Welcome to Canadian Punjabi Post
Follow us on

18

April 2021
ਨਜਰਰੀਆ

ਤਰੱਕੀ ਦੀ ਉਮੀਦ ਸਰਕਾਰ ਤੋਂ ਨਹੀਂ, ਆਪਣੇ ਤੋਂ ਹੋਣੀ ਚਾਹੀਦੀ ਹੈ

March 26, 2021 02:15 AM

-ਪੂਰਨ ਚੰਦ ਸਰੀਨ
ਆਤਮ ਵਿਸ਼ਵਾਸ, ਆਤਮ ਨਿਰਭਰਤਾ, ਆਪਣੀ ਸਹਾਇਤਾ ਖੁਦ ਕਰਨਾ ਵਰਗੇ ਸ਼ਬਦ ਅੱਜ ਤੋਂ ਨਹੀਂ, ਸੈਂਕੜੇ ਸਾਲਾਂ ਤੋਂ ਲੋਕਾਂ ਦੇ ਕੰਨਾਂ ਵਿੱਚ ਪੈਂਦੇ ਰਹੇ ਹਨ। ਨੇਤਾਵਾਂ ਦਾ ਇਹ ਇੱਕ ਤਰ੍ਹਾਂ ਨਾਲ ਤਕੀਆ ਕਲਾਮ ਹੈ, ਜਿਸ ਦੀ ਵਰਤੋਂ ਉਹ ਅਕਸਰ ਕਰਦੇ ਹਨ, ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਨੇ ਕਿਸੇ ਦੀ ਮਦਦ ਕਰਨ ਤੋਂ ਬਚਣਾ ਹੁੰਦਾ ਹੈ। ਪਰਵਾਰ ਹੋਵੇ ਜਾਂ ਸਮਾਜ, ਜਦੋਂ ਚੁਫੇਰਿਓਂ ਨਿਰਾਸ਼ਾ ਹੋਣ ਲੱਗਦੀ ਹੈ, ਉਦੋਂ ਇੱਕ ਹੀ ਵਾਕ ਕੰਮ ਆਉਂਦਾ ਹੈ ਕਿ ‘ਖੁਦ ਹੀ ਕੁਝ ਕਰਨਾ ਹੋਵੇਗਾ, ਕਿਉਂਕਿ ਆਪਣੇ ਮਰੇ ਬਿਨਾਂ ਸਵਰਗ ਨਹੀਂ ਪਹੁੰਚਿਆ ਜਾ ਸਕਦਾ।'
ਆਮ ਨਾਗਰਿਕ ਨੂੰ ਬਹਿਕਾਈ ਰੱਖਣ, ਉਸ ਨੂੰ ਠੱਗਣ, ਉਸ ਦੇ ਨਾਲ ਧੋਖਾ ਕਰਨ ਤੋਂ ਲੈ ਕੇ ਆਸਮਾਨ ਦੇ ਤਾਰੇ ਤੋੜ ਕੇ ਉਸ ਦੀ ਝੋਲੀ ਵਿੱਚ ਪਾ ਦੇਣ ਦੇ ਵਾਅਦੇ ਤੱਕ ਕਰਨਾ ਨੇਤਾਵਾਂ ਤੇ ਉਨ੍ਹਾਂ ਤੋਂ ਬਣੀਆਂ ਸਰਕਾਰਾਂ ਦਾ ਨਿੱਤ ਦਾ ਕੰਮ ਹੈ। ਸਪੱਸ਼ਟ ਨੀਤੀਆਂ ਅਤੇ ਦ੍ਰਿੜ੍ਹ ਅਤੇ ਯਕੀਨੀ ਵਿਚਾਰਧਾਰਾ ਦੀ ਘਾਟ ਅਤੇ ਯੋਜਨਾਵਾਂ ਉੱਤੇ ਅਮਲ ਕਰਨ ਦੀ ਅਯੋਗਤਾ ਦੇ ਕਾਰਨ ਜਦੋਂ ਕਿਸੇ ਸਰਕਾਰ ਦੇ ਕੰਮ ਦੀ ਆਲੋਚਨਾ ਹੁੰਦੀ ਹੈ ਤਾਂ ਨਤੀਜਾ ਇੱਕ ਤੋਂ ਇੱਕ ਸ਼ਾਨਦਾਰ ਬਹਾਨੇ ਬਣਾ ਕੇ ਲੋਕਾਂ ਨੂੰ ਭਰਮਈ ਰੱਖਣ ਦੇ ਅੰਤਹੀਣ ਸਿਲਸਿਲੇ ਦੇ ਰੂਪ ਵਿੱਚ ਸ਼ੁਰੂ ਹੋ ਜਾਂਦਾ ਹੈ। ਲੋਕਾਂ ਦੇ ਮਨ ਵਿੱਚ ਇਹ ਗੱਲ ਭਰੀ ਜਾਂਦੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਨਿਕੰਮੇ ਹੋਣ ਕਾਰਨ ਸਾਨੂੰ ਸਭ ਕੁਝ ਸ਼ੁਰੂ ਤੋਂ ਕਰਨਾ ਪੈ ਰਿਹਾ ਹੈ, ਇਸ ਲਈ ਸਮਾਂ ਤਾਂ ਲੱਗੇਗਾ। ਵਿਰੋਧੀ ਧਿਰ ਵੀ ਇਹ ਦੁਹਰਾਉਂਦੀ ਹੈ ਕਿ ਇਹ ਸਰਕਾਰ ਬਸ ਦੋ-ਚਾਰ ਪੂੰਜੀਪਤੀਆਂ ਨੂੰ ਮਾਲਾਮਾਲ ਕਰਨ ਵਿੱਚ ਲੱਗੀ ਹੈ ਅਤੇ ਸਾਡੇ ਹੱਥ ਵਿੱਚ ਸੱਤਾ ਆਉਂਦਿਆਂ ਹੀ ਸਾਰੀਆਂ ਪ੍ਰੇਸ਼ਾਨੀਆਂ ਚੁਟਕੀ ਵਿੱਚ ਦੂਰ ਹੋ ਜਾਣਗੀਆਂ।
ਇਸ ਤਰ੍ਹਾਂ ਦੇ ਛਲਾਵੇ ਕਰਨਾ ਸਿਆਸਤਦਾਨਾਂ ਲਈ ਸਹੀ ਹੋ ਸਕਦਾ ਹੈ, ਪਰ ਜਦੋਂ ਇਹੀ ਨਜ਼ਰੀਆ ਸਮਾਜ ਅਤੇ ਪਰਵਾਰ ਵਿੱਚ ਆਪਣੀਆਂ ਜੜ੍ਹਾਂ ਜਮਾਉਣ ਲੱਗਦਾ ਹੈ ਅਤੇ ਆਪਣੇ ਤੋਂ ਵਿਸ਼ਵਾਸ ਉਠਣ ਲੱਗਦਾ ਹੈ, ਵਿਅਕਤੀ ਲਾਚਾਰ ਮਹਿਸੂਸ ਕਰਦਾ ਹੋਇਆ ਆਪਣੀ ਸੋਚ ਨੂੰ ਰੋਕ ਲੈਂਦਾ ਹੈ, ਆਪਣੇ ਮਰਦਪੁਣੇ ਉੱਤੇ ਸ਼ੱਕ ਕਰਨ ਲੱਗਦਾ ਹੈ ਅਤੇ ਹਾਲਾਤ ਨਾਲ ਸਮਝੌਤਾ ਕਰਨ ਤੋਂ ਇਲਾਵਾ ਉਸ ਨੂੰ ਕੋਈ ਰਸਤਾ ਨਹੀਂ ਸੁੱਝਦਾ।
ਇਸ ਨੂੰ ਸਮਝਣ ਲਈ ਇੱਕ ਘਟਨਾ ਦਾ ਜ਼ਿਕਰ ਕਰਦਾ ਹਾਂ। ਬਹੁਤ ਸਾਲ ਪਹਿਲਾਂ ‘ਚਲੋ ਪਿੰਡ ਵੱਲ' ਪ੍ਰੋਗਰਾਮ ਦਾ ਨਿਰਮਾਣ ਕਰਨਾ ਸੀ, ਜੋ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦਾ ਸੀ। ਇੱਕ ਤੇਲਗੂ ਔਰਤ ਦਾ ਪੱਤਰ ਆਇਆ ਕਿ ਉਹ ਆਪਣੇ ਚਾਰ ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਜਾ ਰਹੀ ਸੀ ਤੇ ਇੱਕ ਦੁਕਾਨ ਕੋਲ ਕੁਝ ਦੇਰ ਆਰਾਮ ਕਰਨ ਲਈ ਰੁਕ ਗਈ। ਦੁਕਾਨ ਵਿੱਚ ਰੇਡੀਓ ਤੋਂ ਇਹ ਪ੍ਰੋਗਰਾਮ ਸੁਣਨ ਲੱਗੀ, ਜਿਸ ਦਾ ਅਸਰ ਇਹ ਹੋਇਆ ਕਿ ਸੋਚਣ ਲੱਗੀ ਕਿ ਮੈਂ ਖ਼ੁਦਕੁਸ਼ੀ ਕਿਉਂ ਕਰ ਰਹੀ ਹਾਂ? ਇਸ ਪ੍ਰੋਗਰਾਮ ਵਿੱਚ ਮੁੱਖ ਭੂਮਿਕਾ ਵਿੱਚ ਨਟ ਤੇ ਨਟਣੀ ਆਪਣੇ ਅਭਿਨੈ ਨਾਲ ਔਰਤਾਂ ਨੂੰ ਆਪਣੀ ਮਦਦ ਖੁਦ ਕਰਨ ਲਈ ਪਿੰਡ ਦੇ ਸਰਪੰਚ ਜਾਂ ਬਲਾਕ ਡਿਵੈਲਪਮੈਂਟ ਅਫਸਰ ਕੋਲ ਜਾਣ ਨੂੰ ਕਹਿ ਰਹੇ ਸਨ। ਇਸ ਔਰਤ ਨੇ ਪੱਤਰ ਵਿੱਚ ਇਸ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਹ ਪੰਚਾਇਤ ਵਿੱਚ ਗਈ ਜਿਸ ਦੀ ਸਰਪੰਚ ਔਰਤ ਸੀ ਅਤੇ ਆਪਣੀ ਆਪਬੀਤੀ ਸੁਣਾਈ ਤਾਂ ਸਰਪੰਚ ਨੇ ਝਿੜਕ ਕੇ ਕਿਹਾ ਕਿ ਮਰਨ ਨਾਲ ਤੈਨੂੰ ਤੇ ਤੇਰੇ ਬੱਚਿਆਂ ਨੂੰ ਕੀ ਮਿਲੇਗਾ? ਉਸ ਤੋਂ ਬਾਅਦ ਉਸ ਨੂੰ ਪਿੰਡ ਵਿੱਚ ਸਰਪੰਚ ਦੇ ਬਣਾਏ ਮਹਿਲਾ ਸੈਲਫ ਹੈੱਲਪ ਗਰੁੱਪ ਤੋਂ ਬਿਨਾਂ ਵਿਆਜ ਕੁਝ ਰੁਪਏ ਮਿਲੇ, ਜਿਸ ਨਾਲ ਭੁੱਖ ਮਿਟੀ ਤੇ ਜੋ ਕੰਮ ਉਸ ਨੂੰ ਆਉਂਦਾ ਸੀ ਉਸ ਨੂੰ ਕਰਨ ਦੇ ਸਾਧਨ ਮਿਲੇ, ਜਿਸ ਨਾਲ ਉਹ ਅੱਜ ਆਪਣੇ ਪੈਰਾਂ ਉੱਤੇ ਖੜ੍ਹੀ ਹੈ।
ਜੇ ਇਸ ਘਟਨਾ ਨੂੰ ਵੱਡਾ ਕਰਕੇ ਦੇਖਿਆ ਜਾਵੇ ਤਾਂ ਇਹ ਦੇਸ਼ ਦੇ ਹਰ ਉਸ ਨਾਗਰਿਕ ਦਾ ਭਲਾ ਕਰ ਸਕਦੀ ਹੈ ਜੋ ਭੁੱਖ, ਗਰੀਬੀ, ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ। ਇਸ ਦਾ ਭਾਵ ਇਹ ਹੈ ਕਿ ਜੇ ਆਮ ਨਾਗਰਿਕ ਦੇ ਮਨ ਵਿੱਚ ਆਪਣੇ ਸਹਿਯੋਗੀ, ਕਰਮਚਾਰੀ, ਸੇਵਕ ਜਾਂ ਗੁਆਂਢੀ ਦੇ ਕਿਸੇ ਦੁੱਖ ਦਾ ਪਤਾ ਲੱਗਣ ਉੱਤੇ ਉਸ ਦੀ ਦਿੱਕਤ ਦੂਰ ਕਰਨ ਦਾ ਭਾਵ ਪੈਦਾ ਹੋ ਜਾਵੇ ਅਤੇ ਉਹ ਆਪਣੀ ਹੈਸੀਅਤ ਅਨੁਸਾਰ ਮਦਦ ਕਰ ਦੇਵੇ ਤਾਂ ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੋਵੇਗਾ।
ਅਜਿਹੀ ਹੀ ਇੱਕ ਹੋਰ ਘਟਨਾ ਬਾਲ ਮਜ਼ਦੂਰਾਂ ਅਤੇ ਬੇਸਹਾਰਾ ਭੀਖ ਮੰਗਦੇ ਬੱਚਿਆਂ ਅਤੇ ਮਜ਼ਬੂਰੀ ਵਿੱਚ ਕਿਸੇ ਅੱਗੇ ਹੱਥ ਫੈਲਾਉਂਦੇ ਲੋਕਾਂ ਨਾਲ ਜੁੜੀ ਹੈ। ਆਮ ਤੌਰ ਉੱਤੇ ਸਰਕਾਰ ਦਾ ਵਤੀਰਾ ਇਨ੍ਹਾਂ ਨੂੰ ਫੜ ਕੇ ਕਿਸੇ ਆਸ਼ਰਮ ਜਾਂ ਅਨਾਥ ਆਸ਼ਰਮ ਜਾਂ ਜੇਲ ਵਰਗੇ ਸੁਧਾਰ ਘਰ ਵਿੱਚ ਸੁੱਟ ਦਿੱਤੇ ਜਾਣ ਦਾ ਹੁੰਦਾ ਹੈ। ਕੁਝ ਕੁ ਸੰਵੇਦਨਸ਼ੀਲ ਲੋਕਾਂ ਜਿਵੇਂ ਕਿ ‘ਬਚਪਨ ਬਚਾਓ ਅੰਦੋਲਨ' ਦੇ ਮੋਢੀ ਕਹੇ ਜਾਣ ਵਾਲੇ ਕੈਲਾਸ਼ ਸੱਤਿਆਰਥੀ ਨੇ ਬਾਲ ਮਜ਼ਦੂਰਾਂ ਤੇ ਭੀਖ ਮੰਗਦੇ ਬੱਚਿਆਂ ਨੂੰ ਬਿਨਾਂ ਕਿਸੇ ਸਰਕਾਰੀ ਮਦਦ ਜਾਂ ਦਖਲ ਦੇ ਉਨ੍ਹਾਂ ਦੀ ਪ੍ਰਤਿਭਾ ਅਨੁਸਾਰ ਉਨ੍ਹਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਪਛਾਣ ਕੇ ਟ੍ਰੇਂਡ ਕਰਨ ਦਾ ਪ੍ਰਬੰਧ ਕੀਤਾ ਤਾਂ ਉਨ੍ਹਾਂ ਦੇ ਕਈ ਪਰਵਾਰਾਂ ਦੀਆਂ ਪੀੜ੍ਹੀਆਂ ਤੱਕ ਦਾ ਭਲਾ ਹੋ ਗਿਆ। ਇਸੇ ਤਰ੍ਹਾਂ ਦੁਨੀਆ ਦੀਆਂ ਸਭ ਤੋਂ ਧਨਾਢ ਔਰਤਾਂ ਵਿੱਚੋਂ ਇੱਕ ਮੇਲਿੰਡਾ ਗੇਟਸ ਨੇ ਭਾਰਤ ਵਿੱਚ ਉਨ੍ਹਾਂ ਦੂਰ-ਦੁਰੇਡੇ ਇਲਾਕਿਆਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਨ੍ਹਾਂ ਤੱਕ ਪਹੁੰਚਣਾ ਕਿਸੇ ਸਰਕਾਰ ਦੀ ਪਹਿਲ ਨਹੀਂ ਸੀ। ਸਾਡੇ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਵਿਅਕਤੀ ਹਨ ਜੋ ਬਿਨ੍ਹਾਂ ਕਿਸੇ ਉਮੀਦ ਦੇ ਆਲੇ-ਦੁਆਲੇ ਰਹਿਣ ਵਾਲਿਆਂ ਦੀ ਯਥਾ ਸੰਭਵ ਮਦਦ ਕਰਦੇ ਹਨ, ਜਿਸ ਨੂੰ ਉਹ ਨਾ ਯਾਦ ਰੱਖਦੇ ਹਨ ਅਤੇ ਨਾ ਉਸ ਵਿਅਕਤੀ ਨੂੰ ਜਤਾਉਂਦੇ ਹਨ ਜਿਸਦੇ ਪ੍ਰਤੀ ਉਨ੍ਹਾਂ ਨੇ ਕੁਝ ਕੀਤਾ ਸੀ।
ਅਸਲ ਵਿੱਚ ਇਹ ਅਜਿਹੀ ਪ੍ਰਵਿਰਤੀ ਹੈ ਜੋ ਜਿਉਣਾ ਸਿਖਾਉਂਦੀ ਹੈ ਅਤੇ ਜੇ ਧਾਰਮਿਕ ਅੰਦਾਜ਼ ਵਿੱਚ ਕਹੀਏ ਤਾਂ ਇਸ ਨੂੰ ਪੁੰਨ ਕਮਾਉਣਾ ਜਾਂ ਆਪਣਾ ਪ੍ਰਲੋਕ ਸੁਧਾਰਨਾ ਕਹਿ ਸਕਦੇ ਹਾਂ। ਬਿਨਾਂ ਕਿਸੇ ਤਰ੍ਹਾਂ ਦੀ ਇੱਛਾ ਰੱਖਦੇ ਹੋਏ ਆਪਣੀ ਔਲਾਦ ਅਤੇ ਪੂਰੇ ਪਰਵਾਰ ਲਈ ਜੇ ਕੋਈ ਵਿਅਕਤੀ ਕੁਝ ਕਰਦਾ ਹੈ ਤਾਂ ਇਹ ਅਣਜਾਣੇ ਵਿੱਚ ਆਪਣੀ ਮਦਦ ਹੋ ਜਾਂਦੀ ਹੈ, ਜਿਸ ਦਾ ਸਿੱਟਾ ਮਾਨਸਿਕ ਤਣਾਅ ਤੋਂ ਮੁਕਤੀ ਅਤੇ ਇੱਕ ਤਰ੍ਹਾਂ ਦਾ ਸੁਖਦ ਅਹਿਸਾਸ ਹੋਣ ਵਰਗਾ ਹੁੰਦਾ ਹੈ।
ਵਪਾਰ ਦੀ ਦੁਨੀਆ, ਖਾਸ ਕਰਕੇ ਇਸ਼ਤਿਹਾਰ ਦੇ ਕਾਰੋਬਾਰ ਵਿੱਚ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਲਾਈਂਟ ਭਾਵ ਖਪਤਕਾਰ ਦੀ ਭਲਾਈ ਨੂੰ ਸਭ ਤੋਂ ਮੁੱਖ ਰੱਖ ਕੇ ਕੰਮ ਕਰੋਗੇ ਤਾਂ ਤੁਹਾਡਾ ਆਪਣਾ ਭਲਾ ਖੁਦ ਹੋ ਜਾਵੇਗਾ। ਮਤਲਬ ਤੁਹਾਨੂੰ ਇਸ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿ ਜੇ ਮੈਨੂੰ ਘਾਟਾ ਹੋ ਗਿਆ ਤਾਂ ਬਰਬਾਦ ਹੋ ਜਾਵਾਂਗਾ। ਇਸ ਦੇ ਉਲਟ ਸੋਚ ਇਹ ਬਣੇਗੀ ਕਿ ਮੈਂ ਆਪਣੇ ਵੱਲੋਂ ਈਮਾਨਦਾਰੀ ਨਾਲ ਪੂਰੀ ਕੋਸ਼ਿਸ਼ ਕੀਤੀ, ਪਰ ਜੇ ਨਤੀਜਾ ਆਪਣੇ ਮਨ ਮੁਤਾਬਿਕ ਨਾ ਨਿਕਲੇ ਤਾਂ ਇਸਦਾ ਮਤਲਬ ਹੈ ਕਿ ਕਿਤੇ ਕੁਝ ਕਮੀ ਸੀ, ਜਿਸ ਨੂੰ ਦੂਰ ਕਰ ਕੇ ਫਿਰ ਕੋਸ਼ਿਸ਼ ਕੀਤੀ ਜਾਵੇ ਤਾਂ ਕਾਮਯਾਬੀ ਮਿਲਣੀ ਕੋਈ ਵੱਡੀ ਗੱਲ ਨਹੀਂ ਹੈ। ਜੇ ਇਹ ਸੋਚ ਬਣ ਜਾਏ ਤਾਂ ਵਿਅਕਤੀ ਬਹੁਤ ਸਾਰੇ ਅਜਿਹੇ ਕੰਮ ਕਰਨ ਤੋਂ ਬਚ ਸਕਦਾ ਹੈ, ਜੋ ਸਮਾਜ ਲਈ ਹਾਨੀਕਾਰਕ ਹਨ, ਜਿਵੇਂ ਕਿ ਘੱਟ ਤੋਲਣਾ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨਾ ਜਾਂ ਕਿਸੇ ਦੂਸਰੇ ਦੇ ਜ਼ਖ਼ਮੀ ਹੋਣ ਉੱਤੇ ਸਹਾਇਤਾ ਕਰਨ ਦੀ ਥਾਂ ਬਚ ਸਕੇ ਨਿਕਲ ਜਾਣਾ ਜਾਂ ਕਿਸੇ ਨੂੰ ਦੁਖੀ ਦੇਖ ਕੇ ਉਸ ਵਿੱਚ ਆਪਣੇ ਲਈ ਖ਼ੁਸ਼ੀ ਲੱਭਣਾ।
ਇਸ ਸਭ ਦਾ ਸਿੱਟਾ ਇਹੀ ਹੈ ਕਿ ਜਦੋਂ ਤੱਕ ਵਿਅਕਤੀ ਨੂੰ ਆਪਣੀ ਮਦਦ ਖੁਦ ਕਰਨਾ ਨਹੀਂ ਆਏਗਾ ਉਦੋਂ ਤੱਕ ਉਹ ਦੂਸਰਿਆਂ ਦਾ ਮੂੁੰਹ ਤੱਕਦਾ ਰਹੇਗਾ ਅਤੇ ਆਤਮਨਿਰਭਰ ਬਣਨਾ ਦੂਰ, ਆਪਣਾ ਆਤਮਵਿਸ਼ਵਾਸ ਵੀ ਗੁਆ ਬੈਠੇਗਾ।

Have something to say? Post your comment