Welcome to Canadian Punjabi Post
Follow us on

22

April 2021
ਨਜਰਰੀਆ

ਅਸੀਂ ਦਰਿਆਵਾਂ ਦੇ ਵੀ ਦੁਸ਼ਮਣ ਬਣ ਗਏ

March 16, 2021 03:00 AM

-ਜਸਵੰਤ ਸਿੰਘ ਜ਼ਫਰ
ਸਾਰੀਆਂ ਮਨੁੱਖੀ ਸਭਿਅਤਾਵਾਂ ਦਾ ਜਨਮ ਦਰਿਆਵਾਂ ਕਿਨਾਰੇ ਹੋਇਆ। ਸਾਰੇ ਪ੍ਰਾਚੀਨ ਨਗਰ ਦਰਿਆਵਾਂ ਕਿਨਾਰੇ ਵਸੇ। ਪੰਜਾਬ ਦਾ ਨਾਂਅ ਹੀ ਵਗਦੇ ਪੰਜ ਦਰਿਆਵਾਂ ਕਰ ਕੇ ਪਿਆ। ਇਸ ਦੀਆਂ ਕੁਦਰਤੀ ਅਤੇ ਭੂਗੋਲਿਕ ਹੱਦਾਂ ਵੀ ਸਿੰਧ ਅਤੇ ਜਮਨਾ ਦਰਿਆ ਹਨ। ਇੰਝ ਇਨ੍ਹਾਂ ਸੱਤਾਂ ਦਰਿਆਵਾਂ ਕਰ ਕੇ ਕਦੀ ਇਸ ਦਾ ਨਾਂਅ ਸਪਤ ਸਿੰਧੂ ਸੀ। ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਨੂੰ ਦੋਆਬਾ (ਦੋ ਦਰਿਆਵਾਂ ਵਾਲਾ) ਅਤੇ ਬਿਆਸ ਅਤੇ ਰਾਵੀ ਵਿਚਾਲੇ ਇਲਾਕੇ ਨੂੰ ਮਾਝਾ (ਵਿਚਕਾਰਲਾ) ਕਿਹਾ ਜਾਣ ਲੱਗਾ।
ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਹੀਂਵਾਲ ਵਰਗੀਆਂ ਪੰਜਾਬ ਦੀਆਂ ਅਮਰ ਪ੍ਰੇਮ ਕਥਾਵਾਂ ਦਾ ਜਨਮ ਦਰਿਆਵਾਂ ਕਾਰਨ ਤੇ ਕਿਨਾਰੇ ਹੋਇਆ। ਸਾਡਾ ਸਰੀਰ ਇਸ ਅੰਦਰ ਲਗਾਤਾਰ ਚੱਲਦੇ ਸਾਫ ਲਹੂ ਦੇ ਵਹਾਅ ਨਾਲ ਜ਼ਿੰਦਾ ਰਹਿੰਦਾ ਹੈ। ਧਰਤੀ ਪਾਣੀ ਦੇ ਵਹਾਅ ਕਰ ਕੇ ਜਿਊਂਦੀ ਹੈ। ਧਰਤੀ 'ਤੇ ਜੀਵਨ ਪਾਣੀ ਕਰ ਕੇ ਹੈ। ਇਸ 'ਤੇ ਵਗਦੇ ਦਰਿਆ ਬਿਲਕੁਲ ਉਵੇਂ ਹਨ, ਜਿਵੇਂ ਸਾਡੇ ਸਰੀਰ ਵਿੱਚ ਲਹੂ ਦੀਆਂ ਨਾੜਾਂ। ਖੂਨ ਵਿੱਚ ਜ਼ਹਿਰ ਰਲਣ ਨਾਲ ਮਨੁੱਖ ਜਿੰਦਾ ਨਹੀਂ ਰਹਿ ਸਕਦਾ। ਦਰਿਆਵਾਂ ਦੇ ਜ਼ਹਿਰੀਲੇ ਹੋ ਜਾਣ ਨਾਲ ਧਰਤੀ 'ਤੇ ਜੀਵਨ ਨਹੀਂ ਬਚ ਸਕਦਾ।
ਗੁਰਬਾਣੀ ਵਿੱਚ ਥਾਂ ਪੁਰ ਥਾਂ ਦਰਿਆਵਾਂ ਦਾ ਜ਼ਿਕਰ ਅਤੇ ਹਵਾਲਾ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਦੇ ਸੰਦੇਸ਼ ਦਾ ਪ੍ਰਸਾਰ ਵੇਈਂ ਨਦੀ ਕਿਨਾਰਿਓਂ ਆਰੰਭ ਕੀਤਾ। ਉਨ੍ਹਾਂ ਦੀਆਂ ਹਰਿਦੁਆਰ, ਕਾਸ਼ੀ, ਪਟਨਾ, ਗਯਾ ਆਦਿ ਸਥਾਨਾਂ ਦੀਆਂ ਗੋਸ਼ਟਾਂ ਗੰਗਾ ਕਿਨਾਰੇ ਹੋਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਮਾਨੰਦ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ ਆਦਿ ਬਾਣੀਕਾਰਾਂ ਦੀ ਬਾਣੀ ਗੰਗਾ ਕਿਨਾਰੇ ਵਸੇ ਕਾਸ਼ੀ (ਬਨਾਰਸ) ਵਿਖੇ ਸਥਾਪਤ ਗਿਆਨ ਅਤੇ ਚਿੰਤਨ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੀ। ਸਤਲੁਜ ਕੰਢੇ ਵਸੇ ਅਯੋਧਨ ਨਗਰ ਤੋਂ ਬਾਬਾ ਫਰੀਦ ਜੀ ਦੀ ਬਾਣੀ ਹਾਸਲ ਕੀਤੀ।
ਅਕਬਰ ਨੇ ਉਨ੍ਹਾਂ ਦੇ ਆਦਰ ਵਿੱਚ ਇਸ ਨਗਰ ਦਾ ਨਾਂਅ ਬਦਲ ਕੇ ਪਾਕ ਪੱਟਨ (ਪਵਿੱਤਰ ਪੱਤਣ) ਰੱਖਿਆ ਸੀ। ਦੇਸ਼ ਦੇ ਲਗਭਗ ਸਾਰੇ ਛੋਟੇ-ਵੱਡੇ ਦਰਿਆਵਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸਾਡੇ ਸ਼ਹਿਰ ਲੁਧਿਆਣੇ ਦੇ ਬੁੱਢਾ ਦਰਿਆ ਕਿਨਾਰੇ ਉਨ੍ਹਾਂ ਦੀ ਆਮਦ ਨੂੰ ਯਾਦ ਕਰਾਉਂਦਾ ਗੁਰਦੁਆਰਾ ਗਊ ਘਾਟ ਬਣਿਆ ਹੋਇਆ ਹੈ। ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਬਿਆਸ ਦਰਿਆ ਕਿਨਾਰੇ ਵੱਸੇ ਪਿੰਡ ਖਡੂਰ ਵਿਖੇ ਜਾ ਟਿਕੇ। ਬਿਆਸ ਦਰਿਆ ਤੋਂ ਉਨ੍ਹਾਂ ਦੇ ਪਰਮ ਸੇਵਕ (ਗੁਰੂ) ਅਮਰਦਾਸ ਉਨ੍ਹਾਂ ਦੇ ਇਸ਼ਨਾਨ ਕਰਨ ਲਈ ਰੋਜ਼ ਤੜਕੇ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ। ਸ੍ਰੀ ਗੁਰੂ ਰਾਮਦਾਸ ਜੀ ਰਾਵੀ ਦਰਿਆ ਕਿਨਾਰੇ ਵਸੇ ਲਾਹੌਰ ਸ਼ਹਿਰ ਦੇ ਜੰਮਪਲ ਸਨ। ਇਸੇ ਰਾਵੀ ਦਰਿਆ ਕਿਨਾਰੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਜੰਗਾਂ-ਯੁੱਧਾਂ ਦੀ ਸਥਿਤੀ ਦੇਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਛੱਡ ਕੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਇਲਾਕੇ ਵਿੱਚ ਦਰਿਆ ਸਤਲੁਜ ਕਿਨਾਰੇ ਟਿਕਾਣਾ ਕੀਤਾ। ਇਥੇ ਕੀਰਤਪੁਰ ਸਾਹਿਬ ਨਗਰ ਵਸਾਇਆ। ਇਥੇ ਹੀ ਜੋਤੀ ਜੋਤ ਸਮਾਏ ਤੇ ਸਤਲੁਜ ਦੇ ਘਾਟ 'ਤੇ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਅੱਜਕੱਲ੍ਹ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਿਤ ਹੈ। ਸੱਤਵੇਂ ਗੁਰੂ ਹਰਿ ਰਾਏ ਸਾਹਿਬ ਦਾ ਜਨਮ ਸਤਲੁਜ ਕਿਨਾਰੇ ਵਸੇ ਇਸੇ ਨਗਰ ਕੀਰਤਪੁਰ ਸਾਹਿਬ ਵਿਖੇ ਹੋਇਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਵਿਖੇ ਦਰਿਆ ਬ੍ਰਹਮਪੁੱਤਰ ਦੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਕਰ ਰਹੇ ਸਨ ਤਾਂ ਬਿਹਾਰ ਦੇ ਗੰਗਾ ਕਿਨਾਰੇ ਵਸੇ ਪ੍ਰਸਿੱਧ ਸ਼ਹਿਰ ਪਟਨੇ ਵਿਖੇ ਉਨ੍ਹਾਂ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ। ਗੰਗਾ ਦਰਿਆ ਨਾਲ ਜੁੜੀਆਂ ਬਾਲਕ ਗੋਬਿੰਦ ਰਾਏ ਦੀ ਬਾਲ-ਲੀਲਾ ਦੀਆਂ ਅਨੇਕ ਕਥਾਵਾਂ ਪ੍ਰਸਿੱਧ ਹਨ। ਇਨ੍ਹਾਂ ਦਿਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਕਿਨਾਰੇ ਆਪਣੀ ਮਾਤਾ ਦੀ ਯਾਦ ਵਿੱਚ ਚੱਕ ਮਾਤਾ ਨਾਨਕੀ ਨਗਰ ਵਸਾਇਆ। ਛੇ ਸਾਲ ਦੀ ਉਮਰ ਵਿੱਚ ਬਾਲ ਗੋਬਿੰਦ ਰਾਏ ਵੀ ਚੱਕ ਮਾਤਾ ਨਾਨਕੀ ਆ ਗਏ। ਇੱਥੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਸਾਕਾ ਕਰਨ ਲਈ ਦਿੱਲੀ ਨੂੰ ਚਾਲੇ ਪਾਏ। ਸਤਲੁਜ ਕੰਢੇ ਰਾਂਗਲੇ ਹੋਲੇ ਅਤੇ ਬਾਂਕੇ ਮਹੱਲੇ ਜੁੜਨ ਲੱਗੇ। ਇਹ ਗੁਰਧਾਨੀ ਨਵੇਂ ਨਾਂਅ ਆਨੰਦਪੁਰ ਨਾਲ ਪ੍ਰਸਿੱਧ ਹੋਈ। ਜਮਨਾ ਨਦੀ ਕਿਨਾਰੇ ਆਪ ਨੇ ਪਾਉਂਟਾ ਸਾਹਿਬ ਨਗਰ ਵਸਾਇਆ। ਗੁਰੂ ਸਾਹਿਬਾਨ ਨੇ 52 ਕਵੀਆਂ ਦੀ ਸਰਪ੍ਰਸਤੀ ਕੀਤੀ। ਇਥੇ ਜਮਨਾ ਕਿਨਾਰੇ ਹੀ ਆਪ ਨੇ ਜਾਪੁ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ। ਇਥੋਂ ਹੀ ਆਪ ਨੇ ਭੰਗਾਣੀ ਦੀ ਲੜਾਈ ਲੜੀ ਅਤੇ ਫਤਿਹ ਕੀਤੀ। ਆਪ ਦੇ ਪਹਿਲੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਅਤੇ ਨਾਮਕਰਨ ਇੱਥੇ ਹੀ ਹੋਇਆ। 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਹੀ ਖੰਡੇ ਦੀ ਪਹੁਲ ਛਕ ਕੇ ਆਪ ਗੋਬਿੰਦ ਰਾਏ ਤੋਂ ਸਵਾ ਲੱਖ ਨਾਲ ਇੱਕ ਲੜਾਉਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ। ਆਨੰਦਪੁਰ ਸਾਹਿਬ ਨੂੰ ਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਆਪਣਾ ਲਗਭਗ ਸਾਰਾ ਖਜ਼ਾਨਾ ਭਾਵ ਸੋਨਾ, ਚਾਂਦੀ, ਹੀਰੇ, ਜਵਾਹਰਾਤ ਆਪਣੇ ਹੱਥੀਂ ਸਤਲੁਜ ਨੂੰ ਭੇਟ ਕਰ ਦਿੱਤੇ।
ਚਮਕੌਰ ਦੀ ਲੜਾਈ ਵਿੱਚ ਦੋ ਪੁੱਤਰਾਂ ਅਤੇ ਚਾਲੀ ਸਾਥੀ ਸਿੰਘਾਂ ਦੀ ਸ਼ਹੀਦੀ ਮਗਰੋਂ ਗੁਰੂ ਸਾਹਿਬ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ। ਇਹ ਉਹ ਇਲਾਕਾ ਹੈ ਜਿੱਥੋਂ ਬੁੱਢਾ ਦਰਿਆ ਸ਼ੁਰੂ ਹੁੰਦਾ ਹੈ। ਗੁਰੂ ਜੀ ਇਸ ਦੇ ਕਿਨਾਰੇ ਆਪਣੇ ਮਿੱਤਰ ਪਿਆਰੇ ਦੀ ਯਾਦ ਵਿੱਚ ਗੀਤ ਗਾਉਂਦੇ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਸਮਾਂ ਦੱਖਣ ਦੇਸ਼ ਦੀ ਗੋਦਾਵਰੀ ਨਦੀ ਕਿਨਾਰੇ ਬਤੀਤ ਹੋਇਆ। ਜਦ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੇਸ਼ਕੀਮਤੀ ਨਗੀਨਾ ਗੁਰੂ ਸਾਹਿਬ ਦੀ ਨਜ਼ਰ ਕੀਤਾ ਤਾਂ ਆਪ ਨੇ ਨਗੀਨਾ ਗੋਦਾਵਰੀ ਦੇ ਪਾਣੀ ਨੂੰ ਅਰਪਿਤ ਕਰ ਦਿੱਤਾ। ਇਸੇ ਗੋਦਾਵਰੀ ਕਿਨਾਰੇ ਆਪ ਦੀ ਮਾਧੋ ਦਾਸ ਬੈਰਾਗੀ ਨਾਲ ਮੁਲਾਕਾਤ ਹੋਈ ਜਿਸ ਨੂੰ ਸਿੰਘ ਸਜਾ ਕੇ ਆਪ ਨੇ ਪੰਥ ਦੀ ਅਗਵਾਈ ਹਿੱਤ ਪੰਜਾਬ ਲਈ ਰਵਾਨਾ ਕੀਤਾ। ਗੋਦਾਵਰੀ ਕੰਢੇ ਆਪ ਜੋਤੀ ਜੋਤ ਸਮਾਏ।
ਅਸੀਂ ਦਰਿਆਵਾਂ ਦੇ ਦੁਸ਼ਮਣ ਬਣ ਗਏ ਹਾਂ। ਜਿਸ ਪਾਣੀ ਨੂੰ ਗੁਰੂ ਨੇ ਅੰਮ੍ਰਿਤ ਰੂਪ ਕੀਤਾ, ਉਸ ਪਾਣੀ ਨੂੰ ਅਸੀਂ ਜ਼ਹਿਰ ਵਰਗਾ ਜ਼ਹਿਰੀਲਾ ਅਤੇ ਗੰਦਾ ਕਰ ਰਹੇ ਹਾਂ। ਇਨ੍ਹਾਂ ਨੂੰ ਪ੍ਰਦੂਸ਼ਿਤ ਕਰ ਕੇ ਨਾ ਕੇਵਲ ਮਨੁੱਖੀ ਸਿਹਤ ਲਈ ਖਤਰੇ ਸਹੇੜ ਰਹੇ ਹਾਂ, ਸਗੋਂ ਸਮੁੱਚੀ ਜੀਵਨ ਹੋਂਦ ਦੇ ਪ੍ਰਤੀਕੂਲ ਹਾਲਾਤ ਬਣਾ ਰਹੇ ਹਾਂ। ਪਾਣੀ ਦੀ ਜੀਵਨ ਸ਼ਕਤੀ ਨਸ਼ਟ ਕਰ ਕੇ ਮਨੁੱਖੀ ਨਸਲ ਦੀ ਤਬਾਹੀ ਨੂੰ ‘ਵਾਜਾਂ' ਮਾਰ ਰਹੇ ਹਾਂ।

Have something to say? Post your comment