Welcome to Canadian Punjabi Post
Follow us on

18

April 2021
ਨਜਰਰੀਆ

ਦੰਗਾ ਫਸਾਦ ਅਤੇ ਅੰਧੇਰ ਨਗਰੀ ਚੌਪਟ ਰਾਜਾ ਦੀ ਮਿਸਾਲ

March 12, 2021 01:53 AM

-ਪੂਰਨ ਚੰਦ ਸਰੀਨ
ਭਾਰਤ ਵਿੱਚ ਦੰਗੇ, ਖਾਸ ਕਰ ਕੇ ਉਹ, ਜਿਨ੍ਹਾਂ ਦਾ ਆਧਾਰ ਵੱਖ-ਵੱਖ ਧਰਮਾਂ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਣਾ ਹੋਵੇ ਅਤੇ ਅਚਾਨਕ ਉਹ ਇੱਕ-ਦੂਸਰੇ ਦੇ ਗੁਆਂਢੀ ਰਹੇ, ਅਚਾਨਕ ਦੁਸ਼ਮਣ ਕਿਉਂ ਬਣ ਗਏ? ਜਿੱਥੋਂ ਤੱਕ ਦੰਗਿਆਂ ਦਾ ਇਤਿਹਾਸ ਹੈ, ਇਸ ਦੀ ਸ਼ੁਰੂਆਤ ਭਾਰਤ ਦੀ ਵੰਡ ਦੌਰਾਨ ਹੋਏ ਭਿਆਨਕ ਖੂਨ-ਖਰਾਬੇ ਤੋਂ ਲੈ ਕੇ ਫਰਵਰੀ 2020 ਵਿੱਚ ਦਿੱਲੀ ਦੇ ਇੱਕ ਖਾਸ ਇਲਾਕੇ 'ਚ ਹੋਈ ਹਿੰਦੂ-ਮੁਸਲਿਮ ਝੜਪ ਤੱਕ ਜਾਂਦੀ ਹੈ। ਜੋ ਪੀੜ੍ਹੀ ਇਨ੍ਹਾਂ ਦੰਗਿਆਂ ਦੀ ਗਵਾਹ ਰਹੀ ਅਤੇ ਜਿਨ੍ਹਾਂ ਨੇ ਅੱਖਾਂ ਸਾਹਮਣੇ ਵੱਢ-ਟੁੱਕ ਹੁੰਦੀ ਦੇਖੀ ਹੈ, ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਨ੍ਹਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਕ ਅਜਿਹੀ ਅਫਵਾਹ ਫੈਲਾ ਦਿੱਤੀ ਜਾਂਦੀ ਹੈ ਜੋ ਇੱਕਦਮ ਝੂਠ ਹੁੰਦੀ ਹੈ, ਪਰ ਲੋਕਾਂ ਨੂੰ ਸੱਚੀ ਲੱਗਦੀ ਹੈ ਅਤੇ ਜਦ ਤੱਕ ਸੱਚਾਈ ਸਾਹਮਣੇ ਆਵੇ, ਤਦ ਤੱਕ ਢਹਿ-ਢੇਰੀ ਹੋ ਚੁੱਕਾ ਹੁੰਦਾ ਹੈ।
ਸਰਕਾਰ ਉੱਤੇ ਸਵਾਲ ਉਠਦਾ ਹੈ ਕਿ ਇਸ ਕਿਸਮ ਦੀਆਂ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸਾਡਾ ਖੁਫੀਆ ਸਰਕਾਰੀ ਤੰਤਰ ਕੀ ਕਰ ਰਿਹਾ ਸੀ, ਉਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ ਅਤੇ ਜੇ ਉਸ ਨੂੰ ਪਤਾ ਸੀ ਤਾਂ ਸਮੇਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ? ਕੀ ਉਸ 'ਤੇ ਕਿਸੇ ਤਰ੍ਹਾਂ ਦਾ ਦਬਾਅ ਸੀ ਕਿ ਹੱਥ 'ਤੇ ਹੱਥ ਰੱਖ ਕੇ ਬੈਠ ਜਾਵੇ ਅਤੇ ਕੁਝ ਨਾ ਕਰੇ। ਕੀ ਅਫਵਾਹ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਤੱਕ ਨਹੀਂ ਲਾ ਸਕੀ ਤੇ ਇਸ ਲਈ ਉਸ ਨੇ ਇਸ ਨੂੰ ਹਲਕੇ ਵਿੱਚ ਲੈ ਕੇ ਕੁਝ ਨਹੀਂ ਕੀਤਾ?
ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਤੋਂ ਪਹਿਲਾਂ ਸਮਝ ਲਓ ਕਿ ਭਾਰਤ ਦਾ ਖੁਫੀਆ ਤੰਤਰ ਬੜਾ ਵਿਸ਼ਾਲ ਹੈ ਅਤੇ ਅਜਿਹਾ ਸੰਭਵ ਨਹੀਂ ਕਿ ਕੋਈ ਅਫਵਾਹ ਉਸਦੀ ਜਾਣਕਾਰੀ 'ਚ ਆਉਣ ਤੋਂ ਬਚ ਜਾਵੇ। ਇੱਥੇ ਸੀ ਬੀ ਆਈ ਇੰਟਰਪੋਲ ਦੇ ਬਰਾਬਰ ਹੈ, ਐਨ ਆਈ ਏ ਕਿਤੇ ਵੀ ਜਾ ਕੇ ਕਿਸੇ ਨੂੰ ਜ਼ਰਾ ਜਿੰਨਾ ਸ਼ੱਕ ਹੋਣ 'ਤੇ ਹਿਰਾਸਤ 'ਚ ਲੈ ਸਕਦੀ ਹੈ, ਸੂਬਿਆਂ ਦੀਆਂ ਆਪਣੀਆਂ ਸੀ ਆਈ ਡੀ ਟੀਮਾਂ ਹਨ, ਰਾਅ ਕੌਮਾਂਤਰੀ ਸਾਜ਼ਿਸ਼ਾਂ ਦੀ ਨਿਗਰਾਨੀ ਕਰਦੀ ਹੈ। ਇਹ ਸਭ ਸੰਸਥਾਵਾਂ ਲੱਗਭਗ 25 ਹਨ, ਜਿਨ੍ਹਾਂ 'ਚ ਇੱਨਕਮ ਟੈਕਸ, ਆਰਥਿਕ ਘਪਲੇ, ਸੂਚਨਾ ਤੰਤਰ ਦਾ ਕੰਟਰੋਲ ਅਤੇ ਸਭ ਕੁਝ ਆਉਂਦਾ ਹੈ। ਇਨ੍ਹਾਂ ਸੰਸਥਾਵਾਂ 'ਤੇ ਅਪਰਾਧਾਂ ਨੂੰ ਹੋਣ ਤੋਂ ਪਹਿਲਾਂ ਰੋਕਣ ਅਤੇ ਜੇਕਰ ਹੋ ਜਾਣ ਤਾਂ ਅਪਰਾਧੀਆਂ ਨੂੰ ਫੜਨ ਤੇ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਹੈ।
ਅਸੀਂ ਗੱਲ ਕਰਦੇ ਹਾਂ ਪਿਛਲੇ ਸਾਲ ਦਿੱਲੀ 'ਚ ਹੋਏ ਦੰਗਿਆਂ ਬਾਰੇ ਫਿਲਮਕਾਰ ਕਮਲੇਸ਼ ਮਿਸ਼ਰਾ ਦੀ ਫਿਲਮ ਦੀ ਜੋ ਉਨ੍ਹਾਂ ਨੇ ਦੰਗਿਆਂ ਦੇ ਬਾਅਦ ਬਣਾਈ ਸੀ, ਪਰ ਲਾਕਡਾਊਨ ਦੇ ਕਾਰਨ ਬੀਤੇ ਦਿਨੀਂ ਦਰਸ਼ਕਾਂ ਨੂੰ ਦਿਖਾ ਸਕੇ ਹਨ। ਉਨ੍ਹਾਂ ਦੇ ਸੱਦੇ 'ਤੇ ਫਿਲਮ ਦੇਖੀ ਅਤੇ ਕੁਝ ਸਵਾਲ ਮਨ 'ਚ ਆਏ, ਜੋ ਜਾਣਨੇ ਜ਼ਰੂਰੀ ਹਨ। ਇਸ ਫ਼ਿਲਮ 'ਚ ਦੰਗਿਆਂ ਦੌਰਾਨ ਹੋਈ ਤਬਾਹੀ ਦੇ ਦਿ੍ਰਸ਼ ਹਨ। ਇਸ ਤਰ੍ਹਾਂ ਸਾਲਾਂ ਤੋਂ ਨਾਲ ਰਹਿ ਰਹੇ ਗੁਆਂਢੀ ਅਚਾਨਕ ਇੱਕ-ਦੂਸਰੇ ਦੀ ਜਾਨ ਲੈਣ 'ਤੇ ਉਤਰ ਆਏ। ਜੋ ਲੋਕ ਮਾਰੇ ਗਏ, ਉਨ੍ਹਾਂ ਦੇ ਪਰਵਾਰ ਦੇ ਲੋਕਾਂ ਦਾ ਦਿਲ-ਕੰਬਾਊ ਵਿਰਲਾਪ ਹੈ, ਅੱਖਾਂ ਨੂੰ ਨਮ ਕਰਨ ਵਾਲੇ ਅਤੇ ਮਨ ਵਿੱਚ ਕ੍ਰੋਧ ਦਾ ਉਬਾਲ ਪੈਦਾ ਕਰ ਸਕਣ ਦੀ ਤਾਕਤ ਰੱਖਦੇ ਬਿਆਨ ਹਨ, ਕਰੋੜਾਂ ਦੀ ਜਾਇਦਾਦ ਸਵਾਹ 'ਚ ਮਿਲਾ ਦਿੱਤਾ ਜਾਣ ਅਤੇ ਆਪਣਾ ਕਾਰੋਬਾਰ, ਵਪਾਰ, ਦੁਕਾਨ, ਦਫ਼ਤਰ, ਸਕੂਲ, ਸਿੱਖਿਆ ਸੰਸਥਾਵਾਂ ਸਭ ਲੁੱਟ ਲਏ ਜਾਣ ਦੀ ਦਾਸਤਾਨ ਹੈ, ਜ਼ਿੰਦਗੀ ਭਰ ਦੀ ਕਮਾਈ ਤਬਾਹ ਕਰ ਦਿੱਤੇ ਜਾਣ ਦੇ ਸਬੂਤ ਹਨ, ਮਰਦਾਂ, ਔਰਤਾਂ, ਬੱਚਿਆਂ ਦੀਆਂ ਅੱਖਾਂ 'ਚ ਬੇਵਸੀ ਦੀ ਝਲਕ ਹੈ ਅਤੇ ਅਜਿਹਾ ਬਹੁਤ ਕੁਝ ਹੈ, ਜੋ ਕਿਸੇ ਵੀ ਸੋਚਣ ਲਈ ਮਜ਼ਬੂਰ ਕਰ ਦੇਵੇ ਕਿ ਅਸੀਂ ਕਿਹੜੇ ਯੁੱਗ 'ਚ ਜੀਅ ਰਹੇ ਹਾਂ ਅਤੇ ਕੀ ਬਿਨ੍ਹਾਂ ਡਰੇ ਅਤੇ ਸਹਿਮੇ ਜੀਵਨ ਗੁਜ਼ਾਰਾ ਜਾ ਸਕਦਾ ਹੈ?
ਇਸ ਫਿਲਮ ਬਾਰੇ ਜ਼ਿਆਦਾ ਨਾ ਕਹਿੰਦੇ ਹੋਏ ਇਸ ਗੱਲ 'ਤੇ ਆਉਂਦੇ ਹਾਂ ਕਿ ਇਨ੍ਹਾਂ ਦੰਗਿਆਂ ਪਿੱਛੇ ਕੀ ਛੁਪਿਆ ਸੀ ਅਤੇ ਉਹ ਕਿਸੇ ਨੂੰ ਦਿਖਾਈ ਕਿਉਂ ਨਹੀਂ ਦਿੱਤਾ। ਜੇ ਪਤਾ ਸੀ ਤਾਂ ਪਹਿਲਾਂ ਤੋਂ ਕਾਰਵਾਈ ਕਿਉਂ ਨਹੀਂ ਹੋਈ? ਇਨ੍ਹਾਂ ਦੰਗਿਆਂ ਦੇ ਪਿਛੋਕੜ 'ਚ ਇੱਕ ਅਫਵਾਹ ਸੀ ਕਿ 5 ਮਾਰਚ ਨੂੰ ਮੁਸਲਮਾਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ, ਇਸ ਲਈ ਸਰਕਾਰ ਨੂੰ ਸਬਕ ਸਿਖਾਇਆ ਜਾਵੇ। ਇਸ ਦੇ ਲਈ ਸਮਾਂ ਅਤੇ ਤਰੀਕ ਅਜਿਹੀ ਤੈਅ ਕੀਤੀ ਗਈ ਜੋ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਕਹੇ ਜਾਣ ਵਾਲੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਭਾਰਤ ਦੇ ਦੌਰੇ ਲਈ ਰੱਖੀ ਗਈ ਸੀ। ਇਸ ਨੂੰ ਓਦੋਂ ਸੁਰੱਖਿਆ ਏਜੰਸੀਆਂ ਦਾ ਧਿਆਨ ਵੰਡਣ ਦੀ ਕੋਸ਼ਿਸ਼ ਕਹੀ ਜਾ ਸਕਦੀ ਹੈ ਜਾਂ ਅਮਰੀਕਾ ਦੀਆਂ ਨਜ਼ਰਾਂ 'ਚ ਭਾਰਤ ਦਾ ਅਕਸ ਧੁੰਦਲਾ ਕਰਨ ਦਾ ਟੀਚਾ ਹੋ ਸਕਦਾ ਹੈ ਜਾਂ ਪੂਰੇ ਦੇਸ਼ ਨੂੰ ਫਿਰਕੂ ਹਿੰਸਾ 'ਚ ਝੋਕਣ ਦੀ ਕੋਸਿ਼ਸ਼ ਹੋ ਸਕਦੀ ਹੈ।
ਵਰਨਣ ਯੋਗ ਹੈ ਕਿ ਰਿਕਾਰਡ ਮੁਤਾਬਕ ਲੱਗਭਗ 700 ਫ਼ੋਨ ਕਾਲ ਪੁਲਸ ਦਾ ਧਿਆਨ ਦਿਵਾਉਣ ਲਈ ਜਾਗਰੂਕ ਨਾਗਰਿਕਾਂ ਨੇ 23 ਫਰਵਰੀ ਨੂੰ ਕੀਤੀਆਂ ਸਨ, ਜਿਨ੍ਹਾਂ 'ਤੇ ਧਿਆਨ ਨਹੀਂ ਦਿੱਤਾ ਗਿਆ। ਉਸ ਤੋਂ ਪਹਿਲਾਂ ਸ਼ੱਕੀ ਸਮੱਗਰੀ ਲਿਜਾਣ ਅਤੇ ਕੁਝ ਖਾਸ ਥਾਵਾਂ 'ਤੇ ਰੱਖੇ ਜਾਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 5 ਮਾਰਚ ਦੀ ਅਫਵਾਹ ਦੀ ਜਾਣਕਾਰੀ ਪੂਰੇ ਤੰਤਰ ਨੂੰ ਸੀ ਤੇ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਸੀ ਅਤੇ ਸੁਰੱਖਿਆ ਏਜੰਸੀਆਂ ਤੋਂ ਇਸ ਦੀ ਜਾਣਕਾਰੀ ਹਰ ਨਾਗਰਿਕ ਨੂੰ ਸੀ ਅਤੇ ਉਸ ਨੂੰ ਆਪਣੀ ਜਾਨ ਅਤੇ ਜਾਇਦਾਦ ਦੀ ਰਖਵਾਲੀ ਕੀਤੇ ਜਾਣ ਦਾ ਭਰੋਸਾ ਸੀ।
ਇਹ ਸਭ ਹੁੰਦੇ ਹੋਏ ਇੰਨੇ ਵੱਡੇ ਪੱਧਰ 'ਤੇ ਹਿੰਸਾ ਹੋ ਜਾਣੀ ਆਪਣੇ ਆਪ 'ਚ ਸਾਡੇ ਖੁਫੀਆ ਤੰਤਰ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਕਿ ਉਸ ਦੇ ਫੈਲਾਅ ਦੀ ਵਿਸ਼ਾਲਤਾ ਅਤੇ ਅਸੀਮਤ ਸ਼ਕਤੀਆਂ ਦੇ ਬਾਵਜੂਦ ਇਹ ਕਾਂਡ ਹੋ ਜਾਣਾ ਕੀ ਦੀਵੇ ਥੱਲੇ ਹਨੇਰਾ ਹੋਣ ਦੀ ਕਹਾਵਤ ਸਿੱਧ ਨਹੀਂ ਕਰਦਾ?
ਅਸੀਂ ਇੱਕ ਦੂਸਰੀ ਘਟਨਾ ਦਾ ਜ਼ਿਕਰ ਕਰੀਏ, ਜੋ ਇਸ ਸਾਲ 26 ਜਨਵਰੀ ਨੂੰ ਦਿੱਲੀ 'ਚ ਲਾਲ ਕਿੱਲੇ 'ਤੇ ਇੱਕ ਧਾਰਮਿਕ ਝੰਡਾ ਲਹਿਰਾਉਣ ਤੇ ਭਿਆਨਕ ਹਿੰਸਾ ਦੀ ਪੂਰੀ ਤਿਆਰੀ ਨਾਲ ਹੋਈ। ਹੋ ਸਕਦਾ ਹੈ ਕਿ ਸੁਰੱਖਿਆ ਏਜੰਸੀਆਂ, ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਹੋਵੇ ਅਤੇ ਉਸ ਨੇ ਪੁਲਸ ਨੂੰ ਕੋਈ ਕਾਰਵਾਈ ਨਾ ਕਰਨ ਦੀ ਹਦਾਇਤ ਦਿੱਤੀ ਹੋਵੇ। ਇਹ ਸੋਚ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਜੇ ਉਸ ਦਿਨ ਸੁਰੱਖਿਆ ਬਲਾਂ ਨੇ ਸਮਝ ਨਾ ਦਿਖਾਈ ਹੁੰਦੀ ਤਾਂ ਦਿੱਲੀ ਅੱਗ 'ਚ ਝੁਲਸ ਜਾਂਦੀ। ਇਹ ਸਵਾਲ ਸੁਭਾਵਿਕ ਹੈ ਕਿ ਜੋ ਵਿਅਕਤੀ ਆਪਣੇ ਸੂਬੇ ਦੀ ਸੁਰੱਖਿਆ 'ਚ ਸੰਨ੍ਹ ਨਾ ਲੱਗਣ ਦੇਣ ਲਈ ਮਜ਼ਬੂਤ ਪ੍ਰਬੰਧ ਕਰ ਸਕਦਾ ਹੈ, ਉਹ ਦੇਸ਼ ਦੀ ਰਾਜਧਾਨੀ 'ਚ ਕਿਸ ਤਰ੍ਹਾਂ ਖੁੰਝ ਗਿਆ ਜਿਸ ਨਾਲ ਦਿੱਲੀ ਨੂੰ ਦੰਗਿਆਂ ਦੀ ਭਿਆਨਕਤਾ 'ਚੋਂ ਲੰਘਣਾ ਪਿਆ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਹੀ ਚਾਹੀਦੇ ਹਨ, ਨਹੀਂ ਤਾਂ ਕਿਤੇ ‘ਅੰਧੇਰ ਨਗਰੀ ਚੌਪਟ ਰਾਜਾਂ' ਵਾਲੀ ਕਹਾਵਤ ਆਉਣ ਵਾਲੇ ਸਮੇਂ 'ਚ ਸਿੱਧ ਨਾ ਹੋ ਜਾਵੇ।

Have something to say? Post your comment