Welcome to Canadian Punjabi Post
Follow us on

18

April 2021
ਨਜਰਰੀਆ

ਵਿਅੰਗ : ਰਪਟਧਰ ਲਾਲ ਦੀ ਖਾਸ ਰਪਟ

March 24, 2021 02:19 AM

-ਸੁਸ਼ੀਲ ਦੀਕਸ਼ਿਤ
ਉਹ ਆਦਮੀ ਪਤਾ ਨਹੀਂ ਕਿਸ ਧੁਨ ਵਿੱਚ ਸੀ ਕਿ ਅਚਾਨਕ ਨਦੀ ਵਿੱਚ ਜਾ ਡਿੱਗਾ। ਜੋ ਆਦਮੀ ਪਲ ਭਰ ਪਹਿਲਾਂ ਪੁਲ ਉੱਤੇ ਸੀ, ਉਹੀ ਨਦੀ ਵਿੱਚ ਸੀ। ਉਸ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪੁਲ ਉੱਤੇ ਭੀੜ ਲੱਗ ਗਈ। ਉਹ ਬਚਾਓ-ਬਚਾਓ ਚੀਕ ਰਿਹਾ ਸੀ, ਪਰ ਤਮਾਸ਼ਬੀਨ ਤਮਾਸ਼ੇ ਦੀ ਬੀਨ ਵਜਾ ਰਹੇ ਸਨ। ਲੋਕਾਂ ਦੀ ਦਿਲਚਸਪੀ ਕੇਵਲ ਡੁੱਬਦੇ ਆਦਮੀ ਨੂੰ ਦੇਖਣ ਵਿੱਚ ਸੀ ਜਾਂ ਅਲੱਗ-ਅਲੱਗ ਐਂਗਲ ਤੋਂ ਉਸ ਦੇ ਵੀਡੀਓ ਬਣਾਉਣ ਵਿੱਚ। ਕੁਝ ਸੈਲਫੀ ਲੈਣ ਦੀ ਕੋਸ਼ਿਸ਼ ਵਿੱਚ ਵੀ ਸਨ। ਇਸੇ ਦੌਰਾਨ ਇੱਕ ਛੋਟੀ ਮੋਟਰ ਬੋਟ ਪੁਲ ਦੇ ਹੇਠੋਂ ਨਿਕਲ ਕੇ ਡੁੱਬਦੇ ਬੰਦੇ ਵੱਲ ਵਧੀ। ਕੁਝ ਲੋਕ ਕੈਮਰਾ ਲੈ ਕੇ ਕਿਨਾਰੇ ਉੱਤੇ ਤੇਜ਼ੀ ਨਾਲ ਫੈਲਦੇ ਦੇਖੇ ਗਏ। ਬੋਟ ਨੇ ਡੁੱਬਦੇ ਬੰਦੇ ਦੇ ਦੋ-ਤਿੰਨ ਚੱਕਰ ਲਾਏ। ਉਸ ਵਿੱਚ ਸਵਾਰ ਇੱਕ ਨੌਜਵਾਨ ਨੇ ਕੈਮਰਾ ਆਨ ਕਰ ਕੇ ਡੁੱਬਦੇ ਆਦਮੀ ਵੱਲ ਕੀਤਾ। ਦੂਸਰੇ ਨੌਜਵਾਨ ਨੇ ਇੱਕ ਮਾਈਕ ਕੱਢਿਆ ਤੇ ਜ਼ੋਰ-ਜ਼ੋਰ ਨਾਲ ਬੋਲਣਾ ਸ਼ੁਰੂ ਕਰ ਦਿੱਤਾ, ‘ਇਹ ਜੋ ਤਸਵੀਰ ਤੁਸੀਂ ਸਾਡੇ ਛਿਦਰਾਨਵੇਸ਼ੀ ਚੈਨਲ ਉੱਤੇ ਦੇਖ ਰਹੋ ਹੋ, ਇਹ ਡੁਬਦੇ ਹੋਏ ਇੱਕ ਆਦਮੀ ਦੀ ਹੈ। ਇਸ ਸਮੇਂ ਮੈਂ ਰਪਟਧਰ ਲਾਲ ਨਦੀ ਵਿੱਚ ਉਸ ਡੁਬਦੇ ਆਦਮੀ ਕੋਲ ਬੋਟ ਉੱਤੇ ਹਾਂ, ਜਿੱਥੋਂ ਮੈਂ ਆਪਣੇ ਚੈਨਲ ਉੱਤੇ ਇਹ ਐਕਸਕਲੂਸਿਵ ਲਾਈਵ ਟੈਲੀਕਾਸਟ ਕਰ ਰਿਹਾ ਹਾਂ।’ ਚੈਨਲ ਉੱਤੇ ਐਂਕਰ ਨੇ ਖਬਰ ਦੀ ਹੈੱਡਲਾਈਨ ਛੇਤੀ-ਛੇਤੀ ਪੜ੍ਹਨ ਮਗਰੋਂ ਕਿਹਾ, ‘ਅਸੀਂ ਸਿੱਧੇ ਤੁਹਾਨੂੰ ਰਿਪੋਰਟਰ ਰਪਟਧਰ ਲਾਲ ਜੀ ਦੇ ਕੋਲ ਤੁਹਾਨੂੰ ਲੈ ਚਲਦੇ ਹਾਂ, ਜੋ ਨਦੀ ਵਿੱਚ ਉਸ ਆਦਮੀ ਕੋਲ ਹਨ।’ ਫਿਰ ਉਹ ਬੋਲੀ, ‘ਰਪਟਧਰ ਲਾਲ ਜੀ, ਦਰਸ਼ਕਾਂ ਨੂੰ ਦੱਸੋ ਕਿ ਉਥੇ ਕੀ ਹੋ ਰਿਹਾ ਹੈ?’ ਇਸ ਦੇ ਬਾਅਦ ਪਰਦੇ ਉੱਤੇ ਰਪਟਧਰ, ਨਦੀ ਅਤੇ ਡੁੱਬਦਾ ਆਦਮੀ ਦਿਖਾਇਆ ਜਾਣ ਲੱਗਾ।
ਰਪਟਧਰ ਨੇ ਦੱਸਿਆ, ‘ਦੇਖੋ ਇਸ ਸਮੇਂ ਮੈਂ ਨਦੀ ਵਿੱਚ ਡੁੱਬਦੇ ਆਦਮੀ ਕੋਲ ਹਾਂ।’ ਕੈਮਰਾ ਗੋਤੇ ਖਾਂਦੇ ਆਦਮੀ ਵੱਲ ਘੁੰਮ ਗਿਆ। ਰਪਟਧਰ ਬੋਲਦਾ ਰਿਹਾ, ‘ਇਹ ਆਦਮੀ ਵਾਰ-ਵਾਰ ਗੋਤੇ ਖਾ ਰਿਹਾ ਹੈ। ਕਈ ਲੋਕ ਦੇਖ ਰਹੇ ਹਨ, ਪਰ ਕੋਈ ਬਚਾਉਣ ਲਈ ਅੱਗੇ ਨਹੀਂ ਆ ਰਿਹਾ।’ ਕੈਮਰਾ ਪੁਲ ਅਤੇ ਦੋਵਾਂ ਕਿਨਾਰਿਆਂ ਦੀ ਭੀੜ ਤੋਂ ਫਿਰ ਉਸੇ ਡੁੱਬਦੇ ਆਦਮੀ ਉੱਤੇ ਆਣ ਟਿਕਿਆ। ਰਪਟਧਰ ਬੋਲਦੇ-ਬੋਲਦੇ ਹੱਫਣ ਲੱਗਾ ਸੀ, ‘ਦੇਖੋ, ਤੁਹਾਨੂੰ ਇਹ ਆਦਮੀ ਬਚਾਉਣ ਦੀ ਗੁਹਾਰ ਲਾ ਰਿਹਾ ਹੈ, ਪਰ ਕੋਈ ਸੁਣ ਨਹੀਂ ਰਿਹਾ।’ ਫਿਰ ਉਸ ਨੇ ਡੁਬਦੇ ਆਦਮੀ ਵੱਲ ਮਾਈਕ ਕਰ ਕੇ ਪੁੱਛਿਆ, ‘ਤੁਸੀਂ ਡੁੱਬ ਰਹੇ ਹੋ?’ ਉਹ ਆਦਮੀ ਕਿਸੇ ਤਰ੍ਹਾਂ ਬੋਲਿਆ ਕਿ ਉਹ ਡੁੱਬਣਾ ਨਹੀਂ ਚਾਹੁੰਦਾ। ਰਪਟਧਰ ਫਿਰ ਬੋਲਿਆ, ‘ਦੇਖੋ ਇਹ ਆਦਮੀ ਮਰਨਾ ਨਹੀਂ ਚਾਹੁੰਦਾ, ਪਰ ਇਸ ਨੂੰ ਕੋਈ ਬਚਾ ਨਹੀਂ ਰਿਹਾ।’ ਫਿਰ ਉਸ ਨੇ ਡੁਬਦੇ ਆਦਮੀ ਤੋਂ ਪੁੱਛਿਆ, ‘ਚੰਗਾ ਦੱਸੋ, ਤੁਹਾਨੂੰ ਡੁੱਬਦੇ ਹੋਏ ਕਿੱਦਾਂ ਦਾ ਲੱਗ ਰਿਹਾ ਹੈ?’ ‘ਓ ਬਾਊ ਜੀ, ਜਾਨ ਨਿਕਲ ਰਹੀ ਹੈ। ਬਚਾਓ।’ ਰਪਟਧਰ ਫਿਰ ਚੀਕਿਆ, ‘ਇਸ ਦੇ ਪ੍ਰਾਣ ਨਿਕਲ ਰਹੇ ਹਨ ਡੁੱਬਣ ਕਾਰਨ। ਇਹ ਬਹੁਤ ਗੰਭੀਰ ਮਾਮਲਾ ਹੈ।’ ਰਪਟਧਰ ਨੇ ਫਿਰ ਉਸ ਨੂੰ ਸਵਾਲ ਕੀਤਾ, ‘ਤੈਨੂੰ ਇਸ ਤਰ੍ਹਾਂ ਕਿੰਨਾ ਸਮਾਂ ਹੋ ਗਿਆ?’ ‘ਬਾਊ ਜੀ ਬਹੁਤ ਦੇਰ ਹੋ ਗਈ। ਛੇਤੀ ਕੁਝ ਕਰੋ।’ ਰਪਟਧਰ ਫਿਰ ਚੀਕਣ ਲੱਗਾ, ‘ਇਹ ਆਦਮੀ ਬਹੁਤ ਦੇਰ ਤੋਂ ਡੁੱਬ ਰਿਹਾ ਹੈ, ਪਰ ਅਜੇ ਨਾ ਪ੍ਰਸ਼ਾਸਨ ਦਾ ਕੋਈ ਆਦਮੀ ਆਇਆ ਤੇ ਨਾ ਸੱਤਾ ਦਲ ਦਾ। ਕਿਸੇ ਨੇ ਇਸ ਦੀ ਸਾਰ ਨਹੀਂ ਲਈ।” ਮਾਈਕ ਅਤੇ ਕੈਮਰਾ ਫਿਰ ਡੁੱਬਦੇ ਹੋਏ ਆਦਮੀ ਵੱਲ ਘੁੰਮਿਆ ਅਤੇ ਰਪਟਧਰ ਨੇ ਪੁੱਛਿਆ, ‘ਚੰਗਾ ਇਹ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?।’ ‘ਓ ਇਹੀ ਕਹਿਣਾ ਹੈ ਕਿ ਮੈਨੂੰ ਬਚਾਓ। ਜਲਦੀ ਕਰੋ। ਕੁਝ ਕਰੋ।’ ਇਸ ਉੱਤੇ ਉਸ ਦੇ ਕੋਲ ਇੱਕ ਹੋਰ ਸਵਾਲ ਆਇਆ, ‘ਇਸ ਦੇ ਇਲਾਵਾ?’ ਉਹ ਆਦਮੀ ਥੋੜ੍ਹਾ ਗੁੱਸੇ ਵਿੱਚ ਬੋਲਿਆ, ‘ਤੂੰ ਬਚਾਉਣ ਦੀ ਜਗ੍ਹਾ ਮੇਰੇ ਤੋਂ ਬੇਕਾਰ ਸਵਾਲ ਪੁੱਛੀ ਜਾਨੈ।’ ਇੰਨਾ ਕਹਿ ਕੇ ਉਸ ਨੇ ਰਿਪੋਰਟਰ ਉੱਤੇ ਆਪਣੀ ਮੂੰਹ ਦਾ ਭਰਿਆ ਪਾਣੀ ਸੁੱਟਿਆ। ਰਪਟਧਰ ਫਿਰ ਚੀਕਿਆ, ‘ਇਹ ਆਦਮੀ ਮੀਡੀਆ ਨਾਲ ਸਹਿਯੋਗ ਨਹੀਂ ਕਰ ਰਿਹਾ, ਫਿਰ ਵੀ ਮੈਂ ਉਸ ਤੋਂ ਕੁਝ ਸਵਾਲ ਪੁੱਛਦਾ ਹਾਂ? ਕਿਉਂ ਭਾਈ, ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦੇ ਬਾਰੇ ਤੁਹਾਨੂੰ ਕੀ ਮੱਤ ਹੈ?’ ਡੁੱਬਣ ਵਾਲੇ ਨੇ ਅੱਖਾਂ ਪਾੜ ਕੇ ਦੇਖਿਆ।
ਰਪਟਧਰ ਨੇ ਹਾਰ ਨਹੀਂ ਮੰਨੀ ਅਤੇ ਡੁਬਦੇ ਹੋਏ ਆਦਮੀ ਤੋਂ ਪੁੱਛਿਆ, ‘ਚੰਗਾ, ਇਹ ਦੱਸੋ ਕਿ ਵਧਦੇ ਪੈਟਰੋਲ ਦੀ ਕੀਮਤ ਉੱਤੇ ਕੀ ਕਹਿਣਾ ਚਾਹੁੰਦੇ ਹੋ? ਕੀ ਤੁਸੀਂ ਦੇਸ਼ ਦੀ ਅਰਥ ਵਿਵਸਥਾ ਤੋਂ ਖੁਸ਼ ਹੋ?’
‘ਓ, ਢੱਠੇ ਖੂਹ ਵਿੱਚ ਜਾਓ, ਉਹ ਆਦਮੀ ਚੀਕਿਆ।’
ਫਿਰ ਭੀੜ ਵੱਲ ਹੱਥ ਲਿਆ ਕੇ ਬੋਲਿਆ, ‘ਭਗਵਾਨ ਲਈ ਬਚਾਓ। ਛੇਤੀ ਕਰੋ।’ ਤਦ ਚਾਰ ਨੌਜਵਾਨ ਨਦੀ ਵਿੱਚ ਛਾਲ ਮਾਰ ਕੇ ਡੁਬਦੇ ਆਦਮੀ ਕੋਲ ਪਹੁੰਚੇ। ਚਾਰਾਂ ਨੇ ਉਸ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਤੇ ਦੇਖਦੇ ਹੀ ਦੇਖਦੇ ਕਿਨਾਰੇ ਉੱਤੇ ਲਿਆ ਰੱਖਿਆ। ਰਪਟਧਰ ਨੇ ਉਨ੍ਹਾਂ ਵੱਲ ਮੁਖਾਤਿਬ ਹੋ ਕੇ ਉਨ੍ਹਾਂ ਤੋਂ ਕੁਝ ਪੁੱਛਿਆ ਚਾਹਿਆ, ਪਰ ਉਹ ਬਿਨਾਂ ਕੁਝ ਕਹੇ-ਸੁਣੇ ਅੱਗੇ ਵਧ ਗਏ। ਡੁੱਬਣ ਵਾਲਾ ਆਦਮੀ ਵੀ ਜਲਦੀ ਨਾਲ ਉਨ੍ਹਾਂ ਦੇ ਪਿੱਛੇ ਤੁਰ ਪਿਆ।

Have something to say? Post your comment