Welcome to Canadian Punjabi Post
Follow us on

22

April 2021
ਨਜਰਰੀਆ

ਸਮਾਜ ਵਿੱਚੋਂ ਰਹਿਮ ਦਿਲੀ ਖੰਭ ਲਾ ਕੇ ਉੱਡ ਗਈ

March 18, 2021 02:24 AM

-ਅਵਿਜੀਤ ਪਾਠਕ
ਅਸੀਂ ਹਿੰਸਾ ਦੀ ਹਵਾੜ ਵਿੱਚ ਰਹਿੰਦੇ ਅਤੇ ਹਿੰਸਾ ਵਿੱਚ ਸਾਹ ਲੈਂਦੇ ਹਾਂ। ਅੱਜ ਜਦੋਂ ਰੋਜ਼ਾਨਾ ਜ਼ਿੰਦਗੀ ਵਿੱਚ ਹਿੰਸਾ ਆਮ ਵਰਤਾਰਾ ਬਣ ਗਈ ਹੈ ਤਾਂ ਵੀ ਸਾਨੂੰ ਫਰਕ ਨਹੀਂ ਪੈਂਦਾ। ਤੁਹਾਨੂੰ ਇਹ ਦੇਖਣ ਤੇ ਸਮਝਣ ਲਈ ਮਾਰਕਸਵਾਦੀ ਹੋਣ ਦੀ ਲੋੜ ਨਹੀਂ ਕਿ ਦੇਸ਼ ਦੀ ਹਾਕਮ ਜਮਾਤ ਜਿਉਂ ਹੀ ਕਿਸੇ ਤਰ੍ਹਾਂ ਦੇ ਸੱਤਾ ਵਿਰੋਧ ਦੀ ਕਰੂੰਬਲ ਫੁੱਟਦੀ ਦੇਖਦੀ ਹੈ ਤਾਂ ਫੌਰੀ ਇਸ ਨੂੰ ਦਬਾਉਣ ਵਾਸਤੇ ਸਟੇਟ, ਰਿਆਸਤ ਦੇ ਦਮਨਕਾਰੀ ਹੀਲੇ-ਵਸੀਲੇ ਵਰਤਣ ਲਈ ਕਾਹਲੀ ਪੈ ਜਾਂਦੀ ਹੈ। ਇਸ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ। ਇਸ ਦਾ ਸ਼ਿਕਾਰ ਬੰਗਲੌਰ ਦੀ ਵਾਤਾਵਰਣ ਕਾਰਕੁਨ ਹੋਈ, ਜਾਂ ਗੋਰਖਪੁਰ ਨਾਲ ਸੰਬੰਧਤ ਜਾਗਦੀ ਜ਼ਮੀਰ ਵਾਲਾ ਕੋਈ ਡਾਕਟਰ, ਜਾਂ ਦਿੱਲੀ ਦਾ ਕੋਈ ਯੂਨੀਵਰਸਿਟੀ ਵਿਦਿਆਰਥੀ। ਭਲਕੇ ਅਜਿਹਾ ਸ਼ਿਕਾਰ ਤੁਸੀਂ ਹੋ ਸਕਦੇ ਹੋ, ਪਰ ਜਿਸ ਰਾਹ ਅਸੀਂ ਚੱਲ ਰਹੇ ਹਾਂ, ਸਾਡੇ ਸਮਾਜਕ ਅਮਲ ਤੇ ਸਾਡੀ ਸਾਂਝੀ ਮਾਨਸਿਕਤਾ ਵਿੱਚ ਰਿਆਸਤ ਜਾਂ ਹਾਕਮ ਜਮਾਤ ਦੇ ਕੰਮਕਾਜ ਵੱਖ ਵੱਖ ਕਰਨਾ ਮੁਸ਼ਕਲ ਹੋਵੇਗਾ। ਆਮ ਸ਼ਹਿਰੀ ਹੋਣ ਦੇ ਨਾਤੇ ਸਾਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਘੋਖਣ ਦੀ ਲੋੜ ਹੈ ਕਿ ਕਿਤੇ ਅਸੀਂ ਖੁਦ ਵੀ ਇਸ ਹਿੰਸਾ ਨੂੰ ਹੁਲਾਰਾ ਤਾਂ ਨਹੀਂ ਦੇ ਰਹੇ।
ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਸਾਡਾ ਸਮਾਜ ਹਿੰਸਾ ਭਰਿਆ ਹੈ। ਸਾਡਾ ਉਹ ਸਭਿਆਚਾਰ, ਜਿਸ ਨੇ ਕਦੇ ‘ਮਨੂੰ ਸਮ੍ਰਿਤੀ' ਵਰਗਾ ਗਰੰਥ ਸਿਰਜਿਆ ਸੀ, ਅਜੇ ਵੀ ਬ੍ਰਾਹਮਣਵਾਦੀ ਪਿਤਾ-ਪੁਰਖੀ ਸੱਤਾਵਾਦੀ ਵਿਖਿਆਨ ਤੋਂ ਉਪਜੀ ਹਿੰਸਾ ਤੋਂ ਬਾਹਰ ਨਹੀਂ ਆ ਸਕਿਆ। ਕੀ ਸਾਡੇ ਵਿੱਚੋਂ ਅਜੇ ਵੀ ਬਹੁਤ ਸਾਰੇ ਉਹੋ ਸੋਚ ਆਪਣੇ ਦਿਲੋ-ਦਿਮਾਗ ਵਿੱਚ ਚੁੱਕੀ ਨਹੀਂ ਫਿਰਦੇ, ਜਿਹੜੀ ‘ਦੂਜਿਆਂ’ ਪ੍ਰਤੀ ਊਚ ਨੀਚ ਮੰਨਦੀ ਹੈ, ਉਨ੍ਹਾਂ ਨੂੰ ਸਮਾਜ ਤੋਂ ਨਿਖੇੜਦੀ ਹੈ ਤੇ ਡਰਾਉਂਦੀ ਹੈ, ਜਾਂ ਕਹਿ ਲਓ, ਕੀ ਇਹ ਇੰਝ ਨਹੀਂ ਕਿ ਅਸੀਂ ਦੇਸ਼ ਵੰਡ ਦੇ ਦੁਖੜੇ ਸਹਿਣ ਅਤੇ ਭਾਰੀ ਫਿਰਕੂ ਨਫਰਤ ਝੱਲਣ ਦੇ ਬਾਵਜੂਦ ਉਸ ਮਾੜੀ ਸੋਚ ਤੋਂ ਬਾਹਰ ਨਹੀਂ ਆ ਸਕੇ, ਜੋ ਧਰਮ ਤੋਂ ਇਸ ਦੀ ਮੋਹ ਮੁਹੱਬਤ ਖੋਹ ਲੈਂਦੀ ਹੈ, ਜੋ ਜ਼ਹਿਰ ਉਗਲਦੀ ਹੈ, ਜੋ ਮਿਲਜੁਲ ਕੇ ਜਿਊਣ ਤੇ ਸੰਬੰਧਤ ਹੋਣ ਦੀ ਭਾਵਨਾ ਨੂੰ ਨਕਾਰਦੀ ਅਤੇ ਵੰਡ ਦੀਆਂ ਕੰਧਾਂ ਖੜ੍ਹੀਆਂ ਕਰਦੀ ਹੈ? ਅਤੇ ਕੀ ਇਹ ਸੱਚ ਹੈ ਕਿ ਸਾਡੀ ਆਧੁਨਿਕਤਾ ਨੇ ਸਾਨੂੰ ਅਤੀਤ ਦਾ ਭਾਰ ਢੋਣ ਤੋਂ ਨਿਜਾਤ ਦਿਵਾਉਣ ਦੀ ਥਾਂ ਮਹਿਜ਼ ਖਪਤਵਾਦ ਨੂੰ ਹੱਲਾਸ਼ੇਰੀ ਦਿੱਤੀ ਜਾਂ ਇਸ ਨੇ ਅਜਿਹਾ ਮੱਧ ਵਰਗ ਪੈਦਾ ਕੀਤਾ ਹੈ, ਜੋ ਖਤਰਨਾਕ ਢੰਗ ਨਾਲ ਸਵੈ-ਕੇਂਦਰਿਤ ਹੈ, ਡਰਪੋਕ ਹੈ ਤੇ ਸਮਾਜ ਦੇ ਹੇਠਲੇ ਤਬਕੇ ਦੀ ਦੁਰਦਸ਼ਾ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਤੇ ਬੇਲਾਗ ਹੈ? ਕੀ ਇਹੋ ਕਾਰਨ ਹੈ ਕਿ ਅੰਨ੍ਹੇ ਰਾਸ਼ਟਰਵਾਦ ਦੀ ਵਿਚਾਰਧਾਰਾ ਆਪਣੇ ਸਭਿਆਚਾਰਕ ਤੌਰ 'ਤੇ ਪਿਛਾਂਹਖਿੱਚੂ ਵਿਖਿਆਨ ਰਾਹੀਂ ਸਾਡੇ ਅੰਦਰ ਸਾਡੀ ਉਸ ਫੁੱਟਪਾਊ, ਹਿੰਸਕ, ਜਾਤੀਵਾਦੀ, ਫਿਰਕੂ ਸੋਚ ਨਾਲ ਬਣੀ ਰਹਿੰਦੀ ਹੈ, ਜਿਹੜੀ ਸਾਨੂੰ ਲਗਾਤਾਰ ਵਿਰਸੇ ਵਿੱਚ ਮਿਲੀ ਹੈ?
ਇਸ ਨੂੰ ਅਕਸਰ ਹਾਕਮ ਜਮਾਤ ਦੇ ਆਪਣੇ ਦੁਸ਼ਮਣ ਸਿਰਜਣ, ਉਨ੍ਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਵਿੱਚ ਮਾਓਵਾਦੀ, ਸ਼ਹਿਰੀ ਨਕਸਲੀ, ਟੁਕੜੇ ਟੁਕੜੇ ਗੈਂਗ, ਸ਼ਹਿਰੀ ਹੱਕਾਂ ਦੇ ਕਾਰਕੁਨ ਅਤੇ ਕਿਸਾਨ ਤੱਕ ਤੇ ਅੰਦੋਲਨਜੀਵੀ ਸ਼ਾਮਲ ਹਨ। ਅਜਿਹੇ ਦੌਰ, ਜਿਸ ਵਿੱਚ ਸਾਨੂੰ ਤਾਕਤਵਰ ਸਿਆਸੀ ਜਮਾਤ ਤੇ ਕਾਰਪੋਰੇਟ ਸਲਤਨਤਾਂ ਅਤੇ ਨਾਲ ਬਾਲੀਵੁੱਡ ਜਾਂ ਕ੍ਰਿਕਟ ਦੀਆਂ ਮਸ਼ਹੂਰ ਹਸਤੀਆਂ ਵਿਚਾਲੇ ਨੇੜਤਾ ਦਿਖਾਈ ਦਿੰਦੀ ਹੈ, ਦੌਰਾਨ ਇਹ ਸੁਭਾਵਕ ਹੈ ਕਿ ਬਰਾਬਰੀ, ਸਭਿਆਚਾਰਕ ਬਹੁਲਤਾਵਾਦ, ਬੌਧਿਕ ਜੋਸ਼ ਅਤੇ ਰੂਹਾਨੀ ਇਕਾਤਮਕਤਾ ਦੀ ਭਾਵਨਾ ਦਾ ਮਜ਼ਾਕ ਉਡਾਇਆ ਜਾਵੇ। ਇਸ ਹਾਲਤ ਵਿੱਚ ਸਿਰਫ ਨਫਰਤੀ ਮਨੋਬਿਰਤੀ ਦਾ ਬੋਲਬਾਲਾ ਰਹਿ ਜਾਂਦਾ ਹੈ। ਪਾਕਿਸਤਾਨ ਨੂੰ ਨਫਰਤ। ਕਸ਼ਮੀਰੀ ਮੁਸਲਮਾਨਾਂ ਨਾਲ ਨਫਰਤ। ਕਮਿਊਨਿਸਟਾਂ ਨਾਲ ਨਫਰਤ। ਗਾਂਧੀਵਾਦੀ ਅਹਿੰਸਾ ਤੋਂ ਨਫਰਤ। ਉਸਾਰੂ ਸੋਚ ਤੋਂ ਨਫਰਤ। ਚੰਗੇਰਾ ਸੰਸਾਰ ਚਿਤਵਣ ਅਤੇ ਇਸ ਨੂੰ ਸਿਰਜਣ ਦਾ ਸੁਫਨਾ ਦੇਖਣ ਵਾਲੇ ਨੌਜਵਾਨ ਵਿਦਿਆਰਥੀਆਂ ਨਾਲ ਨਫਰਤ। ਹਰ ਪਾਸੇ ਸਾਜ਼ਿਸ਼ ਹੀ ਸਾਜ਼ਿਸ਼ ਦੇਖੋ, ਭਾਵੇਂ ਇਹ ਕੋਈ ਟਵੀਟ ਹੋਵੇ, ਸੈਮੀਨਾਰ ਹੋਵੇ, ਰੋਸ ਮੁਜ਼ਾਹਰਾ ਜਾਂ ਮਹਿਜ਼ ਕੋਈ ਵਿਅੰਗ ਜਾਂ ਲਤੀਫਾ ਹੋਵੇ। ਯੂਨੀਵਰਸਿਟੀ ਲਾਇਬਰੇਰੀ ਵਿੱਚ ਪੁਲਸ ਵਾੜ ਦਿਓ। ਐਫ ਆਈ ਆਰ ਅਤੇ ਦੇਸ਼ ਧਰੋਹ ਦੇ ਕੇਸਾਂ ਰਾਹੀਂ ਆਪਣਾ ਸੁਨੇਹਾ ਪੁੱਜਦਾ ਕਰੋ। ਗਾਜ਼ੀਪੁਰ, ਸਿੰਘੂ ਤੇ ਟਿਕਰੀ ਬਾਰਡਰਾਂ `ਤੇ ਜਾਣ ਵਾਲਿਆਂ ਨੂੰ ਖਾਲਿਸਤਾਨੀ ਸਮਝੋ। ਹਾਥਰਸ ਤੇ ਉਨਾਓ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਰ-ਵਾਰ ਹੋਣ ਦਿਓ ਤੇ ਮੱਧ ਵਰਗ ਨੂੰ ਬੰਦ ਦਰਵਾਜ਼ਾ ਭਾਈਚਾਰਿਆਂ ਵਿੱਚ ਮਹਿਜ਼ ਸ਼ੋਰ ਮਚਾਉਣ ਵਾਲੇ ਟੈਲੀਵਿਜ਼ਨ ਐਂਕਰਾਂ ਦੇ ਪ੍ਰਭਾਵ ਹੇਠ ਪੂਰੀ ਤਰ੍ਹਾਂ ਉਦਾਸੀਨਤਾ ਤੇ ਬੇਲਾਗ ਢੰਗ ਨਾਲ ਵੱਸਦਾ ਰਹਿਣ ਦਿਓ।
ਅਫਸੋਸ, ਅਸੀਂ ਹੰਕਾਰਵਾਦ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸੁਰਤੇਹਾਲ ਵਿੱਚ ਗੱਲਬਾਤ ਜਾਂ ਵਿਚਾਰ-ਵਟਾਂਦਰੇ ਦੀ ਭਾਵਨਾ ਜਾਂ ਸੰਵੇਦਨਸ਼ੀਲਤਾ ਤੇ ਨਰਮਾਈ ਨੂੰ ਕਮਜ਼ੋਰ ਸਖਸ਼ੀਅਤ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਹੈ। ਦੂਜੇ ਪਾਸੇ ‘ਮਜ਼ਬੂਤ' ਆਗੂ ਉਸ ਨੂੰ ਮੰਨਿਆ ਜਾਂਦਾ ਹੈ, ਜੋ ਆਪਣੇ ਆਪ ਨੂੰ ਇਸ ਹੱਦ ਤੱਕ ਪਿਆਰ ਕਰਦਾ ਹੈ ਕਿ ਉਸ ਨੂੰ ਆਪਣਾ ਹਰ ਵਚਨ ਇਲਾਹੀ ਸੱਚ ਜਾਪਦਾ ਹੈ ਤੇ ਉਸ ਦੇ ‘ਪੈਰੋਕਾਰ’ ਹੋਣ ਦੇ ਨਾਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਮੂੰਹੋਂ ਨਿਕਲੇ ਹਰ ਲਫਜ਼ ਦਾ ਪਾਲਣ ਕਰੀਏ ਜਾਂ ਨਾਟਕੀ ਢੰਗ ਨਾਲ ਉਸ ਦੀ ਮੌਜੂਦਗੀ ਤੋਂ ਕੀਲੇ ਜਾਈਏ। ਇਹੀ ਨਹੀਂ, ਮਜ਼ਬੂਤ ਆਗੂ ਸਭ ਤਰ੍ਹਾਂ ਦੀਆਂ ਜ਼ਨਾਨਾ ਸੰਵੇਦਨਸ਼ੀਲਤਾਵਾਂ ਨੂੰ ਨਫਰਤ ਕਰਦਾ ਹੈ ਅਤੇ ਹੰਕਾਰ ਤੇ ਅੰਨ੍ਹੇ ਮਰਦਾਨਾ ਹਮਲਾਵਰ ਅੰਦਾਜ਼ ਉਸ ਦੀ ਖੂਬੀ ਹੋਣੀ ਚਾਹੀਦੀ ਹੈ। ਆਗੂ ਦੀ ਅੰਤਾਂ ਦੀ ਆਕੜ, ਸੱਤਾ ਦਾ ਗ਼ਰੂਰ ਅਤੇ ਦੂਜੇ ਪਾਸੇ ਅਸੀਂ ਕੋਈ ਵੀ ਇਤਰਾਜ਼ ਨਾ ਕਰਨ ਵਾਲੇ ਖਾਮੋਸ਼ ਦਰਸ਼ਕ ਜਾਂ ਉਸ ਦੇ ਤਲਿੱਸਮ ਦੇ ਕੀਲੇ ਹੋਏ, ਫਿਰ ਇਸ ਹਾਲਤ ਵਿੱਚ ਜਮਹੂਰੀਅਤ ਦਾ ਮਰਸੀਆ ਪੜ੍ਹੇ ਜਾਣ ਵਿੱਚ ਕੀ ਕਸਰ ਰਹਿ ਗਈ ਹੈ ਜਾਂ ਇੱਕ ਨਵੀਂ ਤਰ੍ਹਾਂ ਦੀ ਤਾਨਾਸ਼ਾਹੀ ਦੀ ਆਮਦ ਵਿੱਚ ਹੋਰ ਕੀ ਦੇਰ ਹੈ? ਹਿੰਸਾ ਇਸ ਦਾ ਅਟੱਲ ਸਿੱਟਾ ਹੈ। ਸਾਡੀ ਭਾਸ਼ਾ ਜ਼ਹਿਰ ਭਰੀ ਹੈ, ਸਾਡੇ ਅਲਫਾਜ਼ ਤਬਾਹੀ ਦੇ ਹਥਿਆਰ ਹਨ, ‘ਗੋਲੀ ਮਾਰੋ... ਕੋ' ਵਰਗਾ ਨਾਅਰਾ ਆਮ ਗੱਲ ਹੋ ਚੁੱਕਾ ਹੈ, ਨਾਲ ਟਰੋਲ ਆਰਮੀ ਅਜੋਕੇ ਸਿਆਸੀ-ਤਹਿਜ਼ੀਬੀ ਵਰਤਾਰੇ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ। ਅਸੀਂ ਖਤਰਨਾਕ ਹੱਦ ਤੱਕ ਹਿੰਸਕ ਹੋ ਚੁੱਕੇ ਹਾਂ।
ਅੱਜ ਹਾਲਾਤ ਇਹ ਹਨ ਕਿ ਹਾਕਮ ਜਮਾਤ ਚਾਹੁੰਦੀ ਹੈ ਕਿ ਅਸੀਂ ਇਹ ਗੱਲ ਮੰਨ ਲਈਏ ਕਿ ਦਿਸ਼ਾ ਰਵੀ ਵਰਗੀ ਮੁਟਿਆਰ ‘ਭਾਰਤ ਦੀ ਬਦਨਾਮੀ ਕਰਨ ਵਾਲੀ ਕੌਮਾਂਤਰੀ ਸਾਜ਼ਿਸ਼’ ਵਿੱਚ ਸ਼ਾਮਲ ਹੈ। ਇਸ ਮੌਕੇ ਆਪਣੇ ਆਪ ਨੂੰ ਇਹ ਤਲਖ ਹਕੀਕਤ ਚੇਤੇ ਕਰਾਉਣੀ ਜ਼ਰੂਰੀ ਹੈ-ਸਾਨੂੰ ਵਤਨ ਦੀ ਬਦਨਾਮੀ ਕਰਨ ਵਾਸਤੇ ਸਾਜ਼ਿਸ਼ੀਆਂ ਦੀ ਲੋੜ ਹੀ ਨਹੀਂ ਹੈ, ਅਸੀਂ ਤਾਂ ਆਪਣੀਆਂ ਕਰਤੂਤਾਂ ਰਾਹੀਂ ਵਤਨ ਦਾ ਅਪਮਾਨ ਕਰ ਰਹੇ ਹਾਂ। ਗਊ ਰੱਖਿਆ ਚੌਕਸੀ ਤੇ ਹਜੂਮੀ ਕਤਲਾਂ ਵਰਗੀ ਹਰ ਘਟਨਾ ਨਾਲ ਭਾਰਤ ਦੀ ਬਦਨਾਮੀ ਹੁੰਦੀ ਹੈ। ‘ਲਵ ਜੇਹਾਦ’ ਦੇ ਹਰ ਵਿਚਾਰ ਨਾਲ ਭਾਰਤ ਬਦਨਾਮ ਹੁੰਦਾ ਹੈ। ਔਰਤਾਂ ਨਾਲ ਹੋਣ ਵਾਲੀ ਜਿਨਸੀ ਹਿੰਸਾ ਨਾਲ ਵੀ ਭਾਰਤ ਦੀ ਵਡਿਆਈ ਨਹੀਂ ਹੁੰਦੀ। ਕੋਰੋਨਾ ਲਾਕਡਾਊਨ ਦੌਰਾਨ ਆਪਣੇ ਹੀ ਵਤਨ ਵਿੱਚ ਬੇਵਤਨੇ ਹੋਏ ਪਰਵਾਸੀ ਮਜ਼ਦੂਰਾਂ ਦੀ ਮੰਦਹਾਲੀ ਸਾਰੀ ਦੁਨੀਆ ਨੇ ਦੇਖੀ ਜਿਸ ਨਾਲ ਭਾਰਤ ਦੀ ਘੱਟ ਹੇਠੀ ਨਹੀਂ ਹੋਈ। ਇਹੋ ਜਿਹਾ ਸਲੂਕ ਸਟੇਟ ਵੱਲੋਂ ਆਪਣੇ ਹੀ ਲੋਕਾਂ, ਖਾਸ ਕਰ ਕਿਸਾਨਾਂ, ਦਲਿਤ ਕਾਰਕੁਨਾਂ, ਵਿਦਿਆਰਥੀਆਂ ਜਾਂ ਆਮ ਕਸ਼ਮੀਰੀ ਮਰਦਾਂ ਤੇ ਔਰਤਾਂ ਨਾਲ ਕੀਤਾ ਜਾ ਰਿਹਾ ਹੈ, ਉਸ ਤੋਂ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਕਿਵੇਂ ਉਭਰ ਰਹੀ ਤਾਨਾਸ਼ਾਹੀ ਚੁਣ ਚੁਣ ਕੇ ਜਮਹੂਰੀ ਸੋਚ ਨੂੰ ਖਤਮ ਕਰ ਰਹੀ ਹੈ। ਭਾਰਤ ਕੋਈ ਖੂਬਸੂਰਤ ਤਸਵੀਰ ਨਹੀਂ, ਭਾਰਤ ਰਿਸ਼ੀਆਂ ਤੇ ਯੋਗੀਆਂ ਦੀ ਕੋਈ ਮਿਥਿਹਾਸਕ ਕਹਾਣੀ ਨਹੀਂ, ਭਾਰਤ ਤਾਂ ਮਹਾਤਮਾ ਬੁੱਧ ਜਾਂ ਗਾਂਧੀ ਦੀ ਕੋਈ ਮੂਰਤੀ ਵੀ ਨਹੀਂ। ਭਾਰਤ ਉਹ ਵੀ ਨਹੀਂ ਜੋ ਇਸ ਦੇ ਸੰਵਿਧਾਨ ਵਿੱਚ ਲਿਖਿਆ ਹੈ। ਹੁਣ ਭਾਰਤ ਬੁਰੀ ਤਰ੍ਹਾਂ ਜ਼ਖਮੀ ਹੈ।
ਸਾਡੀ ਸਮੂਹਿਕ ਮੁਕਤੀ ਦੀ ਸੰਭਾਵਨਾ ਆਪਣੀ ਇਸ ਬਿਮਾਰੀ ਨੂੰ ਮੰਨ ਲੈਣ ਵਿੱਚ ਹੈ। ਆਪਣੇ ਅੰਦਰ ਝਾਕੀਏ ਤਾਂ ਕਿ ਅਸੀਂ ਦੂਜਿਆਂ ਨੂੰ ਦੁੱਖ ਦੇ ਕੇ ਖੁਸ਼ ਹੋਣ ਦੇ ਖ਼ਬਤ ਤੋਂ ਛੁਟਕਾਰਾ ਪਾ ਸਕੀਏ, ਘਮੰਡੀ ਤੇ ਦੰਭੀ ਹੋਣ ਦੇ ਖੋਖਲੇਪਣ ਨੂੰ ਪਛਾਣ ਸਕੀਏ, ਪਿਆਰ-ਮੁਹੱਬਤ ਤੇ ਰਹਿਮਦਿਲੀ ਦੀ ਭਾਵਨਾ ਦਾ ਅਹਿਸਾਸ ਕਰ ਸਕੀਏ।

Have something to say? Post your comment