Welcome to Canadian Punjabi Post
Follow us on

18

April 2021
ਨਜਰਰੀਆ

ਦੁੱਖ ਸੁੱਖ ਤੇ ਦਿਲਾਂ ਦੀ ਸਾਂਝ

March 16, 2021 02:59 AM

-ਸੁਰਜੀਤ ਮਜਾਰੀ
ਕਿਸੇ ਘਰ ਅਫਸੋਸ 'ਤੇ ਬੈਠੇ ਸੀ। ਸਾਰੇ ਬਜ਼ੁਰਗ ਦੇ ਤੁਰ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ। ਥੋੜ੍ਹੇ ਸਮੇਂ ਬਾਅਦ ਦੋ ਸ਼ਖਸ ਆਏ 'ਤੇ ਆਪਣਾ ਹੇਣ ਜਤਾਉਣ ਲੱਗੇ। ‘ਬਾਪੂ ਜੀ ਦਾ ਸੁਭਾਅ ਬੜਾ ਵਧੀਆ ਸੀ’, ‘ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ’, ‘ਉਨ੍ਹਾਂ ਦੇ ਤੁਰ ਜਾਣ ਦਾ ਸਾਨੂੰ ਬੜਾ ਦੁੱਖ ਲੱਗਾ’ ਆਦਿ। ਦੋਵੇਂ ਵਾਰੀ ਵਾਰੀ ਅਜਿਹੀ ਹਮਦਰਦੀ ਵਾਲੇ ਬੋਲਾਂ ਦੀ ਲੜੀ ਲਾ ਰਹੇ ਸੀ। ਫੌਤ ਹੋਏ ਬਜ਼ੁਰਗ ਦੀ ਮੌਤ ਨਾਲ ਗਹਿਰਾ ਸਦਮਾ ਲੱਗਣ ਦਾ ਇਜ਼ਹਾਰ ਕਰ ਰਹੇ ਸਨ, ਪਰ ਉਨ੍ਹਾਂ ਦੇ ਪਹਿਰਾਵੇ ਤੇ ਚਿਹਰੇ-ਮੋਹਰੇ ਤੋਂ ਲੱਗ ਨਹੀਂ ਰਿਹਾ ਸੀ ਕਿ ਉਹ ਅਫਸੋਸ ਕਰ ਰਹੇ ਸਨ। ਕਮੀਜ਼ਾਂ ਦੀਆਂ ਮੂਹਰਲੀਆਂ ਜੇਬਾਂ 'ਚ ਸ਼ਗਨ ਵਾਲੇ ਲਿਫਾਫੇ ਝਾਤੀਆਂ ਮਾਰ ਰਹੇ ਸਨ। ਪੰਦਰਾਂ ਕੁ ਮਿੰਟ ਬਾਅਦ ਇੱਕ ਬੋਲ ਪਿਆ, ‘ਚੰਗਾ ਜੀ, ਫੇਰ ਮਿਲਦੇ ਹਾਂ, ਅਸੀਂ ਥੋੜ੍ਹਾ ਅੱਗੇ ਜਾਣਾ ਇੱਕ ਵਿਆਹ ਜਿਹਾ ਆ।’
ਇਸ ਵਰਤਾਰੇ ਤੋਂ ਦੁੱਖ ਸਾਂਝਾ ਕਰਨ ਦੇ ਦੋਹਰੇ ਮਾਪਦੰਡ ਸਾਹਮਣੇ ਆਉਂਦੇ ਹਨ। ਵਿੱਚੇ ਅਫਸੋਸ ਅਤੇ ਵਿੱਚੇ ਵਿਆਹ, ਅਜਿਹੀ ਅਵਸਥਾ 'ਚ ਦੁੱਖ ਸੁੱਖ ਵੰਡਾਉਣ ਵਾਲੀ ਪ੍ਰਕਿਰਿਆ ਦਾ ਕੱਚ-ਸੱਚ ਆਪ ਮੁਹਾਰੇ ਨੰਗਾ ਹੁੰਦਾ ਹੈ। ਸਮੇਂ ਦੀ ਘੁੰਮਣਘੇਰੀ 'ਚ ਅਸੀਂ ਨਾ ਕਿਸੇ ਦਾ ਦੁੱਖ ਦਰਦ ਸਹੀ ਤਰੀਕੇ ਨਾਲ ਸਮਝਦੇ ਹਾਂ, ਨਾ ਕਿਸੇ ਦੀ ਖੁਸ਼ੀ 'ਚ ਤਸੱਲੀਬਖਸ਼ ਸ਼ਮੂਲੀਅਤ ਕਰਦੇ ਹਾਂ। ਕਿਸੇ ਨਾਲ ਦੁੱਖ ਦਾ ਪ੍ਰਗਟਾਉਣ ਸਮੇਂ ਥੋੜ੍ਹਾ ਚਿਰ ਦੁੱਖ ਦੀ ਗੱਲ ਹੁੰਦੀ ਹੈ। ਅਫਸੋਸ 'ਤੇ ਬੈਠਿਆਂ ਜਲਦੀ ਹੀ ਸਿਆਸਤ, ਮੌਸਮ ਆਦਿ ਦੀ ਚਰਚਾ ਛਿੜ ਪੈਂਦੀ ਹੈ ਜਾਂ ਆਲੇ ਦੁਆਲੇ ਦੀਆਂ ਹੋਰ ਜੱਬਲੀਆਂ। ਕਿਸੇ ਦੀ ਖੁਸ਼ੀ 'ਚ ਸ਼ਾਮਲ ਹੋ ਕੇ ਕਈ ਵਾਰ ਵਰਤਾਰਾ ਅਜਿਹਾ ਹੁੰਦਾ ਹੈ ਕਿ ਕੋਠੀ ਦੇ ਗ੍ਰਹਿ ਪ੍ਰਵੇਸ਼ 'ਤੇ ਪੁੱਜ ਕੇ ਕੋਠੀ ਦੀਆਂ ਮੰਜ਼ਿਲਾਂ ਗਿਣ ਕੇ ਸਾੜਾ ਪਿਆ ਰਹਿੰਦਾ ਹੈ। ਕਿਸੇ ਦੇ ਕਾਰੋਬਾਰੀ ਉਦਘਾਟਨ 'ਤੇ ਜਾ ਕੇ ਇਹੀ ਸਵਾਲ ਸੋਚੀ ਰੱਖਦੇ ਹਾਂ ਕਿ ਇਹਦੇ ਕੋਲ ਐਨਾ ਪੈਸਾ ਕਿੱਥੋਂ ਆਇਆ।
ਕਿਸੇ ਨੂੰ ਯਾਦ ਕਰਨ ਕਿਸੇ ਨਾਲ ਸੰਪਰਕ ਵਧਾਉਣ ਦੇ ਸੰਦਰਭ ਵਿੱਚ ਇੱਕ ਆਹ ਵਰਤਾਰਾ ਵੀ ਕਾਬਲੇ ਜ਼ਿਕਰ ਹੈ ਕਿ ਜਦੋਂ ਕਿਸੇ ਦਾ ਫੋਨ ਆਉਂਦਾ ਹੈ ਤਾਂ ਅਸੀਂ ਹੁੰਗਾਰਾ ਦੇਣ ਤੋਂ ਪਹਿਲਾਂ ਆਖ ਦਿੰਦੇ ਹਾਂ, ‘ਮਾਂ ਯਾਦ ਹੀ ਕਰਦਾ ਸੀ, ਤੁਹਾਡਾ ਫੋਨ ਆ ਗਿਆ।’ ਇਵੇਂ ਜਦੋਂ ਕੋਈ ਰਾਹ 'ਚ ਮਿਲ ਜਾਵੇ ਤਾਂ ਵੀ ਇਹੀ ਬੋਲ ਸਾਂਝੇ ਹੁੰਦੇ ਹਨ, ‘ਆਹ ਕਮਾਲ ਹੋ ਗਿਆ, ਅਜੇ ਯਾਦ ਹੀ ਕੀਤਾ ਸੀ।’ ਘਰ ਆਏ ਮਹਿਮਾਨ ਨਾਲ ਵੀ ਕਈ ਵਾਰ ਇਹ ਸ਼ਬਦ ਸਾਂਝੇ ਕੀਤੇ ਜਾਂਦੇ ਹਨ, ‘ਲਓ ਜੀ ਆਹ ਤਾਂ ਤੁਸੀਂ ਚੰਗਾ ਕੀਤਾ ਜਿਹੜਾ ਮਿਲਣ ਆ ਗਏ, ਤੁਹਾਨੂੰ ਮਿਲਣ ਲਈ ਸੋਚਿਆ ਹੀ ਸੀ।’ ਜਾਂ ਫਿਰ ‘ਆਓ ਜੀ, ਜੀ ਆਇਆਂ ਨੂੰ ਆਹ ਤਾਂ ਮਨ ਦੀ ਹੋ ਗਈ, ਤੁਹਾਡੀਆਂ ਹੀ ਗੱਲਾਂ ਹੋ ਰਹੀਆਂ ਸਨ।’ ਆਖ ਕੇ ਭਰਪੂਰ ਅਪਣੱਤ ਦਿਖਾਈ ਜਾਂਦੀ ਹੈ। ਹੋ ਸਕਦਾ ਹੈ ਕਿ ਇਸ ਵਰਤਾਰੇ ਨੂੰ ਇਤਫਾਕੀਆ ਮੰਨਦੇ ਹੋਣ, ਪਰ ਕਈ ਵਾਰ ਇਵੇਂ ਸੱਚ ਵੀ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹੋ ਤੇ ਉਹ ਅਗਲੇ ਪਲਾਂ ਵਿੱਚ ਤੁਹਾਨੂੰ ਆਣ ਮਿਲਦਾ ਹੈ। ਇਸੇ ਤਰ੍ਹਾਂ ਕੋਈ ਤੁਹਾਨੂੰ ਯਾਦ ਕਰ ਰਿਹਾ ਹੁੰਦਾ ਹੈ ਤੇ ਤੁਸੀਂ ਉਸ ਨੂੰ ਟੱਕਰ ਜਾਂਦੇ ਹੋ।
ਇਹ ਮੰਨਣਾ ਢੁੱਕਵਾਂ ਹੋਵੇਗਾ ਕਿ ਜਦੋਂ ਕੋਈ ਤੁਹਾਡੇ ਦਿਲ ਦੇ ਨੇੜੇ ਹੈ, ਦੁੱਖ ਸੁੱਖ ਦਾ ਸਾਂਝੀਦਾਰ ਹੈ, ਤੁਸੀਂ ਉਸ ਨੂੰ ਆਪਣਾ ਰੂਪ ਮੰਨਦੇ ਹੋ ਤਾਂ ਯਾਦ ਕਰਨ ਵਾਲੀ ਸਥਿਤੀ 'ਚ ਉਸ ਦਾ ਤੁਹਾਡੇ ਅੰਗ ਸੰਗ ਰਹਿਣਾ ਸੁਭਾਵਿਕ ਹੈ। ਦਿਲਾਂ ਦੇ ਨੇੜੇ ਰਹਿਣ ਵਾਲੇ, ਮਨ ਵਿੱਚ ਨੇੜਤਾ ਦਾ ਰਿਸ਼ਤਾ ਰੱਖਣ ਵਾਲੇ ਅਤੇ ਸਾਂਝ ਦੀ ਡੋਰੀ ਨਾਲ ਬੱਝਣ ਦਾ ਹਰ ਨਾਤਾ ਦੂਰ ਰਹਿ ਕੇ ਵੀ ਤੁਹਾਡੇ ਦਿਲ ਦੇ ਨੇੜੇ ਹੁੰਦਾ ਹੈ। ਤੁਹਾਡੇ ਦੁੱਖ ਸੁੱਖ 'ਚ ਜਦੋਂ ਕੋਈ ਹੁੰਗਾਰਾ ਨੇੜੇ ਹੋ ਕੇ ਮਿਲਣ ਦਾ ਆਨੰਦ ਦੇ ਜਾਵੇ ਤਾਂ ਸੱਤ ਸਮੁੰਦਰੋਂ ਪਾਰ ਦੀ ਦੂਰੀ ਵੀ ਕੋਲ ਹੋਣ ਦਾ ਅਹਿਸਾਸ ਕਰਵਾ ਜਾਂਦੀ ਹੈ। ਨੇੜਤਾ ਦੀ ਸਮਰੱਥਾ ਪੈਸਿਆਂ ਦੇ ਸਹਿਯੋਗ ਜਾਂ ਰੁਤਬਿਆਂ ਦੇ ਸਹਾਰੇ ਨਾਲ ਨਹੀਂ ਤੋਲੀ ਜਾ ਸਕਦੀ। ਨੇੜਤਾ ਦਾ ਅਨੁਵਾਦ ਕਰਨ ਲਈ ਮਿਲਾਪ ਦੀ ਭਾਵਨਾ ਦਿਲ ਦੀ ਵੇਦਨਾ ਅਤੇ ਬੋਲਾਂ ਦੇ ਅਰਥ ਦਾ ਸੁਮੇਲ ਹੀ ਸਾਰਥਿਕ ਸਿੱਧ ਹੋ ਸਕਦਾ ਹੈ। ਕਿਸੇ ਕੋਲ ਬੈਠ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਨੂੰ ਅਪਣੱਤ ਨਹੀਂ ਕਿਹਾ ਜਾ ਸਕਦਾ, ਇਹ ਉਹ ਪੈਮਾਨਾ ਹੈ ਜਿਹੜਾ ਤੁਹਾਡੀ ਸਮੱਸਿਆ ਨੂੰ ਸਮਝ ਕੇ ਉਸ ਦੇ ਹੱਲ ਲਈ ਰਾਹ ਲੱਭੇ ਜਾਂ ਡਗਮਗਾਉਂਦੀ ਸਥਿਤੀ ਵਿੱਚ ਸਾਥ ਨਿਭਾਵੇ।
ਸਿਆਣਿਆਂ ਨੇ ਸੱਚ ਕਿਹਾ ਹੈ ਕਿ ਖੁਸ਼ੀ ਵੰਡਾਇਆਂ ਵਧਦੀ ਹੈ ਅਤੇ ਦੁੱਖ ਘਟਦਾ ਹੈ। ਸੱਚਮੁੱਚ ਜਦੋਂ ਅਸੀਂ ਦੁੱਖ ਸਾਂਝਾ ਕਰਦੇ ਹਾਂ ਤਾਂ ਰਾਹਤ ਮਿਲਦੀ ਹੈ ਅਤੇ ਸੁੱਖ ਵਿੱਚ ਪਾਈ ਸਾਂਝ ਰੌਣਕਾਂ ਦੁੱਗਣੀਆਂ ਕਰ ਦਿੰਦੀ ਹੈ। ਦੁੱਖ ਸੁੱਖ ਦੀ ਸਾਂਝ ਪਾਉਣ ਹਿੱਤ ਇਹ ਮਾਹੌਲ ਉਥੇ ਕਾਰਗਰ ਹੁੰਦਾ ਹੈ ਜਿੱਥੇ ਦੁੱਖ ਵੰਡਾਉਣ ਵਾਲਾ ਸ਼ੁਭਚਿੰਤਕ ਹੋਵੇ ਅਤੇ ਖੁਸ਼ੀ ਵਿੱਚ ਸ਼ਾਮਲ ਹੋ ਕੇ ਦਿਲੋਂ ਪਿਆਰ ਕਰਦਾ ਹੋਵੇ। ਖਈ ਵਾਰ ਇਵੇਂ ਹੁੰਦਾ ਹੈ ਕਿ ਕਿਸੇ ਨਾਲ ਖੁਸ਼ੀ ਸਾਂਝੀ ਕਰ ਰਹੇ ਹੁੰਦੇ ਹੋ ਤੇ ਮਨ ਵਿੱਚ ਈਰਖਾ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ ਤੇ ਦੁੱਖ ਦੀ ਘੜੀ ਵਿੱਚ ਅਗਲਾ ਅੰਦਰੋਂ ਅੰਦਰੀ ਠੀਕ ਹੋਣ ਦਾ ਚਾਅ ਵਸਾਇਆ ਜਾਂਦਾ ਹੈ। ਗੱਲ ਘੁੰਮ ਕੇ ਉਥੇ ਆ ਜਾਂਦੀ ਹੈ ਕਿ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਸੁੰਦਰ ਪੁਸ਼ਾਕਾਂ ਜਾਂ ਢੋਲ ਢਮੱਕਿਆਂ ਦੀ ਬਜਾਏ ਸ਼ਮੂਲੀਅਤ ਵਿੱਚ ਤੇਹ ਮੋਹ ਹੋਣਾ ਚਾਹੀਦਾ ਹੈ ਅਤੇ ਦੁੱਖ ਵੰਡਾਉਣ ਵੇਲੇ ਦਰਦ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ।
ਇੱਕ ਹੋਰ ਘਟਨਾ ਯਾਦ ਆ ਗਈ। ਸਰਕਾਰੀ ਦਫਤਰ ਹੈ। ਚਾਰ ਕਰਮਚਾਰੀ ਆਪਸ ਵਿੱਚ ਗੱਲਾਂ 'ਚ ਮਸ਼ਰੂਫ ਸਨ। ਜ਼ਿਲੇ 'ਚੋਂ ਉਨ੍ਹਾਂ ਦਾ ਸੀਨੀਅਰ ਮਿਲਣ ਆ ਗਿਆ। ਪਹਿਲਾਂ ਹੱਥ ਜੋੜ ਕੇ ਸਵਾਗਤ ਕੀਤਾ ਗਿਆ, ਫਿਰ ਆਓ ਭਗਤ ਲਈ ਭਾਂਤ-ਸੁਭਾਂਤੇ ਮਠਿਆਈ-ਪਕੌੜੇ ਪੇਸ਼ ਹੋਏ। ਸੀਨੀਅਰ ਅਧਿਕਾਰੀ ਸੋਚਦਾ ਹੋਊ ਕਿ ਉਸ ਦਾ ਕਿੰਨਾ ਸਤਿਕਾਰ ਕੀਤਾ ਗਿਆ। ਉਸ ਨੂੰ ਉਸ ਦੇ ਮੁਲਾਜ਼ਮਾਂ ਨੇ ਕਿੰਨੀ ਮੁਹੱਬਤ ਦਿੱਤੀ। ਚਾਹ ਤੋਂ ਬਾਅਦ ਦਫਤਰੀ ਤੇ ਰਵਾਇਤੀ ਗੱਲਾਂ ਵੀ ਹੋਈਆਂ। ਅਦਬ ਵਜੋਂ ਉਹ ਸਾਰੇ ਆਪਣੇ ਸੀਨੀਅਰ ਨੂੰ ਮੇਨ ਗੇਟ ਤੱਕ ਵਿਦਾ ਵੀ ਕਰ ਕੇ ਆਏ। ...ਤੇ ਵਾਪਸ ਆ ਕੇ ਕੁਰਸੀਆਂ ਮੱਲਣ ਬਾਅਦ ਇੱਕ ਜਣੇ ਨੇ ਆਖਿਆ, ‘ਪਤੰਦਰ ਕਿੱਥੋਂ ਆ ਟਪਕਿਆ, ਬੜੇ ਸੋਹਣੇ ਆਰਾਮ ਨਾਲ ਬੈਠੇ ਸੀ, ਆ ਕੇ ਬਿਪਤਾ ਪਾ ਦਿੱਤੀ।' ਉਸ ਤੋਂ ਬਾਅਦ ਸਾਰੇ ਜਣੇ ਹੱਸ ਪਏ। ਅੰਦਾਜ਼ਾ ਲਾ ਲਓ ਕਿ ਉਹ ਸਵਾਗਤ ਵਿੱਚ ਉਠ ਕੇ ਖੜੋਣਾ ਤੇ ਸੇਵਾ ਸੱਚ ਸੀ ਜਾਂ ਆਹ ਬੋਲ।

Have something to say? Post your comment