Welcome to Canadian Punjabi Post
Follow us on

18

April 2021
ਨਜਰਰੀਆ

ਭਾਰਤ-ਕੈਨੇਡਾ ਨੇੜਤਾ ਸਮੇਂ ਦੀ ਲੋੜ

March 16, 2021 03:02 AM

-ਦਰਬਾਰਾ ਸਿੰਘ ਕਾਹਲੋਂ
ਭਾਰਤ ਵਿਸ਼ਵ ਅੰਦਰ ਤੇਜ਼ੀ ਨਾਲ ਉਭਰਦੀ ਆਰਥਿਕ ਸ਼ਕਤੀ ਹੈ। ਤਕਨੀਕੀ, ਸਾਇੰਸੀ, ਕੰਪਿਊਟਰੀ, ਡਿਜੀਟਲ, ਫਾਰਮੇਸੀ, ਪੁਲਾੜ, ਸੂਰਜੀ ਊਰਜਾ ਅਤੇ ਰਣਨੀਤਕ ਖੇਤਰਾਂ ਵਿੱਚ ਅੱਖਾਂ ਚੁੰਧਿਆ ਦੇਣ ਵਾਲੀਆਂ ਇਸ ਦੀਆਂ ਖੋਜਾਂ ਅਤੇ ਪ੍ਰਾਪਤੀਆਂ ਦਾ ਲੋਹਾ ਵਿਸ਼ਵ ਮੰਨਦਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਵਪਾਰਕ ਮੰਡੀ ਹੋਣ ਕਰ ਕੇ ਹਰ ਵੱਡਾ ਤੇ ਤਾਕਤਵਰ ਦੇਸ਼ ਭਾਰਤ ਨਾਲ ਆਪਣੇ ਵਪਾਰਕ ਸੰਬੰਧ ਬਣਾਉਣੇ ਲੋਚਦਾ ਹੈ। ਵਿਸ਼ਵ ਦੀ ਚੌਥੀ ਵੱਡੀ ਫੌਜੀ ਸ਼ਕਤੀ ਵਜੋਂ ਉਭਰਨ ਕਰ ਕੇ ਏਸ਼ੀਅਨ, ਪੈਸੇਫਿਕ, ਯੂਰਪੀ ਖੇਤਰਾਂ ਵਿੱਚ ਲਗਾਤਾਰ ਇਸ ਦਾ ਪ੍ਰਭਾਵ ਵਧ ਰਿਹਾ ਹੈ।
ਵੀਹਵੀਂ ਸਦੀ ਵਿੱਚ ਜਿੱਥੇ ਸੰਨ 1962 ਵਿੱਚ ਚੀਨ, ਸੰਨ 1948, 1965, 1971 ਤੇ 1991 ਵਿੱਚ ਪਾਕਿਸਤਾਨ ਨੇ ਭਾਰਤ ਨਾਲ ਜੰਗਾਂ ਦੀ ਹਿਮਾਕਤ ਕੀਤੀ, ਉਥੇ 21ਵੀਂ ਸਦੀ ਦੀ ਤਾਕਤਵਰ ਭਾਰਤੀ ਫੌਜੀ ਸ਼ਕਤੀ ਨੇ ਪੂਰੇ ਵਿਸ਼ਵ ਨੂੰ ਦਰਸਾ ਦਿੱਤਾ ਹੈ ਕਿ ਕਿਸੇ ਵੀ ਦੇਸ਼ ਨਾਲ ਸਰਹੱਦੀ, ਖੇਤਰੀ ਜਾਂ ਰਣਨੀਤਕ ਝਗੜੇ ਕਾਰਨ ਉਸ ਦੇ ਖੇਤਰ ਅੰਦਰ ਵੜ ਕੇ ਘਾਤਕ ਹਮਲਾ ਅਤੇ ਨੁਕਸਾਨ ਕਰਨ ਦੀ ਸਮਰੱਥਾ ਉਹ ਰੱਖਦੀ ਹੈ। ਬਾਲਾ ਕੋਟ ਅਤੇ ਪੈਂਗੋਂਗ ਵਾਦੀ ਸੰਬੰਧੀ ਪਾਕਿਸਤਾਨ ਤੇ ਚੀਨ ਵਿਰੁੱਧ ਭਾਰਤੀ ਹਮਲਾਵਰ ਕਾਰਵਾਈਆਂ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤ ਨੂੰ ਛੇੜਨਾ ਖਤਰੇ ਤੋਂ ਖਾਲੀ ਨਹੀਂ। ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਕਾਰਨ ਹਰ ਲੋਕਤੰਤਰੀ ਸ਼ਕਤੀ ਅਤੇ ਦੇਸ਼ ਭਾਰਤ ਨਾਲ ਨਿੱਘੇ ਸੰਬੰਧਾਂ ਦੀ ਕਾਮਨਾ ਕਰਦਾ ਹੈ। ਅਕਸਰ ਪੂਰਾ ਵਿਸ਼ਵ ਲੋਕਤੰਤਰੀ ਸੰਸਥਾਵਾਂ ਦੀ ਮਜ਼ਬੂਤੀ ਅਤੇ ਸਿਧਾਂਤਕ ਕਿਰਿਆਸ਼ੀਲਤਾ ਲਈ ਅਮਰੀਕਾ ਵੱਲ ਤੱਕਦਾ ਹੁੰਦਾ ਸੀ, ਪਰ ਜਿਸ ਤਰ੍ਹਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 2020 ਵਿੱਚ ਹੋਈਆਂ ਚੋਣਾਂ ਵਿੱਚ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਨਸਲਵਾਦ, ਹਿੰਸਾ, ਤਾਕਤ ਅਤੇ ਅਹੁਦੇ ਦੀ ਦੁਰ-ਵਰਤੋਂ ਕੀਤੀ, ਅਮਰੀਕੀ ਪਾਰਲੀਮੈਂਟ 'ਤੇ ਹਮਲੇ ਲਈ ਗੋਰੇ ਹਿੰਸਕ ਤੇ ਨਸਲਵਾਦੀ ਲੋਕਾਂ ਨੂੰ ਭੜਕਾਇਆ, ਉਸ ਨੇ ਅਮਰੀਕੀ ਲੋਕਤੰਤਰ ਦੀਆਂ ਕਮਜ਼ੋਰੀਆਂ ਤੇ ਖੋਖਲੇਪਣ ਨੂੰ ਵਿਸ਼ਵ ਸਾਹਮਣੇ ਬੇਨਕਾਬ ਕਰ ਦਿੱਤਾ।
ਯਾਦ ਰਹੇ ਕਿ ਟਰੰਪ ਕਾਲ ਵੇਲੇ ਅਮਰੀਕਾ ਨੇ ਕੈਨੇਡਾ ਤੇ ਮੈਕਸੀਕੋ ਵਰਗੇ ਗੁਆਂਢੀਆਂ ਨਾਲ ਆਪਣੀ ਸ਼ਕਤੀਸ਼ਾਲੀ ਧੌਂਸ ਦੇ ਬਲਬੂਤੇ ਤ੍ਰੈ-ਪੱਖੀ ਨਾਫਟਾ ਵਪਾਰਕ ਸਮਝੌਤਾ ਤੋੜ ਕੇ ਨਵਾਂਂ ਵੱਖਰਾ ਵਪਾਰਕ ਸਮਝੌਤਾ ਉਨ੍ਹਾਂ 'ਤੇ ਲੱਦਿਆ ਸੀ। ਪਿਛਲੇ ਦਿਨੀਂ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਟਰੀ ਦੇ ਆਗੂ ਐਰਿਨ ਓਟੂਲ ਨੇ ਵੱਡੇ ਅਖਬਾਰ ਨੈਸ਼ਨਲ ਪੋਸਟ ਵਿੱਚ ਆਪਣੇ ਇੱਕ ਲੇਖ ਰਾਹੀਂ ਆਪਣੇ ਦੇਸ਼ ਅਤੇ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਭਾਰਤ ਨਾਲ ਨਿੱਘੇ ਤੇ ਨੇੜਲੇ ਸੰਬੰਧ ਬਣਾਉਣ 'ਤੇ ਜ਼ੋਰ ਦਿੱਤਾ ਸੀ। ਐਰਿਨ ਓਟੂਲ ਦਾ ਅਜਿਹਾ ਵਿਚਾਰ ਪੂਰੇ ਵਿਸ਼ਵ ਲਈ ਰਾਹ ਦਸੇਰਾ ਸੁਨੇਹਾ ਹੈ, ਜੋ ਭਾਰਤ ਦੀ ਅਜੋਕੇ ਵਿਸ਼ਵ ਅੰਦਰ ਲੋਕਤੰਤਰੀ, ਵਪਾਰਕ, ਰਣਨੀਤਕ, ਆਪਸੀ ਕੌਮਾਂਤਰੀ ਮਿਲਵਰਤਨ ਪੱਖੋਂ ਵਿਸ਼ਵ ਆਗੂ ਦੀ ਉਭਰ ਰਹੀ ਭੂਮਿਕਾ ਵੱਲ ਇਸ਼ਾਰਾ ਕਰਦਾ ਹੈ।
ਭਾਰਤੀ ਮੂਲ ਦੇ ਲੋਕ ਵੱਡੇ ਪੱਧਰ 'ਤੇ ਕੈਨੇਡਾ ਵਿੱਚ ਵੱਸੇ ਹੋਏ ਹਨ। ਉਹ ਇਸ ਦੇਸ਼ ਦੇ ਲੋਕਤੰਤਰ, ਤਰੱਕੀ ਅਤੇ ਆਰਥਿਕ ਮਜ਼ਬੂਤੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਵੱਖ-ਵੱਖ ਰਾਜਾਂ ਵਿੱਚ ਪ੍ਰੀਮੀਅਰ, ਮੰਤਰੀ, ਵਿਧਾਇਕਾਂ ਤੇ ਕੌਂਸਲਰਾਂ, ਕੇਂਦਰੀ ਸਰਕਾਰਾਂ ਵਿੱਚ ਮੰਤਰੀਆਂ, ਪਾਰਲੀਮੈਂਟ ਮੈਂਬਰਾਂ, ਵੱਖ-ਵੱਖ ਵਿਭਾਗਾਂ ਵਿੱਚ ਅਹਿਮ ਅਧਿਕਾਰੀਆਂ ਵਜੋਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਪਿੱਛੇ ਜਿਹੇ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡੀਅਨ ਸੁਪਰੀਮ ਕੋਰਟ ਦੀ ਜੱਜ ਬਣੀ ਹੈ। ਵੀਹਵੀਂ ਸਦੀ ਦੇ ਕਾਮਾਗਾਟਾਮਾਰੂ ਅਤੇ ਏਅਰ ਇੰਡੀਆ ਦੁਖਾਂਤਾਂ ਦੇ ਬਾਵਜੂਦ ਕੈਨੇਡਾ-ਭਾਰਤ ਦੇ ਡਿਪਲੋਮੈਟਿਕ, ਵਪਾਰਕ, ਰਣਨੀਤਕ ਸੰਬੰਧਾਂ 'ਤੇ ਕੋਈ ਵੱਡਾ ਫਰਕ ਨਹੀਂ ਪਿਆ। ਇਹ ਵੀ ਸੱਚ ਹੈ ਕਿ ਜਿਵੇਂ ਕੈਨੇਡਾ-ਭਾਰਤ ਵਿਚਾਲੇ ਆਪਸੀ ਸੰਬੰਧ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸਮੇਂ ਤੇਜ਼ੀ ਨਾਲ ਅੱਗੇ ਵਧੇ ਸਨ, ਮੌਜੂਦਾ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੇਲੇ ਉਹ ਗਤੀ ਨਹੀਂ ਰਹੀ, ਪਰ ਦੋਵਾਂ ਰਾਸ਼ਟਰਾਂ ਦੀ ਲੋਕਤੰਤਰੀ ਵਿਵਸਥਾ, ਭਾਈਚਾਰਕ ਸਾਂਝ, ਕਾਮਨਵੈਲਥ ਸੰਸਥਾ ਦੀ ਮੈਂਬਰੀ ਤੇ ਮੇਲ-ਜੋਲ, ਖੁੱਲ੍ਹੇ ਬਾਜ਼ਾਰ ਵਾਲੀਆਂ ਲੋਕਸ਼ਾਹੀਆਂ ਹੋਣ ਕਰ ਕੇ 12000 ਕਿਲੋਮੀਟਰ ਦੂਰੀ ਕੋਈ ਮਹੱਤਵ ਨਹੀਂ ਰੱਖਦੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਅਪ੍ਰੈਲ 2015 ਵਿੱਚ ਕੈਨੇਡਾ ਆਏ ਸਨ ਤਾਂ ਉਨ੍ਹਾਂ ਦੀ ਸਟੀਫਨ ਹਾਰਪਰ ਸਰਕਾਰ ਨੇ ਨਿੱਘਾ ਸਵਾਗਤ ਕੀਤਾ ਸੀ।
ਦੋਵੇਂ ਪ੍ਰਧਾਨ ਮੰਤਰੀ ਪ੍ਰੋਟੋਕੋਲ ਤੋੜ ਕੇ ਇੱਕੋ ਹਵਾਈ ਜਹਾਜ਼ 'ਤੇ ਓਟਾਵਾ ਤੋਂ ਟੋਰਾਂਟੋ ਆਏ ਸਨ। ਸ੍ਰੀਮਤੀ ਹਾਰਪਰ ਨੇ ਭਾਰਤੀ ਸਾੜ੍ਹੀ ਪਹਿਨ ਕੇ ਭਾਰਤ ਅਤੇ ਭਾਰਤੀ ਭਾਈਚਾਰੇ ਨਾਲ ਸਭਿਆਚਾਰਕ ਸਾਂਝ ਦਾ ਮੁਜ਼ਾਹਰਾ ਕੀਤਾ ਸੀ। ਸੰਨ 2005-15 ਦੌਰਾਨ ਕੈਨੇਡੀਅਨ ਐਕਸਪੋਰਟ ਭਾਰਤ ਨਾਲ 300 ਫੀਸਦੀ ਵਧੀ। ਭਾਰਤੀ ਇੰਪੋਰਟ ਕੈਨੇਡਾ ਅੰਦਰ 120 ਫੀਸਦੀ ਵਧੂ, ਪਰ ਸੰਨ 2015-19 ਵਿੱਚ ਇਸ ਵਪਾਰਕ ਗਤੀ ਵਿੱਚ ਖੜੋਤ ਵੇਖਣ ਨੂੰ ਮਿਲੀ। ਵਪਾਰਕ ਅਦਾਨ-ਪ੍ਰਦਾਨ ਤੀਹ ਫੀਸਦੀ ਘਟਿਆ। ਮੌਜੂਦਾ ਘੱਟ ਗਿਣਤੀ ਜਸਟਿਨ ਟਰੂਡੋ ਲਿਬਰਲ ਸਰਕਾਰ 'ਤੇ ਵਿਰੋਧੀ ਧਿਰ ਦੇ ਆਗੂ ਓਟੂਲ ਨੇ ਹਮਲਾ ਕਰਦਿਆਂ ਕਿਹਾ ਕਿ ਭਾਰਤ-ਕੈਨੇਡਾ ਵਿਚਾਲੇ ਵਪਾਰ ਵਧਾਉਣ ਤੇ ਸੁਰੱਖਿਆ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਸਨ, ਜਿਨ੍ਹਾਂ ਦਾ ਲਾਭ ਨਹੀਂ ਲਿਆ ਗਿਆ। ਭਾਰਤ ਨੇ ਦਵਾਈਆਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਭਾਰਤ ਫਾਰਮੇਸੀ ਅਤੇ ਦਵਾਈ ਖੇਤਰ ਵਿੱਚ ਵਿਸ਼ਵ ਗੁਰੂ ਬਣਿਆ ਪਿਆ ਹੈ। ਕੋਵਿਡ-19 ਦੀ ਰੋਕਥਾਮ ਲਈ ਇਹ ਪੂਰੇ ਵਿਸ਼ਵ ਨੂੰ ਟੀਕਾ ਸਪਲਾਈ ਕਰਨ ਦੀ ਸਮਰੱਥਾ ਰੱਖਦਾ ਹੈ। ਕੈਨੇਡਾ ਦਾ ਭਾਰਤ ਨਾਲ ਮੈਡੀਕਲ ਖੇਤਰ ਵਿੱਚ ਨਿੱਘਾ ਮੇਲ-ਜੋਲ ਹੁੰਦਾ ਤਾਂ ਕੈਨੇਡਾ ਕੋਵਿਡ-19 ਦਾ ਟੀਕਾ ਬਣਾ ਸਕਦਾ ਸੀ। ਭਾਰਤ ਵੱਖ-ਵੱਖ ਗੁਆਂਢੀ ਦੇਸ਼ਾਂ ਬੰਗਲਾ ਦੇਸ਼, ਪਾਕਿਸਤਾਨ, ਭੂਟਾਨ, ਨੇਪਾਲ ਅਤੇ ਪੱਛੜੇ ਅਫਰੀਕੀ ਦੇਸ਼ਾਂ ਨੂੰ ਮੁਫਤ ਇਹ ਟੀਕੇ ਦੇ ਰਿਹਾ ਹੈ।
ਜਸਟਿਨ ਟਰੂਡੋ ਦੇ ਫਰਵਰੀ 2018 ਵਿੱਚ ਹੋਏ ਭਾਰਤ ਦੇ ਦੌਰੇ ਸਮੇਂ ਧਾਰਮਿਕ ਅਤੇ ਵੱਖਵਾਦ ਦੇ ਮੁੱਦੇ ਕਾਰਨ ਉਨ੍ਹਾਂ ਨੂੰ ਮੋਦੀ ਸਰਕਾਰ ਤੋਂ ‘ਅਤਿਥੀ ਦੇਵੋ ਭਵ’ ਵਾਲਾ ਮਾਣ-ਸਤਿਕਾਰ ਨਹੀਂ ਮਿਲ ਸਕਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਦੀ ਪੰਜਾਬ ਫੇਰੀ ਸਮੇਂ ਅਗਵਾਨੀ ਤੋਂ ਪਾਸਾ ਵੱਟ ਲਿਆ ਸੀ, ਕਿਉਂਕਿ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ 'ਤੇ ਰਾਜਨੀਤਕ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਸੀ। ਭਾਵੇਂ ਜਸਟਿਨ ਟਰੂਡੋ ਨੇ ਸਾਫ ਕਰ ਦਿੱਤਾ ਸੀ ਕਿ ਕੈਨੇਡਾ ਕਿਸੇ ਵੀ ਤਰ੍ਹਾਂ ਦੀ ਭਾਰਤ ਅੰਦਰ ਚੱਲਦੀ ਵੱਖਵਾਦੀ ਲਹਿਰ ਦੀ ਹਮਾਇਤ ਨਹੀਂ ਕਰਦਾ, ਫਿਰ ਵੀ ਭਾਰਤ-ਕੈਨੇਡਾ ਸੰਬੰਧ ਖੜੋਤ ਦਾ ਸ਼ਿਕਾਰ ਬਣੇ ਰਹੇ। ਇਹ ਖੜੋਤ ਤੋੜਨ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਫਰਵਰੀ 2021 ਵਿੱਚ ਮੋਦੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਭਾਰਤ ਤੋਂ ਕੋਵਿਡ-19 ਸੰਬੰਧੀ ਸੀਰਮ ਸੰਸਥਾ ਦੇ ਬਣਾਏ ਟੀਕਿਆਂ ਦੀ ਮੰਗ ਕੀਤੀ, ਜਿਸ ਦੀ ਪੂਰਤੀ ਮੋਦੀ ਨੇ ਤੁਰੰਤ ਕਰ ਦਿੱਤੀ। ਦੂਸਰੇ ਡਿਪਲੋਮੈਟਿਕ, ਵਪਾਰਕ, ਰਣਨੀਤਕ ਮੁੱਦਿਆਂ ਸੰਬੰਧੀ ਮਿਲਵਰਤਨ ਦੀਆਂ ਗੱਲਾਂ ਵੀ ਹੋਈਆਂ। ਭਾਰਤ-ਕੈਨੇਡਾ ਦੋਵਾਂ ਨੇ ਬ੍ਰਿਟਿਸ਼ਸ਼ਾਹੀ ਦੌਰਾਨ ਵਿਸ਼ਵ ਦੀ ਪਹਿਲੀ ਤੇ ਦੂਜੀ ਜੰਗ ਲੜੀ। ਦੋਵਾਂ ਦੇਸ਼ਾਂ ਦੇ ਸ਼ਹੀਦ ਸਿਪਾਹੀ ਸਾਂਝੀਆਂ ਕਬਰਾਂ ਵਿੱਚ ਦਫਨ ਹਨ। ਕੈਨੇਡਾ ਨੂੰ ਕੁਆਡਰੇਟਲ ਸੁਰੱਖਿਆ ਗੱਲਬਾਤ ਵਿੱਚ ਸ਼ਾਮਲ ਭਾਰਤ, ਅਮਰੀਕਾ, ਜਾਪਾਨ, ਆਸਟਰੇਲੀਆ ਗਠਜੋੜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਭਾਰਤ ਦਾ ਐਟਮੀ ਪ੍ਰੋਗਰਾਮ ਬਹੁਤ ਮਜ਼ਬੂਤ ਹੈ। ਕੈਨੇਡਾ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ।
ਕੈਨੇਡਾ ਨੇ ਖੇਤੀ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਪਿਛਲੇ 100 ਸਾਲਾਂ ਵਿੱਚ ਵੱਡੇ ਖੇਤੀ ਸੁਧਾਰ ਕੀਤੇ ਹਨ। ਕੈਨੇਡਾ ਇਸ ਖੇਤਰ ਵਿੱਚ ਵਿਸ਼ਵ ਦਾ ਪੰਜਵਾਂ ਵੱਡਾ ਐਕਸਪੋਰਟਰ ਦੇਸ਼ ਹੈ। ਉਹ 56 ਬਿਲੀਅਨ ਡਾਲਰ ਦਾ ਅਨਾਜ ਨਿਰਯਾਤ ਕਰਦਾ ਹੈ। ਉਸ ਦੇ ਨੱਬੇ ਫੀਸਦੀ ਕਿਸਾਨ ਐਕਸਪੋਰਟ 'ਤੇ ਨਿਰਭਰ ਹਨ। ਉਸ ਕੋਲ ਵਧੀਆ ਟਰਾਂਸਪੋਰਟ ਸਿਸਟਮ ਹੈ। ਕੈਮੀਕਲ ਖਾਦਾਂ ਦੀ ਪੈਦਾਵਾਰ ਦਾ ਕੇਂਦਰ ਹੈ। ਖੇਤੀ ਪ੍ਰਧਾਨ ਭਾਰਤ ਇਨ੍ਹਾਂ ਖੇਤਰਾਂ ਵਿੱਚ ਕੈਨੇਡਾ ਦੇ ਸਹਿਯੋਗ ਰਾਹੀਂ ਵੱਡੀਆਂ ਮੱਲਾਂ ਮਾਰ ਸਕਦਾ ਹੈ। ਭਾਰਤ ਦੀ ਫੂਡ ਸੁਰੱਖਿਆ ਮਜ਼ਬੂਤ ਬਣ ਸਕਦੀ ਹੈ। ਚੀਨ ਦਾ ਪਸਾਰਵਾਦ ਰੋਕਣ ਲਈ ਕੈਨੇਡਾ ਲਈ ਇਹ ਜ਼ਰੂਰੀ ਹੈ ਕਿ ਉਸ 'ਤੇ ਨਿਰਭਰਤਾ ਘਟਾ ਕੇ ਭਾਰਤੀ ਵਿਸ਼ਾਲ ਲੋਕਤੰਤਰ ਨਾਲ ਸੰਬੰਧ ਨਿੱਘੇ ਬਣਾਏ। ਇਸ ਪਸਾਰਵਾਦ ਨੂੰ ਨੱਪਣ ਲਈ ਤੁਰੰਤ ਇੰਡੋ-ਪੈਸੇਫਿਕ ਗਠਜੋੜ ਵਿੱਚ ਸ਼ਾਮਲ ਹੋਵੇ। ਅੱਜ ਭਾਰਤ, ਕੈਨੇਡਾ ਦਾ 10ਵਾਂ ਵਪਾਰਕ ਭਾਈਵਾਲ ਹੈ, ਪਰ ਜੇ ਕੈਨੇਡਾ ਰਾਜਨੀਤਕ ਇੱਛਾ ਸ਼ਕਤੀ ਅਤੇ ਨੀਤੀਗਤ ਮਜ਼ਬੂਤੀ ਨਾਲ ਭਾਰਤ ਦੀ ਵਿਸ਼ਾਲ ਮਾਰਕੀਟ ਤੇ ਵੱਡੀਆਂ ਆਰਥਿਕ ਤਬਦੀਲੀਆਂ ਵੱਲ ਪੂਰਾ ਧਿਆਨ ਕੇਂਦਰਿਤ ਕਰੇ ਤਾਂ ਉਹ ਅਮਰੀਕਾ ਤੋਂ ਬਾਅਦ ਦੂਸਰਾ ਵੱਡਾ ਵਪਾਰਕ ਭਾਈਵਾਲ ਹੋ ਸਕਦਾ ਹੈ। ਦੋਵਾਂ ਦੇਸ਼ਾਂ ਨੂੰ ਇਸ ਪਾਸੇ ਸੁਹਿਰਦਤਾ ਨਾਲ ਅੱਗੇ ਵਧਣਾ ਚਾਹੀਦਾ ਹੈ।

 

Have something to say? Post your comment