Welcome to Canadian Punjabi Post
Follow us on

18

April 2021
ਨਜਰਰੀਆ

ਦਿੱਲੀ ਗੁਰਦੁਆਰਾ ਚੋਣਾਂ: ਤਿਕੋਣੇ ਟਕਰਾਅ ਦੀ ਸੰਭਾਵਨਾ

March 23, 2021 01:59 AM

-ਜਸਵੰਤ ਸਿੰਘ ‘ਅਜੀਤ'
ਅਜਿਹਾ ਲੱਗਦਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ, ਜਿਨ੍ਹਾਂ ਦੇ ਅਪ੍ਰੈਲ ਦੇ ਅਖੀਰ ਵਿੱਚ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਾ ਪ੍ਰਬੰਧ ਤੋਂ ਬਾਹਰ ਕਰਨ ਲਈ ਚੋਣਾਂ ਵਿੱਚ ਸਿੱਧੇ ਮੁਕਾਬਲੇ ਦੀ ਸਥਿਤੀ ਬਣਾਉਣ ਲਈ ਵਿਰੋਧੀ ਧੜਿਆਂ ਮੁੱਖ ਤੌਰ ਉੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ‘ਜਾਗੋ-ਜਗ ਆਸਰਾ ਗੁਰੂ ਓਟ’ (ਜੀਕੇ) ਵਿਚਾਲੇ ਗਠਜੋੜ ਕਾਇਮ ਕਰਨ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਉਹ ਸਫਲ ਨਹੀਂ ਹੋ ਸਕੀਆਂ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਗਠਜੋੜ ਬਣਾਉਣ ਲਈ ਜਿੱਥੇ ਇੱਕ ਧਿਰ ਬਰਾਬਰੀ ਦੇ ਆਧਾਰ ਉੱਤੇ ਜਿੱਤ ਦੀ ਸੰਭਾਵਨਾ ਵਾਲੀਆਂ ਸੀਟਾਂ ਦਾ ਲੈਣ-ਦੇਣ ਕਰਨਾ ਚਾਹੰੁਦੀ ਸੀ, ਉਥੇ ਦੂਸਰੀ ਧਿਰ ਇਸ ਗੱਲ ਉੱਤੇ ਬਜਿ਼ਦ ਸੀ ਕਿ ਜੇ ਗਠਜੋੜ ਹੋਣਾ ਹੈ ਤਾਂ ਇਹ ਬਰਾਬਰੀ ਦੇ ਆਧਾਰ ਉੱਤੇ ਨਹੀਂ, ਸਗੋਂ ਉਸ ਦੀਆਂ ਸ਼ਰਤਾਂ ਉੱਤੇ ਹੋਣਾ ਚਾਹੀਦੀ ਹੈ।
ਗਠਜੋੜ ਹੋ ਸਕਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣ ਦੀ ਗੱਲ ਕਿਸੇ ਵੀ ਧਿਰ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ ਅਤੇ ਬਾਦਲ ਦਲ ਦੇ ਵਿਰੁੱਧ ਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੀਆਂ ਹੋਈਆਂ ਧਿਰਾਂ ਵਿੱਚੋਂ ਵੀ ਕਿਸੇ ਨੇ ਖੁੱਲ੍ਹ ਕੇ ਆਪਣੀ ਹਾਰ ਪ੍ਰਵਾਨ ਨਹੀਂ ਕੀਤੀ, ਫਿਰ ਵੀ ਜਿਸ ਤਰ੍ਹਾਂ ਦੋਵਾਂ ਧਿਰਾਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੀ ਨਿਸ਼ਾਨਦੇਹੀ ਕਰ ਕੇ, ਉਨ੍ਹਾਂ ਨੂੰ ਆਪਣੇ ਚੋਣ ਹਲਕੇ ਵਿੱਚ ਸਰਗਰਮ ਹੋਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਉਸ ਤੋਂ ਆਮ ਲੋਕਾਂ ਵਿੱਚ ਆਪਣੇ ਆਪ ਇਹ ਸੰਦੇਸ਼ ਜਾਣ ਲੱਗਾ ਹੈ ਕਿ ਦੋਵੇਂ ਪਾਰਟੀਆਂ ਦਾ ਗਠਜੋੜ ਬਣ ਸਕਣ ਦੀਆਂ ਸੰਭਾਵਨਾਂ ਦਮ ਤੋੜ ਚੁੱਕੀਆਂ ਹਨ। ਇਸ ਸਥਿਤੀ ਕਾਰਨ ਗੁਰਦੁਆਰਾ ਚੋਣਾਂ ਦੇ ਨਤੀਜੇ ਕਿਸ ਦੇ ਪੱਖ ਵਿੱਚ ਜਾਣਗੇ? ਇਸ ਸਮੇਂ ਇਸ ਬਾਰੇ ਕੁਝ ਵੀ ਕਹਿ ਸਕਣਾ ਸੰਭਵ ਨਹੀਂ। ਇਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਹੋਰ ਪਾਰਟੀਆਂ, ਜਿਨ੍ਹਾਂ ਨੇ ਗੁਰਦੁਆਰਾ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ, ਦੀ ਰਣਨੀਤੀ ਸਪੱਸ਼ਟ ਨਹੀਂ ਹੋ ਸਕੀ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿੱਚ ਚਲਾਏ ਡਾਇਲਸਿਸ ਕੇਂਦਰ, ਜਿਸ ਵਿੱਚ ਮੁਫ਼ਤ ਡਾਇਸਸਿਸ ਕਰਵਾਏ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ, ਦੇ ਸਬੰਧ ਵਿੱਚ ਇੱਕ ਪਾਸੇ ਤਾਂ ਇਹ ਦੱਸਿਆ ਜਾਂਦਾ ਹੈ ਕਿ ਇਸ ਕੇਂਦਰ ਦਾ ਸੰਚਾਲਨ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਤਹਿਤ ਇੱਕ ਐਨ ਜੀ ਓ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਸ ਕੇਂਦਰ ਵਿੱਚ ਡਾਇਲਸਿਸ ਦੀ ਸਹੂਲਤ ਪ੍ਰਾਪਤ ਕਰਨ ਵਾਲੇ ਪ੍ਰਤੀ ਮਰੀਜ਼ ਉੱਤੇ ਸਰਕਾਰ ਵੱਲੋਂ 1650 ਰੁਪਏ ਦਿੱਤੇ ਜਾਂਦੇ ਹਨ, ਜਿਸ ਵਿੱਚੋਂ 500 ਰੁਪਏ ਦਿੱਲੀ ਗੁਰਦੁਆਰਾ ਕਮੇਟੀ ਨੂੰ ਮਿਲਦੇ ਹਨ ਅਤੇ ਬਾਕੀ 1100 ਐਨ ਜੀ ਓ ਵੱਲੋਂ ਆਪਣੇ ਕੋਲ ਰੱਖੇ ਜਾਂਦੇ ਹਨ, ਦੂਸਰੇ ਪਾਸੇ ਇਹ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੇ ਆਗੂਆਂ ਨੇ ਆਮ ਲੋਕਾਂ ਦੇ ਨਾਂ ਇੱਕ ਅਪੀਲ ਜਾਰੀ ਕੀਤੀ ਹੈ ਕਿ ‘ਗੁਰਦੁਆਰਾ ਕਮੇਟੀ ਵੱਲੋਂ’ ਡਾਇਲਸਿਸ (ਕੇਂਦਰ ਨਹੀਂ) ਹਸਪਤਾਲ ਦੀ ਸਥਾਪਨਾ ਕਰ ਕੇ ਉਸ ਵਿੱਚ ਮੁਫ਼ਤ ਸਹੂਲਤਾਂ ਦੇ ਕੇ ‘ਮਨੁੱਖਤਾ ਦੀ ਸੇਵਾ' ਵਿੱਚ ਜੋ ਯੋਗਦਾਨ ਪਾਇਆ ਗਿਆ ਹੈ, ਉਸ ਵਿੱਚ ਆਮ ਲੋਕ ਵਧ-ਚੜ੍ਹ ਕੇ ‘ਯੋਗਦਾਨ ਪਾਉਣ' ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ। ਇਸ ਸਥਿਤੀ ਵਿੱਚ ਸਵਾਲ ਉਠਦਾ ਹੈ ਕਿ ਜੇਕਰ ਆਯੁਸ਼ਮਾਨ ਯੋਜਨਾ ਦੇ ਤਹਿਤ ਇਸ ਕੇਂਦਰ ਵਿੱਚ ਡਾਇਲਸਿਸ ਦੀ ਸਹੂਲਤ ਪ੍ਰਾਪਤ ਕਰਨ ਵਾਲੇ ਪ੍ਰਤੀ ਵਿਅਕਤੀ ਲਈ ਸਰਕਾਰ ਵੱਲੋਂ 1650 ਰੁਪਏ ਮਿਲਦੇ ਹਨ ਤਾਂ ਇਹ ਸੇਵਾ ਮੁਫ਼ਤ ਕਿਵੇਂ ਹੋਈ? ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ‘ਦਾਨ' ਦੀ ਮੰਗ ਵਾਲੀ ਅਪੀਲ ਵਿੱਚ ਇਹ ਗੱਲ ਸਾਫ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਡਾਇਲਸਿਸ ਕੇਂਦਰ ਕਿਸੇ ਐਨ ਜੀ ਓ ਦੇ ਸਹਿਯੋਗ ਨਾਲ ਕਾਇਮ ਕੀਤਾ ਹੈ ਜਾਂ ਨਹੀਂ, ਇਸ ਕੇਂਦਰ ਵਿੱਚ ਸਹੂਲਤ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਲਈ ਸਰਕਾਰ ਦੁਆਰਾ ਕੋਈ ਸਹਿਯੋਗ ਦਿੱਤਾ ਜਾਂਦਾ ਹੈ ਜਾਂ ਨਹੀਂ?
ਇਨ੍ਹੀਂ ਦਿਨੀਂ ਅਜਿਹੀਆਂ ਕੁਝ ਖ਼ਬਰਾਂ ਨਜ਼ਰ ਆਈਆਂ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਡਾਇਲਸਿਸ ਕੇਂਦਰ ਚਲਾ ਰਹੇ ਕੁਝ ਐਨ ਜੀ ਓ ਨੇ ਫਰਜ਼ੀ ਬਿੱਲ ਬਣਾ, ਸਰਕਾਰ ਨੇ ਲੱਖਾਂ-ਕਰੋੜਾਂ ਦੀ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਇਸ ਵਿੱਚ ਸੱਚਾਈ ਹੈ ਤਾਂ ਸਵਾਲ ਉਠਦਾ ਹੈ ਕਿ ਜੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਡਾਇਲਸਿਸ ਕੇਂਦਰ ਦਾ ਸੰਚਾਲਨ ਕਰ ਰਹੇ ਐਨ ਜੀ ਓ, ਜਿਸ ਦਾ ਨਾਂ ਲੁਕਾ ਕੇ ਰੱਖਣਾ ਜ਼ਰੂਰੀ ਹੈ, ਗੁਰਦੁਆਰਾ ਕਮੇਟੀ ਦੇ ਆਗੂ ਆਪਣੇ ਸਿਰ ਸਿਹਰਾ ਬੰਨ੍ਹ ਰਹੇ ਹਨ, ਵੱਲੋਂ ਕਿਸੇ ਸਮੇਂ ਅਜਿਹੀ ਹੇਰਾਫੇਰੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕੀ ਗੁਰਦੁਆਰਾ ਕਮੇਟੀ ਦੇ ਮੁਖੀ ਉਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੋਣਗੇ।
ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਸਰਨਾ ਭਰਾਵਾਂ ਨੇ ਦਿੱਲੀ ਗੁਰਦੁਆਰਾ ਚੋਣਾਂ ਲਈ ਆਪਣੀ ਕਾਂਗਰਸ ਰਣਨੀਤੀ ਬਣਾਉਣ ਦੇ ਮਕਸਦ ਨਾਲ ਅਜਿਹੇ ਲੋਕਾਂ ਨਾਲ ਵਿਚਾਰਾਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜੋ ਮੁੱਖ ਤੌਰ ਉੱਤੇ ਆਮ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਇਸੇ ਸਬੰਧ ਵਿੱਚ ਬੀਤੇ ਦਿਨੀਂ ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਪ੍ਰਗਟ ਕੀਤੇ ਗਏ ਵਿਚਾਰਾਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਦਿੱਲੀ ਦੇ ਸਿੱਖ ਸਭ ਤੋਂ ਵੱਧ ਚਿੰਤਤ ਗੁਰਦੁਆਰਾ ਕਮੇਟੀ ਦੇ ਪ੍ਰਬੰਧਾਂ ਅਧੀਨ ਚਲ ਰਹੀਆਂ ਸਿੱਖਿਆ ਸੰਸਥਾਵਾਂ ਦੇ ਡਿੱਗ ਰਹੇ ਪੱਧਰ ਤੋਂ ਹਨ। ਉਹ ਮੰਨਦੇ ਹਨ ਕਿ ਇਹ ਸੰਸਥਾਵਾਂ ਸਿਰਫ਼ ਸਿੱਖਿਆ ਦਾ ਸਰੋਤ ਨਹੀਂ, ਸਗੋਂ ਇਨ੍ਹਾਂ ਦੀ ਜ਼ਿੰਮੇਵਾਰੀ ਕੌਮੀ ਪਨੀਰੀ ਦੇ ਭਵਿੱਖ ਦੀ ਪ੍ਰਭਾਵੀ ਸਿਰਜਣਾ ਕਰਨ ਦੇ ਪ੍ਰਤੀ ਵੀ ਹੈ। ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਚੇਅਰਮੈਨ ਐਮ ਐਸ ਕੋਹਲੀ ਨੂੰ ਇਸ ਦਾ ਰੰਜ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀ ਹੋਰਨਾਂ ਟਰੱਸਟੀਆਂ ਦੇ ਉਸ ਸੁਪਨੇ ਨੂੰ, ਜੋ ਗੁਰਦੁਆਰਾ ਬਾਲਾ ਸਾਹਿਬ ਵਿੱਚ ਇੱਕ ਅਜਿਹੇ ਮਲਟੀ ਸਪੈਸ਼ਲਿਟੀ ਹਸਪਤਾਲ ਨੂੰ ਹੋਂਦ ਵਿੱਚ ਲਿਆਉਣ ਦਾ ਸੀ, ਜਿਸ ਉੱਤੇ ਸਿੱਖ ਜਗਤ ਮਾਣ ਕਰ ਸਕੇ, ਉਸ ਨੂੰ ਸਿਰਫ਼ ਡਾਇਲਸਿਸ ਕੇਂਦਰ ਬਣਾ ਕੇ ਤੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਸਥਾਪਨਾ ਦਾ ਜੋ ਕਰਾਰ ਕੀਤਾ ਗਿਆ ਸੀ, ਉਸ ਦੇ ਅਨੁਸਾਰ ਹਸਪਤਾਲ ਤੋਂ ਗੁਰਦੁਆਰਾ ਕਮੇਟੀ ਨੂੰ ਜੋ ਲੱਖਾਂ ਦੀ ਆਮਦਨ ਹੋਣੀ ਸੀ, ਉਸ ਨੂੰ ਸਿਰਫ਼ ਸਿੱਖਿਆ ਅਤੇ ਮੈਡੀਕਲ ਖੇਤਰ ਦੇ ਵਿਸਤਾਰ ਉੱਤੇ ਹੀ ਖਰਚ ਕੀਤਾ ਜਾਣਾ ਸੀ।
ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਦੀ ਰੱਖਿਆ ਤਦ ਹੀ ਕੀਤੀ ਜਾ ਸਕਦੀ ਹੈ, ਜੇਕਰ ਉਸਦੇ ਪੈਰੋਕਾਰ ਖੁਦ ਨੂੰ ਸਿਆਸੀ ਸੱਤਾ ਦੀ ਲਾਲਸਾ ਤੋਂ ਮੁਕਤ ਰੱਖਣ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਸਿਆਸਤ ਵਿੱਚ ਤਾਂ ਗੈਰ-ਸਿਧਾਂਤਕ ਸਮਝੌਤੇ ਕੀਤੇ ਜਾ ਸਕਦੇ ਹਨ, ਧਰਮ ਦੇ ਮਾਮਲੇ ਵਿੱਚ ਕਿਸੇ ਕਿਸਮ ਦਾ ਗੈਰ-ਸਿਧਾਂਤਕ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਜਦੋਂ ਗੁਰੂ ਸਾਹਿਬਾਨ ਨੇ ਆਪਣੇ ਸਮੇਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ, ਓਦੋਂ ਉਨ੍ਹਾਂ ਦੇ ਕੋਲ ਨਾ ਕੋਈ ਰਾਜ ਸੱਤਾ ਸੀ ਅਤੇ ਨਾ ਕੋਈ ਰਾਜ ਸ਼ਕਤੀ। ਉਸ ਸਮੇਂ ਸਿੱਖ ਧਰਮ ਦਾ ਜਿੰਨਾ ਸਾਰਥਕ ਪ੍ਰਚਾਰ-ਪ੍ਰਸਾਰ ਹੋਇਆ, ਓਨਾ ਸ਼ਾਇਦ ਉਸ ਦੇ ਬਾਅਦ ਕਦੇ ਨਹੀਂ ਹੋ ਸਕਿਆ। ਜੇ ਇਹ ਕਿਹਾ ਜਾਵੇ ਕਿ ਅੱਜ ਸਾਰੀ ਸਿੱਖ ਸ਼ਕਤੀ ਅਤੇ ਸਿੱਖ ਸੰਸਥਾਵਾਂ ਦੇ ਸਾਧਨਾਂ ਨੂੰ ਰਾਜ ਸੱਤਾ ਦੀ ਲਾਲਸਾ ਨੂੰ ਪੂਰਾ ਕਰਨ ਲਈ ਵਰਤਿਆ ਜਾ ਰਿਹਾ ਹੈ ਤਾਂ ਇਸ ਵਿੱਚ ਅਤਿਕਥਨੀ ਨਹੀਂ ਹੋਵੇਗੀ। ਕੀ ਅਜਿਹੇ ਵਿੱਚ ਮੰਨਿਆ ਜਾ ਸਕਦਾ ਹੈ ਕਿ ਰਾਜ ਸੱਤਾ ਹਾਸਲ ਕਰਕੇ, ਧਾਰਮਿਕ ਮਾਨਤਾਵਾਂ ਦੀ ਰੱਖਿਆ ਕਰਨ ਦੇ ਪ੍ਰਤੀ ਸਮਰਪਿਤ ਰਿਹਾ ਜਾ ਸਕਦਾ ਹੈ।

 

Have something to say? Post your comment