-ਵਿਜੇ ਵਿਦਰੋਹੀ
ਨੰਦੀ ਗ੍ਰਾਮ ਵਿੱਚ ਮਮਤਾ ਦੇ ਮੰਦਰ ਦਰਸ਼ਨ ਇਸ ਲਈ ਜ਼ਰੂਰੀ ਹਨ ਕਿ ਉਥੇ ਦੋ ਲੱਖ ਤੋਂ ਵੱਧ ਹਿੰਦੂ ਵੋਟਰ ਹਨ ਜਦ ਕਿ ਮੁਸਲਿਮ ਵੋਟਰਾਂ ਦੀ ਗਿਣਤੀ 65 ਹਜ਼ਾਰ ਦੇ ਨੇੜੇ-ਤੇੜੇ ਹੈ, ਪਰ ਕੀ ਸਿਰਫ ਓਥੋਂ ਜਿੱਤਣ ਦੇ ਲਈ ਮਮਤਾ ਹਿੰਦੂਤਵ ਦੇ ਰੰਗ ਵਿੱਚ ਰੰਗੀ ਗਈ ਜਾਂ ਭਾਜਪਾ ਦੇ ਧਰੁਵੀਕਰਨ ਦਾ ਡਰ ਸਤਾਉਣ ਲੱਗਾ ਹੈ। ਮਮਤਾ ਨੇ ਹਾਲ ਹੀ ਵਿੱਚ ਸਨਾਤਨ ਬ੍ਰਾਹਮਣ ਪੁਰੋਹਿਤਾਂ ਨੂੰ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਸੀ ਅਤੇ ਦੁਰਗਾ ਪੂਜਾ ਦੇ ਪੰਡਾਲਾਂ ਨੂੰ 25 ਹਜ਼ਾਰ ਦੀ ਥਾਂ 50 ਹਜ਼ਾਰ ਰੁਪਏ ਦਿੱਤੇ ਸਨ। ਸਵਾਲ ਉਠਦਾ ਹੈ ਕਿ ਉਚ ਜਾਤੀ ਦੀਆਂ ਵੋਟਾਂ ਵਿੱਚ ਵੱਡੀ ਹਿੱਸੇਦਾਰੀ ਦੇ ਲਈ ਮਮਤਾ ਬੈਨਰਜੀ ਕੀ ਅਜਿਹਾ ਕੁਝ ਕਰ ਰਹੀ ਹੈ।
ਅੰਕੜਿਆਂ ਦੇ ਪੱਖੋਂ ਦੇਖੀਏ ਤਾਂ ਪਿਛਲੇ 10 ਸਾਲਾਂ ਵਿੱਚ ਉਚ ਜਾਤੀ ਦੇ ਵੋਟਰਾਂ ਉੱਤੇ ਮਮਤਾ ਦੀ ਪਕੜ ਕਮਜ਼ੋਰ ਹੋਈ ਹੈ ਤੇ ਉਨ੍ਹਾਂ ਦਾ ਭਾਜਪਾ ਵੱਲ ਝੁਕਾਅ ਹੋਇਆ ਹੈ। ਮਮਤਾ ਨੂੰ 2011 ਦੀਆਂ ਵਿਧਾਨ ਸਭਾ ਚੋਣਾਂ ਵਿੱਚ 51 ਫੀਸਦੀ ਬ੍ਰਾਹਮਣ ਵੋਟਾਂ ਮਿਲੀਆਂ ਸਨ, ਜੋ 2016 ਵਿੱਚ ਘੱਟ ਕੇ 40 ਫੀਸਦੀ ਰਹਿ ਗਈਆਂ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਮਤਾ ਨੂੰ ਸਿਰਫ 29 ਫੀਸਦੀ ਬ੍ਰਾਹਮਣ ਵੋਟਾਂ ਮਿਲੀਆਂ। ਭਾਜਪਾ ਨੂੰ 2011 ਅਤੇ 2016 ਵਿੱਚ 5 ਤੋਂ 6 ਫੀਸਦੀ ਬ੍ਰਾਹਮਣ ਵੋਟਾਂ ਮਿਲੀਆਂ, ਜੋ 2019 ਵਿੱਚ ਵਧ ਕੇ 47 ਫੀਸਦੀ ਹੋ ਗਈਆਂ। ਇਸੇ ਤਰ੍ਹਾਂ ਕਾਇਸਥ ਵੋਟਾਂ ਵਿੱਚੋਂ ਮਮਤਾ ਨੂੰ 2011 ਵਿੱਚ 40 ਫੀਸਦੀ, 2016 ਵਿੱਚ 46 ਫੀਸਦੀ ਤੇ 2019 ਵਿੱਚ 24 ਫੀਸਦੀ ਮਿਲੀਆਂ। ਉਸੇ ਦੌਰਾਨ ਭਾਜਪਾ ਨੂੰ 2011 ਵਿੱਚ 6 ਫੀਸਦੀ, 2016 ਵਿੱਚ 8 ਫੀਸਦੀ ਕਾਇਸਥ ਵੋਟਾਂ ਮਿਲੀਆਂ, ਜੋ 2019 ਵਿੱਚ ਛਾਲ ਮਾਰਦੇ ਹੋਏ 65 ਫੀਸਦੀ ਹੋ ਗਈਆਂ।
ਜੇ ਬ੍ਰਾਹਮਣ ਵੋਟਾਂ ਦਾ ਡਰ ਨਹੀਂ ਤਾਂ ਸਵਾਲ ਉਠਦਾ ਹੈ ਕਿ ਕੀ ਓ ਬੀ ਸੀ, ਆਦਿਵਾਸੀ ਅਤੇ ਦਲਿਤ ਵੋਟਾਂ ਵਿੱਚ ਸੰਨ੍ਹ ਲੱਗਣ ਨਾਲ ਮਮਤਾ ਪ੍ਰੇਸ਼ਾਨ ਹੈ। ਅੰਕੜਿਆਂ ਦੇ ਪੱਖ ਤੋਂ ਇੱਥੇ ਵੀ ਮਮਤਾ ਦੀ ਪ੍ਰੇਸ਼ਾਨੀ ਸਾਫ ਨਜ਼ਰ ਆਉਂਦੀ। ਪਿਛਲੇ 10 ਸਾਲਾਂ ਵਿੱਚ ਮਮਤਾ ਦੇ ਦਲਿਤ, ਆਦਿਵਾਸੀ ਅਤੇ ਓ ਬੀ ਸੀ ਵੋਟ ਬੈਂਕ ਵਿੱਚ ਕਾਫੀ ਕਮੀ ਆਈ ਹੈ। ਉਸ ਨੂੰ 2011 ਵਿੱਚ 49 ਫੀਸਦੀ ਓ ਬੀ ਸੀ ਵੋਟਾਂ ਮਿਲੀਆਂ, ਜੋ 2016 ਵਿੱਚ 45 ਫੀਸਦੀ ਸਨ, ਪਰ 2019 ਵਿੱਚ ਘੱਟ ਕੇ 27 ਫੀਸਦੀ ਰਹਿ ਗਈਆਂ। ਇਸੇ ਤਰ੍ਹਾਂ ਮਮਤਾ ਨੂੰ 2011 ਵਿੱਚ 38 ਫੀਸਦੀ ਦਲਿਤਾਂ ਨੇ ਵੋਟਾਂ ਪਾਈਆਂ, ਜੋ 2016 ਵਿੱਚ ਵਧ ਕੇ 41 ਫੀਸਦੀ ਹੋ ਗਈਆਂ, ਪਰ 2019 ਵਿੱਚ ਸਿਰਫ 31 ਫੀਸਦੀ ਰਹਿ ਗਈਆਂ।
ਅਸਲ ਵਿੱਚ ਮਮਤਾ ਨੂੰ ਮੁਸਲਿਮ ਵੋਟਾਂ ਵੰਡੇ ਜਾਣ ਦਾ ਖਤਰਾ ਦਿੱਸ ਰਿਹਾ ਹੈ, ਜਿਸ ਦੀ ਪੂਰਤੀ ਦੁਰਗਾ ਮੰਤਰ ਦੇ ਜਾਪ ਨਾਲ ਕਰਨਾ ਚਾਹੁੰਦੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮਮਤਾ ਨੂੰ 70 ਫੀਸਦੀ ਮੁਸਲਮਾਨਾਂ ਨੇ ਵੋਟਾਂ ਪਾਈਆਂ ਸਨ। ਇਸ ਵਾਰ ਵੀ ਮਮਤਾ ਨੂੰ ਇੰਨੀਆਂ ਵੋਟਾਂ ਮਿਲ ਜਾਣ ਅਤੇ ਨਾਲ 25 ਤੋਂ 30 ਫੀਸਦੀ ਗੈਰ-ਮੁਸਲਿਮ ਵੋਟਾਂ ਝੋਲੀ ਵਿੱਚ ਡਿੱਗ ਜਾਣ ਤਾਂ ਬੇੜਾ ਪਾਰ ਹੋ ਜਾਵੇਗਾ, ਪਰ ਇਸ ਵਾਰ ਕਾਂਗਰਸ ਨੇ ਖੱਬੇ ਅਤੇ ਆਈ ਐਸ ਐਫ ਦੇ ਨਾਲ ਰਲ ਕੇ ਮਹਾਜੋਤ ਬਣਾਇਆ ਹੈ। ਇਸ ਦੇ ਨਾਲ ਆਈ ਐਸ ਐਫ ਵਿੱਚ ਸ਼ਾਮਲ ਅੱਬਾਸ ਸਦੀਕੀ ਦੀ ਵੱਡੀ ਧਾਰਮਿਕ ਸਮਾਜਿਕ ਮਾਨਤਾ ਹੈ। ਅਜਿਹੇ ਵਿੱਚ ਮਮਤਾ ਨੂੰ ਜਾਪਦਾ ਹੈ ਕਿ ਮੁਸਲਿਮ ਵੋਟਾਂ 5 ਤੋਂ 10 ਫੀਸਦੀ ਡਿੱਗੀਆਂ ਤਾਂ ਉਨ੍ਹਾਂ ਦੀ ਪੂਰਤੀ ਲਈ 5-10 ਫੀਸਦੀ ਗੈਰ-ਮੁਸਲਿਮ ਵੋਟਾਂ ਵਧੀਕ ਤੌਰ ਉੱਤੇ ਚਾਹੀਦੀਆਂ ਹੋਣਗੀਆਂ।
ਇਸ ਦੇ ਇਲਾਵਾ ਐਮ ਫੈਕਟਰ ਸਾਹਮਣੇ ਭਾਜਪਾ ਦਾ ਡੀ-ਫੈਕਟਰ ਹੈ ਜੋ ਮਮਤਾ ਨੂੰ ਮੰਦਰ-ਮੰਦਰ ਲਿਜਾ ਰਿਹਾ ਹੈ। ਬੰਗਾਲ ਵਿੱਚ ਜੇ ਮੁਸਲਿਮ ਵੋਟ 30-32 ਫੀਸਦੀ ਹੈ ਤਾਂ ਦਲਿਤ ਵੋਟ 23 ਤੋਂ 25 ਫੀਸਦੀ ਦੇ ਵਿਚਾਲੇ ਹੈ। ਇਸ ਵਿੱਚ ਮਤੂਆ ਵਰਗੇ ਦਲਿਤ ਵੀ ਹਨ, ਜੋ 3 ਦਰਜਨ ਦੇ ਲੱਗਭਗ ਵਿਧਾਨ ਸਭਾ ਸੀਟਾਂ ਉੱਤੇ ਆਸ ਰੱਖਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਦਲਿਤ ਵੋਟਰਾਂ ਨੂੰ ਆਪਣੇ ਵੱਲ ਕਰਨ ਲੱਗੀ ਹੋਈ ਹੈ। ਭਾਜਪਾ ਦਾ ਨਵਾਂ ਬਦਲ ਹੈ ਕਿ ਦਲਿਤ ਭਲਾਈ ਦਾ ਰਸਤਾ ਹਿੰਦੂਤਵ ਤੋਂ ਹੋ ਕੇ ਜਾਂਦਾ ਹੈ।
ਮਮਤਾ ਇਸ ਲਈ ਵੀ ਰਿਸਕ ਨਹੀਂ ਲੈ ਰਹੀ, ਕਿਉਂਕਿ ਉਹ ਸਮਝਦੀ ਹੈ ਕਿ ਜੇ ਪੂਰਾ ਐਂਟੀ ਮਮਤਾ ਵੋਟ ਭਾਜਪਾ ਦੀ ਝੋਲੀ ਵਿੱਚ ਪੈ ਗਿਆ ਤਾਂ ਭਾਜਪਾ ਨੂੰ ਇਸ ਦਾ ਲਾਭ ਮਿਲ ਸਕਦਾ ਹੈ ਭਾਵ ਮਮਤਾ ਇੱਕ ਪਾਸੇ ਚਾਹੁੰਦੀ ਹੈ ਕਿ ਐਂਟੀ ਮਮਤਾ ਵੋਟ ਭਾਜਪਾ ਤੇ ਮਹਾਜੋਤ ਦੇ ਦਰਮਿਆਨ ਵੰਡੀ ਜਾਵੇ ਪਰ ਉਹ ਨਹੀਂ ਚਾਹੁੰਦੀ ਕਿ ਮੁਸਲਿਮ ਵੋਟਾਂ ਵੰਡੀਆਂ ਜਾਣ। ਇਹ ਦੋਵੇਂ ਕੰਮ ਕਿਵੇਂ ਇਕੱਠੇ ਹੋ ਸਕਦੇ ਹਨ। ਇਹ ਸਮਝਣਾ ਔਖਾ ਹੈ। ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਆਖਰੀ ਸਮੇਂ ਵਿੱਚ ਚੋਣ ਪਲਟਣ ਦੀ ਸਮਰਥਾ ਭਾਜਪਾ ਦੇ ਕੋਲ ਹੈ, ਜਿਸ ਦੀ ਵਰਤੋਂ ਬੰਗਾਲ ਵਿੱਚ ਵੀ ਹੋਵੇਗੀ। ਕੀ ਅਜਿਹਾ ਹੋਵੇਗਾ। ਜੇਕਰ ਅਜਿਹਾ ਹੋਇਆ ਤਾਂ ਅਜਿਹੇ ਵਿੱਚ ਕੁਲ ਮਿਲਾ ਕੇ ਚੋਣਾਂ ਦਿਲਚਸਪ ਹੋ ਜਾਣਗੀਆਂ।