Welcome to Canadian Punjabi Post
Follow us on

22

April 2021
ਨਜਰਰੀਆ

ਗੰਢ ਬੰਨ੍ਹਣ ਵਾਲੀਆਂ ਗੱਲਾਂ

March 15, 2021 02:09 AM

-ਪ੍ਰਿੰਸੀਪਲ ਵਿਜੈ ਕੁਮਰ
ਮਾਂ ਦੀ ਬਿਮਾਰੀ ਦੀ ਹਾਲਤ ਨੂੰ ਵੇਖਦਿਆਂ ਮੈਨੂੰ ਇੰਞ ਲੱਗਣ ਲੱਗ ਪਿਆ ਕਿ ਮਾਂ ਕਦੇ ਵੀ ਸਾਡਾ ਸਾਥ ਛੱਡ ਕੇ ਜਾ ਸਕਦੀ ਹੈ। ਉਸ ਦੇ ਜਾਣ ਤੋਂ ਪਹਿਲਾਂ ਹੀ ਮੈਂ ਮਨ ਵਿੱਚ ਧਾਰ ਲਿਆ ਕਿ ਉਸ ਦੇ ਧਰਮੀ ਕਰਮੀ ਬੈਠਣ ਦਾ ਫਰਜ਼ ਮੈਂ ਹੀ ਨਿਭਾਵਾਂਗਾ। ਆਪਣੇ ਮਨ ਦਾ ਇਹ ਫੈਸਲਾ ਮੈਂ ਆਪਣੀ ਪਤਨੀ ਨਾਲ ਵੀ ਸਾਂਝਾ ਨਹੀਂ ਕੀਤਾ ਸੀ, ਕਿਉਂਕਿ ਮੈਨੂੰ ਉਸ ਦੇ ਕਿੰਤੂ-ਪ੍ਰੰਤੂ ਕਰਨ ਦਾ ਖਦਸ਼ਾ ਸੀ। ਸ਼ਹਿਰ ਵੱਸਣ ਕਾਰਨ ਭਰਾਵਾਂ ਨੂੰ ਵੀ ਮੈਥੋਂ ਇਹ ਆਸ ਨਹੀਂ ਸੀ।
ਮਾਂ ਦੇ ਦਾਹ ਸੰਸਕਾਰ ਦੀ ਰਸਮ ਤਿਆਰੀ ਕਰਨ ਲੱਗਿਆਂ ਪੰਡਤ ਨੇ ਸਾਨੂੰ ਸਵਾਲ ਕੀਤਾ, ‘‘ਤੁਹਾਡੇ ਚਾਰਾਂ ਭਰਾਵਾਂ ਵਿੱਚੋਂ ਕਰਮੀ ਧਰਮੀ ਕੌਣ ਬੈਠੇਗਾ?” ਮੈਂ ਬਿਨਾਂ ਕੁਝ ਬੋਲਿਆਂ ਪੰਡਿਤ ਅੱਗੇ ਬੈਠ ਗਿਆ। ਕਰਮੀ ਧਰਮੀ ਬੈਠਣ ਕਾਰਨ ਰਸਮ ਪਗੜੀ ਤੱਕ ਮੈਨੂੰ ਘਰ ਵਿੱਚ ਰਹਿਣਾ ਪਿਆ। ਮੈਂ ਪੂਰੇ ਵੀਹ ਸਾਲ ਬਾਅਦ ਆਪਣੇ ਪਿੰਡ ਰਾਤ ਠਹਿਰਿਆ ਸੀ। ਮਾਂ ਦੇ ਦਾਹ ਸੰਸਕਾਰ ਤੋਂ ਰਸਮ ਪਗੜੀ ਤੱਕ ਅਫਸੋਸ ਕਰਨ ਆਉਂਦੇ ਲੋਕਾਂ ਦੀ ਗਿਣਤੀ ਵੇਖ ਕੇ ਮੈਨੂੰ ਅਹਿਸਾਸ ਹੋਇਆ ਸੀ ਕਿ ਮਾਂ ਦੀ ਕਿੰਨੀ ਬਣੀ ਹੋਈ ਸੀ। ਲੋਕਾਂ ਨੂੰ ਉਸ ਦੇ ਜਾਣ ਦਾ ਕਿੰਨਾ ਸਦਮਾ ਲੱਗਾ ਸੀ। ਮੈਨੂੰ ਪਿੰਡ ਛੱਡਿਆਂ ਅਠਾਈ ਵਰ੍ਹੇ ਹੋ ਗਏ ਸਨ, ਪਰ ਪਿੰਡ ਅਤੇ ਗਲੀ ਮੁਹੱਲੇ ਦੀਆਂ ਔਰਤਾਂ ਮੇਰੇ ਨਾਲ ਦੁੱਖ ਸਾਂਝਾ ਕਰ ਕੇ ਜਾਂਦੀਆਂ ਸਨ। ਦੁੱਖ ਸਾਂਝਾ ਕਰਨ ਆਏ ਲੋਕਾਂ ਦੀ ਬਹੁਗਿਣਤੀ ਵੇਖ ਕੇ ਦੁਕਾਨਾਂ ਕਰਨ ਵਾਲੇ ਮੈਥੋਂ ਛੋਟੇ ਭਰਾਵਾਂ ਦਾ ਖਿਆਲ ਇਹ ਸੀ ਕਿ ਪਿੰਡ ਵਿੱਚ ਉਨ੍ਹਾਂ ਦੀ ਬਣੀ ਹੋਣ ਅਤੇ ਵਾਕਫੀਅਤ ਕਰ ਕੇ ਐਨੇ ਜ਼ਿਆਦਾ ਲੋਕ ਆਉਂਦੇ ਹਨ। ਇਸ ਤਰ੍ਹਾਂ ਦਾ ਕੁਝ ਵਿਚਾਰ ਮੇਰਾ ਅਤੇ ਦੂਜੇ ਭਰਾ ਦਾ ਵੀ ਸੀ। ਰਾਤ ਇਕੱਠੇ ਬੈਠਦਿਆਂ ਇਸ ਉਤੇ ਚਰਚਾ ਵੀ ਹੁੰਦੀ। ਕਦੇ-ਕਦੇ ਭਰਜਾਈਆਂ ਵੀ ਜ਼ਿਆਦਾ ਲੋਕਾਂ ਦੇ ਆਉਣ ਦਾ ਕਾਰਨ ਆਪਣੀ ਬਣੀ ਹੋਈ ਦੱਸਦੀਆਂ ਸਨ, ਪਰ ਇਹ ਕੋਈ ਨਹੀਂ ਕਹਿੰਦਾ ਸੀ ਕਿ ਇਹ ਸਾਰਾ ਸਾਡੀ ਮਾਂ ਦਾ ਹੀ ਪ੍ਰਤਾਪ ਹੈ।
ਤੇਰ੍ਹਵੇਂ ਦਿਨ ਰਸਮ ਪਗੜੀ ਦੀ ਰਸਮ ਸੀ। ਸਾਡਾ ਕੋਈ ਅਜਿਹਾ ਸਾਕ ਸੰਬੰਧੀ ਨਹੀਂ ਸੀ, ਜੋ ਕਿ ਉਸ ਦਿਨ ਨਾ ਪਹੁੰਚਿਆ ਹੋਵੇ। ਇੱਥੋਂ ਤੱਕ ਕਿ ਵਿਦੇਸ਼ ਤੋਂ ਵੀ ਰਿਸ਼ਤੇਦਾਰ ਉਸ ਦਿਨ ਪਹੁੰਚਣ ਤੋਂ ਰਹਿ ਨਹੀਂ ਸਕੇ। ਮਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਸੱਜਣਾਂ ਨੇ ਲੋਕਾਂ ਦੇ ਵੱਡੇ ਇਕੱਠ ਦਾ ਜ਼ਿਕਰ ਕੀਤਾ। ਰਸਮ ਪਗੜੀ ਤੋਂ ਬਾਅਦ ਲੋਕ ਸਾਡੇ ਕੋਲੋਂ ਵਿਦਾਈ ਲੈ ਕੇ ਆਪਣੇ-ਆਪਣੇ ਘਰਾਂ ਨੂੰ ਰੁਖ਼ਸਤ ਹੋ ਰਹੇ ਸਨ। ਅਸੀਂ ਸਾਰੇ ਭਰਾ ਅਤੇ ਸਾਡੀਆਂ ਪਤਨੀਆਂ ਰਸਮ ਪਗੜੀ ਵਾਲੀ ਥਾਂ ਤੋਂ ਆਪਣੇ ਘਰ ਜਾਣ ਦੀ ਤਿਆਰੀ ਕਰ ਰਹੇ ਸਾਂ। ਦਰੀਆਂ ਅਤੇ ਕੁਰਸੀਆਂ ਅਜੇ ਚੁੱਕੀਆਂ ਜਾਣੀਆਂ ਸਨ। ਇੱਕ ਕੋਨੇ ਵਿੱਚ ਖੜ੍ਹੀ ਸੱਤਰ ਤੋਂ ਪਝੱਤਰ ਸਾਲ ਦੀ ਲੱਗਣ ਵਾਲੀ ਇੱਕ ਔਰਤ ਸਾਨੂੰ ਕੁਝ ਕਹਿਣਾ ਚਾਹੁੰਦੀ ਸੀ। ਉਹ ਸਾਡੇ ਮੁਹੱਲੇ ਦੀ ਹੀ ਔਰਤ ਸੀ। ਅਸੀਂ ਸਾਰੇ ਭੈਣ ਭਰਾ ਉਸ ਨੂੰ ਚਾਚੀ ਕਹਿੰਦੇ ਹਾਂ। ਮਾਂ ਕੋਲ ਉਸ ਦਾ ਕਾਫੀ ਆਉਣਾ ਜਾਣਾ ਹੁੰਦਾ ਸੀ। ਸ਼ਾਇਦ ਹੀ ਕੋਈ ਦਿਨ ਰਿਹਾ ਹੋਵੇ, ਜਿਸ ਦਿਨ ਉਹ ਮਾਂ ਨੂੰ ਮਿਲਣ ਨਾ ਆਈ ਹੋਵੇ।
ਮੈਥੋਂ ਛੋਟੇ ਭਰਾ ਨੇ ਬਿਨਾਂ ਸੋਚਿਆ ਸਮਝਿਆ ਉਸ ਨੂੰ ਕਹਿ ਦਿੱਤਾ, ‘‘ਚਾਚੀ ਜੀ, ਕੀ ਘਰ ਨੂੰ ਰੋਟੀ ਪਾਉਣ ਲਈ ਖੜ੍ਹੇ ਹੋ?” ਭਰਾ ਦੇ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਨੇ ਉਸ ਦੇ ਮਨ ਨੂੰ ਜ਼ਰੂਰ ਠੇਸ ਪੁਚਾਈ ਹੋਵੇਗੀ, ਮੈਨੂੰ ਵੀ ਉਸ ਦੇ ਸ਼ਬਦ ਠੀਕ ਨਹੀਂ ਲੱਗੇ ਸਨ। ਮੈਂ ਮੌਕਾ ਸੰਭਾਲਦਿਆਂ ਕਿਹਾ, ‘‘ਚਾਚੀ ਜੀ, ਸਾਡੇ ਕੋਲ ਆ ਜਾਓ, ਇਕੱਠੇ ਘਰ ਨੂੰ ਚਲਦੇ ਹਾਂ।” ਮੇਰੇ ਕਹੇ ਉਨ੍ਹਾਂ ਸ਼ਬਦਾਂ ਨੇ ਚਾਚੀ ਦਾ ਮਨ ਹੌਲਾ ਕਰ ਦਿੱਤਾ। ਉਹ ਸਾਡੇ ਕੋਲ ਆ ਕੇ ਕਹਿਣ ਲੱਗੀ, ‘‘ਬੱਚਿਓ, ਤੁਹਾਨੂੰ ਇਕ ਨਸੀਹਤ ਦੇਣੀ ਹੈ, ਜੇ ਤੁਸੀਂ ਮੇਰੇ ਕਹੇ ਦਾ ਬੁਰਾ ਨਾ ਮਨਾਓ।” ਭਰਾਵਾਂ ਵਿੱਚ ਵੱਡਾ ਹੋਣ ਕਾਰਨ ਮੈਂ ਅੱਗੋਂ ਉਸ ਨੂੰ ਕਿਹਾ, ‘‘ਚਾਚੀ ਜੀ, ਤੁਸੀਂ ਸਾਡੇ ਸਿਆਣੇ ਹੋ। ਸਾਡੇ ਬੀਜੀ ਦੀ ਥਾਂ ਸਾਨੂੰ ਸਮਝਾਉਣ ਵਾਲੇ ਤੁਸੀਂ ਹੋ। ਤੁਸੀਂ ਬੇਝਿਜਕ ਹੋ ਕੇ ਕਹੋ ਜੋ ਕਹਿਣਾ ਹੈ।”
ਉਸ ਦੇ ਕਹੇ ਸ਼ਬਦਾਂ ਨੇ ਸਾਡੇ ਪੈਰਾਂ ਹੇਠੋਂ ਜ਼ਮੀਨ ਸਰਕਾ ਦਿੱਤੀ। ਉਸ ਨੇ ਸਾਨੂੰ ਭੈਣ-ਭਰਾਵਾਂ ਨੂੰ ਬਿਠਾ ਕੇ ਕਿਹਾ, ‘‘ਮੁੰਡਿਓ, ਤੁਹਾਡੀ ਮਾਂ ਨੇ ਲੋਕਾਂ ਨਾਲ ਬਹੁਤ ਬਣਾਈ ਹੋਈ ਸੀ। ਇਨ੍ਹਾਂ ਦਿਨਾਂ ਵਿੱਚ ਜਿੰਨੇ ਵੀ ਲੋਕ ਤੁਹਾਡੇ ਘਰ ਵਿਚਾਰ ਕਰਨ ਆਏ, ਇਹ ਤੁਹਾਡੇ ਮੂੰਹ ਨੂੰ ਨਹੀਂ, ਤੁਹਾਡੀ ਮਾਂ ਦੀ ਬਣੀ ਹੋਈ ਕਰ ਕੇ ਆਏ।” ਉਸ ਨੇ ਮੇਰੇ ਭਰਾਵਾਂ ਦੀਆਂ ਘਰ ਵਾਲੀਆਂ ਨੂੰ ਕਿਹਾ ਕਿ ਤੁਸੀਂ ਲੋਕਾਂ ਦੇ ਸੁੱਖ ਦੁੱਖ ਉੱਤੇ ਬਹੁਤ ਘੱਟ ਜਾਂਦੀਆਂ ਹੋ। ਕੱਲ੍ਹ ਨੂੰ ਤੁਹਾਡੇ ਘਰ ਕੋਈ ਤਾਂ ਹੀ ਆਵੇਗਾ, ਜੇ ਤੁਸੀਂ ਕਿਸੇ ਦੇ ਘਰ ਜਾਓਗੇ। ਉਸ ਨੇ ਮੈਨੂੰ ਕਿਹਾ, ‘‘ਮਾਸਟਰ, ਪਹਿਲਾਂ ਤੇਰੀ ਮਾਂ ਜਿਊਂਦੀ ਸੀ। ਉਸ ਦੇ ਹੁੰਦਿਆਂ ਤੇਰੀ ਜ਼ਿੰਮੇਵਾਰੀ ਘੱਟ ਸੀ। ਅੱਗੋਂ ਆਪਸ ਵਿੱਚ ਮੇਲਜੋਲ ਬਣਾ ਕੇ ਰੱਖਣ ਲਈ ਛੇਤੀ ਛੇਤੀ ਪਿੰਡ ਗੇੜਾ ਮਾਰਦਾ ਰਹੀਂ। ਪਿੰਡ ਵਾਲਿਆਂ ਦੇ ਸੁੱਖ ਦੁੱਖ ਵਿੱਚ ਆਇਆ ਜਾਇਆ ਕਰ।” ਭੈਣਾਂ ਨੂੰ ਵੀ ਉਸ ਨੇ ਬਣਦੀ ਨਸੀਹਤ ਦਿੱਤੀ।
ਉਸ ਦੀਆਂ ਗੱਲਾਂ ਕੌੜੀਆਂ ਜ਼ਰੂਰ ਸਨ, ਪਰ ਸੱਚੀਆਂ ਸਨ। ਸਾਡੇ ਖਾਸ ਤੋਂ ਖਾਸ ਰਿਸ਼ਤੇਦਾਰ ਨੇ ਵੀ ਸਾਨੂੰ ਇਹ ਨਸੀਹਤ ਨਹੀਂ ਦਿੱਤੀ, ਕਿਉਂਕਿ ਉਹ ਸਾਰੇ ਰਿਸ਼ਤਾ ਨਿਭਾਉਣ ਲਈ ਆਏ ਸਨ, ਪਰ ਇਹ ਔਰਤ ਆਪਣਾ ਬਣਦਾ ਫਰਜ਼ ਨਿਭਾਉਣ ਲਈ ਆਈ ਸੀ। ਉਸ ਦੇ ਜਾਣ ਤੋਂ ਬਾਅਦ ਭਰਾਵਾਂ ਅਤੇ ਭਰਜਾਈਆਂ ਨੇ ਕਿਹਾ ਕਿ ਇਹ ਲੋਕਾਂ ਨੂੰ ਐਵੇਂ ਹੀ ਨਸੀਹਤਾਂ ਦਿੰਦੀ ਰਹਿੰਦੀ ਹੈ। ਜਿਹੜੀਆਂ ਕੌੜੀਆਂ ਗੱਲਾਂ ਬੰਦੇ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਉਂਦੀਆਂ ਹੋਣ, ਉਹ ਕਿਸੇ ਨੂੰ ਚੰਗੀਆਂ ਨਹੀਂ ਲੱਗਦੀਆਂ। ਹਰ ਕਿਸੇ ਨੂੰ ਆਪਣੀਆਂ ਸਿਫਤਾਂ ਸੁਣਨਾ ਹੀ ਚੰਗਾ ਲੱਗਦਾ ਹੈ। ਮੈਂ ਆਪਣੇ ਭੈਣ-ਭਰਾਵਾਂ ਅਤੇ ਭਰਜਾਈਆਂ ਨੂੰ ਕਹਿਣਾ ਚਾਹੁੰਦਾ ਸਾਂ ਕਿ ਚਾਚੀ ਦੀਆਂ ਗੱਲਾਂ ਗੱਠੀ ਬੰਨ੍ਹਣ ਵਾਲੀਆਂ ਹਨ, ਪਰ ਉਨ੍ਹਾਂ ਦੇ ਨਾਰਾਜ਼ ਹੋਣ ਦੇ ਡਰ ਕਾਰਨ ਮੈਂ ਚੁੱਪ ਰਹਿਣ ਵਿੱਚ ਬਿਹਤਰੀ ਸਮਝੀ। ਮੈਂ ਉਸ ਦੀਆਂ ਨਸੀਹਤ ਭਰੀਆਂ ਗੱਲਾਂ ਆਪਣੀ ਗੱਠੀ ਜ਼ਰੂਰ ਬੰਨ੍ਹ ਲਿਆਇਆ।

Have something to say? Post your comment