Welcome to Canadian Punjabi Post
Follow us on

18

April 2021
ਨਜਰਰੀਆ

ਛਾਪਾ ਅਤੇ ਬਾਪੂ

March 15, 2021 02:10 AM

-ਸੁਖਦੇਵ ਸਿੰਘ ਮਾਨ
ਸਾਲ ਦਾ ਕੋਈ ਮਹੀਨਾ ਅਜਿਹਾ ਨਹੀਂ ਸੀ ਹੁੰਦਾ ਜਦੋਂ ਸਾਡੇ ਘਰ ਭੈਣਾਂ ਦਾ ਖੇਸ ਬੁਣਨ ਦਾ ਕੰਮ ਨਾ ਛਿੜਿਆ ਹੁੰਦਾ। ਪੰਜੇ ਭੈਣਾਂ ਮੈਥੋਂ ਵੱਡੀਆਂ ਸਨ। ਬਾਪੂ ਦੀ ਟੁੱਟੀ ਕਬੀਲਦਾਰੀ ਦਾ ਅਹਿਸਾਸ ਭੈਣਾਂ ਦੇ ਚਿਹਰਿਆਂ ਉੱਤੇ ਹਰ ਵਕਤ ਛਾਇਆ ਰਹਿੰਦਾ। ਦਿਨੋ-ਦਿਨ ਵਧ ਰਹੇ ਆਰਥਿਕ ਸੰਕਟ ਦੇ ਥਪੇੜੇ ਸਹਿੰਦੇ ਘਰ ਦੇ ਸਾਰੇ ਜੀਅ ਸੁੰਨ ਵੱਟਾ ਬਣੇ ਰਹਿੰਦੇ। ਇਸ ਸੰਕਟ ਵਿੱਚੋਂ ਪਾਰ ਪਾਉਣ ਦੀ ਸਮਰੱਥਾ ਕਿਸੇ ਜੀਅ ਦੀ ਨਹੀਂ ਸੀ। ਸਾਰੇ ਸਿਰਫ ਇੱਕੋ ਸਰਫਾ ਕਰਦੇ, ਸਿਰਫ ਉਹੀ ਚੀਜ਼ ਖਰੀਦਦੇ ਜਿਸ ਬਿਨਾਂ ਬਿਲਕੁਲ ਨਾ ਸਰਦਾ। ਭੈਣਾਂ ਨੂੰ ਵੀ ਅਹਿਸਾਸ ਸੀ ਕਿ ਉਨ੍ਹਾਂ ਸਦਾ ਲਈ ਏਥੇ ਨਹੀਂ ਰਹਿਣਾ। ਸੋ ਆਪਣੇ ਦਾਜ ਦੀ ਤਿਆਰੀ ਲਈ ਉਹ ਮੰਡੀ ਦੀਆਂ ਸ਼ਾਹਣੀਆਂ ਦੀਆਂ ਚੁਤੱਹੀਆਂ ਤੇ ਖੇਸ ਬੁਣਦੀਆਂ ਰਹਿੰਦੀਆਂ।
ਵੱਡੀ ਕਬੀਲਦਾਰੀ ਦੇ ਝੇੜੇ ਵਿੱਚ ਫਸਿਆ ਬਾਪੂ ਖੇਤਾਂ ਵਿੱਚ ਦੇਹ ਤੋੜ ਕੇ ਕੰਮ ਕਰਦਾ ਅਫੀਮ ਦੀ ਲਤ ਲਾ ਬੈਠਾ। ਇਸ ਮਜਬੂਰੀ ਉਤੇ ਪਰਦਾ ਪਾਉਂਦਾ ਬਾਪੂ ਕਿਤੇ ਆਪਣੀ ਬਦਨਸੀਬੀ ਨੂੰ ਉਲਾਂਭੇ ਦੇਣ ਲੱਗ ਪੈਂਦਾ, ਕਿਤੇ ਇਸ ਸਭ ਕਾਸੇ ਨੂੰ ਪਿਛਲੇ ਜਨਮ ਦਾ ਫਲ ਮੰਨ ਕੇ ਮੱਥੇ ਉੱਤੇ ਹੱਥ ਧਰ ਕੇ ਬਹਿ ਜਾਂਦਾ। ਜਦੋਂ ਬਾਪੂ ਅਜਿਹੇ ਘਿਣੇ ਜਿਹੇ ਪਾਉਂਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਫੀਮ ਜਾਂ ਬਿਲਕੁਲ ਖਤਮ ਹੋ ਗਈ ਹੈ ਜਾਂ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਹੈ। ਇੱਕ ਦਿਨ ਬਾਪੂ ਨੇ ਪਿਛਲੇ ਪਹਿਰ ਵਾਲੀ ਚਾਹ ਪੀ ਕੇ ਖਾਲੀ ਗੜਵੀ ਵਿਹੜੇ ਵਿੱਚ ਰੋੜ੍ਹ ਦਿੱਤੀ। ਮੱਥੇ ਉੱਤੇ ਹੱਥ ਧਰ ਲਿਆ। ਬਾਪੂ ਦੀ ਪੱਗ ਦੇ ਖਿੱਲਰੇ ਲੜ ਉਸ ਦੀ ਦਸ਼ਾ ਬਿਆਨ ਕਰ ਰਹੇ ਸੀ। ਕੁਝ ਚਿਰ ਬਾਪੂ ਅਲਾਣੀ ਮੰਜੀ ਉੱਤੇ ਬੜਾ ਮਾਯੂਸ ਬੈਠਾ ਰਿਹਾ। ਫਿਰ ਆਵਦੇ ਜੰਮਣ ਵਾਲਿਆਂ ਨੂੰ ਯਾਦ ਕਰ ਕੇ ਰੋਣ ਲੱਗ ਪਿਆ। ਬਾਪੂ ਦਾ ਰੋਣਾ ਟੱਬਰ ਨੇ ਪਹਿਲੀ ਵਾਰ ਨਹੀਂ ਦੇਖਿਆ ਸੀ। ਫਿਰ ਵੀ ਬਾਪੂ ਦੀਆਂ ਮਜਬੂਰੀਆਂ ਨੂੰ ਮਹਿਸੂਸ ਕਰ ਕੇ ਮੇਰੇ ਕਲੇਜੇ ਵਿੱਚ ਰੁੱਗ ਭਰਨ ਲੱਗੇ। ਇੰਨੀ ਗੱਲ ਮੈਂ ਵੀ ਸਮਝਦਾ ਸੀ ਕਿ ਹਾਸੇ, ਰੋਣੇ, ਉਦਾਸੀ ਸਭ ਮਨੁੱਖੀ ਸੁਭਾਅ ਦਾ ਹਿੱਸਾ ਹਨ। ਬਾਪੂ ਦੇ ਦਰਦ ਦਾ ਸਾਨੂੰ ਇੱਕੋ ਹੱਲ ਸੁਝਦਾ ਕਿ ਰੁਘੂ ਪੱਤੀ ਵਿੱਚ ਰਹਿੰਦੇ ਛਾਪੇ ਦੇ ਘਰੋਂ ਬਾਪੂ ਨੂੰ ਅਫੀਮ ਲਿਆ ਕੇ ਦਿੱਤੀ ਜਾਵੇ। ਇਸ ਕੰਮ ਲਈ ਭੈਣਾਂ ਨਹੀਂ ਜਾ ਸਕਦੀਆਂ ਸੀ। ਅਜਿਹੇ ਮੌਕੇ ਭੈਣਾਂ ਮੈਨੂੰ ਛਾਪੇ ਦੇ ਘਰ ਭੇਜਣ ਲਈ ਮਜਬੂਰ ਹੋ ਜਾਂਦੀਆਂ। ਸ਼ਾਹਣੀਆਂ ਦੇ ਖੇਸ ਚੁਤੱਹੀਆਂ ਬੁਣ ਕੇ ਜੋੜੇ ਪੈਸਿਆਂ ਵਿੱਚੋਂ ਵੱਡੀ ਭੈਣ ਮੈਨੂੰ ਕੁਝ ਰੁਪੱਈਏ ਦਿੰਦੀ। ਦੋ ਪੱਤੀਆਂ ਦੀਆਂ ਸੱਥਾਂ ਲੰਘ ਕੇ ਮੈਂ ਟੁੱਟੇ ਦਿਲ ਨਾਲ ਛਾਪੇ ਦੇ ਘਰ ਵੱਲ ਤੁਰ ਪੈਂਦਾ। ਛਾਪੇ ਦੇ ਇਸ ਅਨੈਤਿਕ ਕੰਮ ਨੂੰ ਕੋਈ ਬੰਦਾ ਚੰਗਾ ਨਹੀਂ ਸਮਝਦਾ ਸੀ। ਛਾਪਾ ਸਮਾਜ ਤੋਂ ਟੁੱਟਿਆ ਬੰਦਾ ਸੀ। ਇੱਕ ਤਰ੍ਹਾਂ ਭਾਂਡਾ ਤਿਆਗਣ ਵਾਲੇ ਹਾਲ ਵਿੱਚ ਜਿਊਂਦਾ ਉਹ ਪੁਲਸ ਨਾਲ ਲੁਕਣਮੀਟੀ ਖੇਡਦਾ ਰਹਿੰਦਾ। ਅਫੀਮ ਵੇਚਣ ਦੇ ਕੰਮ ਨੇ ਛਾਪੇ ਦੇ ਘਰ ਵੀ ਖਿਲਾਰਾ ਪਾ ਛੱਡਿਆ ਸੀ। ਉਹਦੀ ਘਰਵਾਲੀ ਖਿਝ ਵਿੱਚ ਸਾਧਾਂ ਦੇ ਡੇਰਿਆਂ ਨੂੰ ਚੜ੍ਹੀ ਰਹਿੰਦੀ। ਘਰ ਤੋੜਨ ਦਾ ਦੋਸ਼ ਉਹ ਛਾਪੇ ਜ਼ਿੰਮੇ ਮੜ੍ਹਦੀ। ਛਾਪੇ ਦੇ ਬੱਚੇ ਮਾਂ ਪਿਓ ਵਿਚਕਾਰ ਛਿੜੇ ਗ੍ਰਹਿ ਯੁੱਧ ਦਾ ਸੰਤਾਪ ਭੋਗਦੇ ਪੜ੍ਹਾਈ ਵਿੱਚ ਪਛੜਨ ਲੱਗੇ ਸੀ।
ਛਾਪੇ ਦੇ ਘਰ ਜਾ ਕੇ ਪਹਿਲਾਂ ਮੈਂ ਤਖਤਿਆਂ ਦੀਆਂ ਵਿਰਲਾਂ ਵਿਚ ਦੀ ਕੁੱਤੇ ਦੇਖਦਾ। ਜੇ ਕੁੱਤਾ ਖੁੱਲ੍ਹਾ ਹੁੰਦਾ ਤਾਂ ਮੈਂ ‘ਬਾਈ ਬਾਈ’ ਆਖ ਆਵਾਜ਼ਾਂ ਮਾਰਦਾ। ਉਸ ਦਿਨ ਕੁੱਤੇ ਬੁੰਨੇ ਹੋਏ ਸੀ। ਮੈਂ ਵਿਹੜੇ ਵਿੱਚ ਗਿਆ ਤਾਂ ਛਾਪੇ ਦਾ ਚਿਹਰਾ ਉਤਰਿਆ ਹੋਇਆ ਸੀ। ਛਾਪਾ ਚਿਹਰੇ ਤੋਂ ਮੈਨੂੰ ਪਛਾਣਦਾ ਸੀ। ਉਸ ਨੇ ਮੋਮੀ ਕਾਗਜ਼ ਵਿੱਚ ਮੈਨੂੰ ਅਫੀਮ ਵਲੇਟ ਕੇ ਫੜ੍ਹਾ ਦਿੱਤੀ। ਉਂਝ ਛਾਪਾ ਕਿਸੇ ਨਾਲ ਬਹੁਤੀ ਗੱਲ ਕਰਦਾ ਨਹੀਂ ਸੀ, ਪਰ ਉਸ ਦਿਨ ਜਦੋਂ ਮੈਂ ਮੁੜਨ ਲੱਗਾ ਤਾ ਛਾਪੇ ਨੇ ਰੋਕ ਲਿਆ। ਕਹਿੰਦਾ, ‘‘ਓਇ ਕਾਕਾ! ਆਪਣੇ ਬਾਪੂ ਨੂੰ ਆਖ ਦੇਈਂ, ਇਸ ਮਾੜੀ ਲਤ ਤੋਂ ਖਹਿੜਾ ਛੁਡਾ ਲਵੇ। ਮੈਂ ਇਹ ਚੰਦਰਾ ਕੰਮ ਛੱਡ ਰਿਹਾਂ। ਇਸ ਮਾੜੇ ਕੰਮ ਨੇ ਮੈਨੂੰ ਸਮਾਜ ਨਾਲੋਂ ਤੋੜ ਕੇ ਰੱਖ ਦਿੱਤਾ। ਹਰ ਬੰਦਾ ਮੇਰੇ ਨਾਲ ਗੱਲ ਕਰਨ ਤੋਂ ਪਾਸਾ ਵੱਟਣ ਲੱਗਾ ਏ। ਰੋਜ਼ ਪੁਲਸ ਮਗਰ ਪਈ ਰਹਿੰਦੀ ਆ। ਘਰ ਮੇਰਾ ਟੁੱਟਣ ਕਿਨਾਰੇ ਆਇਆ ਪਿਆ। ਬੱਚਿਆਂ ਦੀ ਪੜ੍ਹਾਈ ਪਛੜ ਰਹੀ ਆ। ਇਸ ਤੋਂ ਬਾਅਦ ਇਹ ਚੀਜ਼ ਲੈਣ ਮੇਰੇ ਕੋਲ ਨਾ ਆਈਂ। ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਆ।'' ਛਾਪਾ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਰਿਹਾ, ਜਿਵੇਂ ਮੈਂ ਉਸ ਦੇ ਹਾਣ ਦਾ ਹੋਵਾਂ।
ਘਰ ਆ ਕੇ ਮੈਂ ਬਾਪੂ ਨੂੰ ਅਫੀਮ ਵਾਲਾ ਮੋਮੀ ਕਾਗਜ਼ ਫੜਾ ਦਿੱਤਾ। ਬਾਪੂ ਨੂੰ ਛਾਪੇ ਦੀਆਂ ਕਹੀਆਂ ਗੱਲਾਂ ਵੀ ਸੁਣਾ ਦਿੱਤੀਆਂ। ਬਾਪੂ ਨੇ ਅਫੀਮ ਦੀ ਗੋਲੀ ਸੰਘੋਂ ਹੇਠਾਂ ਉਤਾਰ ਲਈ। ਕੁਝ ਹੋਰ ਕਾਰਨ ਕਰ ਕੇ, ਤੇ ਕੁਝ ਛਾਪੇ ਦੀਆਂ ਕਹੀਆਂ ਗੱਲਾਂ ਕਰ ਕੇ ਬਾਪੂ ਨੇ ਅਖੀਰ ਅਫੀਮ ਤੋਂ ਖਹਿੜਾ ਛੁਡਾ ਲਿਆ। ਛਾਪਾ ਆਪਣੀਆਂ ਕਹੀਆਂ ਗੱਲਾਂ ਉੱਤੇ ਪੂਰਾ ਉਤਰਿਆ। ਸਮਾਜ ਜਿਹੜਾ ਛਾਪੇ ਨਾਲ ਰੁੱਸਿਆ ਫਿਰਦਾ ਸੀ, ਉਹ ਉਹਨੂੰ ਹਰ ਸਾਂਝੇ ਕੰਮ ਵਿੱਚ ਸੱਦਣ ਲੱਗ ਪਿਆ। ਛਾਪਾ ਵੀ ਹਰ ਸਾਂਝੇ ਕੰਮ ਵਿੱਚ ਮੂਹਰੇ ਲੱਗ ਕੇ ਤੁਰਨ ਲੱਗਾ।

Have something to say? Post your comment