Welcome to Canadian Punjabi Post
Follow us on

18

April 2021
ਨਜਰਰੀਆ

ਮਾਤਾ ਦੀਆਂ ਵਾਲੀਆਂ

March 24, 2021 02:23 AM

-ਮਨਿੰਦਰ ਭਾਟੀਆ
ਇਹ 1967 ਦੀ ਗੱਲ ਹੈ। ਉਦੋਂ ਅਸੀਂ ਖੰਨੇ ਰਹਿੰਦੇ ਸੀ ਤੇ ਮੈਂ ਚੌਥੀ ਜਮਾਤ ਵਿੱਚ ਤਲਾਅ ਵਾਲੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਇੱਕ ਦਿਨ ਸ਼ਾਮ ਵੇਲੇ ਮਾਤਾ ਨੇ ਸਾਨੂੰ ਚਾਰੇ ਭੈਣ ਭਰਾਵਾਂ ਨੂੰ ਪਕੌੜੇ ਬਣਾ ਕੇ ਖੁਆਏ। ਬਾਕੀ ਭੈਣ ਭਰਾ ਤਾਂ ਖਾ ਕੇ ਚਲੇ ਗਏ ਤੇ ਮੈਂ ਮਾਤਾ ਕੋਲ ਬੈਠਾ ਖਾ ਰਿਹਾ ਸੀ ਤਾਂ ਮਾਤਾ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਕਿ ਜਦੋਂ ਤੂੰ ਪੈਦਾ ਹੋਇਆ ਸੀ, ਤੇਰੇ ਨਾਨਾ ਜੀ ਨੇ ਇੱਕ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਬਣਵਾ ਕੇ ਮੈਨੂੰ ਦਿੱਤੀਆਂ ਸਨ, ਪਰ ਤੇਰੇ ਭਾਪਾ ਜੀ ਨੂੰ ਕਾਰੋਬਾਰ ਵਿੱਚ ਘਾਟਾ ਪੈਣ ਕਰ ਕੇ ਛੇਤੀ ਉਹ ਵੇਚਣੀਆਂ ਪਈਆਂ। ਇੰਨਾ ਕਹਿ ਕੇ ਮਾਤਾ ਦੇ ਚਿਹਰੇ ਦੇ ਜੋ ਹਾਵ ਭਾਵ ਸਨ, ਉਨ੍ਹਾਂ ਨੂੰ ਵੇਖ ਕੇ ਮੈਂ ਮਨ ਵਿੱਚ ਸੋਚਿਆ ਕਿ ਜਦੋਂ ਮੈਂ ਵੱਡਾ ਹੋ ਕੇ ਪੈਸੇ ਕਮਾਵਾਂਗਾ ਤਾਂ ਮੈਂ ਮਾਤਾ ਨੂੰ ਵਾਲੀਆਂ ਬਣਵਾ ਕੇ ਦਿਆਂਗਾ। ਭਾਪਾ ਜੀ ਕਾਰੋਬਾਰ ਦੇ ਕਾਰਨ ਕਈ ਕਈ ਮਹੀਨੇ ਘਰ ਨਹੀਂ ਸੀ ਪਰਤਦੇ। ਮਾਤਾ ਘਰ ਚਲਾਉਣ ਲਈ ਬੜੀ ਮਿਹਨਤ ਕਰਦੀ ਅਤੇ ਸਾਡੇ ਭੈਣ ਭਰਾਵਾਂ ਦਾ ਖਰਚਾ ਉਹ ਹੀ ਕੱਢਦੀ ਸੀ। ਅਸੀਂ ਵੀ ਆਪਣੇ ਆਪਣੇ ਵਿੱਤ ਮੁਤਾਬਕ ਪੜ੍ਹਾਈ ਦੇ ਨਾਲ ਨਾਲ ਮਿਹਨਤ ਕਰਦੇ। ਮੇਰੇ ਛੋਟੇ ਮਾਮਾ ਜੀ ਡਾਕਟਰ ਪ੍ਰੀਤਮ ਸਿੰਘ ਪਟਿਆਲਾ ਭਾਸ਼ਾ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਲੱਗੋ ਹੋਏ ਸਨ। ਉਨ੍ਹਾਂ ਦਾ ਮਾਤਾ ਨਾਲ ਬਹੁਤ ਪਿਆਰ ਸੀ ਤੇ ਉਹ ਹਰ ਮਹੀਨੇ ਮਾਤਾ ਨੂੰ ਕੁਝ ਨਾ ਕੁਝ ਪੈਸੇ ਭੇਜਦੇ ਰਹਿੰਦੇ। ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਜਦੋਂ ਅਸੀਂ ਪਟਿਆਲਾ ਰਹਿੰਦੇ ਸੀ ਤਾਂ ਮਾਮਾ ਜੀ ਸਵੇਰੇ ਸਵੇਰੇ ਮਠਿਆਈ ਦਾ ਡੱਬਾ ਲੈ ਕੇ ਆ ਗਏ ਤੇ ਕਿਹਾ ਕਿ ਮੁਬਾਰਕਾਂ ਹੋਣ ਮੁੰਡਿਓ! ਮੂੰਹ ਮਿੱਠਾ ਕਰੋ, ਤੁਸੀਂ ਪਾਸ ਹੋ ਗਏ। ਉਸ ਵੇਲੇ ਨਤੀਜੇ ਅਖਬਾਰਾਂ ਵਿੱਚ ਛਪਦੇ ਸਨ। ਸਾਡੇ ਘਰ ਕੋਈ ਅਖਬਾਰ ਨਹੀਂ ਸੀ ਆਉਂਦੀ, ਪਰ ਮਾਮਾ ਜੀ ਦੇ ਘਰ ਸਵੇਰੇ ਹੀ ਅਖਬਾਰ ਆ ਜਾਂਦੀ ਸੀ।
ਮੈਂ ਉਦੋਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਵਜ਼ੀਫੇ ਲਈ ਇੱਕ ਸਪੈਸ਼ਲ ਪੇਪਰ ਹੋਇਆ ਸੀ। ਉਸ ਪੇਪਰ ਦੇ ਨਤੀਜੇ ਦਾ ਕੀ ਬਣਿਆ, ਮੈਨੂੰ ਨਹੀਂ ਸੀ ਪਤਾ। ਸਾਲ ਬੀਤਦੇ ਗਏ ਤੇ ਮੈਂ ਅੱਠਵੀਂ ਜਮਾਤ ਵਿੱਚ ਹੋ ਗਿਆ। ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਨਾਲ ਮੈਂ ਕ੍ਰਿਕਟ ਚੰਗੀ ਖੇਡਦਾ ਸੀ। ਮੇਰੇ ਕੋਲਬੈਟ ਜੋਗੇ ਪੈਸੇ ਨਹੀਂ ਹੁੰਦੇ ਸਨ। ਪੜ੍ਹਾਈ ਦੇ ਨਾਲ ਸਕੂਲ ਵਿੱਚ ਵਾਧੂ ਵਿਸ਼ਾ ਵੁੱਡ ਵਰਕ ਦਾ ਸੀ, ਜਿਸ ਕਰ ਕੇ ਮੈਂ ਆਪ ਹੀ ਖੇਡਣ ਲਈ ਲੱਕੜ ਦਾ ਬੈਟ ਬਣਾ ਲੈਂਦਾ। ਮੈਨੂੰ ਕ੍ਰਿਕਟ ਦਾ ਸ਼ੁਦਾਅ ਦੀ ਹੱਦ ਤੱਕ ਸ਼ੌਕ ਸੀ, ਪਰ ਪੈਸਿਆਂ ਦੀ ਘਾਟ ਕਰ ਕੇ ਮੈਂ ਸ਼ਹਿਰੋਂ ਬਾਹਰ ਖੇਡਣ ਨਾ ਜਾ ਸਕਿਆ ਤੇ ਨਾ ਹੀ ਕ੍ਰਿਕਟ ਦੀ ਕਿਟ ਖਰੀਦ ਸਕਿਆ, ਕਿਉਂਕਿ ਕਿੱਟ ਬੜੀ ਮਹਿੰਗੀ ਸੀ। ਮੈਂ ਸ਼ਰਾਰਤੀ ਵੀ ਬਹੁਤ ਸੀ। ਇੱਕ ਦਿਨ ਸਕੂਲ ਦੇ ਅਕਾਊਂਟੈਂਟ ਨੇ ਮੈਨੂੰ ਦਫਤਰ ਬੁਲਾ ਕੇ ਕਿਹਾ ਕਿ ਘਰਦਿਆਂ ਨੂੰ ਬੁਲਾ ਕੇ ਲਿਆ। ਮੈਂ ਬਹੁਤ ਘਬਰਾ ਗਿਆ ਕਿ ਪਤਾ ਨਹੀਂ ਮੇਰੇ ਤੋਂ ਕੀ ਗਲਤੀ ਹੋ ਗਈ। ਮੈਂ ਘਰ ਆ ਕੇ ਮਾਤਾ ਜੀ ਨੂੰ ਦੱਸਿਆ। ਅਗਲੇ ਦਿਨ ਮਾਤਾ ਜੀ ਸਕੂਲ ਆ ਗਏ। ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਮੇਰੇ ਘਰਦਿਆਂ ਨੂੰ ਸਕੂਲ ਬੁਲਾਇਆ ਗਿਆ ਹੋਵੇ। ਜਿਵੇਂ ਹੀ ਮਾਤਾ ਜੀ ਦਫਤਰ ਗਏ ਤਾਂ ਉਨ੍ਹਾਂ ਨੇ ਅਕਾਊਂਟੈਂਟ ਤੋਂ ਪੁੱਛਿਆ ਕਿ ਬੇਟੇ ਨੇ ਕੀ ਕੀਤਾ ਹੈ? ਉਨ੍ਹਾਂ ਦੱਸਿਆ ਕਿ ਤੁਹਾਡੇ ਬੇਟੇ ਨੇ ਤਿੰਨ ਸਾਲ ਪਹਿਲਾਂ ਜੋ ਵਜ਼ੀਫੇ ਦਾ ਪੇਪਰ ਦਿੱਤਾ ਸੀ, ਉਸ ਨੇ ਉਹ ਪਾਸ ਕਰ ਲਿਆ ਸੀ। ਵਜ਼ੀਫੇ ਦੇ ਅੱਠ ਰੁਪਏ ਮਹੀਨਾ ਦੇ ਹਿਸਾਬ ਨਾਲ ਪਿਛਲੇ ਤੀਹ ਮਹੀਨਿਆਂ ਦੇ ਦੋ ਸੌ ਚਾਲੀ ਰੁਪਏ ਆਏ ਹਨ। ਉਸ ਨੇ ਮਾਤਾ ਜੀ ਨੂੰ ਪੈਸੇ ਦਿੱਤੇ ਤੇ ਉਨ੍ਹਾਂ ਤੋਂ ਸਾਈਨ ਕਰਵਾ ਲਏ। ਮੈਨੂੰ ਕੁਝ ਵੀ ਪਤਾ ਨਾ ਲੱਗਾ। ਸ਼ਾਮ ਨੂੰ ਜਦੋਂ ਘਰ ਆਇਆ ਤਾਂ ਮਾਤਾ ਨੇ ਕਿਹਾ ਕਿ ਤੇਰੇ ਵਜ਼ੀਫੇ ਦੇ ਪੈਸੇ ਆਏ ਹਨ, ਤੰੂ ਮੇਰੇ ਨਾਲ ਬਾਜ਼ਾਰ ਚੱਲ ਤੇ ਇਨ੍ਹਾਂ ਪੈਸਿਆਂ ਦੀ ਕ੍ਰਿਕਟ ਦੀ ਕਿੱਟ ਲੈ ਲੈ। ਮੇਰੇ ਮਨ ਵਿੱਚ ਮਾਤਾ ਦੀਆਂ ਵਾਲੀਆਂ ਵਾਲੀ ਗੱਲ ਸੀ। ਜਦੋਂ ਅਸੀਂ ਸੁਭਾਸ਼ ਬਾਜ਼ਾਰ ਵਿੱਚ ਗਏ ਤਾਂ ਮਾਤਾ ਮੈਨੂੰ ਖੇਡਾਂ ਦੇ ਸਾਮਾਨ ਵਾਲੀ ਦੁਕਾਨ ਉੱਤੇ ਲੈ ਗਈ, ਪਰ ਮੈਂ ਉਨ੍ਹਾਂ ਨੂੰ ਉਸ ਤੋਂ ਦੋ ਦੁਕਾਨਾਂ ਅੱਗੇ ਲੈ ਗਿਆ। ਇਹ ਸੁਨਿਆਰੇ ਦੀ ਦੁਕਾਨ ਸੀ। ਮੈਂ ਮਾਤਾ ਨੂੰ ਸੋਨੇ ਦੀਆਂ ਵਾਲੀਆਂ ਪਸੰਦ ਕਰਨ ਨੂੰ ਕਿਹਾ। ਭਾਵੇਂ ਮੈਂ ਬੜਾ ਛੋਟਾ ਸੀ, ਫੇਰ ਵੀ ਮੈਂ ਮਾਤਾ ਨੂੰ ਵਾਲੀਆਂ ਲੈਣ ਲਈ ਮਜਬੂਰ ਕੀਤਾ ਤੇ ਇੱਕ ਤੋਲੇ ਦੀਆਂ ਵਾਲੀਆਂ ਜਦੋਂ ਮਾਤਾ ਨੇ ਕੰਨਾਂ ਵਿੱਚ ਪਾਈਆਂ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਸ ਨੇ ਮੈਨੂੰ ਆਪਣੀ ਜੱਫੀ ਵਿੱਚ ਲੈ ਲਿਆ। ਸੁਨਿਆਰਾ ਅਤੇ ਦੁਕਾਨ ਉੱਤੇ ਬੈਠੇ ਹੋਏ ਗਾਹਕ ਸਾਡੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੇ ਸਨ।

Have something to say? Post your comment