Welcome to Canadian Punjabi Post
Follow us on

18

April 2021
ਨਜਰਰੀਆ

ਗੱਲ ਪੰਜਾਂ ਰਾਜਾਂ ਦੀਆਂ ਚੋਣਾਂ ਦੀ ਨਹੀਂ, ਉਸ ਵਹਿਣ ਦੀ ਹੈ, ਜਿੱਧਰ ਨੂੰ ਭਾਰਤ ਚੱਲ ਪਿਆ ਜਾਪਦੈ

March 15, 2021 02:11 AM

-ਜਤਿੰਦਰ ਪਨੂੰ
ਭਾਰਤ ਦੇ ਲੋਕਾਂ ਦਾ ਜਿਹੜਾ ਧਿਆਨ ਪਹਿਲਾਂ ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਹੋਣ ਵਾਲੇ ਕਿਸਾਨ ਸੰਘਰਸ਼ ਵੱਲ ਲੱਗਾ ਹੋਇਆ ਸੀ, ਉਹ ਇਸ ਵਕਤ ਭਾਰਤ ਦੇ ਪੰਜਾਂ ਰਾਜਾਂ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵੱਲ ਲੱਗ ਗਿਆ ਹੈ। ਕਿਸਾਨ ਆਗੂ ਵੀ ਦਿੱਲੀ ਦੇ ਬਾਰਡਰਾਂ ਵਾਲਾ ਮੋਰਚਾ ਅਗਲੀ ਪੀੜ੍ਹੀ ਵਾਲਿਆਂ ਦੇ ਹੱਥ ਸੌਂਪ ਕੇ ਉਨ੍ਹਾਂ ਪੰਜਾਂ ਰਾਜਾਂ ਵਿੱਚ ਭਾਜਪਾ ਦੇ ਖਿਲਾਫ ਲੋਕਾਂ ਨੂੰ ਜਾਗਰੁਕ ਕਰਨ ਨਿਕਲ ਤੁਰੇ ਹਨ। ਲੜਾਈ ਓਨੀ ਦਿੱਲੀ ਵਿੱਚ ਨਹੀਂ ਰਹੀ, ਜਿੰਨੀ ਉਨ੍ਹਾਂ ਪੰਜਾਂ ਰਾਜਾਂ ਵਿੱਚ ਹੁੰਦੀ ਜਾਪਦੀ ਹੈ। ਭਾਰਤੀ ਜਨਤਾ ਪਾਰਟੀ ਆਪਣੀ ਚੜ੍ਹਤ ਦੇ ਨਗਾਰੇ ਵਜਾਉਣ ਦਾ ਪ੍ਰਭਾਵ ਬਣਾ ਕੇ ਇਨ੍ਹਾਂ ਪੰਜਾਂ ਰਾਜਾਂ ਵਿੱਚ ਮੁਕਾਬਲੇ ਦੀਆਂ ਦੋ ਮੁੱਖ ਧਿਰਾਂ ਵਿੱਚੋਂ ਇੱਕ ਬਣੀ ਦਿੱਸਦੀ ਹੈ। ਧਰਮ ਨਿਰਪੱਖ ਤਾਕਤਾਂ ਇਸ ਤੋਂ ਖਤਰਾ ਮਹਿਸੂਸ ਕਰਦੀਆਂ ਹਨ, ਪਰ ਇਹ ਗੱਲ ਅੱਖੋਂ ਪਰੋਖੇ ਕਰੀ ਜਾਂਦੀਆਂ ਹਨ ਕਿ ਜਦੋਂ ਭਾਜਪਾ ਦੀ ਚੜ੍ਹਤ ਦੇ ਖਿਲਾਫ ਇਕੱਠੇ ਹੋਣ ਦਾ ਸਮਾਂ ਸੀ, ਓਦੋਂ ਰਾਜ-ਗੱਦੀਆਂ ਦੀ ਝਾਕ ਉਨ੍ਹਾਂ ਉੱਤੇ ਭਾਰੂ ਹੁੰਦੀ ਸੀ। ਇਹ ਅੰਗਰੇਜ਼ੀ ਦੀ ਕਹਾਵਤ ਇਨ੍ਹਾਂ ਧਰਮ ਨਿਰਪੱਖ ਲੀਡਰਾਂ ਨੇ ਵੀ ਸੁਣੀ ਹੋਵੇਗੀ: ‘ਏ ਸਟਿੱਚ ਇਨ ਟਾਈਮ, ਸੇਵਜ਼ ਦ ਨਾਈਨ’, ਭਾਵ ਇਹ ਕਿ ਉੱਧੜਦੇ ਕੱਪੜੇ ਨੂੰ ਵੇਲੇ ਸਿਰ ਇੱਕ ਤੋਪਾ ਲਾ ਲਿਆ ਜਾਵੇ ਤਾਂ ਨੌਂ ਲਾਉਣ ਤੋਂ ਬਚ ਜਾਈਦਾ ਹੈ। ਇਸ ਵਕਤ ਹਾਲਤ ਨੌਂ ਤੋਪਿਆਂ ਤੋਂ ਬਚਣ ਤੋਂ ਵੀ ਅੱਗੇ ਲੰਘ ਕੇ ਲੰਗਾਰ ਹੁੰਦੀਆਂ ਲੀਰਾਂ ਵਾਲੀ ਬਣੀ ਹੋਈ ਹੈ।
ਕਾਂਗਰਸ ਪਾਰਟੀ ਇਸ ਵਕਤ ਆਸਾਮ ਵਿੱਚ ਆਪਣੀ ਜਿੱਤ ਦਾ ਠੋਕਵਾਂ ਦਾਅਵਾ ਕਰ ਸਕਣ ਜੋਗੀ ਨਹੀਂ। ਪਹਿਲਾਂ ਏਸੇ ਆਸਾਮ ਵਿੱਚ ਕਾਂਗਰਸ ਦੀ ਤਿੰਨ ਵਾਰੀ ਸਰਕਾਰ ਲਗਾਤਾਰ ਬਣੀ ਸੀ, ਪਰ ਚੌਥੀ ਵਾਰ ਬੇੜਾ ਓਦੋਂ ਗਰਕਿਆ, ਜਦੋਂ ਦਿੱਲੀ ਵਿੱਚ ਬੈਠੀ ਕਾਂਗਰਸ ਪ੍ਰਧਾਨ ਦੇ ਦੁਆਲੇ ਜੁੜੀ ਜੁੰਡੀ ਆਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਵਿਰੁੱਧ ਇਸ ਲਈ ਸਾਜਿ਼ਸ਼ਾਂ ਘੜਨ ਲੱਗ ਪਈ ਕਿ ਚੌਥੀ ਵਾਰ ਜਿੱਤ ਗਿਆ ਤਾਂ ਉਸ ਦਾ ਕੱਦ ਰਾਹੁਲ ਗਾਂਧੀ ਤੋਂ ਵੱਡਾ ਹੋ ਜਾਵੇਗਾ। ਉਹ ਹਾਰ ਜਾਣ ਪਿੱਛੋਂ ਪ੍ਰਾਣ ਵੀ ਤਿਆਗ ਗਿਆ ਤਾਂ ਰਾਹੁਲ ਦੀ ਜੁੰਡੀ ਆਪਣੇ ਇਸ ਨੇਤਾ ਨੂੰ ਲੈ ਕੇ ਕੁਝ ਕਰਨ ਦੀ ਥਾਂ ਉਲਟਾ ਉਸ ਦੇ ਖਿਲਾਫ ਅਤੇ ਉਸ ਦੀ ਮਾਂ ਦੇ ਖਿਲਾਫ ਜੰਮੂ ਤੱਕ ਜਾ ਕੇ ਮੀਟਿੰਗਾਂ ਕਰਨ ਲੱਗ ਪਈ ਹੈ। ਅੱਜ ਉਹ ਇਸ਼ਾਰੇ ਕਰਦੇ ਹਨ ਕਿ ਰਾਹੁਲ ਗਾਂਧੀ ਲੀਡਰੀ ਕਰਨ ਦੇ ਯੋਗ ਨਹੀਂ, ਪਰ ਜਦੋਂ ਦੋ ਵਾਰੀ ਏਦਾਂ ਦਾ ਮੌਕਾ ਮਿਲਿਆ ਸੀ ਕਿ ਉਸ ਨੂੰ ਲਾਂਭੇ ਹੋਣ ਲਈ ਕਹਿ ਦਿੱਤਾ ਜਾਵੇ, ਇਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਸੀ ਕਿਹਾ। ਜਦੋਂ ਮਨਮੋਹਨ ਸਿੰਘ ਸਰਕਾਰ ਵੱਲੋਂ ਪਾਸ ਕੀਤਾ ਇੱਕ ਬਿੱਲ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਵਿੱਚ ਪਾੜਿਆ ਸੀ ਤੇ ਵਿਦੇਸ਼ ਵਿੱਚ ਗਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵਿਦੇਸ਼ੀ ਪ੍ਰੈੱਸ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸੀ, ਓਦੋਂ ਰਾਹੁਲ ਨੂੰ ਘੂਰਨਾ ਚਾਹੀਦਾ ਸੀ। ਦੂਸਰਾ ਮੌਕਾ ਦਿੱਲੀ ਵਿੱਚ ਇੱਕ ਸਟੇਡੀਅਮ ਵਿੱਚ ਉਸ ਦੇ ਇਹ ਕਹਿਣ ਦਾ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਮੈਂ ਅੱਜ ਸ਼ਾਮ ਤੱਕ ਬਣ ਸਕਦਾ ਹਾਂ। ਇਸ ਦਾ ਅਰਥ ਸੀ ਕਿ ਆਹ ਜਿਹੜਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬੈਠਾ ਹੈ, ਇਸ ਦਾ ਕੀ ਹੈ, ਇਸ ਨੂੰ ਅਸੀਂ ਮਾਂ-ਪੁੱਤ ਅੱਜ ਸ਼ਾਮ ਤੱਕ ਉਠਾ ਕੇ ਪਰੇ ਕਰ ਸਕਦੇ ਹਾਂ। ਇੱਕ ਵੀ ਕਾਗਰਸੀ ਆਗੂ ਨੂੰ ਓਦੋਂ ਰਾਹੁਲ ਦਾ ਭਾਸ਼ਣ ਨਹੀਂ ਸੀ ਚੁਭਿਆ ਅਤੇ ਅੱਜ ਉਹੀ ਸਾਰੇ ਉਸ ਦੇ ਖਿਲਾਫ ਮੀਟਿੰਗਾਂ ਕਰਦੇ ਫਿਰਦੇ ਹਨ।
ਦੂਸਰੀ ਧਿਰ ਖੱਬੇ-ਪੱਖੀਆਂ ਦੀ ਹੈ। ਇੱਕ ਵਕਤ ਸਾਰੇ ਕਾਂਗਰਸ-ਵਿਰੋਧੀ ਤੇ ਭਾਜਪਾ-ਵਿਰੋਧੀ ਧੜੇ ਇਹ ਮੰਨਣ ਨੂੰ ਤਿਆਰ ਹੋ ਗਏ ਸਨ ਕਿ ਸੀ ਪੀ ਆਈ (ਐੱਮ) ਦੇ ਲੀਡਰ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਾਂਝੀ ਸਰਕਾਰ ਦਾ ਗਠਨ ਕਰ ਲਈਏ। ਜਦੋਂ ਉਸ ਦੀ ਆਪਣੀ ਪਾਰਟੀ ਸੀ ਪੀ ਆਈ (ਐੱਮ) ਵਿੱਚ ਇਸ ਬਾਰੇ ਮਤਾ ਪੇਸ਼ ਹੋਇਆ ਤਾਂ ਉਸ ਦੇ ਖਿਲਾਫ ਬਹੁ-ਸੰਮਤੀ ਇਸ ਲਈ ਜੁੜ ਗਈ ਕਿ ਕਾਂਗਰਸ ਨਾਲ ਸਾਂਝ ਪਾ ਕੇ ਚੱਲਣ ਵਾਲੀ ਸਰਕਾਰ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਨਹੀਂ। ਅਗਲੀਆਂ ਦੋ ਚੋਣਾਂ ਵਿੱਚ ਜਿਹੜੇ ਕਾਮਰੇਡ ਇਹ ਕਹਿੰਦੇ ਸਨ ਕਿ ਮਮਤਾ ਬੈਨਰਜੀ ਸੱਜ ਪਿਛਾਖੜ ਅਤੇ ਭਾਰਤ ਦੇ ਪੂੰਜੀਵਾਦ ਦੀ ਆਗੂ ਹੈ, ਇਸ ਨੂੰ ਜਿੱਤਣ ਨਹੀਂ ਦੇਣਾ ਚਾਹੀਦਾ, ਉਨ੍ਹਾਂ ਵਿੱਚੋਂ ਇੱਕ ਜਣਾ ਇਸ ਹਫਤੇ ਦੇ ਇੱਕ ਦਿਨ ਸਾਨੂੰ ਮਿਲ ਗਿਆ। ਗੱਲ ਪੰਜਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਚੱਲ ਪਈ। ਅਸੀਂ ਇਹ ਪੁੱਛ ਲਿਆ ਕਿ ਪੱਛਮੀ ਬੰਗਾਲ ਦਾ ਕੀ ਬਣੇਗਾ ਤੇ ਉਸ ਨੇ ਕਿਹਾ: ‘ਆਸ ਤਾਂ ਬੜੀ ਹੈ ਕਿ ਮਮਤਾ ਬੈਨਰਜੀ ਭਾਜਪਾ ਦੇ ਪੈਰ ਨਹੀਂ ਲੱਗਣ ਦੇਵੇਗੀ’। ਅਸੀਂ ਪੁੱਛਿਆ ਕਿ ਉਸ ਦੇ ਜਿੱਤਣ ਨਾਲ ਤੁਹਾਨੂੰ ਕੀ ਫਾਇਦਾ, ਉਹ ਤਾਂ ਸੱਜ ਪਿਛਾਖੜ ਦੀ ਪ੍ਰਤੀਨਿਧ ਹੈ, ਪਰ ਉਸ ਦਾ ਜਵਾਬ ਇਹ ਸੀ ਕਿ ਗੱਲ ਪਿਛਾਖੜ-ਅਗਾਖੜ ਦੀ ਨਹੀਂ, ਫਿਰਕਾ ਪ੍ਰਸਤੀ ਦਾ ਰਾਹ ਰੋਕਣ ਦੀ ਹੈ। ਅਸੀਂ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰਾਂ ਨੇ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣਾ ਮੰਨਿਆ ਸੀ, ਗੱਲ ਓਦੋਂ ਵੀ ਫਿਰਕਾ ਪ੍ਰਸਤੀ ਰੋਕਣ ਦੀ ਸੀ, ਫਿਰ ਅੱਜ ਵਾਲੀ ਗੱਲ ਓਦੋਂ ਸੋਚ ਲੈਣੀ ਚਾਹੀਦੀ ਸੀ ਅਤੇ ਜਿਸ ਕਾਂਗਰਸ ਨਾਲ ਅੱਜ ਬੰਗਾਲ ਵਿੱਚ ਚੋਣਾਂ ਦੀ ਸਾਂਝ ਪਾਈ ਹੈ, ਉਸ ਨਾਲ ਉਸ ਵੇਲੇ ਸਾਂਝ ਪਾਈ ਹੁੰਦੀ ਤਾਂ ਕਿੰਨਾ ਕੁ ਫਰਕ ਪੈਣਾ ਸੀ! ਕਾਮਰੇਡਾਂ ਕੋਲ ਏਦਾਂ ਦੇ ਮੌਕੇ ਇੱਕੋ ਦਲੀਲ ਵੱਡੀ ਹੁੰਦੀ ਹੈ ਕਿ ਓਦੋਂ ਨਾਲੋਂ ਪ੍ਰਸਥਿਤੀਆਂ ਬਦਲ ਗਈਆਂ ਹਨ। ਉਸ ਨੇ ਵੀ ਇਹੋ ਕਿਹਾ ਸੀ।
ਪਿਛਲੇ ਸਾਲ ਅਕਾਲੀ ਦਲ ਦੇ ਇੱਕ ਉੱਘੇ ਆਗੂ ਨਾਲ ਕਿਸੇ ਵਿਆਹ ਵਿੱਚ ਇਕੱਠੇ ਹੋਣ ਦਾ ਸਬੱਬ ਬਣ ਗਿਆ ਤਾਂ ਅਸੀਂ ਉਨ੍ਹਾਂ ਦੀ ਭਾਜਪਾ ਨਾਲ ਸਾਂਝ ਉੱਤੇ ਕਿੰਤੂ ਕਰਦਾ ਸਵਾਲ ਕੀਤਾ ਸੀ। ਉਸ ਦਾ ਜਵਾਬ ਸੀ ਕਿ ਤੁਹਾਨੂੰ ਪਹਿਲਾਂ ਅਸੀਂ ਅਕਾਲੀ ਫਿਰਕੂ ਲੱਗਿਆ ਕਰਦੇ ਸਾਂ, ਅੱਜਕੱਲ੍ਹ ਭਾਜਪਾ ਤੋਂ ਡਰ ਲੱਗਦਾ ਹੈ, ਨਾ ਕਦੇ ਅਕਾਲੀ ਫਿਰਕੂ ਸਨ ਤੇ ਨਾ ਭਾਜਪਾ ਤੋਂ ਇਸ ਦੇਸ਼ ਦੀ ਕਿਸੇ ਵੀ ਘੱਟ-ਗਿਣਤੀ ਨੂੰ ਹੀ ਕੋਈ ਖਤਰਾ ਹੈ। ਉਸ ਤੋਂ ਕੁਝ ਹਫਤੇ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਛੱਡ ਦਿੱਤੀ ਅਤੇ ਉਹੀ ਆਗੂ ਅੱਜਕੱਲ੍ਹ ਭਾਜਪਾ ਦੇ ਫਿਰਕੂਪੁਣੇ ਵਿਰੁੱਧ ਸਭ ਤੋਂ ਵੱਧ ਬਿਆਨ ਜਾਰੀ ਕਰਨ ਲੱਗਾ ਰਹਿੰਦਾ ਹੈ। ਮੈਨੂੰ ਉਸ ਦੇ ਬਿਆਨਾਂ ਵਿੱਚ ਉਸ ਦੇ ਆਪਣੇ ਗੁਨਾਹ ਦਾ ਅਹਿਸਾਸ ਮਹਿਸੂਸ ਹੁੰਦਾ ਹੈ। ਸਿੱਖੀ ਨੂੰ ਬਚਾਉਣ ਲਈ ਉਹ ਅੱਜਕੱਲ੍ਹ ਕੁਝ ਖਾਸ ਚਿੰਤਤ ਹੈ। ਪਿਛਲੇ ਦਿਨੀਂ ਅਚਾਨਕ ਉਸ ਦਾ ਫੋਨ ਆਇਆ ਤੋਂ ਅਸੀਂ ਪਿਛਲੇ ਸਾਲ ਦੀ ਗੱਲ ਚੇਤੇ ਕਰਵਾ ਦਿੱਤੀ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਭਾਜਪਾ ਤੋਂ ਕੋਈ ਖਤਰਾ ਨਹੀਂ। ਉਸ ਨੇ ਜਵਾਬ ਦਿੱਤਾ ਕਿ ਭਾਜਪਾ ਨਾਲ ਸਾਡੀ ਸਾਂਝ ਹੁੰਦੇ ਤੋਂ ਸਚਮੁੱਚ ਕੋਈ ਖਤਰਾ ਨਹੀਂ ਸੀ, ਸਾਡੀ ਉਸ ਨਾਲ ਸਾਂਝ ਟੁੱਟ ਜਾਣ ਪਿੱਛੋਂ ਭਾਜਪਾ ਦੇ ਆਗੂਆਂ ਨੂੰ ਅੱਖ ਦੀ ਸ਼ਰਮ ਨਹੀਂ ਰਹੀ, ਇਸ ਕਰ ਕੇ ਬਾਕੀ ਘੱਟ-ਗਿਣਤੀਆਂ ਵਾਂਗ ਸਿੱਖਾਂ ਦੇ ਖਿਲਾਫ ਵੀ ਉਨ੍ਹਾਂ ਦਾ ਰੁਖ ਬਦਲ ਗਿਆ ਹੈ। ਹਵਾਈ ਕੁੱਕੜ ਦੇ ਆਪਣੇ ਹਿੱਤ ਕੋਈ ਨਹੀਂ ਹੁੰਦੇ, ਹਵਾ ਦਾ ਰੁਖ ਬਦਲਦੇ ਨਾਲ ਬਦਲ ਜਾਂਦਾ ਹੈ, ਪਰ ਏਦਾਂ ਦੇ ਲੀਡਰ ਉਸ ਹਵਾਈ ਕੁੱਕੜ ਤੋਂ ਵੀ ਭੈੜੇ ਹਨ, ਜਿਹੜੇ ਆਪਣੇ ਹਿੱਤਾਂ ਨੂੰ ਕੌਮ ਦੇ ਹਿੱਤ ਦੱਸਦੇ ਰਹਿੰਦੇ ਹਨ।
ਬੀਤੇ ਹਫਤੇ ਇੱਕ ਵਿਦੇਸ਼ੀ ਸੰਸਥਾ ਨੇ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਅੰਕੜੇ ਹੋਰ ਹੇਠਾਂ ਡੇਗ ਦਿੱਤੇ ਹਨ ਤੇ ਭਾਰਤ ਸਰਕਾਰ ਇਸ ਤੋਂ ਨਾਰਾਜ਼ ਹੈ। ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਗੱਲ ਵਿਦੇਸ਼ੀ ਸੰਸਥਾ ਨੇ ਠੀਕ ਕਹੀ ਹੈ ਤੇ ਭਾਜਪਾ ਨੂੰ ਹਕੀਕਤ ਮੰਨਣੀ ਚਾਹੀਦੀ ਹੈ। ਜਦੋਂ ਉਹ ਵਿਦੇਸ਼ੀ ਸੰਸਥਾ ਦੀ ਰਿਪੋਰਟ ਨੂੰ ਹਕੀਕਤ ਮੰਨ ਕੇ ਭਾਜਪਾ ਦੀ ਲੀਡਰਿਸ਼ਪ ਨੂੰ ਏਦਾਂ ਦੀ ਸਲਾਹ ਦੇਂਦੇ ਹਨ, ਖੁਦ ਉਨ੍ਹਾਂ ਨੂੰ ਵੀ ਕਦੇ ਨਾ ਕਦੇ ਇਹ ਹਕੀਕਤ ਮੰਨਣ ਦੀ ਹਿੰਮਤ ਕਰ ਲੈਣੀ ਚਾਹੀਦੀ ਹੈ ਕਿ ਹਾਲਾਤ ਨੂੰ ਏਥੋਂ ਤੱਕ ਪੁਚਾਉਣ ਵਿੱਚ ਕੁਝ ਹੱਥ ਉਨ੍ਹਾਂ ਦੇ ਗਲਤ ਰਾਜਸੀ ਪੈਂਤੜਿਆਂ ਤੇ ਸੱਤਾ ਜਾਂ ਆਪੋ-ਆਪਣੀ ਚੌਧਰ ਦੀ ਭੁੱਖ ਦਾ ਵੀ ਸੀ। ਅੱਗੇ ਇਹ ਕਿਹਾ ਜਾਂਦਾ ਸੀ ਕਿ ਇਤਹਾਸ ਬੜਾ ਬੇਰਹਿਮ ਹੈ ਤੇ ਇਸ ਨੇ ਕਿਸੇ ਦਾ ਵੀ ਲਿਹਾਜ ਨਹੀਂ ਕਰਨਾ, ਸਾਰਾ ਚਿੱਠਾ ਲੋਕਾਂ ਅੱਗੇ ਪੇਸ਼ ਕਰ ਦੇਣਾ ਹੈ, ਪਰ ਇਸ ਵਕਤ ਤਾਂ ਦੇਸ਼ ਦਾ ਇਤਹਾਸ ਵੀ ਭਾਰੂ ਧਿਰ ਆਪਣੇ ਪੱਖ ਵਿੱਚ ਬਦਲਣ ਲੱਗੀ ਹੋਈ ਹੈ। ਉਸ ਦੇ ਅੱਗੇ ਯੂਨੀਵਰਸਿਟੀਆਂ ਦੇ ਵੱਡੇ ਸਕਾਲਰ ਅੜਨ ਤੋਂ ਗੁਰੇਜ਼ ਕਰਦੇ ਹਨ ਅਤੇ ਅਦਾਲਤਾਂ ਵਿੱਚ ਬੈਠੇ ਹੋਏ ਜੱਜਾਂ ਦੀ ਇੱਕ ਵੱਡੀ ਗਿਣਤੀ ਉਸ ਦੇ ਇਰਾਦਿਆਂ ਉੱਤੇ ਸਹਿਮਤੀ ਪ੍ਰਗਟ ਕਰਨ ਦੇ ਰਾਹ ਪੈ ਗਈ ਦਿੱਸਣ ਲੱਗ ਪਈ ਹੈ। ਪੰਜਾਂ ਰਾਜਾਂ ਦੀਆਂ ਚੋਣਾਂ ਹੋ ਜਾਣਗੀਆਂ, ਕੁਝ ਥਾਂਈਂ ਭਾਜਪਾ ਨਾਲ ਆਢਾ ਲੈਣ ਵਾਲੀਆਂ ਧਿਰਾਂ ਕਾਮਯਾਬ ਵੀ ਹੋ ਜਾਣ ਤਾਂ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਨਹੀਂ ਕਿਹਾ ਜਾ ਸਕਦਾ, ਦੇਸ਼ ਜਿਸ ਪਾਸੇ ਚੱਲ ਪਿਆ ਹੈ, ਉਸ ਨੂੰ ਓਧਰਲੇ ਵਹਿਣ ਤੋਂ ਬਚਾਉਣ ਲਈ ਜੋ ਕੁਝ ਕਰਨ ਦੀ ਲੋੜ ਹੈ, ਉਹ ਸੋਚਣਾ ਚਾਹੀਦਾ ਹੈ।

Have something to say? Post your comment