Welcome to Canadian Punjabi Post
Follow us on

18

April 2021
ਨਜਰਰੀਆ

ਧੁਨ ਦੇ ਪੱਕੇ, ਧੀਰਜ ਵਾਲੇ

March 26, 2021 02:15 AM

-ਜਸਵਿੰਦਰ ਸੁਰਗੀਤ
‘ਸਰ ਸਾਸਰੀ `ਕਾਲ’, ਇੱਕ ਪਿਆਰ ਭਰੀ ਅਵਾਜ਼ ਮੋਬਾਈਲ ਫ਼ੋਨ ਤੋਂ ਮੇਰੇ ਕੰਨਾਂ ਵਿੱਚ ਮਿਠਾਸ ਬਣ ਕੇ ਘੁਲੀ। ਇਹ ਲੜਕੀ ਬਬਲੀ ਸੀ, ਜੋ ਐਤਕੀਂ ਮੇਰੇ ਸਕੂਲ ਵਿੱਚੋਂ ਬਾਰ੍ਹਵੀਂ ਜਮਾਤ ਪਹਿਲੇ ਦਰਜੇ ਉਤੇ ਪਾਸ ਕਰਕੇ ਗਈ ਸੀ। ਮੈਂ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ। ਹਾਲ ਚਾਲ ਪੁੱਛਣ ਉੱਤੇ ਉਸ ਨੇ ਦੱਸਿਆ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ, ਪਰ ਮਾਪੇ ਪੜ੍ਹਾਉਣਾ ਨਹੀਂ ਚਾਹੁੰਦੇ। ਉਹ ਚਾਹੁੰਦੀ ਸੀ ਕਿ ਮੈਂ ਉਸ ਦੇ ਮਾਪਿਆਂ ਨੂੰ ਫ਼ੋਨ ਕਰਕੇ ਇਸ ਲਈ ਸਮਝਾਵਾਂ। ਉਸਨੇ ਆਪਣੇ ਪਿਤਾ ਦਾ ਮੋਬਾਈਲ ਫ਼ੋਨ ਦਾ ਨੰਬਰ ਵੀ ਦਿੱਤਾ।
ਇਸ ਤੋਂ ਪਿਛਲੇ ਸਾਲ ਮੈਂ ਬਾਰ੍ਹਵੀਂ ਜਮਾਤ ਦਾ ਇੰਚਾਰਜ ਸਾਂ ਤੇ ਬਬਲੀ ਬਾਰ੍ਹਵੀਂ ਜਮਾਤ ਦੀ ਕੇਂਦਰ ਬਿੰਦੂ ਸੀ। ਨਾਲ ਦੇ ਪਿੰਡ ਤੋਂ ਮੇਰੇ ਸਕੂਲੇ ਪੜ੍ਹਨ ਆਉਂਦੀ ਸੀ। ਪਿਤਾ ਮਜ਼ਦੂਰੀ ਕਰਦਾ ਸੀ। ਮਾਂ ਲੋਕਾਂ ਦੇ ਘਰਾਂ ਵਿੱਚ ਗੋਹੇ ਕੂੜੇ ਦਾ ਕੰਮ ਕਰਦੀ ਸੀ। ਪਰਵਾਰ ਗਰੀਬੀ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫ਼ਸਿਆ ਸੀ। ਬਬਲੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਸਮਝਦਾਰ ਵੀ ਸੀ। ਜਮਾਤ ਵਿੱਚ ਚੁੱਪ ਰਹਿੰਦੀ। ਕੋਈ ਸ਼ਰਾਰਤ ਨਾ ਕਰਦੀ। ਜਦੋਂ ਕਦੇ ਕਿਸੇ ਅਧਿਆਪਕ ਦੀ ਗੱਲ ਨਾ ਸਮਝ ਪੈਣਾ ਜਾਂ ਮਨ ਵਿੱਚ ਕੋਈ ਸੁਆਲ ਹੋਣਾ ਤਾਂ ਝੱਟ ਪੁੱਛਦੀ। ਅਧਿਆਪਕਾਂ ਤੋਂ ਮਿਲੇ ਕੰਮ ਨੂੰ ਹਮੇਸ਼ਾ ਕਰਦੀ। ਜੇ ਕਦੇ ਜਮਾਤ ਵਿੱਚ ਅਧਿਆਪਕ ਲਈ ਲੋੜੀਂਦੀ ਚੀਜ਼, ਜਿਵੇਂ ਕੁਰਸੀ, ਡਸਟਰ, ਚਾਕ ਆਦਿ ਨਾ ਹੁੰਦੇ ਤਾਂ ਝੱਟ ਪ੍ਰਬੰਧ ਕਰਦੀ। ਇਨ੍ਹਾਂ ਗੁਣਾਂ ਕਰਕੇ ਮੈਂ ਉਸ ਨੂੰ ਜਮਾਤ ਦਾ ਮਨੀਟਰ ਬਣਾਇਆ ਹੋਇਆ ਸੀ।
ਮੈਂ ਜਮਾਤ ਵਿੱਚ ਐਲਾਨਿਆ ਸੀ ਕਿ ਜਿਹੜਾ ਵਿਦਿਆਰਥੀ ਸਾਰਾ ਮਹੀਨਾ ਹਾਜ਼ਰ ਰਿਹਾ, ਮਹੀਨੇ ਦੇ ਆਖ਼ਰੀ ਦਿਨ ਉਸ ਨੂੰ ਕੋਈ ਨਾ ਕੋਈ ਇਨਾਮ ਮਿਲਿਆ ਕਰੇਗਾ। ਬਬਲੀ ਮਹੀਨਾ ਕੀ, ਸਾਰਾ ਸਾਲ ਹਾਜ਼ਰ ਰਹੀ, ਸਿਰਫ਼ ਇੱਕ ਦਿਨ ਦੇਰ ਨਾਲ ਜ਼ਰੂਰ ਪਹੁੰਚੀ। ਇਸ ਸਦਕਾ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਉਸ ਦਾ ਸਨਮਾਨ ਵੀ ਕੀਤਾ ਗਿਆ ਸੀ।
ਅਕਸਰ ਉਹ ਮੈਨੂੰ ਕਹਿੰਦੀ ਕਿ ਉਹ ਅਧਿਆਪਕ ਬਣਨਾ ਚਾਹੁੰਦੀ ਹੈ। ਪੁੱਛਦੀ ਕਿ ਉਸ ਨੂੰ ਇਸ ਲਈ ਕੀ ਪੜ੍ਹਨਾ ਪਵੇਗਾ? ਕਿਹੜਾ ਕੋਰਸ ਕਰਨਾ ਪਵੇਗਾ? ਇਸ ਤਰ੍ਹਾਂ ਦੇ ਹੋਰ ਸੁਆਲ ਪੁਛਦੀ ਰਹਿੰਦੀ। ਮੈਂ ਵੀ ਬਿਨਾਂ ਅੱਕੇ ਥੱਕੇ ਉਤਰ ਦਿੰਦਾ ਰਹਿੰਦਾ। ਇਸ ਦੌਰਾਨ ਪਤਾ ਨਾ ਲੱਗਾ ਕਿ ਕਦੋਂ ਸਾਲ ਬੀਤ ਗਿਆ। ਉਸਦੇ ਮਾਪਿਆਂ ਨੂੰ ਫ਼ੋਨ ਕਰਨਾ ਵੀ ਕਿਧਰੇ ਵਿਸਰ ਗਿਆ। ਜੁਲਾਈ ਮਹੀਨੇ ਦਾ ਪਹਿਲਾ ਹਫ਼ਤਾ ਸੀ। ਮੈਂ ਸਕੂਲ ਵਿੱਚ ਖਾਲੀ ਪੀਰੀਅਡ ਵਿੱਚ ਵਿਦਿਆਰਥੀਆਂ ਦੀਆਂ ਕਾਪੀਆਂ ਦੇਖ ਰਿਹਾ ਸੀ ਕਿ ਮੋਬਾਈਲ ਫ਼ੋਨ ਦੀ ਘੰਟੀ ਵੱਜੀ। ਇੱਕ ਉਦਾਸ ਅਵਾਜ਼ ਮੇਰੇ ਕੰਨਾਂ ਵਿੱਚ ਪਈ। ਅਗਲੇ ਪਲ ਖ਼ਿਆਲ ਆਇਆ ਕਿ ਇਹ ਬਬਲੀ ਸੀ। ਸਤਿ ਸ੍ਰੀ ਆਕਾਲ ਜਾ ਜਵਾਬ ਦੇਣ ਪਿੱਛੋਂ ਮੈਂ ਉਸ ਨੂੰ ਕਾਹਲੀ ਨਾਲ ਪੁੱਛਿਆ, ‘‘ਬੇਟੀ ਕੀ ਕਰਦੀ ਐਂ?'' ਉਸ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਘਰੇ ਸੀ, ਮਾਪਿਆਂ ਨੇ ਉਸ ਨੂੰ ਪੜ੍ਹਨ ਨਹੀਂ ਲਾਇਆ ਸੀ। ਮੈਨੂੰ ਆਪਣੇ ਆਪ ਉੱਤੇ ਬਹੁਤ ਪਛਤਾਵਾ ਹੋਇਆ ਕਿ ਮੈਂ ਉਸ ਦੇ ਮਾਪਿਆਂ ਨੂੰ ਫੋਨ ਕਰਨਾ ਭੁੱਲ ਗਿਆ ਸੀ, ਸ਼ਾਇਦ ਮੇਰੇ ਕਹਿਣ ਉੱਤੇ ਉਹ ਉਸਨੂੰ ਪੜ੍ਹਨ ਲਾ ਦਿੰਦੇ ਤੇ ਲੜਕੀ ਦਾ ਇੱਕ ਸਾਲ ਬਚ ਜਾਂਦਾ।
ਬਬਲੀ ਨੇ ਦੁਬਾਰਾ ਪਿਛਲੇ ਸਾਲ ਵਾਲੀ ਬੇਨਤੀ ਦੁਹਰਾਈ। ਉਸਨੇ ਵਾਰ ਵਾਰ ਕਿਹਾ ਕਿ ਇਸ ਵਾਰ ਮੈਂ ਨਾ ਭੁੱਲਾਂ ਕਿਉਂਕਿ ਉਸ ਦਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੈ। ਮੈਂ ਉਸ ਨੂੰ ਕਿਹਾ ਕਿ ਉਹ ਅਗਲੇ ਸੋਮਵਾਰ ਆਪਣੇ ਮਾਪਿਆਂ ਨੂੰ ਸਕੂਲ ਲੈ ਕੇ ਆਵੇ। ਇਹ ਸੁਣ ਕੇ ਉਸਦੀ ਆਵਾਜ਼ ਵਿੱਚ ਰੰਗਤ ਆ ਗਈ। ਅਗਲੇ ਸੋਮਵਾਰ ਉਹ ਆਪਣੇ ਮਾਪਿਆਂ ਨਾਲ ਮੇਰੇ ਸਾਹਮਣੇ ਹਾਜ਼ਰ ਸੀ। ਲੜਕੀ ਦੇ ਚਿਹਰੇ ਉੱਤੇ ਨਿਰਾਸ਼ਤਾ ਸਾਫ਼ ਝਲਕ ਰਹੀ ਸੀ। ਬਾਪ ਦੀ ਉਮਰ ਭਾਵੇਂ ਜ਼ਿਆਦਾ ਨਹੀਂ ਸੀ, ਪਰ ਗਰੀਬੀ ਦੀ ਮਾਰ ਨੇ ਉਸ ਨੂੰ ਵਰਤੋਂ ਪਹਿਲਾਂ ਬੁੱਢਾ ਕੀਤਾ ਪਿਆ ਸੀ। ਖਾਲੀ ਅੱਖਾਂ, ਬੁਝਿਆ ਚਿਹਰਾ। ਇਹੀ ਹਾਲ ਉਸਦੀ ਮਾਂ ਦਾ ਸੀ, ਫਟੇ ਪੁਰਾਣੇ ਕੱਪੜੇ, ਚਿਹਰੇ ਅਤੇ ਨਿਰਾਸ਼ਾ, ਫਿਕਰਾਂ ਵਿੱਚ ਡੁੱਬੀ ਜਿਹੀ। ਮੈਂ ਸਤਿਕਾਰ ਨਾਲ ਉਨ੍ਹਾਂ ਨੂੰ ਬੈਠਣ ਲਈ ਕਿਹਾ। ਉਹ ਤਿੰਨੇ ਝਿਜਕਦੇ ਹੋਏ ਬੈਠ ਗਏ। ਇਧਰ ਉਧਰ ਦੀਆਂ ਬਹੁਤੀਆਂ ਗੱਲਾਂ ਕਰਨ ਦੀ ਬਜਾਏ ਮੈਂ ਸਿੱਧਾ ਵਿਸ਼ੇ ਉੱਤੇ ਆਉਂਦਿਆਂ ਕਿਹਾ ਕਿ ਤੁਹਾਡੀ ਬੇਟੀ ਪੜ੍ਹਨਾ ਚਾਹੰੁਦੀ ਹੈ, ਤੁਸੀਂ ਇਸ ਨੂੰ ਪੜ੍ਹਨ ਤੋਂ ਨਾ ਰੋਕੋ। ਲੜਕੀ ਪੜ੍ਹਾਈ ਵਿੱਚ ਹੁਸ਼ਿਆਰ ਵੀ ਬਹੁਤ ਹੈ।
ਪਿਤਾ ਖਾਲੀ ਖਾਲੀ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗਾ। ਫਿਰ ਗਲਾ ਸਾਫ਼ ਕਰਕੇ ਬੋਲਿਆ, ‘‘ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ, ਪਰ ਫੀਸਾਂ ਕੌਣ ਭਰੂ?'' ਮੈਂ ਉਸ ਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ, ਜਿੰਨਾ ਹੋ ਸਕਿਆ ਮੈਂ ਤੁਹਾਡੀ ਮਦਦ ਕਰਾਂਗਾ। ਮੈਂ ਉਸਦੀ ਮਾਂ ਨੂੰ ਵੀ ਸਮਝਾਇਆ। ਕਿਵੇਂ ਨਾ ਕਿਵੇਂ ਅਖੀਰ ਵਿੱਚ ਮੈਂ ਉਨ੍ਹਾਂ ਨੂੰ ਮਨਾ ਲਿਆ। ਲੜਕੀ ਦਾ ਚਿਹਰਾ ਦੇਖਣ ਵਾਲਾ ਸੀ। ਚਿਹਰੇ ਉੱਤੇ ਰੌਣਕ ਆ ਗਈ ਸੀ। ਮੈਂ ਉਨ੍ਹਾਂ ਨੂੰ ਦੋੋ ਤਿੰਨ ਕਾਲਜਾਂ ਦੇ ਨਾਮ ਦੱਸੇ ਅਤੇ ਦਾਖ਼ਲੇ ਦੀਆਂ ਮਿਤੀਆਂ ਵੀ ਦੱਸੀਆਂ।
ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਜ਼ਿੰਦਗੀ ਦੇ ਪੰਜ ਸੱਤ ਸਾਲ ਕਿਵੇਂ ਲੰਘ ਗਏ, ਪਤਾ ਨਹੀਂ ਲੱਗਾ। ਇੱਕ ਦਿਨ ਮੈਂ ਬਾਰ੍ਹਵੀਂ ਜਮਾਤ ਵਿੱਚ ਪੀਰੀਅਡ ਲਾ ਰਿਹਾ ਸਾਂ। ਕਿਸੇ ਵਿਸ਼ੇ ਨੂੰ ਹੋਰ ਸਪੱਸ਼ਟ ਕਰਦਾ ਹੋਇਆ ਮੈਂ ਪੰਜਾਬੀ ਦੇ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਦੀਆਂ ਸਤਰਾਂ ‘ਧੁਨ ਦੇ ਪੱਕੇ ਧੀਰਜ ਵਾਲੇ, ਤੋਰ ਨਾ ਛੱਡਣ ਪੈਣ ਨਾ ਕਾਹਲੇ' ਬੋਲ ਰਿਹਾ ਸਾਂ ਕਿ ਦਰਵਾਜ਼ੇ ਉੱਤੇ ਦਸਤਕ ਹੋਈ। ਇੱਕ ਮੁਸਕਰਾਉਂਦਾ ਚਿਹਰਾ ਮੇਰੇ ਵੱਲ ਆਇਆ। ਬੇਪਛਾਣ ਜਿਹੇ ਚਿਹਰੇ ਨੂੰ ਪਛਾਨਣ ਵਿੱਚ ਬਹੁਤੀ ਦੇਰ ਨਾ ਲੱਗੀ। ਇਹ ਬਬਲੀ ਸੀ। ਹਸੂੰ ਹਸੂੰ ਕਰਦੇ ਚਿਹਰੇ ਉੱਤੇ ਰੌਣਕ ਛਾਈ ਹੋਈ ਸੀ। ਉਸ ਨੂੰ ਦੇਖ ਮੇਰਾ ਮਨ ਵੀ ਖ਼ੁਸ਼ ਹੋ ਗਿਆ। ਉਸ ਨੇ ਦੱਸਿਆ ਕਿ ਮਾਪਿਆਂ ਨੇ ਉਸ ਨੂੰ ਪੜ੍ਹਨ ਲਾ ਦਿੱਤਾ ਸੀ ਅਤੇ ਅੱਜਕੱਲ੍ਹ ਉਹ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗੀ ਹੋਈ ਹੈ। ਲੱਗਭਗ ਅੱਧਾ ਘੰਟਾ ਬਤੀਤ ਕਰਨ ਤੋਂ ਬਾਅਦ ਜਦੋਂ ਉਹ ਮੇਰੇ ਕੋਲੋਂ ਵਿਦਾ ਹੋਣ ਲੱਗੀ ਤਾਂ ਇੱਕ ਵਾਰ ਫਿਰ ਮੇਰੇ ਬੁੱਲ੍ਹਾਂ ਉੱਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਬੋਲ ਗੰੂਜਣ ਲੱਗੇ- ‘‘ਧੁਨ ਦੇ ਪੱਕੇ ਧੀਰਜ ਵਾਲੇ/ ਤੋਰ ਨਾ ਛੱਡਣ ਪੈਣ ਨਾ ਕਾਹਲੇ/ ਨਦੀਆਂ ਗੰਭੀਰ ਚਾਲ ਚਲਦੀਆਂ/ ਸ਼ਹੁ ਸਾਗਰ ਦੇ ਵਿੱਚ ਰਲਦੀਆਂ।”

Have something to say? Post your comment