਂਦਾ ਹੈ। ਇਸ ਕਾਰਨ ਜਨਰਲ ਕਮਰ ਜਾਵੇਦ ਬਾਜਵਾ ਦਾ ਭਾਰਤ ਵੱਲ ਆਪਣੇ ਸਖ਼ਤ ਵਤੀਰੇ ਵਿੱਚ ਤਬਦੀਲੀ ਦਾ ਸੰਕੇਤ ਦੇਣਾ ਬਹੁਤੇ ਭਾਰਤੀਆਂ ਲਈ ਹੈਰਾਨੀ ਜਨਕ ਹੈ। ਇਸਲਾਮਾਬਾਦ ਸਕਿਓਰਿਟੀ ਡਾਇਲਾਗ ਨਾਂ ਦੇ ਪ੍ਰੋਗਰਾਮ ਵਿੱਚ ਇਸਲਾਮਾਬਾਦ ਵਿੱਚ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਨਾਲ ਦੱਖਣੀ ਏਸ਼ੀਆ ਦੀ ਬਿਹਤਰੀ ਦਾ ਖੇਤਰੀ ਆਰਥਿਕ ਏਕੀਕਰਨ ਦਾ ਵਿਚਾਰ ਦਿੱਤਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਉੱਤੇ ਭਾਰਤ ਨੂੰ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀਪੂਰਨ ਗੱਲਬਾਤ ਬਹਾਲ ਕਰਨ ਲਈ ਕਸ਼ਮੀਰ ਵਿੱਚ ‘ਢੁੱਕਵਾਂ ਮਾਹੌਲ’ ਬਣਾਉਣ ਲਈ ਕਿਹਾ, ਪਰ ਉਨ੍ਹਾਂ ਨੇ ਕਸ਼ਮੀਰ ਵਿੱਚ ‘ਢੁੱਕਵੇਂ ਮਾਹੌਲ' ਦੀ ਕਿਸਮ ਬਾਰੇ ਨਹੀਂ ਦੱਸਿਆ।
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਨਰਲ ਜ਼ਿਆ-ਉਲ-ਹੱਕ ਵੱਲੋਂ ਸ਼ੁਰੂ ਕੀਤੀ ਗਈ ‘ਲੁਕਵੀਂ ਜੰਗ’ ਮੁੱਖ ਤੌਰ ਉੱਤੇ ਕਸ਼ਮੀਰ ਤੇ ਹੋਰ ਮੁੱਦਿਆਂ ਉੱਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਈ ਜ਼ਿੰਮੇਵਾਰ ਹੈ। ਪਾਕਿਸਤਾਨ ਦੇ ਤਾਲਿਬਾਨੀਕਰਨ ਨੇ ਪਹਿਲਾਂ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਪੁਰਾਣੇ ਸਮੀਕਰਨਾਂ ਨੂੰ ਵਿਗਾੜ ਛੱਡਿਆ ਹੈ। ਇਸਦੇ ਨਾਲ ਅਧਿਕਾਰਤ ਤੌਰ ਉੱਤੇ ਧਾਰਮਿਕ ਅੱਤਵਾਦ ਨੂੰ ਗਲੇ ਲਗਾਉਣ ਦਾ ਵੀ ਸਭ ਨੂੰ ਪਤਾ ਹੈ। ਜਨਰਲ ਬਾਜਵਾ ਦਾ ਵਿਚਾਰ ਅਜਿਹੇ ਸਮੇਂ ਉੱਤੇ ਸਾਹਮਣੇ ਆਇਆ ਹੈ, ਜਦੋਂ ਅਜਿਹੇ ਵਤੀਰੇ ਵਿਰੁੱਧ ਬੇਚੈਨੀ ਵਧਦੀ ਜਾ ਰਹੀ ਹੈ, ਇੱਥੋਂ ਤੱਕ ਕਿ ਪੱਛਮ ਵਿੱਚ ਵੀ।
ਪਾਕਿਸਤਾਨੀ ਫੌਜ ਨੂੰ ਅੱਤਵਾਦੀਆਂ ਨੂੰ ਪੈਸੇ ਤੇ ਸਿਖਲਾਈ ਦੇਣ ਦੇ ਇਲਾਵਾ ਕਸ਼ਮੀਰ ਵਿੱਚ ਦਾਖ਼ਲ ਕਰਨ ਲਈ ‘ਕਵਰਿੰਗ ਫਾਇਰ’ ਦੇਣ ਲਈ ਜਾਣਿਆ ਜਾਂਦਾ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਸਪਾਂਸਰਡ ਸਰਹੱਦ ਪਾਰ ਤੋਂ ਹੁੰਦਾ ਅੱਤਵਾਦ ਸਭ ਤੋਂ ਵੱਡਾ ਮੁੱਦਾ ਹੈ, ਕਸ਼ਮੀਰ ਓਡਾ ਮੁੱਦਾ ਨਹੀਂ, ਜਿਸ ਨੇ ਭਾਰਤੀ ਉਪ-ਮਹਾਦੀਪ ਵਿੱਚ ਸ਼ਾਂਤੀ ਲਈ ‘ਢੁੱਕਵਾਂ ਮਾਹੌਲ’ ਨਹੀਂ ਬਣਨ ਦਿੱਤਾ। ਅੱਤਵਾਦ ਨੂੰ ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਸ ਨੂੰ ਭਾਰਤ ਦੀ ਇੱਕ ਲੋਕਤੰਤਰੀ ਨੀਤੀ ਦੀ ਹੋਂਦ ਲਈ ਪ੍ਰਮੁੱਖ ਖਤਰੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਜਨਰਲ ਬਾਜਵਾ ਨੇ ਇਸ ਵਾਰ ਕਸ਼ਮੀਰ ਬਾਰੇ ਸੁਰੱਖਿਆ ਕੌਂਸਲ ਦੇ ਮਤੇ ਦਾ ਆਪਣੇ ਦੇਸ਼ ਦਾ ਪੁਰਾਣਾ ਰਾਗ ਨਹੀਂ ਅਲਾਪਿਆ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਸ਼ਾਂਤੀ ਪੂਰਨ ਢੰਗਾਂ ਨਾਲ ਕਸ਼ਮੀਰ ਮਸਲੇ ਦਾ ਹੱਲ ਕੀਤੇ ਬਿਨਾਂ ‘ਉਪ-ਮਹਾਦੀਪ ਕਬਜ਼ਾ' ਹਮੇਸ਼ਾ ‘ਪਹੜੀ ਤੋਂ ਉਤਾਰਨ ਲਈ ਬਹੁਤ ਨਾਜ਼ੁਕ' ਬਣਿਆ ਰਹੇਗਾ। ਇਸ ਲਈ ਉਹ ਸਮਝਦੇ ਹਨ ਕਿ ਇਹ ਸਮਾਂ ‘ਬੀਤੇ ਨੂੰ ਦਫਨ ਕਰਕੇ ਅੱਗੇ ਵਧਣ' ਦਾ ਹੈ।
ਮੱਹਤਵ ਪੂਰਨ ਸਵਾਲ ਇਹ ਹੈ ਕਿ ਪਾਕਿਸਤਾਨ ਦੀ ਫੌਜੀ ਸੰਸਥਾ ਦੇ ਰੁਖ ਵਿੱਚ ਇਹ ਤਬਦੀਲੀ ਕਿਉਂ? ਇਸ ਸਵਾਲ ਦਾ ਸਾਧਾਰਨ ਜਵਾਬ ਹੈ। ਪਾਕਿਸਤਾਨ ਦਾ ਗੰਭੀਰ ਆਰਥਿਕ ਅਤੇ ਵਿੱਤੀ ਸੰਕਟ। ਇੱਥੋਂ ਤੱਕ ਕਿ ਇਸ ਨੂੰ ਐਫ ਏ ਟੀ ਐਫ (ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ) ਵੱਲੋਂ ਬਲੈਕਲਿਸਟ ਕੀਤੇ ਜਾਣ ਦਾ ਖਤਰਾ ਵੀ ਹੈ। ਇਸ ਖਤਰੇ ਦੇ ਇਲਾਵਾ ਪਾਕਿਸਤਾਨ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਘਰੇਲੂ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਕੰਟਰੋਲ ਕਰਨਾ ਪਾਕਿਸਤਾਨੀ ਫੌਜ ਲਈ ਮੁਸ਼ਕਲ ਹੋ ਰਿਹਾ ਹੈ।
ਪੱਛਮੀ ਏਸ਼ੀਆ ਵਿੱਚ ਭੂਗੋਲਿਕ ਸਿਆਸੀ ਤਬਦੀਲੀ, ਇੱਥੋਂ ਤੱਕ ਕਿ ਮਿੱਤਰ ਦੇਸ਼ਾਂ ਵੱਲੋਂ ਉਨ੍ਹਾਂ ਦੇ ਕਰਜ਼ੇ ਮੋੜਨ ਦੀਆਂ ਸ਼ਰਮਨਾਕ ਮੰਗਾਂ ਕਾਰਨ ਪਾਕਿਸਤਾਨ ਵਿਸ਼ਵ ਨੂੰ ਸੰਕੇਤ ਦੇ ਰਿਹਾ ਹੈ ਕਿ ਉਹ ਆਪਣੇ ਰਾਸ਼ਟਰੀ ਸੁਰੱਖਿਆ ਮਾਡਲ ਉੱਤੇ ਮੁੜ ਵਿਚਾਰ ਕਰ ਰਿਹਾ ਹੈ। ਜੋ ਵੀ ਹੋਵੇ, ਪਾਕਿਸਤਾਨ ਦਾ ਉਤਰ-ਪੱਛਮੀ ਮੋਰਚਾ ਵਧਦੇ ਇਸਲਾਮਿਕ ਅੱਤਵਾਦ ਦਾ ਇੱਕ ਪੈਦਾਇਸ਼ੀ ਅੱਡਾ ਬਣ ਗਿਆ ਹੈ ਜਿਸ ਨੇ ਖੁਦ ਪਾਕਿਸਤਾਨ ਦੀ ਸਥਿਰਤਾ ਲਈ ਖਤਰਾ ਪੈਦਾ ਕਰ ਦਿੱਤਾ ਹੈ। ਉਸ ਦੇ ਕੇਂਦਰੀ ਪ੍ਰਸ਼ਾਸਨ, ਕਬਾਇਲੀ ਖੇਤਰ ਅਤੇ ਉਤਰ-ਪੱਛਮੀ ਫਰੰਟੀਅਰ ਸੂਬੇ ਵੀ ਅਫਗਾਨਿਸਤਾਨ ਦੀ ਜੀਵਨ ਰੇਖਾ ਕਹਾਉਂਦੇ ਰਣਨੀਤਕ ਖੈਬਰ ਦੱਰੇ ਨੂੰ ਖਤਰਾ ਪੈਦਾ ਕਰ ਰਹੇ ਹਨ। ਕੁੱਲ ਮਿਲਾ ਕੇ ਭਿ੍ਰਸ਼ਟਾਚਾਰ, ਘਟੀਆ ਮੈਨੇਜਮੈਂਟ ਤੇ ਪਹਿਲਕਦਮੀਆਂ ਉੱਤੇ ਧਿਆਨ ਨਾ ਦੇਣ ਕਾਰਨ ਪਾਕਿਸਤਾਨ ਦੀ ਅਰਥ ਵਿਵਸਥਾ ਖੋਖਲੀ ਹੋ ਚੁੱਕੀ ਹੈ। ਸਿਰਫ ਇੱਕ ਚੀਜ਼, ਜਿਸ ਨੇ ਕੁਝ ਹੱਦ ਤੱਕ ਪਾਕਿਸਤਾਨ ਨੂੰ ਆਰਥਿਕ ਤੌਰ ਉੱਤੇ ਬਚਾਈ ਰੱਖਿਆ ਹੈ, ਉਹ ਹੈ ਘਰੇਲੂ ਅਤੇ ਵਿਦੇਸ਼ੀ ਸਰੋਤਾਂ ਤੋਂ ਲਏ ਗਏ ਉਧਾਰ, ਜਿਸ ਦਾ ਕੁਲ ਵਿਦੇਸ਼ੀ ਕਰਜ਼ਾ ਹੈਰਾਨੀ ਜਨਕ ਤੌਰ ਉੱਤੇ 111 ਅਰਬ ਡਾਲਰ ਹੈ। ਏਦਾਂ ਦੀਆਂ ਸਖ਼ਤ ਆਰਥਿਕ ਸੱਚਾਈਆਂ ਅਤੇ ਇਸਲਾਮਿਕ ਅੱਤਵਾਦ ਨਾਲ ਪੈਦਾ ਹੋਏ ਘਰੇਲੂ ਸੰਕਟਾਂ ਵਿਚਾਲੇ ਭਾਰਤ ਪ੍ਰਤੀ ਜਨਰਲ ਬਾਜਵਾ ਦੇ ਬਦਲੇ ਵਤੀਰੇ ਨੂੰ ਸਮਝਿਆ ਜਾ ਸਕਦਾ ਹੈ। ਜੇ ਪਾਕਿਸਤਾਨੀ ਜਨਰਲ ਦਾ ਅਰਥ ਵਪਾਰ ਤੋਂ ਹੈ ਤਾਂ ਉਨ੍ਹਾਂ ਨੂੰ ਕਸ਼ਮੀਰ ਨੂੰ ਸਾਹਮਣੇ ਰੱਖਦੇ ਹੋਏ ਭਾਰਤ ਪ੍ਰਤੀ ਸਾਰੀਆਂ ਨੀਤੀਆਂ ਅਤੇ ਰਣਨੀਤਕ ਢਾਂਚੇ ਦਾ ਮੁੜ ਨਿਰਮਾਣ ਕਰਨਾ ਹੋਵੇਗਾ। ਸ਼ਾਂਤੀ ਪ੍ਰਕਿਰਿਆ ਲਈ ਕੋਈ ਅੱਧਾ-ਅਧੂਰਾ ਤਰੀਕਾ ਨਹੀਂ ਚੱਲੇਗਾ।
ਸੱਚ ਹੈ ਕਿ ਪਾਕਿਸਤਾਨੀ ਫੌਜੀ ਹਾਕਮ ਆਮ ਤੌਰ ਉੱਤੇ ਭਾਰਤੀ ਭਾਵਨਾਵਾਂ ਅਤੇ ਲੋੜ ਪੈਣ ਉੱਤੇ ਇਸ ਦੇ ਮੋੜਵੇਂ ਵਾਰ ਦੀ ਸਮਰੱਥਾ ਦੀ ਸ਼ਲਾਘਾ ਕਰਨ ਵਿੱਚ ਅਸਫਲ ਰਹੇ ਹਨ। ਹਥਿਆਰਬੰਦ ਝੜਪਾਂ ਦੌਰਾਨ ਪਾਕਿਸਤਾਨ ਨੂੰ ਸਦਾ ਇੱਕ ਭਾਰੀ ਕੀਮਤ ਅਦਾ ਕਰਨੀ ਪਈ ਹੈ। ਇਹ ਇੱਕ ਇਤਿਹਾਸਕ ਤੱਥ ਹੈ। ਇੱਥੋ ਤੱਕ ਕਿ ਇਸ ਵਾਰ ਚਾਈਨਾ ਫੈਕਟਰ ਵੀ ਪਾਕਿਸਤਾਨ ਲਈ ਜ਼ਿਆਦਾ ਫਰਕ ਨਹੀਂ ਪੈਦਾ ਕਰਨ ਵਾਲਾ। ਇਸ ਲਈ ਸਵਾਲ ਇਹ ਹੈ ਕਿ ਆਪਣੀਆਂ ਸ਼ਾਂਤੀ ਕੋਸ਼ਿਸ਼ਾਂ ਬਾਰੇ ਜਨਰਲ ਬਾਜਵਾ ਕਿੰਨੇ ਗੰਭੀਰ ਹਨ? ਅਸੀਂ ਇਸ ਬਾਰੇ ਯਕੀਨੀ ਨਹੀਂ ਹੋ ਸਕਦੇ, ਜਦ ਤੱਕ ਕਿ ਪਾਕਿਸਤਾਨ ਜੰਮੂ-ਕਸ਼ਮੀਰ ਅਤੇ ਹੋਰ ਥਾਵਾਂ ਉੱਤੇ ਅੱਤਵਾਦ ਸਬੰਧੀ ਲੁਕਵੀਂ ਜੰਗ ਨਹੀਂ ਛੱਡ ਦਿੰਦਾ।
ਇਸਲਾਮਾਬਾਦ ਨੂੰ ਇਹ ਯਾਦ ਰੱਖਣਾ ਲਾਭਦਾਇਕ ਹੋ ਸਕਦਾ ਹੈ ਕਿ ਅੱਤਵਾਦ ਨੂੰ ਦਰੜਨ ਲਈ ਵਿਸ਼ਵ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਦਿ੍ਰੜ੍ਹ ਇਰਾਦੇ ਵਾਲਾ ਹੈ। ਅੱਤਵਾਦ ਦੇ ਵਧਦੇ ਖਤਰਿਆਂ ਨੂੰ ਦੇਖਦੇ ਹੋਏ ਇਸਲਾਮਿਕ ਜਗਤ ਵੀ ਆਰਾਮ ਨਾਲ ਬੈਠੇ ਰਹਿਣ ਦੀ ਸਥਿਤੀ ਵਿੱਚ ਨਹੀਂ ਹੈ। ਇਨ੍ਹਾਂ ਸਖ਼ਤ ਤੱਥਾਂ ਨੂੰ ਪਾਕਿਸਤਾਨ ਦੇ ਨੀਤੀ ਘਾੜਿਆਂ ਅਤੇ ਰਣਨੀਤੀਤਾਰਾਂ ਨੂੰ ਭਾਰਤ ਅਤੇ ਬਾਕੀ ਦੁਨੀਆ ਨਾਲ ਇਸ ਦੇ ਸਬੰਧਾਂ ਦੇ ਨਾਲ ਇੱਕ ਨਵੀਂ ਰੂਪ-ਰੇਖਾ ਉੱਤੇ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਰੌਸ਼ਨੀ ਵਿੱਚ ਇਸ ਨੂੰ ਲਾਜ਼ਮੀ ਤੌਰ ਉੱਤੇ ਕਸ਼ਮੀਰ ਅਤੇ ਹੋਰਨਾਂ ਥਾਵਾਂ ਉੱਤੇ ਹਥਿਆਰਬੰਦ ਘੁਸਪੈਠੀਆਂ ਨੂੰ ਭੇਜਣ ਤੋਂ ਰੋਕਣਾ ਚਾਹੀਦਾ ਹੈ।
ਕੀ ਜਨਰਲ ਬਾਜਵਾ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਦੀ ਪੁਰਾਣੀ ਮਾਨਸਿਕਤਾ ਤੋਂ ਬਾਹਰ ਆਉਣਗੇ? ਜਦ ਤੱਕ ਇਹ ਪ੍ਰਭਾਵ ਪੂਰਨ ਢੰਗ ਨਾਲ ਨਹੀਂ ਦਿਖਾਇਆ ਜਾਂਦਾ, ਜਨਰਲ ਬਾਜਵਾ ਦੇ ਸ਼ਾਂਤੀ ਲਈ ਪੇਸ ਕੀਤੇ ਮਾਰਗ ਬਾਰੇ ਭਾਰਤ ਯਕੀਨੀ ਨਹੀਂ ਹੋ ਸਕਦਾ। ਜੋ ਵੀ ਹੋਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਦਾ ਹੈ ਸਹੀ ਸ਼ਾਂਤੀ ਪੂਰਨ ਦਿਸ਼ਾ ਵਿੱਚ ਭਾਰਤ-ਪਾਕਿ ਸਬੰਧਾਂ ਦੇ ਵਿਕਾਸ ਲਈ ਖੁੱਲ੍ਹਾ ਮਨ ਰੱਖਦੇ ਹਨ।
ਮੈਂ ਆਸਵੰਦ ਰਹਿਣ ਨੂੰ ਪਹਿਲ ਦੇਵਾਂਗਾ। ਇਸ ਵੇਲੇ ਭਾਰਤ ਲਈ ਸਰਵਉਤਮ ਬਦਲ ‘ਉਡੀਕੋ ਤੇ ਦੇਖੋ' ਦਾ ਹੋਣਾ ਚਾਹੀਦਾ ਹੈ, ਜਦੋਂ ਤੱਕ ਜਨਰਲ ਬਾਜਵਾ ਅੱਤਵਾਦ ਨੂੰ ਦਬਾਉਣ ਲਈ ਆਪਣਾ ਅਗਲਾ ਠੋਸ ਕਦਮ ਨਹੀਂ ਦਰਸਾਉਂਦੇ।

 

Have something to say? Post your comment