Welcome to Canadian Punjabi Post
Follow us on

22

April 2021
ਨਜਰਰੀਆ

ਸੰਘਰਸ਼ ਵਿੱਚ ਹੋਰ ਨਿੱਖਰਦੀ ਰਹੀ ਹੈ ਮਮਤਾ ਬੈਨਰਜੀ

March 21, 2021 10:53 PM

-ਆਸ਼ੂਤੋਸ਼
ਭਾਰਤੀ ਜਨਤਾ ਪਾਰਟੀ ਨੇ ਪੱਛਮ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਜੰਗ ਵਿੱਚ ਬਦਲ ਦਿੱਤਾ ਹੈ। ਇਸ ਹਾਲਤ ਵਿੱਚ ਹਰ ਤਰ੍ਹਾਂ ਦੇ ਦਾਅ ਅਪਣਾਉਣ ਤੋਂ ਇਲਾਵਾ ਮਮਤਾ ਬੈਨਰਜੀ ਕੋਲ ਵੀ ਕੋਈ ਚਾਰਾ ਨਹੀਂ। ਜਿਹੜੀਆਂ ਦੋ ਘਟਨਾਵਾਂ ਇਨ੍ਹਾਂ ਚੋਣਾਂ ਦੀ ਦਸ਼ਾ ਤੇ ਦਿਸ਼ਾ ਨੂੰ ਤੈਅ ਕਰਨਗੀਆਂ, ਉਹ ਹਨ ਜਨਤਕ ਸਟੇਜ ਤੋਂ ਮਮਤਾ ਬੈਨਰਜੀ ਵੱਲੋਂ ਚੰਡੀ ਪਾਠ ਕਰਨਾ ਅਤੇ ਪੈਰ ਉੱਤੇ ਚੜ੍ਹਾਏ ਪਲਸਤਰ ਨਾਲ ਵ੍ਹੀਲਚੇਅਰ ਉੱਤੇ ਚੋਣ ਪ੍ਰਚਾਰ ਕਰਨਾ। ਮਮਤਾ ਉੱਤੇ ਨਿੱਜੀ ਹਮਲੇ ਕਰਨ ਦੀ ਬੇਹੱਦ ਹਮਲਵਾਰ ਨੀਤੀ ਲਈ ਵੀ ਭਾਜਪਾ ਨੂੰ ਪਛਤਾਉਣਾ ਪੈ ਸਕਦਾ ਹੈ।
ਨੇਤਾ ਵਜੋਂ ਮਮਤਾ ਬੈਨਰਜੀ ਨੂੰ ਉਪਰ ਤੋਂ ਨਹੀਂ ਸੀ ਠੋਸਿਆ ਗਿਆ। ਉਹ ਸੜਕ ਤੋਂ ਉਪਰ ਉਠੀ ਹੈ। ਅੱਜ ਉਹ ਆਪਣੇ ਆਪ ਵਿੱਚ ਇੱਕ ਅਹਿਮ ਨੇਤਾ ਹੈ ਤਾਂ ਇਸ ਦਾ ਕਾਰਨ ਸੜਕ ਉੱਤੇ ਲੜਨ ਦੀ ਉਸ ਦੀ ਤਾਕਤ ਹੈ। ਮੂਲ ਰੂਪ ਵਿੱਚ ਉਹ ਕਾਂਗਰਸ ਦੀ ਹੈ। 1990 ਦੇ ਦਹਾਕੇ ਵਿੱਚ ਜਦੋਂ ਮਮਤਾ ਨੂੰ ਇੰਝ ਲੱਗਾ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਉਨ੍ਹਾਂ ਦੀਆਂ ਇੱਛਾਵਾਂ ਨੂੰ ਕੁਚਲ ਰਹੀ ਹੈ ਤਾਂ ਉਨ੍ਹਾਂ ਬਗਾਵਤ ਕਰ ਕੇ ਆਪਣੀ ਪਾਰਟੀ ਬਣਾ ਲਈ ਸੀ। ਇਹ ਬਹੁਤ ਵੱਡਾ ਫੈਸਲਾ ਸੀ। ਉਨ੍ਹਾਂ ਦਿਨਾਂ ਵਿੱਚ ਕਿਹਾ ਜਾਂਦਾ ਸੀ ਕਿ ਜਿਹੜੇ ਨੇਤਾ ਪਾਰਟੀ ਤੋੜ ਕੇ ਵੱਖਰੇ ਹੋ ਜਾਣ, ਉਹ ਵਧੇਰੇ ਦਿਨ ਤੱਕ ਟਿਕ ਨਹੀਂ ਸਕਦੇ। ਸ਼ਰਦ ਪਵਾਰ ਵਰਗੇ ਲੋਕ ਇਸ ਦੇ ਉਲਟ ਮਿਸਾਲ ਸਨ। ਮਮਤਾ ਦੀ ਬਗਾਵਤ ਤੋਂ ਪਹਿਲਾਂ ਕਾਂਗਰਸ ਦੇ ਦੋ ਚੋਟੀ ਦੇ ਆਗੂਆਂ ਅਰਜਨ ਸਿੰਘ ਤੇ ਐਨ ਡੀ ਤਿਵਾੜੀ ਨੇ ਨਰਸਿਮ੍ਹਾ ਰਾਓ ਦੀ ਲੀਡਰਸ਼ਿਪ ਵਿਰੁੱਧ ਝੰਡਾ ਚੁੱਕਿਆ ਤੇ ਵੱਖਰੀ ਪਾਰਟੀ ਬਣਾ ਕੇ ਚੋਣਾਂ ਇਸ ਆਸ ਨਾਲ ਲੜੀਆਂ ਸਨ ਕਿ ਲੋਕ ਉਨ੍ਹਾਂ ਦੀ ਪਾਰਟੀ ਨੂੰ ਅਸਲੀ ਕਾਂਗਰਸ ਮੰਨ ਲੈਣਗੇ। ਇਹ ਬਹੁਤੇ ਵਧੇਰੇ ਦਿਨ ਵਿੱਚ ਨਹੀਂ ਚੱਲ ਸਕਿਆ ਅਤੇ ਦੋਹਾਂ ਨੂੰ ਮੂਲ ਸੰਗਠਨ ਵਿੱਚ ਵਾਪਸ ਆਉਣਾ ਪਿਆ।
ਮਮਤਾ ਬੈਨਰਜੀ ਨੇ ਕਾਂਗਰਸ ਛੱਡਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਮਾੜੇ ਦਿਨਾਂ ਵਿੱਚੋਂ ਲੰਘੀ ਪਰ ਪ੍ਰਣਬ ਮੁਖਰਜੀ ਵਾਂਗ ਕਾਂਗਰਸ ਵਿੱਚ ਵਾਪਸ ਜਾਣ ਦਾ ਵਿਚਾਰ ਉਸ ਦੇ ਮਨ ਵਿੱਚ ਕਦੇ ਨਹੀਂ ਆਇਆ। ਸੋਨੀਆ ਗਾਂਧੀ ਨਾਲ ਚੰਗੇ ਸਬੰਧ ਹੋਣ ਦੇ ਬਾਵਜੂਦ ਮਮਤਾ ਨੇ ਉਨ੍ਹਾਂ ਅੱਗੇ ਆਤਮਸਮਰਪਣ ਕਰਨ ਦੀ ਥਾਂ ਭਾਜਪਾ ਨਾਲ ਹੱਥ ਮਿਲਾਉਣਾ ਠੀਕ ਸਮਝਿਆ। ਉਸ ਦੀ ਮਿਹਨਤ ਰੰਗ ਲਿਆਈ ਤੇ 2011 ਵਿੱਚ ਉਹ ਚੋਣਾਂ ਜਿੱਤ ਗਈ। ਪੱਛਮੀ ਬੰਗਾਲ ਵਿੱਚ ਸੀ ਪੀ ਆਈ (ਐਮ) ਦੀ ਅਗਵਾਈ ਵਾਲੀ ਖੱਬੇਪੱਖੀ ਮੋਰਚੇ ਦੀ ਸਰਕਾਰ ਨੂੰ ਹਰਾਇਆ ਅਤੇ ਆਪਣੀ ਸਰਕਾਰ ਬਣਾਉਣ ਵਿੱਚ ਸਫਲ ਰਹੀ। ਪੱਛਮੀ ਬੰਗਾਲ ਵਿੱਚ ਕਿਸੇ ਸਮੇਂ ਖੱਬੇ ਪੱਖੀ ਮੋਰਚੇ ਨੂੰ ਅਜੇਤੂ ਸਮਝਿਆ ਜਾਂਦਾ ਸੀ। ਮਮਤਾ ਬੈਨਰਜੀ ਨੇ ਉਹ ਕਰ ਦਿਖਾਇਆ, ਜੋ ਓਦੋਂ ਕੋਈ ਸੋਚ ਵੀ ਨਹੀਂ ਸੀ ਸਕਦਾ। ਇੱਕ ਵਾਰ ਖੱਬੇ ਪੱਖੀ ਮੋਰਚੇ ਵਾਲਿਆਂ ਨੇ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਕੀਤਾ, ਇਸ ਦੇ ਬਾਵਜੂਦ ਉਹ ਰੁਕੀ ਨਹੀਂ। ਕੋਈ ਹੋਰ ਸਿਆਸਤਦਾਨ ਹੁੰਦਾ ਤਾਂ ਹੌਸਲਾ ਛੱਡ ਦਿੰਦਾ। ਮਮਤਾ ਨੇ ਇੰਝ ਨਹੀਂ ਕੀਤਾ। ਨੰਦੀਗ੍ਰਾਮ ਅਤੇ ਸਿੰਗੂਰ ਨੇ ਉਸ ਦੀ ਸਫਲਤਾ ਦਾ ਰਾਹ ਖੋਲ੍ਹ ਦਿੱਤਾ।
ਜੇ ਭਾਜਪਾ ਨੇ ਇਹ ਸੋਚਿਆ ਹੈ ਕਿ ਲਗਾਤਾਰ ਤਿੱਖੇ ਹਮਲਿਆਂ ਨਾਲ ਮਮਤਾ ਨੂੰ ਡਰਾ ਲਵੇਗੀ ਤਾਂ ਇਹ ਕਹਿਣਾ ਠੀਕ ਹੋਵੇਗਾ ਕਿ ਭਾਜਪਾ ਨੇ ਹੋਮਵਰਕ ਠੀਕ ਤਰ੍ਹਾਂ ਨਹੀਂ ਕੀਤਾ। ਮਮਤਾ ਅਜਿਹੀ ਨੇਤਾ ਹੈ ਜੋ ਉਲਟ ਸਮੇਂ ਵਿੱਚ ਵਧੀਆ ਪ੍ਰਦਰਸ਼ਨ ਕਰਦੀ ਹੈ ਅਤੇ ਸੰਘਰਸ਼ ਦਾ ਆਨੰਦ ਉਠਾਉਂਦੀ ਹੈ।
ਪੱਛਮੀ ਬੰਗਾਲ ਵਿੱਚ ਬਿਨਾਂ ਸ਼ੱਕ ਭਾਜਪਾ ਬੜੀ ਤੇਜ਼ੀ ਨਾਲ ਅੱਗੇ ਵਧੀ ਹੈ। ਉਸ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿੱਚ 16 ਫੀਸਦੀ ਵੋਟਾਂ ਵੱਧ ਮਿਲੀਆਂ ਅਤੇ ਉਸ ਨੇ ਤਿੰਨ ਸੀਟਾਂ ਜਿੱਤ ਲਈਆਂ। ਪੰਜ ਸਾਲ ਵਿੱਚ ਉਸ ਦੇ ਵੋਟ ਸ਼ੇਅਰ ਵਿੱਚ 24 ਫੀਸਦੀ ਵਾਧਾ ਹੋਇਆ ਅਤੇ ਉਸ ਨੂੰ ਤਿ੍ਰਣਮੂਲ ਕਾਂਗਰਸ ਦੀਆਂ 24 ਸੀਟਾਂ ਦੇ ਮੁਕਾਬਲੇ 18 ਸੀਟਾਂ ਮਿਲੀਆਂ। ਇਹ ਡਰਾਉਣ ਵਾਲੇ ਅੰਕੜੇ ਹਨ। ਆਸਾਨੀ ਨਾਲ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੀ ਹਾਲਤ ਵਿੱਚ ਹੋਰ ਸੁਧਾਰ ਹੋ ਜਾਵੇਗਾ। ਇਸ ਕਹਾਣੀ ਵਿੱਚ ਇੱਕ ਮੋੜ ਹੈ। ਭਾਜਪਾ ਦੀ ਉਮੀਦ ਮੁਤਾਬਿਕ ਸਫਲਤਾ ਦੇ ਬਾਵਜੂਦ ਮਮਤਾ ਦੇ ਸਮਾਜਿਕ ਆਧਾਰ ਵਿੱਚ ਉਹ ਸੰਨ੍ਹ ਨਹੀਂ ਲਾ ਸਕੀ। ਖੱਬੇ ਪੱਖੀ ਮੋਰਚੇ ਨੂੰ 2011 ਦੀਆਂ ਚੋਣਾਂ ਵਿੱਚ ਹਰਾਉਣ ਮਗਰੋਂ ਅੱਜ ਤੱਕ ਤਿ੍ਰਣਮੂਲ ਕਾਂਗਰਸ ਨੂੰ ਲਗਾਤਾਰ 42 ਤੋਂ 45 ਫੀਸਦੀ ਵੋਟਾਂ ਮਿਲਦੀਆਂ ਰਹੀਆਂ ਹਨ। ਭਾਜਪਾ ਨੂੰ ਕਾਂਗਰਸ ਅਤੇ ਖੱਬੇ ਪੱਖੀ ਮੋਰਚੇ ਦੀ ਕੀਮਤ ਉੱਤੇ ਲਾਭ ਹਾਸਲ ਹੋਇਆ ਹੈ। ਮਮਤਾ ਨੇ ਕਾਂਗਰਸ ਨੂੰ ਤੋੜਨ ਪਿੱਛੋਂ ਉਸਦਾ ਸਮਾਜਿਕ ਆਧਾਰ ਖੋਹ ਲਿਆ ਹੈ। ਕਾਂਗਰਸ ਦੇ ਵਧੇਰੇ ਵੋਟਰ ਤ੍ਰਿਣਮੂਲ ਵਿੱਚ ਆ ਗਏ। ਜਦੋਂ ‘ਮੋਹ ਭੰਗ ਹੋਏ' ਖੱਬੇ ਪੱਖੀ ਹਮਾਇਤੀ ਵੋਟਰਾਂ ਨੇ ਤਿ੍ਰਣਮੂਲ ਦਾ ਹੱਥ ਫੜਿਆ ਤਾਂ ਮਮਤਾ ਨੇ ਖੱਬੇ ਪੱਖੀ ਮੋਰਚੇ ਨੂੰ ਢਹਿ-ਢੇਰੀ ਕਰ ਦਿੱਤਾ। ਅੱਜ ਖੱਬੇ ਪੱਖੀ ਮੋਰਚਾ ਅਤੇ ਕਾਂਗਰਸ ਇਕੱਠੇ ਹਨ। ਉਨ੍ਹਾਂ ਕੋਲੋਂ ਨਾ ਮਮਤਾ ਬੈਨਰਜੀ ਅਤੇ ਨਾ ਭਾਜਪਾ ਨੂੰ ਕੋਈ ਖਤਰਾ ਹੈ।
ਇਹ ਗੱਲ ਰੱਦ ਨਹੀਂ ਕੀਤੀ ਜਾ ਸਕਦੀ ਕਿ ਭਾਜਪਾ-ਆਰ ਐਸ ਐਸ ਨੇ ਹਿੰਦੂ ਵੋਟਾਂ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ, ਪਰ ਉਤਰੀ ਭਾਰਤੀ ਦੇ ਕੁਝ ਰਾਜ ਛੱਡ ਕੇ ਕੁੱਲ ਪਈਆਂ ਵੋਟਾਂ ਵਿੱਚੋਂ ਇਨ੍ਹਾਂ ਵੋਟਾਂ ਦਾ ਹਿੱਸਾ 50 ਫੀਸਦੀ ਤੋਂ ਵੱਧ ਨਹੀਂ ਹੁੰਦਾ। ਇਸ ਵਿੱਚ ਵੀ ਮੋਦੀ ਇੱਕ ਅਹਿਮ ਕਾਰਕ ਹਨ। ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਮੋਦੀ ਦੇ ਉਮੀਦਵਾਰ ਨਹੀਂ ਹੁੰਦੇ, ਭਾਜਪਾ ਦੇ ਵੋਟ ਸ਼ੇਅਰ ਵਿੱਚ 8 ਤੋਂ 24 ਫੀਸਦੀ ਗਿਰਾਵਟ ਆ ਜਾਂਦੀ ਹੈ। 2017 ਤੋਂ ਅੱਜ ਤੱਕ 12 ਰਾਜਾਂ ਦੀਆਂ ਅਸੈਂਬਲੀ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਦੇ ਅੰਕੜੇ ਇਹੋ ਪੁਸ਼ਟੀ ਕਰਦੇ ਹਨ। ਇਸ ਤਰ੍ਹਾਂ ਭਾਜਪਾ ਨੂੰ ਬਿਹਾਰ ਵਿੱਚ 17 ਫੀਸਦੀ, ਦਿੱਲੀ ਵਿੱਚ 18 ਫੀਸਦੀ, ਮਹਾਰਾਸ਼ਟਰ ਵਿੱਚ 8 ਫੀਸਦੀ ਅਤੇ ਹਰਿਆਣਾ ਵਿੱਚ 22 ਫੀਸਦੀ ਵੋਟਾਂ ਦਾ ਨੁਕਸਾਨ ਹੋਇਆ ਹੈ।
ਭਾਜਪਾ ਲਈ 2019 ਵਾਲਾ ਪ੍ਰਦਰਸ਼ਨ ਦੁਹਰਾ ਸਕਣਾ ਔਖਾ ਹੋਵੇਗਾ। ਇਸ ਤੋਂ ਇਲਾਵਾ ਉਸ ਨੂੰ ਚਾਰ ਤੋਂ ਪੰਜ ਫੀਸਦੀ ਵੋਟਾਂ ਦਾ ਵਾਧੂ ਨੁਕਸਾਨ ਹੋ ਸਕਦਾ ਹੈ। ਪੱਛਮੀ ਬੰਗਾਲ ਦੇ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਵੋਟਾਂ 2014 ਦੀਆਂ ਲੋਕ ਸਭਾ ਦੀਆਂ ਵੋਟਾਂ ਤੋਂ ਛੇ ਫੀਸਦੀ ਘੱਟ ਸਨ। ਇਸ ਪੱਖ ਤੋਂ ਖੁਦ ਨੂੰ ਹਿੰਦੂ ਨੇਤਾ ਵਜੋਂ ਪੇਸ਼ ਕਰਨ ਦੀ ਮਮਤਾ ਬੈਨਰਜੀ ਦੀ ਕੋਸ਼ਿਸ਼ ਨਾਲ ਭਾਜਪਾ ਦੀ ਮੁਸ਼ਕਿਲ ਵਧੇਗੀ। ਅਜਿਹੀ ਹਾਲਤ ਵਿੱਚ ਪਲਸਤਰ ਚੜ੍ਹੇ ਪੈਰ ਕਾਰਨ ਮਮਤਾ ਨੂੰ ਹਮਦਰਦੀ ਦੀਆਂ ਵੋਟਾਂ ਮਿਲੀਆਂ ਤਾਂ ਭਾਜਪਾ ਦੀਆਂ ਮੁਸ਼ਕਲਾਂ ਹੋਰ ਵੀ ਵਧ ਜਾਣਗੀਆਂ।

 

Have something to say? Post your comment