Welcome to Canadian Punjabi Post
Follow us on

12

July 2025
 
ਨਜਰਰੀਆ

ਮੰਤਰੀ ਦੇ ਰਿਸ਼ਤੇਦਾਰ ਦੀ ਮਾਰ

March 29, 2021 02:10 AM

-ਸਤਪਾਲ ਸਿੰਘ ਦਿਓਲ
ਅਦਾਲਤੀ ਕੇਸਾਂ ਵਾਸਤੇ ਕਲਾਈਂਟ ਵਕੀਲਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ। ਮੁਦੱਈ ਹਰ ਪੇਸ਼ੀ ਮੌਕੇ ਹੀ ਪੁੱਛਣ ਲੱਗਦੇ ਹਨ ਕਿ ਆਪਾਂ ਕੇਸ ਜਿੱਤ ਜਾਵਾਂਗੇ ਜਾਂ ਨਹੀਂ। ਜਿਤ ਦੀ ਉਮੀਦ ਸਹਾਰੇ ਹੀ ਕਚਹਿਰੀ ਅਹਾਤੇ ਵਿੱਚ ਗੇੜੇ ਮਾਰਦੇ ਹਨ। ਕਚਹਿਰੀ ਗੇਟ ਵੜਦੇ ਇਨਸਾਫ ਦੀ ਆਸ ਲੈ ਕੇ ਹਨ, ਪਰ ਕਈ ਵਾਰ ਚਾਹ ਕੇ ਵੀ ਇਨਸਾਫ ਦਿਵਾਉਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਲੋਕਾਂ ਦੀ ਮਾਨਸਿਕਤਾ ਮੁਕੱਦਮੇਬਾਜ਼ੀ ਵਾਲੀ ਬਣ ਜਾਂਦੀ ਹੈ ਤੇ ਕਾਨੂੰਨੀ ਸਥਿਤੀ ਮਾੜੀ ਹੋਣ ਦੇ ਬਾਵਜੂਦ ਸਾਇਲ ਵਿਰੋਧੀ ਨੂੰ ਡਰਾਉਣ ਜਾਂ ਨਿਰਾਸ਼ ਕਰਨ ਲਈ ਮੁਕੱਦਮੇ ਦਾਇਰ ਕਰ ਦਿੰਦੇ ਹਨ। ਕਈ ਵਾਰ ਸਾਇਲ ਵਕੀਲਾਂ ਪਾਸੋਂ ਵੀ ਆਸ ਤੋਂ ਵੱਧ ਆਸਾਂ ਲਾ ਬੈਠਦੇ ਹਨ। ਵਕੀਲ ਵੀ ਸਮਾਜ ਦਾ ਹਿੱਸਾ ਹਨ। ਗਵਾਹੀ ਮੁਕੰਮਲ ਹੋਣ ਤੋਂ ਬਾਅਦ ਕਈ ਵਾਰ ਵਧੀਆ ਦਿੱਸਣ ਵਾਲਾ ਕੇਸ ਉਲਟਾ ਘੁੰਮ ਜਾਂਦਾ ਹੈ ਤੇ ਕਈ ਵਾਰ ਮਾੜੀ ਸਥਿਤੀ ਵਾਲਾ ਕੇਸ ਮਜ਼ਬੂਤ ਬਣ ਜਾਂਦਾ ਹੈ। ਕਾਨੂੰਨ ਦੀ ਇੱਕ ਧਾਰਨਾ ਹੈ ਕਿ ਅਦਾਲਤ ਨੇ ਇਨਸਾਫ ਕਰਨਾ ਹੀ ਨਹੀਂ, ਸਗੋਂ ਇਨਸਾਫ ਹੁੰਦਾ ਲੋਕਾਂ ਨੂੰ ਨਜ਼ਰ ਵੀ ਆਉਣਾ ਚਾਹੀਦਾ ਹੈ, ਤਾਂ ਹੀ ਅਦਾਲਤਾਂ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਕਾਇਮ ਰਹੇਗਾ।
ਕਾਫੀ ਅਰਸਾ ਪਹਿਲਾਂ ਮੇਰੇ ਪਾਸ ਇੱਕ ਮੁਕੱਦਮਾ ਪੈਟਰੋਲੀਅਮ ਐਕਟ ਤੇ ਹੋਰ ਅਪਰਾਧਕ ਧਾਰਾਵਾਂ ਤਹਿਤ ਦਰਜ ਹੋ ਕੇ ਬਚਾਅ ਪੱਖ ਦੀ ਪੈਰਵੀ ਲਈ ਆਇਆ। ਪੁਲਸ ਦੇ ਲਾਏ ਦੋਸ਼ਾਂ ਅਨੁਸਾਰ ਦੋਸ਼ੀ ਵਿਅਕਤੀ ਦੋ-ਦੋ ਸੌ ਲੀਟਰ ਦੇ ਢੋਲਾਂ ਵਿੱਚ ਪੰਜਾਬ ਦੇ ਪੈਟਰੋਲ ਪੰਪ ਤੋਂ ਡੀਜ਼ਲ ਭਰਵਾ ਕੇ ਰਾਜਸਥਾਨ ਵਿੱਚ ਸਪਲਾਈ ਕਰਦੇ ਸਨ, ਕਿਉਂਕਿ ਪੰਜਾਬ ਤੇ ਰਾਜਸਥਾਨ ਦੇ ਡੀਜ਼ਲ ਦੇ ਰੇਟ ਵਿੱਚ ਉਨ੍ਹਾਂ ਦਿਨਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਫਰਕ ਸੀ। ਪੰਪ ਮਾਲਕ ਦਾ ਪੰਪ ਪੰਜਾਬ ਹਰਿਆਣਾ ਬਾਰਡਰ ਉੱਤੇ ਸੀ। ਹਰਿਆਣਾ ਵਿੱਚ ਵੀ ਡੀਜ਼ਲ ਪੰਜਾਬ ਨਾਲੋਂ ਮਹਿੰਗਾ ਸੀ। ਮੁਕੱਦਮਾ ਦਰਜ ਹੋਣ ਤੋਂ ਕੁਝ ਦਿਨਾਂ ਬਾਅਦ ਦੋਸ਼ੀਆਨ ਨੂੰ ਜ਼ਮਾਨਤ ਮਿਲ ਗਈ।
ਦੋਸ਼ੀਆਨ ਤੋਂ ਅਸਲ ਤੱਥਾਂ ਦਾ ਪਤਾ ਲੱਗਾ ਕਿ ਉਹ ਰਾਜਸਥਾਨ ਦੇ ਇੱਕ ਇਲਾਕੇ ਦੇ ਗਰੀਬ ਕਿਸਾਨ ਹਨ। ਥੋੜ੍ਹੀ ਜ਼ਮੀਨ ਉੱਤੇ ਖੇਤੀ ਕਰਨ ਦੇ ਨਾਲ ਪਿਕਅਪ ਚਲਾ ਕੇ ਗੁਜ਼ਾਰਾ ਕਰਦੇ ਸੀ। ਦੇਸ਼ ਦੇ ਬਾਕੀ ਕਿਸਾਨਾਂ ਵਾਂਗ ਉਨ੍ਹਾਂ ਦੀ ਮਾਲੀ ਹਾਲਤ ਵੀ ਪਤਲੀ ਹੈ। ਉਨ੍ਹਾਂ ਨੇ ਬਾਕੀ ਕਿਸਾਨਾਂ ਨਾਲ ਸੰਪਰਕ ਕਰ ਕੇ ਕਰੀਬ ਵੀਹ ਕਿਸਾਨਾਂ ਪਾਸੋਂ ਦੋ-ਦੋ ਸੌ ਲੀਟਰ ਦੇ ਢੋਲ ਇਕੱਠੇ ਕਰ ਕੇ ਸਸਤਾ ਡੀਜ਼ਲ ਪੰਜਾਬ ਤੋਂ ਭਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਨਾਲ ਉਸ ਨੂੰ ਗੱਡੀ ਦਾ ਕੰਮ ਲਗਾਤਾਰ ਮਿਲਣ ਲੱਗ ਪਿਆ ਤੇ ਕਿਸਾਨਾਂ ਨੂੰ ਬਚਤ ਹੋਣ ਲੱਗ ਪਈ। ਉਨ੍ਹਾਂ ਦੱਸਿਆ, ‘ਇੱਕ ਪੈਟਰੋਲ ਪੰਪ ਕਿਸੇ ਵੱਡੇ ਮੰਤਰੀ ਦੇ ਕਿਸੇ ਰਿਸ਼ਤੇਦਾਰ ਨੇ ਪੰਜਾਬ ਹਰਿਆਣਾ ਹੱਦ ਉੱਤੇ ਲਾ ਲਿਆ ਹੈ ਅਤੇ ਉਸ ਪੰਪ ਦਾ ਮਾਲਕ ਚਾਹੁੰਦਾ ਸੀ ਕਿ ਅਸੀਂ ਉਸ ਕੋਲੋਂ ਤੇਲ ਭਰਵਾਈਏ, ਪਰ ਸਾਨੂੰ ਉਸ ਦੇ ਸਿਆਸੀ ਸੰਬੰਧ ਹੋਣ ਕਾਰਨ ਤੇਲ ਵਿੱਚ ਮਿਲਾਵਟ ਦਾ ਸ਼ੱਕ ਸੀ, ਇਸ ਕਰ ਕੇ ਉਸ ਨੇ ਸਾਡੇ ਉਤੇ ਆਪਣੀ ਪਹੁੰਚ ਨਾਲ ਕੇਸ ਦਰਜ ਕਰਵਾ ਦਿੱਤਾ।” ਇੱਕ ਗੱਲ ਹੋਰ ਪਤਾ ਲੱਗੀ, ਜਿਸ ਪੰਪ ਮਾਲਕ ਤੋਂ ਉਹ ਤੇਲ ਭਰਵਾਉਂਦੇ ਸੀ, ਉਹ ਵੀ ਅੰਦਰੂਨੀ ਤੌਰ ਉੱਤੇ ਖੁਸ਼ ਸੀ ਕਿ ਚਲੋ ਪੇਸ਼ੀ ਉੱਤੇ ਆਉਂਦਿਆਂ ਉਹ ਦੋਸ਼ੀ ਉਸ ਤੋਂ ਤੇਲ ਭਰਵਾਇਆ ਕਰਨਗੇ।
ਦੂਜੇ ਪਾਸੇ ਕਾਨੂੰਨ ਦੇ ਮੁਤਾਬਕ ਕੋਈ ਵਿਅਕਤੀ ਪੱਚੀ ਸੌ ਲੀਟਰ ਤੱਕ ਡੀਜ਼ਲ ਦੇਸ਼ ਦੇ ਕਿਸੇ ਹਿੱਸੇ ਤੋਂ ਵੀ ਭਰਵਾ ਕੇ ਕਿਤੇ ਵੀ ਲਿਜਾ ਸਕਦਾ ਹੈ। ਕਿਤੇ ਵੀ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਈ ਸੀ, ਪਰ ਉਹ ਗਰੀਬ ਕਿਸਾਨ ਸਿਰਫ ਮੰਤਰੀ ਦੇ ਰਿਸ਼ਤੇਦਾਰ ਦੇ ਪੰਪ ਦੀ ਕਾਮਯਾਬੀ ਲਈ ਮੁਕੱਦਮੇ ਦੀ ਘੁਲਾੜੀ ਪੀੜ ਦਿੱਤੇ ਗਏ। ਉਨ੍ਹਾਂ ਨੂੰ ਮੈਂ ਇਸ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਸੀ। ਹਰ ਪੇਸ਼ੀ ਉੱਤੇ ਉਹ ਆਪਣੀ ਬੋਲੀ ਵਿੱਚ ਮੇਰੀਆਂ ਮਿੰਨਤਾਂ ਕਰਿਆ ਕਰਨ ਕਿ ਸਾਡੇ ਵੱਲੋਂ ਜੱਜ ਸਾਹਿਬ ਨੂੰ ਅਰਜ਼ ਕਰੋ। ਚਾਰਜ ਦੀ ਸਟੇਜ ਉੱਤੇ ਹੇਠਲੀਆਂ ਅਦਾਲਤਾਂ ਖਾਸ ਛੋਟ ਨਹੀਂ ਦਿੰਦੀਆਂ ਤੇ ਅਪੀਲ ਕਰਨਾ ਉਨ੍ਹਾਂ ਦੇ ਵੱਸ ਨਹੀਂ ਸੀ। ਅਦਾਲਤ ਫਰਜ਼ ਵਿੱਚ ਬੰਨ੍ਹੀਂ ਹੁੰਦੀ ਹੈ ਕਿ ਗਵਾਹੀ ਦਾ ਮੌਕਾ ਦਿੱਤੇ ਬਿਨਾਂ ਦੋਸ਼ੀ ਦੇ ਚਾਰਜਸ਼ੀਟ ਹੋਣ ਤੋਂ ਪਹਿਲਾਂ ਫੈਸਲਾ ਨਹੀਂ ਦੇ ਸਕਦੀ। ਚਾਰ ਸੌ ਕਿਲੋਮੀਟਰ ਤੋਂ ਪੇਸ਼ੀ ਭੁਗਤਣਾ ਇਨ੍ਹਾਂ ਗਰੀਬਾਂ ਦੇ ਵੱਸ ਦਾ ਨਹੀਂ ਸੀ।
ਇੱਕ ਦਿਨ ਕੇਸ ਵਿੱਚ ਆਵਾਜ਼ ਪੈਣ ਉੱਤੇ ਮੈਂ ਅਦਾਲਤ ਨੂੰ ਉਸ ਕੇਸ ਦੀ ਪੂਰੀ ਸਥਿਤੀ ਤੋਂ ਜਾਣੂ ਕਰਾਇਆ। ਮੈਂ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਵੀ ਅਦਾਲਤ ਨੂੰ ਦਿਖਾਈਆਂ ਕਿ ਕਿਵੇਂ ਉਹ ਕਰਜ਼ੇ ਵਿੱਚ ਡੁੱਬੇ ਹਨ ਅਤੇ ਕਰਜ਼ੇ ਦਾ ਭਾਰ ਹੌਲਾ ਕਰਨ ਲਈ ਹੋਰ ਕਰਜ਼ਾ ਵਧਾ ਬੈਠੇ ਹਨ। ਅਦਾਲਤ ਨੂੰ ਮੈਂ ਜਲਦੀ ਗਵਾਹੀ ਕਰਾਉਣ ਦੀ ਬੇਨਤੀ ਕੀਤੀ। ਬੇਸ਼ੱਕ ਮੇਰੇ ਕੋਲ ਵੱਡਾ ਕੋਈ ਕਾਨੂੰਨੀ ਨੁਕਤਾ ਇਸ ਸਟੇਜ ਉੱਤੇ ਬੋਲਣ ਵਾਲਾ ਨਹੀਂ ਸੀ, ਪਰ ਇਨਸਾਫ ਦੇ ਮੱਦੇਨਜ਼ਰ ਅਦਾਲਤ ਨੇ ਮੇਰੀ ਬੇਨਤੀ ਸਵੀਕਾਰ ਕਰ ਕੇ ਸਰਕਾਰ ਨੂੰ ਸਖਤ ਹਦਾਇਤ ਕਰ ਦਿੱਤੀ ਕਿ ਇਸ ਕੇਸ ਵਿੱਚ ਜਲਦੀ ਗਵਾਹ ਬੁਲਾਏ ਜਾਣ। ਜਿਹੜਾ ਗਵਾਹ ਨਹੀਂ ਆਵੇਗਾ, ਉਸ ਦੀ ਤਨਖਾਹ ਕੁਰਕ ਕਰ ਦਿੱਤੀ ਜਾਵੇਗੀ।
ਅਗਲੀ ਤਰੀਕ ਪੇਸ਼ੀ, ਪਰ ਇੱਕ ਗਵਾਹ, ਜੋ ਪੰਜਾਬ ਪੁਲਸ ਵਿੱਚ ਤਰੱਕੀ ਲੈ ਕੇ ਉੱਚ ਅਧਿਕਾਰੀ ਬਣ ਚੁੱਕਾ ਸੀ, ਨੂੰ ਛੱਡ ਕੇ ਬਾਕੀ ਸਾਰੇ ਗਵਾਹ ਭੁਗਤ ਚੁੱਕੇ ਸਨ। ਜਲਦੀ ਤਰੱਕੀ ਹਾਸਲ ਕਰਨ ਦਾ ਕਾਰਨ ਵੀ ਸ਼ਾਇਦ ਅਜਿਹੇ ਕੇਸ ਹੀ ਹੋਣਗੇ। ਉਹ ਅਧਿਕਾਰੀ ਕਈ ਪੇਸ਼ੀਆਂ ਉੱਤੇ ਤਨਖਾਹ ਕੁਰਕ ਹੋਣ ਦੇ ਬਾਵਜੂਦ ਨਾ ਆਇਆ। ਪਤਾ ਕੀਤਾ ਤਾਂ ਦੱਸਿਆ ਗਿਆ ਕਿ ਕੁਰਕੀ ਹੁਕਮ ਦਾ ਉਹਨੇ ਅਮਲ ਹੀ ਨਹੀਂ ਹੋਣ ਦਿੱਤਾ ਸੀ। ਅਦਾਲਤ ਦੇ ਸਖਤ ਰੁਖ ਤੋਂ ਬਾਅਦ ਹੀ ਉਸ ਨੇ ਅਦਾਲਤ ਵਿੱਚ ਗਵਾਹੀ ਦਿੱਤੀ, ਪਰ ਉਸ ਨੂੰ ਇਹ ਕਹਿੰਦਿਆਂ ਮੈਂ ਸੁਣਿਆ ਕਿ ਉਹ ਕਿਹੜਾ ਤਨਖਾਹ ਉੱਤੇ ਬੈਠਾ ਹੈ। ਇੰਝ ਜਾਪਦਾ ਸੀ ਕਿ ਜਿਵੇਂ ਰਿਸ਼ਵਤ ਉਸ ਦਾ ਅਧਿਕਾਰ ਹੋਵੇ ਤੇ ਤਨਖਾਹ ਲੈ ਕੇ ਉਹ ਸਰਕਾਰ ਉੱਤੇ ਕੋਈ ਅਹਿਸਾਨ ਕਰ ਰਿਹਾ ਹੋਵੇ। ਅਦਾਲਤ ਨੇ ਕਾਨੂੰਨੀ ਸਥਿਤੀ ਵੇਖਦਿਆਂ ਉਨ੍ਹਾਂ ਗਰੀਬ ਕਿਸਾਨਾਂ ਦੀ ਬੰਦ ਖਲਾਸੀ ਕੀਤੀ। ਬੇਹੱਦ ਭਾਵੁਕ ਤਰੀਕੇ ਨਾਲ ਉਹ ਮੈਨੂੰ ਗਲਵੱਕੜੀ ਪਾ ਕੇ ਰੋਣ ਲੱਗ ਪਏ, ਪਰ ਉਨ੍ਹਾਂ ਕਿਸਾਨਾਂ ਨੇ ਸਿਰਫ ਮੰਤਰੀ ਦੇ ਰਿਸ਼ਤੇਦਾਰ ਦੇ ਪੰਪ ਲੱਗਣ ਕਾਰਨ ਬਹੁਤ ਭੁਗਤਿਆ। ਕਈ ਵਾਰ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਟਪਕੇ ਹੰਝੂ ਅੱਖਾਂ ਅੱਗੇ ਆ ਜਾਂਦੇ ਹਨ। ਕਈ ਵਾਰ ਉਨ੍ਹਾਂ ਦੀਆਂ ਖਾਲੀ ਜੇਬਾਂ ਤੇ ਫਰਦਾਂ ਅਤੇ ਸਰਕਾਰ ਦੇ ਚੜ੍ਹਾਏ ਲਾਲ ਨੋਟ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਜਾਂਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ