Welcome to Canadian Punjabi Post
Follow us on

22

April 2021
ਨਜਰਰੀਆ

ਸਹੀ ਸਮੇਂ ਉੱਤੇ ਸਹੀ ਫੈਸਲਾ

March 21, 2021 10:49 PM

-ਕੈਲਾਸ਼ ਚੰਦਰ ਸ਼ਰਮਾ
ਇਸ ਸੰਸਾਰ ਵਿੱਚ ਵਿਚਰਦਿਆਂ ਹਰ ਵਿਅਕਤੀ ਦੀਆਂ ਆਪੋ-ਆਪਣੀਆਂ ਖਾਹਿਸ਼ਾਂ ਹੁੰਦੀਆਂ ਹਨ, ਪਰ ਸੁੱਖਾਂ ਭਰੀ ਜ਼ਿੰਦਗੀ ਤੇ ਸ਼ੋਹਰਤ ਦੀ ਇੱਛਾ ਲੱਗਭਗ ਹਰ ਇਨਸਾਨ ਦੀ ਹੁੰਦੀ ਹੈ। ਉਹ ਚਾਹੁੰਦਾ ਹੈ ਕਿ ਉਸ ਦੀ ਸਮਾਜ ਵਿੱਚ ਵਿਸ਼ੇਸ਼ ਪਛਾਣ ਹੋਵੇ, ਭਾਈਚਾਰੇ ਤੋਂ ਕੁਝ ਵੱਖਰਾ ਕਰ ਕੇ ਵਾਹ-ਵਾਹ ਲੁੱਟੋ ਤੇ ਚਰਚਿਤ ਲੋਕਾਂ ਦੀ ਸ਼੍ਰੇਣੀ ਵਿੱਚ ਸੁਮਾਰ ਹੋਵੇ। ਇਸ ਦੀ ਪ੍ਰਾਪਤੀ ਲਈ ਉਸ ਨੂੰ ਲੋੜ ਹੁੰਦੀ ਹੈ ਆਰਥਿਕ ਖ਼ੁਸ਼ਹਾਲੀ, ਤੰਦਰੁਸਤੀ, ਪਿਆਰ ਭਰੇ ਰਿਸ਼ਤਿਆਂ ਦਾ ਆਨੰਦ ਤੇ ਉਚਾ ਅਹੁਦਾ ਭਾਵ ਮਾਣ-ਸਨਮਾਨ ਦੀ। ਦੁਨੀਆਂਦਾਰੀ ਦੇ ਵਹਿਣ ਵਿੱਚ ਵਹਿੰਦਿਆਂ ਕਈ ਦੁੱਖਾਂ-ਸੁੱਖਾਂ ਦੇ ਪੁਲਾਂ ਹੇਠਾਂ ਲੰਘਦੀ ਜ਼ਿੰਦਗੀ ਦੀ ਕਿਸ਼ਤੀ ਹਰ ਰੋਜ਼ ਅਨੁਭਵ ਦੀਆਂ ਲਹਿਰਾਂ ਦੇ ਥਪੇੜੇ ਖਾਂਦੀ ਅੱਗੇ ਵਧਦੀ ਹੈ ਅਤੇ ਇੱਕੋ ਜਿੰਨੀ ਜਾਂ ਵੱਧ-ਘੱਟ ਯੋਗਤਾ ਵਾਲੇ ਲੋਕਾਂ ਨਾਲ ਪੇਚਾ ਪੈਂਦਾ ਹੈ। ਇਨ੍ਹਾਂ ਵਿੱਚੋਂ ਸਹੀ ਸਮੇਂ ਸਹੀ ਫ਼ੈਸਲਾ ਲੈਣ ਵਾਲੇ ਲੋਕ ਸਫਲਤਾ ਦੀ ਰਾਹ ਉੱਤੇ ਵਧਦੇ ਹੋਏ ਇਤਿਹਾਸ ਰਚ ਜਾਂਦੇ ਹਨ, ਜਦੋਂ ਕਿ ਸਹੀ ਸਮੇਂ ਸਹੀ ਕਦਮ ਨਾ ਚੁੱਕ ਸਕਣ ਵਾਲੇ ਇਨਸਾਨ ਸਦਾ ਕਸ਼ਟ ਤੇ ਦੁੱਖ ਦੇ ਹਿੱਸੇਦਾਰ ਬਣੇ ਰਹਿੰਦੇ ਹਨ। ਅਜਿਹੇ ਲੋਕ ਜ਼ਿੰਦਗੀ ਵਿੱਚ ਨਾ ਕੁਝ ਬਣ ਸਕਦੇ ਹਨ ਅਤੇ ਨਾ ਸਮਾਜ ਵਿੱਚ ਇਨ੍ਹਾਂ ਦਾ ਕੋਈ ਵਿਸ਼ੇਸ਼ ਸਥਾਨ ਹੁੰਦਾ ਹੈ, ਜਿਸ ਕਰ ਕੇ ਸਾਰੀ ਉਮਰ ਆਪਣੀ ਤਕਦੀਰ ਨੂੰ ਕੋਸਦੇ ਰਹਿੰਦੇ ਹਨ।
ਕੁਦਰਤ ਹਰ ਕਿਸੇ ਨੂੰ ਕੋਈ ਨਾ ਕੋਈ ਕਲਾ ਬਖ਼ਸ਼ਦੀ ਹੈ, ਉਸ ਕਲਾ ਨੂੰ ਪਰਖਣ ਅਤੇ ਤਰਾਸ਼ਣ ਵਾਲੇ ਇਨਸਾਨ ਇੱਕ ਨਾ ਇੱਕ ਦਿਨ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਹਰ ਵਿਅਕਤੀ ਨੂੰ ਜੀਵਨ ਵਿੱਚ ਅੱਗੇ ਵੱਧਣ ਦੇ ਮੌਕੇ ਦੀ ਲੋੜ ਹੁੰਦੀ ਹੈ ਅਤੇ ਇਹ ਸਾਰਾ ਸੰਸਾਰ ਅੱਗੇ ਵਧਣ ਦੇ ਮੌਕਿਆਂ ਨਾਲ ਭਰਿਆ ਪਿਆ ਹੈ, ਪਰ ਢੁਕਵੇਂ ਮੌਕੇ ਦੀ ਪਛਾਣ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸਹੀ ਸਮੇਂ ਸਹੀ ਮੌਕੇ ਨੂੰ ਪਛਾਣ ਕੇ ਸਹੀ ਦਿਸ਼ਾ ਵਿੱਚ ਕੰਮ ਕਰਨਾ ਹੀ ਇੱਕ ਸਫਲ ਵਿਅਕਤੀ ਦੀ ਕਾਮਯਾਬੀ ਦਾ ਰਾਜ਼ ਹੁੰਦਾ ਹੈ। ਅਜਿਹੇ ਲੋਕ ਪਲਾਂ ਵਿੱਚ ਗੁਰਬਤ ਦਾ ਫਾਹਾ ਵੱਢ ਦਿੰਦੇ ਹਨ ਜਦੋਂ ਕਿ ਕੰਮ ਚੋਰ ਅਤੇ ਵਿਹਲੜ ਲੋਕ ਹੱਥ ਆਏ ਮੌਕੇ ਵੀ ਗੁਆ ਲੈਂਦੇ ਹਨ ਤੇ ਫਿਰ ‘ਜੇ' ਅਤੇ ‘ਕਾਸ਼' ਵਰਗੇ ਸ਼ਬਦਾਂ ਦੀ ਘੁੰਮਣਘੇਰੀ ਵਿੱਚ ਸਾਰੀ ਜ਼ਿੰਦਗੀ ਤੜਫਦੇ ਰਹਿੰਦੇ ਹਨ। ਮੌਕੇ ਗੁਆਉਣਾ ਕਾਮਯਾਬੀ ਨੰੁ ਗੁਆਉਣ ਦੇ ਬਰਾਬਰ ਹੁੰਦਾ ਹੈ। ਕਈ ਵਾਰ ਅਸੀਂ ਸੋਚਦੇ ਰਹਿੰਦੇ ਹਾਂ ਕਿ ਜੇ ਵਧੀਆ ਮੌਕਾ ਮਿਲੇ ਤਾਂ ਨੇਕ ਕੰਮ ਕਰੀਏ, ਪਰ ਸਾਡੀ ਵਧੀਆ ਜਾਂ ਨੇਕ ਕੰਮ ਕਰਨ ਦੀ ਇੱਛਾ ਅਧੂਰੀ ਰਹਿੰਦੀ ਹੈ ਅਤੇ ਮੌਕੇ ਹੱਥਾਂ ਵਿੱਚੋਂ ਰੇਤ ਵਾਂਗ ਕਿਰ ਜਾਂਦੇ ਤੇ ਸਾਡੇ ਪੱਲੇ ਪੈਂਦੀ ਹੈ ਸਿਰਫ਼ ਬੋਝਲ ਉਦਾਸੀ। ਜੇ ਅਸੀਂ ਅੱਖਾਂ ਖੋਲ੍ਹ ਕੇ ਅਸਲੀਅਤ ਨੂੰ ਵੇਖਣਾ ਨਹੀਂ ਸਿੱਖਦੇ, ਆਤਮ-ਵਿਸ਼ਲੇਸ਼ਣ ਨਹੀਂ ਕਰਦੇ, ਅਨਮੋਲ ਸਮਾਂ ਐਵੇਂ ਹੀ ਗੁਆਈ ਜਾਂਦੇ ਹਾਂ, ਸਹੀ ਸਮੇਂ ਸਹੀ ਗੇਅਰ ਪਾਉਣਾ ਨਹੀਂ ਸਿੱਖਦੇ ਤਾਂ ਕੁਝ ਵੱਖਰਾ ਕਰਨ ਦੀ ਇੱਛਾ ਕਦੇ ਵੀ ਪੂਰੀ ਨਹੀਂ ਹੁੰਦੀ ਤੇ ਅਸੀਂ ਜ਼ਿੰਦਗੀ ਦੇ ਅਸਲੀ ਰਸ ਦੇ ਸੁਆਦ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਲਈ ਸਾਹਮਣੇ ਆਏ ਹਰ ਮੌਕੇ ਨੂੰ ਫੜਨ ਦੀ ਕੋਸ਼ਿਸ ਕਰੋ। ਜੋ ਇੱਕ ਵਾਰ ਮੌਕਾ ਖੁੰਝ ਗਿਆ ਤਾਂ ਦੁਬਾਰਾ ਨਹੀਂ ਮਿਲਦਾ। ਦੂਸਰਾ ਮੌਕਾ ਸਿਰਫ਼ ਕਹਾਣੀਆਂ ਹੀ ਦਿੰਦੀਆਂ ਹਨ। ਇਸ ਲਈ ਬੰਦ ਕਰੋ ਸਹੀ ਵਕਤ, ਸਹੀ ਮੌਕਿਆਂ ਤੇ ਸਹੀ ਹਾਲਾਤ ਦਾ ਇੰਤਜ਼ਾਰ ਕਰਨਾ ਕਿਉਂਕਿ ਵਕਤ ਦੇ ਹਾਲਾਤ ਕਦੇ ਵੀ ਕਿਸੇ ਦੇ ਵੀ ਸਹੀ ਨਹੀਂ ਆਉਂਦੇ, ਬਲਕਿ ਇਨ੍ਹਾਂ ਨੂੰ ਸਹੀ ਆਪ ਹੀ ਬਣਾਉਣਾ ਪੈਂਦਾ ਹੈ।
ਹਰ ਵਿਅਕਤੀ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਅਤੇ ਵਿਅਕਤੀ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਇਹ ਚੰਗੇ ਹੋਣ ਜਾਂ ਮਾੜੇ। ਕਈ ਵਾਰ ਆਦਮੀ ਗੁੱਸੇ ਵਿੱਚ ਆ ਕੇ ਕੌੜੇ ਬੋਲਾਂ ਦੀ ਵਰਤੋਂ ਕਰਦਾ ਹੈ। ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਬੋਲੇ ਗਏ ਸ਼ਬਦ ਮੁਆਫ਼ ਤਾਂ ਕੀਤੇ ਜਾ ਸਕਦੇ ਹਨ, ਭੁਲਾਏ ਨਹੀਂ ਜਾ ਸਕਦੇ। ਅਨਮੋਲ ਸਮਾਂ ਐਵੇਂ ਨਾ ਗੁਆਓ। ਸ਼ੁਰੂ ਵਿੱਚ ਅਸੀਂ ਇਸ ਦੀ ਕੀਮਤ ਨਹੀਂ ਸਮਝਦੇ, ਜਿਸ ਦਿਨ ਇਸ ਦੀ ਕੀਮਤ ਸਮਝ ਆਉਂਦੀ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਜੇ ਵਿਅਕਤੀ ਨੂੰ ਸਮੇਂ ਦੀ ਸਦਵਰਤੋਂ ਦੀ ਕਲਾ ਆ ਜਾਵੇ ਤਾਂ ਉਸ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਆਪਣੇ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਕਈ ਵਾਰ ਅਸੀਂ ਦੂਸਰਿਆਂ ਨੂੰ ਲੋੜ ਤੋਂ ਜ਼ਿਆਦਾ ਵਕਤ ਤੇ ਇੱਜ਼ਤ ਦੇਣ ਲੱਗ ਪੈਂਦੇ ਹਾਂ ਅਤੇ ਜਦੋਂ ਉਹ ਵਿਅਕਤੀ ਇਸ ਦੇ ਬਦਲੇ ਤੁਹਾਨੂੰ ਗਿਰਿਆ ਹੋਇਆ ਸਮਝਣ ਲੱਗ ਪੈਂਦਾ ਹੈ ਤਾਂ ਦੁੱਖ ਹੁੰਦਾ ਹਾਂ। ਅਤੀਤ ਦੀਆਂ ਬੁਰੀਆਂ ਗੱਲਾਂ ਤੇ ਘਟਨਾਵਾਂ ਯਾਦ ਕਰਕੇ ਪਛਤਾਵਾ ਕਰਨ ਨਾਲ ਅਤੀਤ ਨਹੀਂ ਬਦਲਦਾ, ਸਗੋਂ ਅੱਜ ਤੇ ਭਵਿੱਖ ਦੋੋਵੇਂ ਵਿਗੜਦੇ ਹਨ। ਜੀਵਨ ਕੁੜੱਤਣ ਭਰਿਆ ਬਣ ਜਾਂਦਾ ਹੈ। ਜੀਵਨ ਜਿਉਣ ਦੀ ਉਮੰਗ ਖ਼ਤਮ ਹੋ ਜਾਂਦੀ ਹੈ।
ਇਸ ਲਈ ਦੋਸਤੋ, ਬੀਤੇ ਕੱਲ੍ਹ ਕਾਰਨ ਅੱਜ ਨੂੰ ਨਾ ਵਿਗਾੜੋ। ਗ਼ਲਤੀ ਸਮਝ ਵਿੱਚ ਆਉਣ ਤੋਂ ਬਾਅਦ ਇਹ ਚੰਗਾ ਹੈ ਕਿ ਉਸ ਗ਼ਲਤੀ ਨੂੰ ਨਾ ਦੁਹਰਾਉਣ ਦਾ ਪ੍ਰਣ ਲਈਏ ਅਤੇ ਖ਼ੁਦ ਵਿੱਚ ਸੁਧਾਰ ਕਰਦਿਆਂ ਅੱਜ ਤੇ ਆਉਣ ਵਾਲੇ ਕੱਲ੍ਹ ਨੂੰ ਸੁਖਦਾਇਕ ਬਣਾਉਣ ਲਈ ਸਹੀ ਸਮੇਂ ਸਹੀ ਫ਼ੈਸਲੇ ਲਈਏ। ਮੌਕੇ ਅਨੁਸਾਰ ਸਮਝ ਨਾਲ ਕੰਮ ਕਰਨਾ ਸਭ ਤੋਂ ਵੱਡੀ ਸਿਆਣਪ ਅਤੇ ਤਰੱਕੀ ਦਾ ਮੂਲ ਮੰਤਰ ਹੈ। ਅਜਿਹਾ ਕਰਨ ਨਾਲ ਅਨੋਖੀ ਸੋਚ ਦੇ ਸਾਗਰ ਵਿੱਚ ਤਾਰੀਆਂ ਲਾਉਣ ਦੇ ਮੌਕੇ ਆਪਣੇ-ਆਪ ਮਿਲ ਜਾਂਦੇ ਹਨ। ਤੁਹਾਡੇ ਵਿੱਚ ਅਨੋਖੀ ਸ਼ਕਤੀ ਹੈ, ਇਸ ਨੂੰ ਜਗਾਓ। ਆਪਣੇ ਵਿੱਚ ਸੁਧਾਰ ਲਿਆ ਕੇ ਕਰਮ ਕਰਦੇ ਹੋਏ ਜ਼ਿੰਦਗੀ ਵਿੱਚ ਹੱਸਦਿਆਂ, ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਹੋਇਆਂ ਬੁਲੰਦੀਆਂ ਹਾਸਲ ਕਰੀਏ।

Have something to say? Post your comment