Welcome to Canadian Punjabi Post
Follow us on

22

April 2021
ਨਜਰਰੀਆ

ਹਬੀਬ ਜਾਲਿਬ ਨੇ ਲਿਖਿਆ ਸੀ: ਜ਼ੁਲਮਤ ਕੋ ਜ਼ਿਆ, ਬੰਦੇ ਕੋ ਖੁਦਾ ਕਿਆ ਲਿਖਨਾ, ਕਿਆ ਲਿਖਨਾ!

March 24, 2021 02:22 AM

-ਨਿਰਮਲਜੀਤ
ਹਬੀਬ ਜਾਲਿਬ ਵਾਹਗੇ ਦੇ ਆਰ-ਪਾਰ ਦੋਵੇਂ ਪੰਜਾਬਾਂ ਦਾ ਪ੍ਰਵਾਨਤ ਤੇ ਸਾਂਝਾ ਸ਼ਾਇਰ ਹੈ। ਉਸ ਦੀ ਸ਼ਾਇਰੀ ਦੀਆਂ ਬਹੁਤ ਸਾਰੀਆਂ ਕਾਵਿ-ਪੰਕਤੀਆਂ ਉਸਤਾਦ ਦਾਮਨ ਵਾਂਗ ਅਵਾਮ ਦੀ ਜ਼ੁਬਾਨ ਉੱਤੇ ਹਨ। ਹੱਕ-ਸੱਚ ਉੱਤੇ ਪਹਿਰਾ ਦੇਣ ਵਾਲਾ, ਪੰਜਾਬੀ ਬੋਲੀ ਨੂੰ ਪਿਆਰਨ ਅਤੇ ਵਿਕਸਤ ਕਰਨ ਵਾਲਾ, ਲੋਕਾਂ ਦੇ ਜਮਹੂਰੀ ਹੱਕਾਂ ਲਈ ਜੇਲ੍ਹਾਂ ਕੱਟਣ ਵਾਲਾ, ਫੌਜੀ ਰਾਜ ਉੱਤੇ ਵਿਅੰਗ ਕੱਸਣ ਵਾਲਾ ਹਬੀਬ ਜਾਲਿਬ ਬੇਬਾਕ ਤੇ ਨਿਡਰ ਸ਼ਾਇਰ ਹੈ।
ਹਬੀਬ ਜਾਲਿਬ ਦਾ ਜਨਮ 24 ਮਾਰਚ 1928 ਵਿੱਚ ਮਿਆਣੀ ਅਫਗਾਨਾ, ਜ਼ਿਲਾ ਹੁਸ਼ਿਆਰਪੁਰ ਵਿਚ ਹੋਇਆ ਸੀ। ਪਿੰਡ ਦੇ ਸਕੂਲ ਤੋਂ ਮਿਡਲ ਪਾਸ ਕਰਨ ਮਗਰੋਂ ਉਹ ਆਪਣੇ ਵੱਡੇ ਭਰਾ ਕੋਲ ਦਿੱਲੀ ਚਲਾ ਗਿਆ, ਜਿੱਥੋਂ ਉਹ ਦੇਸ਼ ਦੀ ਵੰਡ ਵੇਲੇ ਪਹਿਲਾਂ ਕਰਾਚੀ ਤੇ ਫਿਰ ਲਾਹੌਰ ਜਾ ਵੱਸਿਆ। ਕਵਿਤਾ ਦੇ ਬੀਜ ਉਸ ਦੇ ਅੰਦਰ ਦਿੱਲੀ ਵਿੱਚ ਪੜ੍ਹਦਿਆਂ ਹੀ ਪੁੰਗਰਨ ਲੱਗੇ ਸਨ। ਜਾਲਿਬ ਨੇ ਭਾਵੇਂ ਨਜ਼ਮ ਤੇ ਗੀਤ ਵੀ ਖੂਬ ਲਿਖੇ, ਪਰ ਉਰਦੂ ਗਜ਼ਲ ਵਿੱਚ ਉਸ ਦਾ ਆਪਣਾ ਇੱਕ ਵੱਖਰਾ ਮੁਕਾਮ ਹੈ। ਉਸ ਨੇ ਸਰਲ ਸਾਦਾ ਜ਼ੁਬਾਨ ਦੀ ਵਰਤੋਂ ਕਰਦਿਆਂ ਹੱਕ ਸੱਚ ਲਈ ਜੂਝਦੇ ਹੋਏ ਲੋਕਾਂ ਦੀ ਜੱਦੋ ਜਹਿਦ ਨੂੰ ਗਜ਼ਲ ਦੇ ਸ਼ਿਅਰਾਂ ਵਿੱਚ ਗੁੰਦਿਆ ਹੈ। ਉਰਦੂ ਦੇ ਪ੍ਰਮੁੱਖ ਭਾਰਤੀ ਸ਼ਾਇਰ ਅਲੀ ਸਰਦਾਰ ਜ਼ਾਫਰੀ ਨੇ ਹਬੀਬ ਜਾਲਿਬ ਨੂੰ ਵੀਹਵੀਂ ਸਦੀ ਦੀ ਆਵਾਜ਼ ਕਿਹਾ ਹੈ। ਫ਼ੈਜ਼ ਅਹਿਮਦ ਫ਼ੈਜ਼ ਵਾਂਗ ਹਬੀਬ ਜਾਲਿਬ ਨੇ ਵੀ ਪੰਜਾਬੀ ਵਿੱਚ ਗਿਣਤੀ ਦੀਆਂ ਰਚਨਾਵਾਂ ਹੀ ਲਿਖੀਆਂ ਹਨ। ਹਬੀਬ ਜਾਲਿਬ ਦੀ ਸ਼ਾਇਰੀ ਵਿੱਚ ਅਨੇਕਾਂ ਵੰਨਗੀਆਂ ਅਤੇ ਪਸਾਰ ਹਨ। ਆਵਾਮ ਦੇ ਪ੍ਰਤੀ ਵਚਨਬੱਧਤਾ, ਸਰਕਾਰੀ ਲੋਕ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ, ਫੌਜੀ ਰਾਜ ਦਾ ਵਿਰੋਧ ਅਤੇ ਅਮਰੀਕੀ ਸਾਮਰਾਜ ਪ੍ਰਤੀ ਉਸ ਦੇ ਮਨ ਵਿਚਲੀ ਘ੍ਰਿਣਾ ਉਸ ਦੀ ਸ਼ਾਇਰੀ ਦੇ ਮੁੱਖ ਸਰੋਕਾਰ ਰਹੇ।
ਹਬੀਬ ਜਾਲਿਬ ਆਵਾਮ ਦਾ ਸ਼ਾਇਰ ਹੈ। ਉਹ ਗਰੀਬ ਦੁਖਿਆਰੇ, ਲਿਤਾੜੇ, ਕੁਚਲੇ ਹੋਏ ਅਤੇ ਹਰ ਜਗ੍ਹਾ ਦਬਾਏ ਤੇ ਲੁੱਟੇ ਜਾ ਰਹੇ ਲੋਕਾਂ ਦੀ ਜ਼ੁਬਾਨ ਬਣਦਾ ਰਿਹਾ ਹੈ। ਉਹ ਕਾਮਿਆਂ, ਕਿਸਾਨਾਂ, ਦਿਹਾੜੀਦਾਰਾਂ ਅਤੇ ਮੁਜ਼ਾਰਿਆਂ ਦੀ ਲੁੱਟ ਖਸੁੱਟ ਤੇ ਦੁਸ਼ਵਾਰੀਆਂ ਦਾ ਜ਼ਿਕਰ ਬੜੀ ਜੁਰਅਤ ਅਤੇ ਬੇਬਾਕੀ ਨਾਲ ਕਰਦਾ ਹੈ। ਉਹ ਆਪਣੀ ਹਮਦਰਦੀ ਦਾ ਖੁੱਲ੍ਹ ਕੇ ਇਜ਼ਹਾਰ ਕਰਦਿਆਂ ਕਿਸੇ ਵੀ ਕਿਸਮ ਦੇ ਜਬਰ ਜ਼ੁਲਮ ਨੂੰ ਬਰਦਾਸ਼ਤ ਨਹੀ ਕਰਦਾ। ਉਹ ਜੁਰਅੱਤਮੰਦ, ਸਾਦਾ, ਸਾਫ ਤੇ ਸੱਚੀ-ਸੁੱਚੀ ਸ਼ਾਇਰੀ ਦੀ ਰਵਾਇਤ ਨੂੰ ਅੱਗੇ ਲੈ ਕੇ ਜਾਂਦਾ ਹੈ। ਕਿਉਂਕਿ ਪਾਕਿਸਤਾਨ ਦੇ ਪੰਜਾਬੀ ਸੂਬੇ ਵਿੱਚ ਤਾਲੀਮ ਦਾ ਜ਼ਰੀਆ ਪੰਜਾਬੀ ਨਹੀਂ, ਸਗੋਂ ਉਰਦੂ ਹੈ, ਪੰਜਾਬੀ ਲਈ ਇਸ ਦਾ ਬਣਦਾ ਹੱਕ ਮਨਾਵਣ ਲਈ ਪੰਜਾਬੀ ਅਦੀਬ ਅਤੇ ਦਾਸ਼ਿਨਵਰ ਕਿੰਨੇ ਸਾਲਾਂ ਤੋਂ ਜੱਦੋਜਹਿਦ ਕਰਦੇ ਆ ਰਹੇ ਹਨ, ਪਰ ਪੰਜਾਬੀ ਵਿਰੋਧੀ ਲਾਬੀ ਦੇ ਤਾਕਤਵਰ ਹੋਣ ਕਾਰਨ ਇਸ ਵਿੱਚ ਕਾਮਯਾਬੀ ਨਹੀਂ ਮਿਲ ਸਕੀ। ਪੰਜਾਬੀ ਜ਼ੁਬਾਨ ਦੀ ਗੱਲ ਕਰਨ ਵਾਲਿਆਂ ਦੀ ਵਤਨ ਪ੍ਰਸਤੀ ਉੱਤੇ ਹਮੇਸ਼ਾ ਤੋਂ ਸ਼ੱਕ ਕੀਤਾ ਜਾਂਦਾ ਰਿਹਾ ਹੈ। ਹਬੀਬ ਜਾਲਿਬ ਪੰਜਾਬੀ ਦਾ ਵੱਡਾ ਸ਼ਾਇਰ ਹੀ ਨਹੀਂ, ਸਗੋਂ ਅਲੰਬਰਦਾਰ ਵੀ ਹੈ। ਉਸ ਨੇ ਪੰਜਾਬੀ ਹਮਾਇਤੀ ਤਹਿਰੀਕ ਏ ਹੱਕ ਵਿੱਚ ਨਜ਼ਮਾਂ ਲਿਖ ਕੇ ਰਚਨਾਤਮਕ ਤੌਰ ਉੱਤੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਸ ਦੀਆਂ ਕਈ ਅਜਿਹੀਆਂ ਨਜ਼ਮਾਂ ਹਨ, ਜੋ ਉਸ ਦੇ ਪੰਜਾਬੀ ਪ੍ਰਤੀ ਮੋਹ ਨੂੰ ਪੇਸ਼ ਕਰਦੀਆਂ ਹਨ ਤੇ ਪਾਠਕਾਂ ਨੂੰ ਆਪਣੀ ਮਾਂ-ਬੋਲੀ ਪ੍ਰਤੀ ਸੁਚੇਤ ਵੀ ਕਰਦੀਆਂ ਹਨ :
ਪੁੱਤਰਾਂ ਤੇਰੀ ਚਾਦਰ ਲਾਈ
ਹੋਰ ਕਿਸੇ ਦਾ ਦੋਸ਼ ਨਾ ਮਾਈ
ਗ਼ੈਰਾਂ ਕਰ ਵਿਰਵੀ ਉਹ ਅੱਗ ਬਾਲੀ
ਸੀਨੇ ਹੋ ਗਏ ਪਿਆਰ ਤੋਂ ਖਾਲੀ
ਪੁੱਤਰਾਂ ਨੂੰ ਤੂੰ ਲੱਗੇ ਗਾਲੀ
ਤੈਨੂੰ ਬੋਲਣ ਤੋਂ ਸ਼ਰਮਾਵਣ
ਗ਼ੈਰਾਂ ਐਸੀ ਵਾਅ ਵਗਾਈ
ਪੁੱਤਰਾਂ ਤੇਰੀ ਚਾਦਰ ਲਾਈ
......
ਇਨ੍ਹਾਂ ਕੋਲ ਜ਼ਮੀਨਾਂ ਵੀ ਨੇ
ਇਨ੍ਹਾਂ ਹੱਥ ਸੰਗੀਨਾਂ ਵੀ ਨੇ
ਦੌਲਤ ਬੈਂਕ ਮਸ਼ੀਨਾਂ ਵੀ ਨੇ
ਨਾ ਇਹ ਤੇਰੇ ਨਾ ਇਹ ਮੇਰੇ
ਇਹ ਲੋਕੀ ਯੂਸਫ ਦੇ ਭਾਈ
ਪੁੱਤਰਾਂ ਤੇਰੀ ਚਾਦਰ ਲਾਈ
ਹੋਰ ਕਿਸੇ ਦਾ ਦੋਸ਼ ਨਾ ਮਾਈ।
ਹਬੀਬ ਜਾਲਿਬ ਸਮਾਜਕ ਵਰਤਾਰਿਆਂ ਤੋਂ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਾਰੇ ਰਾਜਸੀ ਵਰਤਾਰਿਆਂ, ਘਟਨਾਵਾਂ, ਵਿਅਕਤੀਆਂ, ਹਾਕਮਾਂ, ਦੋਸਤਾਂ ਤੇ ਦੁਸ਼ਮਣਾਂ ਨੂੰ ਇਸੇ ਪੱਖ ਤੋਂ ਜਾਂਚਦਾ, ਪਰਖਦਾ ਹੈ। ਉਸ ਦੀ ਸ਼ਾਇਰੀ ਮਨ-ਪ੍ਰਚਾਵੇ ਦਾ ਵਸੀਲਾ ਨਹੀਂ ਅਤੇ ਨਾ ਸ਼ੁਗ਼ਲ ਦਾ ਬਹਾਨਾ ਹੈ। ਉਸ ਦੀ ਕਲਮ ਹੱਕ ਸੱਚ ਦੇ ਪੱਖ ਵਿੱਚ ਤੇ ਲੁੱਟ ਖਸੁੱਟ ਅਤੇ ਜਬਰ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਚੱਲਦੀ ਹੈ। ਉਸ ਦੀ ਲਿਖਤ ਦਾ ਘੇਰਾ ਬਹੁਤ ਵਸੀਹ ਹੈ। ਉਹ ਸਮਾਜ ਵਿੱਚ ਫੈਲੀ ਜਮਾਤੀ ਵੰਡ ਤੋਂ ਰੂ-ਸਨਾਸ਼ ਹੈ। ਆਵਾਮ ਦੇ ਹੱਕ ਵਿੱਚ ਖਲੋਣ ਦੀ ਕੋਸ਼ਿਸ਼ ਕਰਦਾ ਉਹ ਸਿਆਸੀ ਇਕਤਾਦੀ ਨੀਤੀਆਂ ਦੀ ਤਿੱਖੀ ਨੁਕਤਾਚੀਨੀ ਕਰਦਾ ਹੈ। ਉਹ ਬਦਨਾਮ ਤਾਨਾਸ਼ਾਹੀ ਲੀਡਰਾਂ ਨੂੰ ਵੀ ਨਹੀਂ ਬਖਸ਼ਦਾ। ਪਾਕਿਸਤਾਨੀ ਆਵਾਮ ਲਈ ਜਮਹੂਰੀ ਹਕੂਕ ਦਾ ਮਸਲਾ ਬਹੁਤ ਗੰਭੀਰ ਰਿਹਾ ਹੈ। ਵਾਰ-ਵਾਰ ਫੌਜੀ ਰਾਜ ਦੀ ਕਾਇਮੀ ਨਾਲ ਉਥੇ ਜਮਹੂਰੀ ਰਵਾਇਤਾਂ ਮਜ਼ਬੂਤੀ ਨਾਲ ਜੜ੍ਹ ਨਹੀਂ ਫੜ ਸਕੀਆਂ। ਆਵਾਮ ਦੀ ਆਜ਼ਾਦੀ ਦਾ ਵਾਰ-ਵਾਰ ਗਲ ਘੁੱਟਿਆ ਜਾਂਦਾ ਰਿਹਾ ਹੈ। ਇਸੇ ਤੜਪ ਅਤੇ ਆਵਾਮ ਉਤੇ ਹੁੰਦੇ ਤਸ਼ੱਦਦ ਨੂੰ ਹਬੀਬ ਜਾਲਿਬ ਨੇ ਆਪਣੀ ਇਸ ਨਜ਼ਮ ਰਾਹੀਂ ਬਾਖੂਬੀ ਪੇਸ਼ ਕੀਤਾ ਹੈ :
ਡਾਕੂਆਂ ਦਾ ਜੇ ਸਾਥ ਨਾ ਦੇਂਦਾ ਪਿੰਡ ਦਾ ਪਹਿਰੇਦਾਰ,
ਅੱਜ ਪੈਰੀਂ ਜੰਜ਼ੀਰ ਨਾ ਹੁੰਦੀ, ਜਿੱਤ ਨਾ ਹੁੰਦੀ ਹਾਰ,
ਪੱਗਾਂ ਆਪਣੇ ਗਲ ਵਿੱਚ ਪਾ ਲਉ, ਟੁਰੋ ਪੇਟ ਦੇ ਭਾਰ,
ਚੜ੍ਹ ਜਾਏ ਤਾਂ ਮੁਸ਼ਕਲ ਲਹਿੰਦੀ ਬੂਟਾਂ ਦੀ ਸਰਕਾਰ।
ਹਬੀਬ ਜਾਲਿਬ ਦੀ ਸ਼ਾਇਰੀ ਹਮੇਸ਼ਾ ਆਵਾਮ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੀ ਰਹੀ। ਸਿਆਸੀ ਵਿਚਾਰਾਂ ਅਤੇ ਇਨ੍ਹਾਂ ਦੇ ਤਖ਼ਲੀਕੀ ਪੱਧਰ ਉੱਤੇ ਬਿਆਨ ਕਈ ਵਾਰ ਆਪੋ ਵਿੱਚ ਟਕਰਾ ਜਾਂਦੇ ਹਨ, ਪਰ ਤਖ਼ਲੀਕੀ ਲਿਖਤਾਂ ਵਿੱਚ ਉਹ ਨਿਝੱਕ ਹੋ ਕੇ ਆਵਾਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ। ਜਾਲਿਬ ਮਜ਼ਦੂਰ ਜਮਾਤ ਦੀ ਅਤੇ ਸਰਮਾਏਦਾਰ ਜਮਾਤ ਦੀ ਸਿਆਸਤ ਵਿੱਚ ਫਰਕ ਨਹੀਂ ਕਰਦਾ। ਉਹ ਸਭ ਸਿਆਸਤਦਾਨਾਂ ਨੂੰ ਬੇਈਮਾਨ ਸਮਝਦਾ ਹੈ। ਜਾਲਿਬ ਦੀ ਇਹ ਖਾਸੀਅਤ ਹੈ ਕਿ ਉਸ ਨੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਿਹਾ ਤੇ ਹਕੂਮਤ-ਜਬਰ ਨਾਲ ਕਦੇ ਸਮਝੌਤਾ ਨਹੀਂ ਸੀ ਕੀਤਾ। ਹਰ ਖਤਰੇ, ਜ਼ੁਲਮ ਦੇ ਕਿਸੇ ਦੌਰ ਿਵੱਚ ਜਾਲਿਬ ਦੀ ਕਲਮ ਚੁੱਪ ਨਹੀਂ ਸੀ ਹੋਈ :
ਚੁੱਪ ਕਰ ਮੁੁੰਡਿਆ, ਨਾ ਮੰਗ ਰੋਟੀਆਂ,
ਖਾਮੇਗਾ ਜ਼ਮਾਨੇ ਹੱਥੋਂ ਨਈ ਤੇ ਸੋਟੀਆਂ
ਦੜ ਵੱਟ ਕੇ ਤੂੰ ਕੱਟ ਏਥੇ ਦਿਨ ਚਾਰ
ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ
ਇੱਕ ਮੁੱਕੀ ਚੁੱਕ ਲੈ, ਦੂਸਰੀ ਤਿਆਰ
........
ਦਿਲਾਂ ਵਿੱਚ ਜਿਨ੍ਹਾਂ ਦੇ ਮੁਹੱਬਤਾਂ ਦਾ ਨੂਰ
ਜਾਣ ਠੁਕਰਾਏ ਬਿਨਾਂ ਕੀਤਿਆਂ ਕਸੂਰ
ਰਹਿਣ ਸੁੱਖੀ ਵਾਜਦਾਂ ਵਲੀਕਿਆਂ ਦੇ ਯਾਰ
ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ।
ਬਾਬਾ ਜਾਲਿਬ ਆਵਾਮ ਦੇ ਮੁੱਖ ਦੁਸ਼ਮਣਾਂ ਵਿੱਚੋਂ ਜਗੀਰਦਾਰੀ ਪ੍ਰਬੰਧ ਤੇ ਆਪਣਾ ਨਿਸ਼ਾਨਾ ਸੇਧਦਾ ਹੈ ਤੇ ਕੰਮੀਆਂ ਦੀ ਜ਼ਿੰਦਗੀ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਕਿ ਆਖਿਰ ਕਦੋਂ ਤੱਕ ਇਹ ਜਗੀਰਦਾਰਾਂ ਦੀਆਂ ਬੁੱਤੀਆਂ ਕਰਦੇ ਰਹਿਣਗੇ। ਉਹ ਉੱਚੇ ਮਹਿਲ-ਮਾੜੀਆਂ ਵਿੱਚ ਕੰਮ ਕਰਨ ਵਾਲਿਆਂ ਕੰਮੀਆਂ ਦੀਆਂ ਧੀਆਂ ਪ੍ਰਤੀ ਚਿੰਤਤ ਦਿਖਾਈ ਦਿੰਦਾ ਹੈ ਤੇ ਉਨ੍ਹਾਂ ਨਾਲ ਹੁੰਦੀ ਜ਼ਿਆਦਤੀ ਤੇ ਬਦਸਲੂਕੀ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ :
ਧੀ ਕੰਮੀ ਦੀ
ਵੱਡੇ ਘਰ ਵਿੱਚ ਬੁੱਤੀਆਂ ਕਰਦੀ
ਹੰਝੂ ਪੀਂਦੀ ਹਉਕੇ ਭਰਦੀ
ਨਾ ਇਹ ਜੀਂਦੀ ਨਾ ਇਹ ਮਰਦੀ
ਬੁੱਢੇ ਖਾਨ ਦਾ ਹੁੱਕਾ
ਦਿਨ ਵਿੱਚ ਸੌ ਸੌ ਵਾਰੀ ਤਾਜ਼ਾ ਕਰਦੀ
........
ਖਾਨ ਦਾ ਪੁੱਤਰ
ਬੈਠਕ ਦੇ ਵਿੱਚ ਹਾਸੇ ਭਾਣੇ
ਬਾਂਹ ਫੜ ਲੈਂਦਾ
ਇਹਨੂੰ ਸੀਧਾਂ ਐਨੂੰ ਖਹਿੰਦਾ
ਕੀ ਦੱਸਾਂ ਉਹ ਕੀ ਕੀ ਕਹਿੰਦਾ
........
ਅੱਧੀ ਰਾਤੀਂ ਛੋਟੀ ਬੀਬੀ ਕਹਿੰਦੀ
ਉਠ ਤਕੀਏ ਵੱਲ ਚੱਲੀਏ
ਜੇ ਕੰਮੀ ਨੇ ਪਿੰਡ ਵਿੱਚ ਰਹਿਣਾ
ਫਿਰ ਇਹ ਸਭ ਕੁਝ ਕਰਨਾ ਪੈਣਾ।
ਉਸ ਦੀ ਇਹ ਨਜ਼ਮ ਜਿੱਥੇ ਇੱਕ ਪਾਸੇ ਜਾਗੀਰਦਾਰੀ ਪ੍ਰਬੰਧ ਹੇਠ ਹੁੰਦੀ ਧੱਕੇਸ਼ਾਹੀ ਨੂੰ ਬਿਆਨ ਕਰਦੀ ਹੈ, ਉਥੇ ਦੂਜੇ ਪਾਸੇ ਗਰੀਬੀ ਜ਼ਲਾਲਤ ਦੇ ਖਿਲਾਫ ਬਗਾਵਤ ਦਾ ਸੱਦਾ ਵੀ ਦਿੰਦੀ ਹੈ ਤੇ ਉਨ੍ਹਾਂ ਹੁਕਮਰਾਨਾਂ ਨੂੰ ਕੋਸਦੀ ਹੈ, ਜੋ ਗਰੀਬ ਆਵਾਮ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੂੰ ਲਿਤਾੜਦੇ ਹਨ। ਇਸੇ ਲਈ ਹਬੀਬ ਜਾਲਿਬ ਹਾਲਾਤ ਵਿਰੁੱਧ ਲੜਨ, ਮਰਨ ਅਤੇ ਇਕੱਠੇ ਹੋਣ ਦਾ ਪੈਗਾਮ ਦਿੰਦਾ ਹੈ।
ਜਾਲਿਬ ਦੀ ਸੋਚ ਦਾ ਘੇਰਾ ਰੰਗ, ਜਾਤ, ਨਸਲ ਤੇ ਧਰਮ ਦੀਆਂ ਵਲਗਣਾਂ ਤੋਂ ਪਰ੍ਹੇ ਹੈ। ਉਹ ਇਨਸਾਨੀ ਦੋਸਤੀ ਦਾ ਹਾਮੀ ਹੈ ਤੇ ਇਨਸਾਨੀਅਤ ਦੇ ਰੋਸ਼ਨ ਮੁਸਤਕਬਿਲ ਵਿੱਚ ਯਕੀਨ ਰੱਖਦਾ ਹੈ। ਉਸ ਨੂੰ ਇਨਸਾਨੀ ਅਜ਼ਮਤ ਤੇ ਜੱਦੋਜਹਿਦ ਵਿੱਚ ਵਿਸ਼ਵਾਸ ਹੈ। ਉਸ ਨੇ ਜਿੰਨੀ ਬੇਬਾਕੀ, ਨਿਡਰਤਾ ਤੇ ਜੁਰੱਅਤ ਨਾਲ ਫੌਜੀ ਰਾਜ ਪ੍ਰਬੰਧ ਉਤੇ ਵਿਅੰਗਮਈ ਲਫਜ਼ਾਂ ਦੇ ਤੀਰ ਸੇਧੇ ਹਨ, ਉਹ ਕਿਸੇ ਹੋਰ ਸ਼ਾਇਰ ਦੀ ਸ਼ਾਇਰੀ ਵਿੱਚ ਘੱਟ ਮਿਲਦੇ ਹਨ। ਜਾਲਿਬ ਹਿੰਦ-ਪਾਕਿ ਦੋਸਤੀ ਦਾ ਮੁੱਦਈ ਸੀ। ਉਹ ਜਾਣਦਾ ਸੀ ਕਿ ਦੇਸ਼ ਦੇ ਟੁਕੜੇ ਹੋਣ ਨਾਲ ਜਨ ਸਾਧਾਰਨ ਫਿਰਕੂ ਆਧਾਰ ਉੱਤੇ ਵੰਡੇ ਗਏ ਹਨ। ਇਸੇ ਲਈ ਉਹ ਪਾਕਿਸਤਾਨੀ ਆਵਾਮ ਨੂੰ ਸੰਬੋਧਤ ਹੋ ਕੇ ਲਿਖਦਾ ਹੈ :
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ,
ਵੱਡਿਆਂ ਵਡੇਰਿਆਂ ਦਾ
ਜ਼ਾਲਮਾਂ ਲੁਟੇਰਿਆਂ ਦਾ
ਛੱਡ ਨਾਮ ਜੱਪਣਾ।
........
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ
ਸਰਾਂ ਦੀਆਂ ਪੋਤਿਆਂ ਨੇ
ਪੋਤਿਆਂ ਪੜੋਤਿਆਂ ਨੇ
ਰੀਂਗਣਾ ਦੇ ਤੋਤਿਆਂ ਨੇ
ਕੁਝ ਤੈਨੂੰ ਦਿੱਤਾ ਵੀ
ਐਵੇਂ ਪਿਆ ਟੱਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ
........
ਬੰਦੇ ਨੇ ਇਹ ਪਿਆਰ ਦੇ
ਐਵੇਂ ਤੈਨੂੰ ਚਾਰਦੇ
ਝੂਠ ਪਏ ਮਾਰਦੇ
ਹੋਸ਼ ਕਰ ਪਾਗਲਾ
ਪਾ ਖੱਪ ਨਾ
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ
........
ਗੋਰੇ ਚਿੱਟੇ ਸਾਬਾਂ ਕੋਲੋਂ
ਕਾਲਿਆਂ ਨਵਾਬਾਂ ਕੋਲੋਂ
ਬਚ ਇਨ੍ਹਾਂ ਅਜ਼ਾਬਾਂ ਕੋਲੋਂ
ਨਹੀਂ ਤਾਂ ਤੈਨੂੰ ਮੁੱਦਤਾਂ
ਪਵੇਗਾ ਕਲਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ।
ਜਾਲਿਬ ਦੀ ਸ਼ਾਇਰੀ ਇਨਾਮਾਂ ਸਨਮਾਨ ਦੀ ਮੁਹਤਾਜ ਨਹੀਂ। ਉਸ ਦੇ ਕਦਰਦਾਨ ਤੇ ਚਾਹੁਣ ਵਾਲੇ ਆਵਾਮ ਦਾ ਘੇਰਾ ਬਹੁਤ ਵਿਆਪਕ ਹੈ। ਸਾਦਾ ਜ਼ੁਬਾਨ ਵਿੱਚ ਲੋਕ ਦੁਸ਼ਮਣਾਂ ਦੇ ਚਿਹਰਿਆਂ ਤੋਂ ਨਕਾਬ ਲਾਹ ਦੇਣ ਦਾ ਉਸ ਦਾ ਸਿੱਧਾ ਸਾਦਾ ਢੰਗ ਸੀ। ਉਸ ਦੀ ਸ਼ਾਇਰੀ ਵਿੱਚ ਵਲਵਲਾ ਹੈ, ਵੇਗ ਹੈ, ਜੋ ਆਵਾਮ ਦੇ ਦਿਲ ਉੱਤੇ ਸਿੱਧਾ ਅਸਰ ਕਰਦਾ ਹੈ। ਇਹ ਹੀ ਕਾਰਨ ਹੈ ਕਿ ਪਾਠਕ ਉਸ ਦੀ ਸ਼ਾਇਰੀ ਨੂੰ ਪੜ੍ਹ ਕੇ ਯਕਦਮ ਪ੍ਰਭਾਵਤ ਹੀ ਨਹੀਂ ਹੁੰਦਾ, ਸਗੋਂ ਉਸ ਦਾ ਕਾਇਲ ਵੀ ਹੋ ਜਾਂਦਾ ਹੈ। ਆਵਾਮ ਨੂੰ ਸੱਚ ਦੇ ਰੂ ਬ ਰੂ ਕਰਵਾਉਣਾ ਅਤੇ ਪਾਕਿਸਤਾਨੀ ਆਵਾਮ ਦੀ ਆਵਾਜ਼ ਬਣਨਾ ਉਸ ਦੇ ਯਥਾਰਥ ਨੂੰ ਸਮਝਣਾ ਅਤੇ ਆਪਣੀ ਕਲਮ ਰਾਹੀਂ ਉਸ ਯਥਾਰਥ ਨੂੰ ਬਿਨਾਂ ਕਿਸੇ ਡਰ ਦੇ ਨਿਸੰਗ ਹੋ ਪੇਸ਼ ਕਰਨਾ ਆਪਣੇ ਆਪ ਵਿੱਚ ਪ੍ਰੋੜਤਾ ਵਾਲਾ ਤੇ ਮਹੱਤਵ ਪੂਰਨ ਕੰਮ ਹੈ :
ਜਾਲਿਬ ਸਾਂਈ ਕਦੀ ਕਦਾਈਂ ਚੰਗੀ ਗੱਲ ਕਹਿ ਜਾਂਦਾ ਏ
ਲੱਖ ਪੂਜੋ ਚੜ੍ਹਦੇ ਸੂਰਜ ਨੂੰ, ਆਖਰ ਨੂੰ ਇਹ ਲਹਿ ਜਾਂਦਾ ਏ।
ਬਾਝ ਤੇਰੇ ਉਹ ਦਿਲ ਦੇ ਸਾਥੀ, ਦਿਲ ਦੀ ਹਾਲਤ ਕੀ ਦੱਸਾਂ
ਕਦੀ ਕਦੀ ਇਹ ਥੱਕਿਆ ਰਾਹੀ ਰਸਤੇ ਵਿੱਚ ਬਹਿ ਜਾਂਦਾ ਏ।
ਸਾਂਦਲ ਬਾਰ ਵਸੇਂਦੀਏ ਹੀਰੇ ਵੱਸਦੇ ਰਹਿਣ ਤੇਰੇ ਹਾਸੇ
ਦੋ ਪਲ ਤੇਰੇ ਗ਼ਮ ਦਾ ਪ੍ਰਾਹੁਣਾ ਅੱਖੀਆਂ ਦੇ ਵਿੱਚ ਰਹਿ ਜਾਂਦਾ ਏ।
ਹਾਏ ਦੋ ਆਨੇ ਦੀ ਉਹ ਦੁਨੀਆ ਜਿੱਥੇ ਮੁਹੱਬਤ ਵੱਸਦੀ ਸੀ
ਹੰਝੂ ਬਣ ਕੇ ਦੁੱਖ ਵਤਨਾਂ ਦਾ ਅੱਖੀਆਂ ਵਿੱਚੋਂ ਵਹਿ ਜਾਂਦਾ ਏ।
ਫ਼ਜ਼ਰੇ ਉਹ ਚਮਕਾਂਦਾ ਡਿੱਠਾ ਜਾਲਿਬ ਸਾਰੀ ਦੁਨੀਆ ਨੂੰ
ਰਾਤੀਂ ਜਿਹੜਾ ਸੇਕ ਦੁੱਖਾਂ ਦੇ ਰੱਜ ਰੱਜ ਕੇ ਸਹਿ ਜਾਂਦਾ ਏ।
ਜਾਲਿਬ ਦੀ ਨਜ਼ਰ ਦਾ ਘੇਰਾ ਸਿਰਫ ਪਾਕਿਸਤਾਨੀ ਆਵਾਮ ਦੀ ਹਯਾਤੀ ਤੱਕ ਸੀਮਿਤ ਨਹੀਂ, ਉਸ ਨੇ ਕੌਮਾਂਤਰੀ ਮਸਲਿਆਂ ਬਾਰੇ ਵੀ ਵਿਚਾਰ ਪ੍ਰਗਟਾਏ ਹਨ। ਖੁਦਗਰਜ ਤੇ ਸੁਆਰਥੀ ਲੀਡਰਾਂ ਦੇ ਕਿਰਦਾਰ ਨੂੰ ਬੇਪਰਦ ਕਰਦਿਆਂ ਤੇ ਚਾਰੇ ਪਾਸੇ ਹੋ ਰਹੀ ਲੁੱਟ ਖਸੁੱਟ ਤੋਂ ਬੇਚੈਨ ਹੋ ਕੇ ਉਸ ਦੀ ਕਲਮ ਬੜੀ ਕਰੁਣਾਮਈ ਹਾਲਤ ਨੂੰ ਬਿਆਨ ਕਰਦੀ ਹੈ :
ਏਧਰ ਘੋੜਾ, ਓਧਰ ਗਾਂ
ਦੱਸ ਬੰਦਿਆਂ ਮੈਂ ਕਿਧਰ ਜਾਂ
ਏਧਰ ਮੁੱਲਾਂ ਦੀ ਝੂਹਨੀ ਏ
ਓਦਰ ਪੰਡਿਤ ਦੀ ਧੂਣੀ ਏ
ਏਧਰ ਹਾਲ ਅਗਰ ਮੰਦਾ ਏ
ਓਧਰ ਵੀ ਤੇ ਭੁੱਖ ਚੂਣੀ ਏ
ਆਵੇ ਕਿਤੇ ਨਾ ਸੁੱਖ ਦਾ ਸਾਹ
ਦੱਸ ਬੰਦਿਆਂ ਮੈਂ ਕਿਧਰ ਜਾਂ।
ਮੁਲਕ ਦੀ ਵੰਡ ਤੇ ਆਵਾਮ ਉੱਤੇ ਹੰੁਦੇ ਤਸ਼ੱਦਦ ਪ੍ਰਤੀ ਵੀ ਜਾਲਿਬ ਦੀ ਕਲਮ ਚੁੱਪ ਨਹੀਂ ਰਹੀ। ਉਹ ਸਾਂਝੇ ਪੰਜਾਬ ਦੀ ਵੰਡ ਪਿੱਛੋਂ ਆਵਾਮ ਦੀ ਹੁੰਦੀ ਦੁਰਦਸ਼ਾ ਪ੍ਰਤੀ ਫਿਕਰਮੰਦ ਨਜ਼ਰ ਆਉਂਦਾ ਹੈ। ਵੰਡ ਦੀ ਹਨੇਰੀ ਵਿੱਚ ਤਬਾਹ ਹੋਏ ਲੱਖਾਂ ਲੋਕਾਂ ਦੇ ਦਰਦ ਬਿਆਨ ਕਰਦਿਆਂ ਲੋਕਾਂ ਨੂੰ ਆਪਣੀ ਸਾਂਝੀਵਾਲਤਾ ਤੇ ਭਾਈਚਾਰੇ ਤੋਂ ਮੁਨਕਰ ਨਹੀਂ ਹੋਣ ਦਿੰਦਾ :
ਉੱਚੀਆਂ ਕੰਧਾਂ ਵਾਲਾ ਘਰ ਸੀ, ਰੋ ਲੈਂਦੇ ਸਾਂ ਖੁੱਲ੍ਹ ਕੇ
ਐਸੀ ਵਾਅ ਵਗਾਈ ਓ ਰੱਬਾ, ਰਹਿ ਗਈ ਜਿੰਦੜੀ ਰੁਲ ਕੇ
ਚਾਰ ਚੁਫੇਰੇ ਦਰਦ ਹਨੇਰੇ, ਹੰਝੂ ਡੇਰੇ ਡੇਰੇ
ਦੁਖਿਆਰੇ ਵਣਜਾਰੇ ਆ ਗਏ, ਕਿਧਰਾ ਰਸਤਾ ਭੁੱਲ ਕੇ
ਯਾਦ ਆਈਆਂ ਕੁਝ ਹੋਰ ਵੀ ਤੇਰੇ ਸ਼ਹਿਰ ਦੀਆਂ ਬਰਸਾਤਾਂ
ਹੋਰ ਵੀ ਚਮਕੇ ਦਾਗ਼ ਦਿਲਾਂ ਦੇ, ਨਾਲ ਅਸ਼ਕਾਂ ਦੇ ਧੁਲ ਕੇ
ਆਪਣੀ ਗੱਲ ਨਾ ਛੱਡੀਂ ਜਾਲਿਬ, ਸ਼ਾਇਰ ਕੁਝ ਵੀ ਆਖਣ
ਆਪਣੀ ਰੰਗਤ ਖੋ ਦੇਂਦੇ ਨੇ, ਰੰਗ ਰੰਗਾਂ ਵਿੱਚ ਘੁਲ ਕੇ।
ਸ਼ਾਇਰ ਦੀ ਵਚਨਬੱਧਤਾ ਪੰਜਾਬਤੇ ਪੰਜਾਬੀਅਤ ਨਾਲ ਹੈ। ਉਹ ਪੰਜਾਬੀਅਤ ਨੂੰ ਚੜ੍ਹਦੇ-ਲਹਿੰਦੇ ਪੰਜਾਬ ਦੇ ਸਾਂਝੇ ਸਭਿਆਚਾਰਕ ਵਿਰਸੇ ਦੇ ਸੰਕਲਪ ਤੇ ਪੱਖ ਤੋਂ ਵੇਖਦਾ ਹੈ। ਉਸ ਨੂੰ ਦੁੱਖ ਹੈ ਕਿ ਫਿਰਕੂ ਵਾਤਾਵਰਣ ਅਤੇ ਸੌੜੇ ਧਾਰਮਿਕ ਲਾਭ ਇਸ ਦੇ ਰਾਹ ਵਿੱਚ ਵੱਡੀ ਰੁਕਾਵਟ ਬਣਦੇ ਹਨ। ਉਹ ਪੰਜਾਬੀਅਤ ਨੂੰ ਇਨਸਾਨੀਅਤੇ ਦੇ ਝਰੋਖੇ ਵਿੱਚੋਂ ਦੇਖਦਾ ਹੈ। ਵਿਅਕਤੀਗਤ ਹੋਂਦ ਦੇ ਨਾਲ ਨਾਲ ਹਬੀਬ ਜਾਲਿਬ ਦੀ ਸ਼ਾਇਰੀ ਉਸ ਦੀ ਜੀਵਨ ਦਿ੍ਰਸ਼ਟੀ ਦਾ ਦੂਜਾ ਰੂਪ ਹੈ। ਉਹ ਉਸਾਰੂ ਸੋਚ ਅਤੇ ਉਚੇਰੀ ਪ੍ਰਤਿਭਾ ਵਾਲਾ ਸ਼ਾਇਰ ਹੈ, ਜੋ ਗਲਤ ਗਦਰਾਂ ਕੀਮਤਾਂ ਨੂੰ ਨਕਾਰਦਾ ਹੈ। ਬੁਨਿਆਦੀ ਪੱਧਰ ਉੱਤੇ ਉਹ ਇੱਕ ਅਜਿਹਾ ਸ਼ਾਇਰ ਹੈ, ਜੋ ਨਿਰੋਲ ਜਜ਼ਬਿਆਂ ਦੀ ਪੱਧਰ ਉਤੇ ਨਹੀਂ ਵਿਚਰਦਾ। ਉਸ ਦੀਆਂ ਨਜ਼ਮਾਂ ਭਾਵਾਂ, ਬੁੱਧੀ ਅਤੇ ਵਿਚਾਰ ਦਾ ਸੁੰਦਰ ਸੁਮੇਲ ਹਨ। ਜਾਲਿਬ ਦੀ ਖੂਬੀ ਇਹ ਹੈ ਕਿ ਉਹ ਆਪਣੇ ਸਮਿਆਂ ਦੇ ਇਤਿਹਾਸ ਨੂੰ ਚਿਤਰਦਾ ਹੈ। ਸਮਕਾਲ ਦੇ ਦਮ ਘੋਟੂ ਵਾਤਾਵਰਣ ਵਿੱਚੋਂ ਉਪਜਣ ਵਾਲੇ ਪ੍ਰਭਾਵਾਂ ਨੂੰ ਅੰਕਿਤ ਕਰਦਾ ਹੈ। ਨਿਰਸੰਦੇਹ! ਹਬੀਬ ਜਾਲਿਬ ਜਟਿਲ ਗੱਲਾਂ ਦੇ ਦਾਰਸ਼ਨਿਕ ਵਿਚਾਰਾਂ ਨੂੰ ਸਰਲ ਢੰਗ ਨਾਲ ਕਹਿਣ ਵਾਲਾ ਸ਼ਾਇਰ ਹੈ।

Have something to say? Post your comment