Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਉਨ੍ਹਾਂ ਦਿਨਾਂ ਦੀ ਗੱਲ

March 12, 2021 01:54 AM

-ਡਾਕਟਰ ਅਵਤਾਰ ਸਿੰਘ ਪਤੰਗ
ਮੇਰਾ ਪਿੰਡ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀ ਪੇਂਡੂ ਰਹਿਤਲ ਵਾਲੇ ਪੰਜਾਬ ਦਾ ਹਿੱਸਾ ਸੀ। ਉਦੋਂ ਸ਼ਹਿਰਾਂ ਤੋਂ ਪਿੰਡਾਂ ਤੱਕ ਪੱਕੀਆਂ ਲਿੰਕ ਰੋਡ ਨਹੀਂ ਸੀ ਹੁੰਦੀਆਂ। ਮਿੱਟੀ ਅਤੇ ਭੁੱਬਲ ਭਰੇ ਸੜਕਨੁਮਾ ਗੋਹਰ ਹੁੰਦੇ ਸਨ। ਸਾਡੇ ਪਿੰਡ ਤੋਂ ਸ਼ਹਿਰ ਜਾਣ ਲਈ ਦਸ ਮੀਲ ਦੀ ਧੂੜ ਭਰੀ ਸੜਕ (ਗੋਹਰ) ਵੀ ਕੱਚੀ ਸੀ। ਸ਼ਹਿਰ ਜਾਣ ਦਾ ਲੋਕਾਂ ਕੋਲ ਕੋਈ ਸਾਧਨ ਨਹੀਂ ਸੀ। ਸ਼ਹਿਰ ਗਿਆ ਬੰਦਾ ਜਿੰਨਾ ਮਰਜ਼ੀ ਬਚਣ ਦੀ ਕੋਸ਼ਿਸ਼ ਕਰੇ, ਸ਼ਾਮੀਂ ਘਰ ਸਿਰ ਵਿੱਚ ਖੇਹ ਪੁਆ ਕੇ ਆਉਂਦਾ ਸੀ। ਕਿਸੇ ਵਿਰਲੇ-ਟਾਵੇਂ ਕੋਲ ਸਾਈਕਲ ਹੁੰਦਾ ਸੀ। ਸਾਈਕਲ ਵਾਲਾ ਰੋਹਬ ਪਾਉਣ ਨੂੰ ਪੈਦਲ ਤੁਰੇ ਜਾਂਦੇ ਰਾਹਗੀਰਾਂ ਕੋਲੋਂ ਲੰਘਦਾ ਪੂਰੇ ਜ਼ੋਰ ਨਾਲ ਟੱਲੀ ਵਜਾ ਕੇ ਜਾਂਦਾ। ਉਂਝ ਸ਼ਹਿਰ ਨੂੰ ਇੱਕ ਬਸ ਜਾਂਦੀ ਸੀ, ਜਿਸ ਨੂੰ ਲੋਕ ਲਾਰੀ ਕਹਿੰਦੇ ਸਨ। ਇਹ ਲਾਰੀ ਚਲਦੀ ਘੱਟ ਤੇ ਖੜ੍ਹੀ ਜ਼ਿਆਦਾ ਰਹਿੰਦੀ ਸੀ। ਇਸ ਦਾ ਡਰਾਈਵਰ ਮੁਕੰਦਾ (ਮੁਕੰਦ ਸਿੰਘ) ਦੁਖੀ ਹੋਇਆ ਅਕਸਰ ਕਹਿੰਦਾ, ‘‘ਇਸ ਦਾ ਹਾਰਨ ਤੋਂ ਬਿਨਾਂ ਬਾਕੀ ਸਭ ਕੁਝ ਵੱਜਦਾ ਹੈ।” ਲਾਰੀ ਦੇ ਆਉਣ-ਜਾਣ ਦਾ ਕੋਈ ਟਾਈਮ ਤੇ ਕੋਈ ਦਿਨ ਨਿਸ਼ਚਿਤ ਨਹੀਂ ਸੀ ਹੁੰਦਾ। ਇਹ ਸਭ ਕੁਝ ਇਸ ਦੇ ਡਰਾਈਵਰ ਦੇ ਹੱਥ-ਵੱਸ ਹੁੰਦਾ ਸੀ।
ਪਿੰਡ ਵਿੱਚ ਉਦੋਂ ਬਿਜਲੀ ਨਹੀਂ ਆਈ ਸੀ। ਲੋਕ ਘਰਾਂ ਵਿੱਚ ਮਿੱਟੀ ਦੇ ਤੇਲ ਜਾਂ ਸਰ੍ਹੋਂ ਦੇ ਤੇਲ ਦੀ ਦੀਵੇ ਬਾਲਦੇ ਸਨ। ਦੀਵੇ ਨੂੰ ਜ਼ਰਾ ਉੱਚਾ ਰੱਖਣ ਲਈ ਦੀਵਟ (ਇੱਕ ਲੰਮੀ ਜਿਹੀ ਲੱਕੜ ਦੀ ਡੰਡੀ ਦੇ ਉੱਤੇ ਦੀਵੇ ਦੇ ਆਕਾਰ ਦਾ ਪਲੇਟਫਾਰਮ) ਹੁੰਦੀ ਸੀ। ਦੀਵੇ ਦੀ ਲੋਅ ਇੰਨੀ ਮੱਧਮ ਹੁੰਦੀ ਸੀ ਕਿ ਰੋਟੀ ਖਾਣ ਵਾਲੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਕੌਲੀ ਵਿੱਚ ਦਾਲ ਹੈ ਜਾਂ ਸਬਜ਼ੀ। ਉਨ੍ਹਾਂ ਦਿਨਾਂ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ। ਸਰਕਾਰ ਨੇ ਬਲੈਕ ਆਊਟ ਦੇ ਹੁਕਮ ਕਰ ਦਿੱਤੇ। ਮਿੱਟੀ ਦਾ ਤੇਲ ਵੀ ਮਿਲਣਾ ਬੰਦ ਹੋ ਗਿਆ। ਮਜਬੂਰਨ ਲੋਕ ਦਰਵਾਜ਼ੇ ਬੰਦ ਕਰ ਕੇ ਚੁੁੱਲ੍ਹਿਆਂ ਵਿੱਚ ਅੱਗ ਬਾਲ ਕੇ ਰਾਤ ਦਾ ਰੋਟੀ-ਟੁੱਕ ਕਰਦੇ ਅਤੇ ਨਾਲ ਇਸੇ ਲੋਅ ਨਾਲ ਘਰ ਦੇ ਜ਼ਰੂਰੀ ਕੰਮ ਨਿਪਟਾ ਲੈਂਦੇ। ਜੇ ਕਿਸੇ ਘਰ ਵਿੱਚੋਂ ਥੋੜ੍ਹੀ ਲੋਅ ਬਾਹਰ ਆਉਂਦੀ ਤਾਂ ਪਿੰਡ ਦਾ ਚੌਕੀਦਾਰ ਉਚੀ ਆਵਾਜ਼ ਮਾਰ ਕੇ ਘਰ ਵਾਲਿਆਂ ਨੂੰ ਚਿਤਾਵਨੀ ਦਿੰਦਾ।
ਸਾਡੇ ਘਰ ਦੇ ਨਾਲ ਤਾਈ ਬੰਸੀ ਦਾ ਘਰ ਸੀ। ਰਾਤ ਵੇਲੇ ਉਹ ਵਿਹੜੇ ਵਿੱਚ ਬਣੇ ਮਿੱਟੀ ਦੇ ਚੁੱਲ੍ਹੇ ਵਿੱਚ ਰੋਟੀ ਟੁੱਕ ਲਈ ਅੱਗ ਦਾ ਭਾਂਬੜ ਬਾਲ ਲੈਂਦੀ ਸੀ। ਇੱਕ ਦਿਨ ਅਸੀਂ ਇਕੱਠੇ ਹੋ ਕੇ ਤਾਈ ਬੰਸੀ ਨੂੰ ਸਮਝਾਉਣ ਗਏ, ‘‘ਦੇਖ ਤਾਈ, ਗੁੱਸਾ ਨਾ ਕਰੀਂ। ਤੈਨੂੰ ਪਤੈ ਲੜਾਈ ਲੱਗੀ ਹੋਈ ਐ। ਜਿੱਥੇ ਜ਼ਰਾ ਜਿੰਨੀ ਵੀ ਲੋਅ ਦਿਸਦੀ ਐ ਪਾਕਿਸਤਾਨ ਦਾ ਜਹਾਜ਼ ਉਥੇ ਆ ਬੰਬ ਮਾਰਦੈ। ਤੁਸੀਂ ਰਾਤ ਨੂੰ ਵਿਹੜੇ ਵਿੱਚ ਚੁੱਲ੍ਹਾ ਬਾਲ ਦਿੰਦੇ ਓ, ਥੋਡੇ ਕਰ ਕੇ ਕਿਤੇ ਸਾਰੇ ਪਿੰਡ ਦੀ ਜਾਹ-ਜਾਂਦੀ ਨਾ ਹੋ ਜਾਵੇ।” ਅਜੇ ਸਾਡੀ ਗੱਲ ਪੂਰੀ ਨਹੀਂ ਸੀ ਹੋਈ ਕਿ ਤਾਈ ਬੰਸੀ ਛਿੜ ਪਈ, ‘‘ਮੈਂ ਲਾਹੌਰ ਜੰਮੀ, ਉਥੇ ਈ ਉਡਾਰੂ ਹੋਈ, ਚੌਧਰੀ ਨੰਦ ਕਿਸ਼ੋਰ ਮੇਰਾ ਬਾਪ ਲਾਹੌਰ ਦਾ ਕਹਿੰਦਾ-ਕਹਾਉਂਦਾ ਠੇਕੇਦਾਰ ਸੀ। ਦਸ ਵਿਘੇ ਜ਼ਮੀਨ ਤੇ ਕਿੱਲ੍ਹੇ ਵਰਗੀ ਹਵੇਲੀ ਛੱਡ ਕੇ ਇਧਰ ਆਏ ਸੀ ਅਸੀਂ ਲਾਹੌਰੋਂ। ਨਾ ਆਪਣੀ ਧੀ ਦੇ ਘਰ 'ਤੇ ਬੰਬ ਮਾਰਨਗੇ ਲਾਹੌਰ ਆਲੇ। ਐਡਾ ਮੁਲਖ ਪਿਐ, ਜਿੱਥੇ ਮਰਜ਼ੀ ਮਾਰ ਲੈਣ ਬੰਬ। ਐਂ ਕਹੋ ਬਈ ਮੇਰੇ ਘਰ ਦੋ ਵੇਲੇ ਚੁੱਲ੍ਹਾ ਬਲਦਾ ਜਰਿਆ ਨੀਂ ਜਾਂਦਾ ਸ਼ਰੀਕਾਂ ਕੋਲੋਂ। ਰੋਟੀ ਪੱਕਦੀ ਦਾ ਸੱਲ ਐ ਥੋਨੂੰ।” ਕੁਝ ਦਿਨਾਂ ਬਾਅਦ ਪਾਕਿਸਤਾਨ ਨਾਲ ਲੜਾਈ ਖਤਮ ਹੋ ਗਈ, ਪਰ ਤਾਈ ਬੰਸੀ ਨਾਲ ਸਾਡੀ ਲੜਾਈ ਵਰ੍ਹੋ-ਵਰ੍ਹੀ ਚਲਦੀ ਰਹੀ।
ਸਾਡੇ ਪਿੰਡ ਇੱਕ ਮਿਡਲ ਸਕੂਲ ਸੀ। ਡੇਢ ਕੁ ਸੌ ਵਿਦਿਆਰਥੀਆਂ ਦੇ ਇਸ ਸਕੂਲ ਵਿੱਚ ਸਿਰਫ ਪੰਜ ਅਧਿਆਪਕ ਸਨ। ਦੋ ਸਿੱਖ, ਜਿਨ੍ਹਾਂ ਨੂੰ ਪਿੰਡ ਵਾਲੇ ਅਤੇ ਵਿਦਿਆਰਥੀ ਗਿਆਨੀ ਮਾਹਟਰ ਕਹਿੰਦੇ ਸਨ। ਦੋ ਅਧਿਆਪਕ ਕਲੀਨ ਸ਼ੇਵਨ ਸਨ, ਜਿਨ੍ਹਾਂ ਨੂੰ ਸ਼ਰਮੇਂ ਮਾਹਟਰ ਕਹਿੰਦੇ ਸਨ। ਇੱਕ ਅਧਿਆਪਕਾ ਨੂੰ ਭੈਣ ਜੀ ਕਹਿੰਦੇ ਸਨ। ਵਿਦਿਆਰਥੀਆਂ ਦੀ ਕੋਈ ਵਰਦੀ ਨਹੀਂ ਸੀ ਹੁੰਦੀ। ਸਰਦੀਆਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਮੈਲੀ-ਕੁਚੈਲੀ ਖੇਸੀ ਦੀ ਬੁੱਕਲ ਮਾਰ ਕੇ ਆਉਣ ਦੀ ਪੂਰੀ ਖੁੱਲ੍ਹ ਸੀ। ਨਹਾਉਣਾ-ਧੋਣਾ ਅਤੇ ਬੁਰਸ਼ ਕਰਨਾ ਉਦੋਂ ਕਿਸੇ ਹੋਰ ਮੁਲਕ ਦੀਆਂ ਗੱਲਾਂ ਸਨ। ਸਾਰੇ ਅਧਿਆਪਕ ਅਕਸਰ ਖਾਲੀ ਪੇਟ ਆਉਂਦੇ ਸਨ ਕਿਉਂਕਿ ਉਨ੍ਹਾਂ ਦੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨਾ ਵਿਦਿਆਰਥੀਆਂ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਸੀ। ਜ਼ਿਆਦਾਤਰ ਬੱਚੇ ਅੱਠਵੀਂ ਕਰ ਕੇ ਆਪੋ ਆਪਣੇ ਕੰਮਾਂ-ਕਾਰਾਂ ਵਿੱਚ ਲੱਗ ਜਾਂਦੇ ਸਨ। ਜੇ ਕਿਸੇ ਨੇ ਉਚੇਰੀ ਸਿੱਖਿਆ (ਮੈਟਿ੍ਰਕ ਪਾਸ) ਕਰਨੀ ਹੁੰਦੀ ਤਾਂ ਉਸ ਨੂੰ ਦਸ ਕੋਹ ਦੂਰ ਸ਼ਹਿਰ ਜਾਣਾ ਪੈਂਦਾ ਸੀ। ਕਾਲਜ ਤਾਂ ਤੀਹ ਮੀਲ ਦੂਰ ਰੋਪੜ ਸ਼ਹਿਰ ਵਿੱਚ ਸੀ। ਉਥੇ ਤੱਕ ਪਹੁੰਚਣਾ ਕਿਸੇ ਮਾਈ ਦੇ ਲਾਲ ਦਾ ਹੀ ਕੰਮ ਸੀ।
ਉਸ ਵੇਲੇ ਮੈਂ ਪਿੰਡ ਵਿੱਚ ਮਹਾਂ ਵਿਦਵਾਨ ਸੀ, ਕਿਉਂਕਿ ਮੈਂ ਆਪਣੀ ਉਚੇਰੀ ਸਿੱਖਿਆ (ਮੈਟਿ੍ਰਕ) ਸ਼ਹਿਰੋਂ ਪ੍ਰਾਪਤ ਕਰ ਕੇ ਆਇਆ ਸੀ। ਮੇਰੇ ਬਰਾਬਰ ਦਾ ਵਿਦਵਾਨ ਨੇੜੇ-ਤੇੜੇ ਦੇ ਪਿੰਡਾਂ ਵਿੱਚ ਵੀ ਕੋਈ ਨਹੀਂ ਸੀ। ਪਿੰਡ ਦੀਆਂ ਨਵੀਆਂ ਵਿਆਹੀਆਂ ਔਰਤਾਂ ਵੇਲਾ-ਕੁਵੇਲਾ ਦੇਖ ਕੇ ਸੱਸਾਂ ਤੋਂ ਚੋਰੀ ਬਾਹਰ ਕਮਾਈ ਕਰਨ ਗਏ ਆਪਣਿਆਂ ਘਰ ਵਾਲਿਆਂ ਨੂੰ ਮੇਰੇ ਕੋਲੋਂ ਚਿੱਠੀਆਂ ਲਿਖਵਾਉਂਦੀਆਂ। ਇਸੇ ਬਹਾਨੇ ਆਪਣੀਆਂ ਸੱਸਾਂ ਅਤੇ ਨਨਾਣਾਂ ਦੀਆਂ ਚੁਗਲੀਆਂ ਵੀ ਕਰ ਜਾਂਦੀਆਂ ਸਨ। ਇੱਕ ਦਿਨ ਪਿੰਡ ਵਿੱਚ ਇੱਕ ਤਾਰ (ਟੲਲੲਗਰਅਮ) ਆਈ। ਉਦੋਂ ਤਾਰ ਹੱਥ ਨਾਲ ਲਿਖੀ ਹੁੰਦੀ ਸੀ ਜਿਸ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਸੀ। ਪਿੰਡ ਵਿੱਚ ਮੈਥੋਂ ਸਿਵਾ ਹੋਰ ਕੋਈ ਅੰਗਰੇਜ਼ੀ ਪੜ੍ਹਨਾ ਨਹੀਂ ਸੀ ਜਾਣਦਾ। ਘਰ ਵਾਲਿਆਂ ਨੇ ਅੱਧੀ ਰਾਤ ਨੂੰ ਮੇਰਾ ਦਰਵਾਜ਼ਾ ਆ ਭੰਨਿਆ। ਤਾਰ ਵਿੱਚ ਲਿਖਿਆ ਸੀ “ੰੋਟਹੲਰ ਸੲਰੋਿੁਸ ਚੋਮੲ ਸੋੋਨ”। ਮੈਂ ਕਿਹਾ ‘‘ਭਾਈ ਇਸ ਵਿੱਚ ਲਿਖਿਆ ਕਿ ਥੋਡੀ ਮਾਂ ਖਤਰਨਾਕ ਹੈ, ਜਲਦੀ ਪਹੁੰਚੋ।” ਉਹ ਸੁਣ ਕੇ ਸਾਰੇ ਹੱਕੇ-ਬੱਕੇ ਰਹਿ ਗਏ। ਬੇਬੇ ਦੀ ਨੂੰਹ ਕਹਿੰਦੀ, ‘‘ਬੇਬੇ ਕਦੇ ਉਚੀ ਨ੍ਹੀਂ ਬੋਲੀ ਕਿਸੇ ਨੂੰ, ਉਹ ਖਤਰਨਾਕ ਕਾਹਤੇ ਹੋ ਗਈ।” ਜਦੋਂ ਘਰ ਵਾਲਿਆਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਮੇਰੀ ਵਿਦਵਤਾ ਦੀ ਪੋਲ ਖੁੱਲ੍ਹ ਗਈ। ਸਾਡੇ ਪਿੰਡ ਦਾ ਸਰਪੰਚ ਮੰਗਲ ਸਿੰਘ ਉਂਝ ਅਨਪੜ੍ਹ ਸੀ, ਪਰ ਗੁਰਮੁਖੀ ਵਿੱਚ ਆਪਣੇ ਦਸਖਤ ਕਰ ਲੈਂਦਾ ਸੀ। ਉਹ ਆਪਣਾ ਨਾਮ ਲਿਖਣ ਤੋਂ ਪਹਿਲਾਂ ਲਕੀਰ ਮਾਰ ਲੈਂਦਾ ਤੇ ਮੰਗਲ ਦਾ ਸੰਗਲ ਬਣ ਜਾਂਦਾ ਸੀ। ਇਸੇ ਤਰ੍ਹਾਂ ਪਿੰਡ ਦੀ ਇੱਕ ਪੰਚਣੀ, ਜਿਸ ਦਾ ਨਾਮ ਰਾਧਾ ਰਾਣੀ ਸੀ, ਜਦੋਂ ਉਹ ਆਪਣਾ ਨਾਮ ਲਿਖਦੀ ‘ਰ’ ਦਾ ਕੰਨਾਂ ਪੂਰਾ ਖਿੱਚ ਦਿੰਦੀ ਸੀ ਤੇ ਉਹ ਰਾਧਾ ਦੀ ਥਾਂ ਗਧਾ ਰਾਣੀ ਲਿਖ ਜਾਂਦੀ। ਜਦੋਂ ਮੈਂ ਕੁਝ ਸਮੇਂ ਬਾਅਦ ਐੱਮ ਏ ਕੀਤੀ ਤਾਂ ਇਹੋ ਸਰਪੰਚ ਮੈਨੂੰ ਵਧਾਈ ਦੇ ਕੇ ਕਹਿਣ ਲੱਗਾ, ‘‘ਸ਼ਾਬਾਸ਼ ਕਾਕਾ! ਹਟੀਂ ਨਾ ਪੜ੍ਹਨ ਤੋਂ। ਲੱਗਦੇ ਹੱਥ ਬੀ ਏ ਵੀ ਕਰ ਲੈ...।” ਭੋਲੇ ਲੋਕ ਸਨ। ਬਾਹਰਲੀ ਦੁਨੀਆ ਕਿੱਥੇ ਵੱਸਦੀ ਹੈ, ਉਨ੍ਹਾਂ ਨੂੰ ਨਹੀਂ ਸੀ ਪਤਾ।
1970 ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਸਾਰੇ ਪਿੰਡਾਂ ਨੂੰ ਬਿਜਲੀ ਦੇਣ ਦਾ ਫੈਸਲਾ ਕੀਤਾ ਜਿੱਥੇ ਅਜੇ ਬਿਜਲੀ ਨਹੀਂ ਸੀ ਪਹੁੰਚੀ। ਸਾਡੇ ਪਿੰਡ ਇੱਕ ਦਿਨ ਬਿਜਲੀ ਵਿਭਾਗ ਦੇ ਕੁਝ ਕਰਮਚਾਰੀ ਆਏ। ਉਨ੍ਹਾਂ ਕਿਹਾ ਕਿ ਜੇ ਪਿੰਡ ਦੇ ਘੱਟੋ-ਘੱਟ ਪੰਦਰਾਂ ਘਰ ਬਿਜਲੀ ਕੁਨੈਕਸ਼ਨ ਦੀ ਮੰਗ ਕਰਨਗੇ ਤਾਂ ਬਿਜਲੀ ਜਾਵੇਗੀ। ਅਸੀਂ ਘਰੋਂ-ਘਰੀ ਫਾਰਮ ਭਰਾਉਣ ਗਏ, ਪਰ ਸਾਨੂੰ ਖਾਲੀ ਹੱਥ ਮੁੜਨਾ ਪਿਆ। ਲੋਕਾਂ ਨੇ ਆਪੋ-ਆਪਣੀਆਂ ਦਲੀਲਾਂ ਦੇ ਕੇ ਸਾਨੂੰ ਨਿਰੁੱਤਰ ਕਰ ਦਿੱਤਾ। ਬਚਨ ਕੌਰ ਦੇ ਘਰ ਗਏ ਫਾਰਮ ਲੈ ਕੇ ਅੱਗੋਂ ਉਹ ਬੋਲੀ, ‘‘ਨਾ, ਜਿਹੜੇ ਸਾਡੇ ਸਿਆਣੇ ਜੱਦੀ ਪੁੱਸਤੀਂ ਦੀਵੇ ਬਾਲਦਤ ਆਏ ਐ, ਉਹ ਪਾਗਲ ਤੇ...? ਦੀਵਾ ਬਲਦੈ ਸੰਝਾਂ ਨੂੰ, ਤੇਲ ਸੜਦੈ, ਸੌ ਇੱਲ-ਬਿੱਲ ਭੱਜਦੀ ਐ ਘਰ ਤੋਂ। ਨਾਲੇ ਦੇਵੀ-ਦੇਵਤਾ ਖੁਸ਼ ਹੁੰਦੈ। ਲੁਦੇਹਾਣੇ ਮੇਰੀ ਭੈਣ ਦੇ ਘਰ ਲੱਗੀ ਐ ਬਿਜਲੀ। ਮੇਰਾ ਜੀਜਾ ਲਾਟੂ ਲਾਣ ਚੜ੍ਹਿਆ ਮੇਜ਼ 'ਤੇ ਖੜ੍ਹ ਕੇ, ਪਟਕਾ ਕੇ ਥੱਲੇ ਮਾਰਿਆ ਧਰਤੀ 'ਤੇ। ਇੱਕ ਦਿਨ ਮੇਰੀ ਭੈਣ ਕੱਪੜੇ ਸੁੱਕਣੇ ਪਾਣ ਲੱਗੀ ਰੱਸੀ 'ਤੇ, ਕਿਤੋਂ ਕਰੰਟ ਆ ਗਿਆ ਰੱਸੀ 'ਚ। ਨਾਲ ਈ ਲਟਕ ਗਈ ਤੋਰੀ ਆਂਗੂ, ਉਥੇ ਅਰਾਟਾਂ ਪਾਵੇ। ਨਾ ਪੁੱਤ ਅਸੀਂ ਜੋੜੇ ਹੱਥ। ਅਸੀਂ ਐਂ ਈ ਚੰਗੇ।” ਕਈਆਂ ਨੇ ਅਜਿਹੀ ਵਿਦਵਤਾ ਝਾੜੀ। ਖੈਰ! ਕੁਝ ਸਮੇਂ ਬਾਅਦ ਇਨ੍ਹਾਂ ਨੂੰ ਆਪੇ ਅਕਲ ਆ ਗਈ ਅਤੇ ਸਾਰੇ ਪਿੰਡ ਵਿੱਚ ਬਿਜਲੀ ਲੱਗ ਗਈ।
ਉਨ੍ਹਾਂ ਦਿਨਾਂ ਵਿੱਚ ਸਿਹਤ ਵਾਲਾ ਵਿਭਾਗ ਵੱਲੋਂ ਨਹੀਂ, ਲੋਕਾਂ ਵੱਲੋਂ ਹੀ ਚਲਾਇਆ ਜਾਂਦਾ ਸੀ। ਪਿੰਡ ਵਿੱਚ ਕੋਈ ਡਿਸਪੈਂਸਰੀ ਜਾਂ ਹਸਪਾਤਲ ਨਹੀਂ ਸੀ ਹੁੰਦਾ। ਲੋਕ ਆਪਣਾ ਇਲਾਜ ਆਪਣੀ ਸਮਝ ਅਨੁਸਾਰ ਘਰੇਲੂ ਨੁਸਖਿਆਂ ਨਾਲ ਕਰਦੇ ਸਨ। ਖੰਘ, ਬੁਖਾਰ ਲਈ ਲੌਂਗ, ਲੈਚੀ, ਅਜਵਾਇਣ ਦਾ ਕਾੜ੍ਹਾ, ਹੱਡ ਗੋਡੇ ਦੁਖਣ 'ਤੇ ਆਦੇ (ਅਦਰਕ) ਦਾ ਸਲੂਣਾ। ਜੇ ਦਰਦ ਵੱਧ ਹੋਵੇ ਤਾਂ ਮਘ ਭੁੰਨ ਕੇ ਖਾ ਲੈਣੀ। ਕਬਜ਼ ਲਈ ਗਰਮ ਦੁੱਧ ਨਾਲ ਗੁਲਕੰਦ ਜਾਂ ਹਰੜ ਦਾ ਮੁਰੱਬਾ। ਜੇ ਜਲਾਬ ਲੱਗ ਜਾਣ ਤਾਂ ਦਹੀਂ ਵਿੱਚ ਈਸਬਗੋਲ ਦੀ ਫੱਕ, ਸਾਧਾਰਨ ਪੇਟ ਦਰਦ ਲਈ ਅਜਵਾਇਣ ਦੀ ਤਲੀ ਆਦਿ। ਕੁਝ ਬਿਮਾਰੀਆਂ (ਠੂੰ ਦਾ ਡੰਗ ਜਾਂ ਨਿਆਣੇ ਦੀ ਝਾਕ) ਦਾ ਇਲਾਜ ਪਿੰਡ ਦੇ ‘ਸਿਆਣਿਆਂ’ ਵੱਲੋਂ ਝਾੜ-ਫੂਕ ਅਤੇ ‘ਮੰਤਰ ਥੈਰੇਪੀ' ਨਾਲ ਵੀ ਕੀਤਾ ਜਾਂਦਾ ਸੀ। ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਅਗਲੇ ਪਿੰਡ ਵਿੱਚ ਪੰਨਾ ਲਾਲ ਹਕੀਮ ਦਾ ਦਵਾਖਾਨਾ ਸੀ। ਮਰੀਜ਼ ਕਿਸੇ ਵੀ ਮਰਜ਼ ਦਾ ਹੋਵੇ, ਹਕੀਮ ਜੀ ਦੇ ਡਾਇਗਨੋਜ਼ ਦਾ ਢੰਗ ਇੱਕੋ ਸੀ। ਮਰੀਜ਼ ਦੀ ਨਬਜ਼ ਦੇਖ ਕੇ ਉਸ ਨੂੰ ਕਹਿਣਾ, ‘ਪਿੱਤ ਬਾਏ ਦਾ ਝਗੜਾ ਐ, ਕੱਲ੍ਹ ਆਉਣਾ ਸਵੇਰ ਦਾ ਕਰੂਰਾ ਲੈ ਕੇ।” ਅਗਲੇ ਦਿਨ ਉਸ ਨੇ ਕਰੂਰੇ ਵਾਲੀ ਬੋਤਲ ਨੂੰ ਉਪਰ ਕਰ ਕੇ ਸੂਰਜ ਦੀ ਰੌਸ਼ਨੀ ਵਿੱਚ ਦੇਖ ਕੇ ਕਹਿਣਾ, ‘‘ਪਿੱਤੇ 'ਚ ਗਰਮੀ ਐ, ਹੱਡਾਂ 'ਚ ਪਾਣੀ ਵੀ ਐ ਤੇ ਰਗਤ (ਐਲਰਜੀ) ਦੀ ਸ਼ਕੈਤ ਵੀ ਐ, ਮੈਂ ਇੱਕ ਸਾਤੇ (ਹਫਤੇ) ਦੀਆਂ ਚੌਦਾਂ ਪੁੜੀਆਂ ਦੇਣ ਲੱਗਾਂ। ਸਵੇਰੇ ਸ਼ਾਮ ਨੇਮ ਨਾਲ ਖਾਣੀਂ ਐ ਭਾਈ, ਕੋਸੇ ਪਾਣੀ ਨਾਲ।” ਹਰ ਮਰੀਜ਼ ਆਉਣ-ਜਾਣ ਵੇਲੇ ਹਕੀਮ ਜੀ ਦੇ ਪੈਰੀਂ ਹੱਥ ਲਾਉਂਦਾ। ਹਕੀਮ ਪੰਨਾ ਲਾਲ ਕਿਸੇ ਕੋਲੋਂ ਦਵਾਈ ਦਾ ਕੋਈ ਪੈਸਾ ਨਹੀਂ ਸੀ ਲੈਂਦਾ। ਵੱਡੋ ਤੋਂ ਵੱਡਾ ਟੈਸਟ ਸਿਰਫ ਇੱਕ ਐਕਸਰੇਅ ਹੁੰਦਾ ਸੀ, ਉਹ ਵੀ ਸਿਰਫ ਵੱਡੇ ਸ਼ਹਿਰਾਂ ਵਿੱਚ। ਡਾਕਟਰ ਜਿਸ ਨੂੰ ਐਕਸਰੇਅ ਕਰਵਾਉਣ ਦੀ ਸਲਾਹ ਦਿੰਦਾ, ਉਹ ਮਰੀਜ਼ ਪਹਿਲਾਂ ਹੀ ਰੋਣ ਲੱਗ ਪੈਂਦਾ ਸੀ ਤੇ ਜ਼ਿੰਦਗੀ ਦੀ ਆਸ ਛੱਡ ਦਿੰਦਾ ਸੀ। ਜੇ ਹਕੀਮ ਜੀ ਦੀਆਂ ਪੁੜੀਆਂ ਕੰਮ ਨਾ ਕਰਨ ਤਾਂ ਸ਼ਹਿਰੋਂ ਡਾਕਟਰ ਮੰਗਵਾਇਆ ਜਾਂਦਾ ਸੀ। ਡਾਕਟਰ ਆਪਣੇ ਰਾਜਦੂਤ ਮੋਟਰ ਸਾਈਕਲ 'ਤੇ ਆਉਂਦਾ ਸੀ। ਪਿੰਡ ਦੇ ਸਾਰੇ ਨਿਆਣੇ ਸਿਆਣੇ ਡਾਕਟਰ ਦਾ ਮੋਟਰ ਸਾਈਕਲ ਦੇਖਣ ਲਈ ਕੋਠਿਆਂ 'ਤੇ ਚੜ੍ਹ ਜਾਂਦੇ ਸਨ।
ਉਨ੍ਹਾਂ ਦਿਨਾਂ ਵਿੱਚ ਜਨ-ਜੀਵਨ ਸਹਿਜ ਸੁਭਾਅ ਚਲਦਾ ਸੀ। ਕਿਸੇ ਵੀ ਕੰਮ ਵਿੱਚ ਕੋਈ ਉਚੇਚ ਨਹੀਂ ਸੀ ਕੀਤਾ ਜਾਂਦਾ। ਵਿਆਹ ਸ਼ਾਦੀ ਅਤੇ ਜੰਮਣ-ਮਰਨ ਦੀਆਂ ਰਸਮਾਂ ਰੀਤਾਂ ਵਿੱਚ ਸੰਜਮ ਵਰਤਿਆ ਜਾਂਦਾ ਸੀ। ਜੇ ਕਿਸੇ ਦੀ ਮੌਤ ਹੋ ਜਾਂਦੀ ਤਾਂ ਦੋ ਡੰਗ ਕਿਸੇ ਘਰ ਚੁੱਲ੍ਹਾ ਨਹੀਂ ਸੀ ਬਲਦਾ। ਜੇ ਵਿਆਹ ਹੁੰਦਾ ਤਾਂ ਸਾਰੇ ਪਿੰਡ ਨੂੰ ਚੁੱਲ੍ਹਾ ਨਿਉਂਦਾ ਹੁੰਦਾ ਸੀ। ਦੁੱਖ-ਸੁੱਖ, ਲੈਣ-ਦੇਣ, ਵਾਧਾ-ਘਾਟਾ ਸਭ ਕੁਝ ਲੋਕ ਆਪਸ ਵਿੱਚ ਵੰਡ ਲੈਂਦੇ ਸਨ।
ਅੱਜ ਪਿੰਡ ਵੀ ਉਹੀ ਹੈ ਅਤੇ ਗਲੀਆਂ ਵੀ ਉਹੀ, ਪਰ ਪੀੜ੍ਹੀਆਂ ਬਦਲ ਗਈਆਂ ਹਨ, ਜ਼ਮਾਨਾ ਬਦਲ ਗਿਆ ਹੈ। ਆਲਾ ਦੁਆਲਾ, ਪੌਣ ਪਾਣੀ, ਰੀਤੀ ਰਿਵਾਜ ਸਭ ਬਦਲ ਗਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”