Welcome to Canadian Punjabi Post
Follow us on

18

April 2021
ਨਜਰਰੀਆ

ਜਮੇਰੋ ਦੇ ਨਿਆਣੇ

March 11, 2021 01:26 AM

-ਸੁਪਿੰਦਰ ਸਿੰਘ ਰਾਣਾ
‘‘ਪੁੱਤ ਕੋਈ ਨਿਆਣਾ ਵਿਆਹ ਲਿਆ ਕਿ ਨਹੀਂ?” ਕਾਫੀ ਚਿਰ ਮਗਰੋਂ ਪਿੰਡ ਪਹੁੰਚਣ ਉੱਤੇ ਮਿਲੀ ਜਮੇਰੋ ਮਾਸੀ ਦੇ ਇਹ ਕਹਿੰਦਿਆਂ ਅੱਖਾਂ ਵਿੱਚ ਹੰਝੂ ਆ ਗਏ।
ਮੈਂ ਕਿਹਾ, ‘‘ਮਾਸੀ ਜਦੋਂ ਨਿਆਣਿਆਂ ਦਾ ਵਿਆਹ ਹੋਵੇਗਾ ਤੈਨੂੰ ਪਤਾ ਨ੍ਹੀ ਲੱਗੇਗਾ?”
ਉਸ ਨੇ ਕਿਹਾ, ‘‘ਪੁੱਤ, ਤੁਸੀਂ ਸ਼ਹਿਰ ਚਲੇ ਗਏ। ਖੁਸ਼ੀ ਗਮੀ ਮੌਕੇ ਸਾਡੇ ਵਰਗੇ ਬੰਦੇ ਤੁਹਾਨੂੰ ਸ਼ਾਇਦ ਭੁੱਲ ਜਾਣ। ਤੇਰੀ ਮਾਂ ਨਾਲ ਮੇਰਾ ਬਥੇਰਾ ਤਿਹੁ ਸੀ। ਕਿਆ ਕਹਿਣੇ ਭਾਈ ਓਹਦੇ। ਆਪਣਾ ਦੁੱਖ ਸੁੱਖ ਰੋ ਲੈਂਦੀ ਸੀ ਮੈਂ ਓਸ ਕੋਲ। ਮਰੀ ਹੋਈ ਵੀ ਯਾਦ ਆ ਜਾਂਦੀ ਏ। ਪੁੱਤ, ਤੈਨੂੰ ਸ਼ਾਇਦ ਪਤਾ ਨੀਂ ਲੱਗਾ। ਤੇਰਾ ਹਾਣੀ ਮੇਰਾ ਵੱਡਾ ਪੁੱਤਰ ਗੁਜ਼ਰ ਗਿਆ ਤੇ ਥੋੜ੍ਹੀ ਦੇਰ ਮਗਰੋਂ ਛੋਟਾ ਤੇ ਫਿਰ ਵੱਡੀ ਨੂੰਹ ਵੀ ਰੱਬ ਨੂੰ ਪਿਆਰੀ ਹੋ ਗਈ। ਮੈਂ ਪਤਾ ਨਹੀਂ ਕੀ ਮਾੜੇ ਕਰਮ ਕਰ ਕੇ ਆਈ ਸੀ ਜਿਹੜਾ ਇਹ ਕੁਝ ਦਿਖਾਉਣ ਤੋਂ ਪਹਿਲਾਂ ਪਰਮਾਤਮਾ ਨੇ ਮੈਨੂੰ ਨਹੀਂ ਚੁੱਕਿਆ।” ਉਸ ਦੀਆਂ ਅੱਖਾਂ ਨਮ ਸਨ। ਮੈਂ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀਆਂ ਅੱਖਾਂ ਤੋਂ ਅੱਥਰੂ ਬੰਦ ਨਹੀਂ ਹੋ ਰਹੇ ਸਨ। ਕਹਿਣ ਲੱਗੀ, ‘‘ਪੁੱਤ, ਮੇਰਾ ਪੋਤਾ ਜਵਾਨ ਹੋ ਗਿਆ। ਤੇਰੇ ਨਾਲੋਂ ਉੱਚਾ ਏ। ਉਹਦੇ ਲਈ ਕਿਤੇ ਨੌਕਰੀ ਦੇਖ ਲਈਂ। ਬਾਰ੍ਹਵੀਂ ਕੀਤੀ ਏ ਓਸ ਨੇ।”
ਮੈਂ ਕਿਹਾ ਕਿ “ਕੋਈ ਨਾ ਮਾਸੀ, ਮੈਂ ਕਿਸੇ ਦਿਨ ਤੁਹਾਡੇ ਘਰ ਆਵਾਂਗਾ। ਫੇਰ ਗੱਲ ਕਰਾਂਗੇ।’
ਉਹ ਜਾਂਦੀ ਹੋਈ ਕਹਿਣ ਲੱਗੀ, ‘‘ਪੁੱਤ, ਜੇ ਇਹ ਪਿੰਡ ਤੇ ਪਿੰਡ ਦੇ ਵਾਸੀ ਏਨੇ ਭਲੇਮਾਮਸ ਨਾ ਹੁੰਦੇ ਤਾਂ ਸ਼ਾਇਦ ਮੇਰੇ ਵਰਗੀ ਆਪਣੇ ਨਿਆਣਿਆਂ ਨੂੰ ਨਾ ਪਾਲ ਸਕਦੀ।” ਉਸ ਨੇ ਖੜ੍ਹੀ-ਖੜ੍ਹੀ ਨੇ ਪਿੰਡ ਵਾਸੀਆਂ ਦੀ ਕਈ ਵਾਰ ਸੁੱਖ ਮੰਗੀ ਤੇ ਮੇਰੇ ਸਣੇ ਸਾਰਿਆਂ ਨੂੰ ਖੂਬ ਅਸੀਸਾਂ ਦਿੱਤੀਆਂ। ਉਹ ਸ਼ਾਇਦ ਮਦਨ ਦੀ ਦੁਕਾਨ ਤੋਂ ਕੁਝ ਲੈਣ ਲਈ ਆਈ ਸੀ। ਉਸ ਦੇ ਮੂੰਹ ਵਿੱਚ ਦੰਦ ਨਹੀਂ ਰਹੇ। ਕਾਫੀ ਚਿਰ ਗੱਲਾਂ ਕਰਨ ਮਗਰੋਂ ਉਹ ਮੈਨੂੰ ਆਪਣੇ ਘਰ ਆਉਣ ਲਈ ਵਾਰ-ਵਾਰ ਕਹਿੰਦੀ ਉਥੋਂ ਤੁਰ ਪਈ। ਫੇਰ ਉੱਚੀ ਦੇਣੀ ਕਹਿਣ ਲੱਗੀ, ‘ਪੁੱਤ, ਪੰਡਤਾਂ ਦੇ ਪੋਤਾ ਹੋਇਆ, ਪਿੰਡ ਵਿੱਚ ਅੱਜ ਉਸ ਦੇ ਲੱਡੂ ਵੰਡਣੇ ਨੇ।” ਮਾਸੀ ਦਾ ਨਾਂਅ ਅਜਮੇਰ ਕੌਰ ਸੀ ਤੇ ਇਹੀ ਨਾਂ ਮੇਰੀ ਮਾਂ ਦੀ ਸੀ। ਇਸ ਕਰ ਕੇ ਆਨੀ ਬਹਾਨੀ ਮਾਂ ਦੇ ਨਾਲ ਮਾਸੀ ਯਾਦ ਆ ਜਾਂਦੀ ਸੀ। ਪਿੰਡ ਵਿੱਚ ਉਸ ਨੂੰ ਜਮੇਰੋ ਆਖਦੇ ਸਨ।
ਮੈਂ ਮਦਨ ਦੇ ਮੁੰਡੇ ਤੋਂ ਕੁਰਸੀ ਮੰਗਾ ਲਈ। ਉਸ ਉੱਤੇ ਬੈਠਾ ਪਿੰਡ ਦੀ ਗਲੀ ਵਿੱਚੋਂ ਆਉਣ ਜਾਣ ਵਾਲਿਆਂ ਨੂੰ ਦੇਖਣ ਲੱਗਿਆ। ਕੋਈ ਚਾਰ ਦਹਾਕੇ ਪਹਿਲਾਂ ਦਾ ਸਮਾਂ ਹੋਵੇਗਾ। ਸਾਡੀ ਮਾਂ ਕੋਲ ਹਰ ਦੂਜੇ ਤੀਜੇ ਦਿਨ ਮਾਸੀ ਆ ਜਾਂਦੀ। ਕਈ ਵਾਰ ਆਰਥਿਕ ਤੰਗੀ ਦਾ ਵਾਸਤਾ ਪਾ ਕੇ ਉਹਨੇ ਮਾਂ ਨਾਲ ਗੱਲਾਂ ਕਰਨੀਆਂ। ਮਾਂ ਨੇ ਉਸ ਨੂੰ ਹਮੇਸ਼ਾ ਮਦਦ ਕਰਨੀ। ਮਾਸੀ ਨੇ ਇਸ ਦੇ ਬਦਲੇ ਸਾਡੇ ਘਰ ਦੇ ਕਈ ਕੰਮ ਕਰ ਜਾਣੇ। ਮਾਂ ਨਾਲ ਪਾਥੀਆਂ ਪਥਾ ਜਾਣੀਆਂ। ਕਦੇ ਗੁਹਾਰਾ ਲਾਉਣ ਆ ਜਾਣਾ। ਜੇ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਮਾਸੀ ਨੇ ਕੱਪੜੇ ਨਿਚੋੜ ਕੇ ਤਾਰ ਉੱਤੇ ਪਾਉਣੇ ਸ਼ੁਰੂ ਕਰ ਦੇਣੇ। ਜਿਹੜੇ ਕੱਪੜੇ ਅਸੀਂ ਪਾਉਣੋਂ ਹਟ ਜਾਣੇ, ਮਾਂ ਨੇ ਉਹ ਮਾਸੀ ਨੂੰ ਫੜਾ ਦੇਣੇ। ਜਦੋਂ ਉਸ ਦੇ ਨਿਆਣਿਆਂ ਦੇ ਉਹ ਕੱਪੜੇ ਪਾਏ ਦੇਖਣੇ ਤਾਂ ਕਈ ਵਾਰ ਮਾਂ ਨੂੰ ਕਹਿਣਾ ਕਿ ਅਸੀਂ ਅਜੇ ਇਹ ਕੱਪੜੇ ਪਾਉਣੇ ਸਨ। ਤੂੰ ਉਂਝ ਹੀ ਉਨ੍ਹਾਂ ਨੂੰ ਦੇ ਦਿੱਤੇ। ਮਾਂ ਨੇ ਕਹਿਣਾ, ‘‘ਪੁੱਤ, ਤੁਹਾਡੇ ਕੋਲ ਬਥੇਰੇ ਕੱਪੜੇ ਹੋਰ ਪਏ ਨੇ। ਜੇ ਉਹ ਦੋ ਚਾਰ ਦਿਨ ਪਾ ਲੈਣਗੇ ਤਾਂ ਤੁਹਾਨੂੰ ਅਸੀਸਾਂ ਹੀ ਦੇਣਗੇ।”
ਮਾਸੀ ਦਾ ਪਤੀ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਦਾ ਹੁੰਦਾ ਸੀ। ਜਦੋਂ ਬੱਚੇ ਛੋਟੇ ਸਨ ਤਾਂ ਉਸ ਦਾ ਦਿਹਾਂਤ ਹੋ ਗਿਆ। ਮਾਸੀ ਨੇ ਹਿੰਮਤ ਨਾ ਹਾਰੀ, ਲੋਕਾਂ ਦਾ ਗੋਹਾ ਕੂੜਾ ਚੁੱਕ ਕੇ ਆਪਣੇ ਨਿਆਣੇ ਪਾਲੇ। ਉਹ ਗੋਹਾ ਰੇੜ੍ਹੀ ਉੱਤੇ ਭਰ ਕੇ ਲਿਜਾਂਦੀ ਮੈਂ ਬਹੁਤ ਵਾਰ ਦੇਖੀ। ਲੋਕਾਂ ਦੀਆਂ ਪਾਥੀਆਂ ਪੱਥਦੀ। ਗਹੀਰੇ ਲਾਉਂਦੀ। ਭਾਂਡੇ ਮਾਂਜਦੀ। ਵਿਆਹ ਵੇਲੇ ਲੋਕਾਂ ਨੂੰ ਨਿਉਂਦੇ ਦਿੰਦੀ। ਤਿੱਥ ਤਿਉਹਾਰ ਵੇਲੇ ਪਿੰਡ ਵਾਸੀਆਂ ਨੂੰ ਸੁਨੇਹੇ ਦਿੰਦੀ ਕਿ ਫਲਾਣੇ ਦਿਨ ਮਾਤਾ ਦਾ ਤੇ ਗੁੱਗੇ ਦਾ ਮੱਥਾ ਟੇਕਣਾ ਹੈ। ਉਹ ਸਦਾ ਬੰਦਿਆਂ ਵਾਂਗ ਕੰਮ ਕਰਦੀ ਨਜ਼ਰ ਆਉਂਦੀ। ਪਿੰਡ ਦੇ ਕਿਸੇ ਘਰ ਕੋਈ ਮਰਗਤ ਜਾਂ ਵਿਆਹ ਹੋਵੇ, ਉਹ ਉਥੇ ਹਾਜ਼ਰ ਹੁੰਦੀ। ਗਲੀ ਮੁਹੱਲੇ ਵਿੱਚ ਉਹ ਹਰ ਕਿਸੇ ਨੂੰ ਖਿੜੇ ਮੱਥੇ ਬੁਲਾਉਂਦੀ। ਕਈ ਨਿਆਣੇ ਉਸ ਨੂੰ ਚਾਚੀ ਵੀ ਕਹਿੰਦੇ। ਸਿਆਣਾ ਬੰਦਾ ਦੇਖ ਕੇ ਚੁੰਨੀ ਸਿਰ ਉੱਤੇ ਲੈਣੀ ਨਾ ਭੁੱਲਦੀ। ਵੀਰ ਭਾਈ ਤੋਂ ਬਿਨਾਂ ਉਹ ਕਦੇ ਨਾ ਬੋਲਦੀ। ਸਵੇਰ ਤੋਂ ਸ਼ਾਮ ਤੱਕ ਉਹ ਲੋਕਾਂ ਦੇ ਘਰਾਂ ਵਿੱਚ ਫਿਰਦੀ ਨਜ਼ਰ ਆਉਂਦੀ। ਉਸ ਦੇ ਨਿਆਣੇ ਕਦੇ ਉਸ ਦਾ ਸਾਥ ਦਿੰਦੇ ਨਾ ਦਿਖਾਈ ਦਿੱਤੇ। ਕਈ ਸਾਲ ਪਹਿਲਾਂ ਜਦੋਂ ਪਲਸੌਰਾ ਚੰਡੀਗੜ੍ਹ ਨਗਰ ਨਿਗਮ ਵਿੱਚ ਆਇਆ ਤਾਂ ਪਾਲਤੂ ਪਸ਼ੂ ਪਿੰਡ ਤੋਂ ਬਾਹਰ ਕੱਢਣ ਦੇ ਆਦੇਸ਼ ਹੋ ਗਏ। ਮੈਂ ਸ਼ਹਿਰ ਵਿੱਚ ਬੈਠਾ ਸੋਚਦਾ ਹੁੰਦਾ ਸੀ ਕਿ ਮਾਸੀ ਦਾ ਕੰਮ ਘੱਟ ਜਾਵੇਗਾ। ਜਦੋਂ ਮੈਂ ਕਿਸੇ ਨੂੰ ਉਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲ ਲਿਆ। ਪਹਿਲਾਂ ਜਿੱਥੇ ਉਹ ਲੋਕਾਂ ਦੇ ਕੱਚੇ ਘਰ ਤੇ ਚੁਬਾਰੇ ਲਿਪਦੀ ਹੁੰਦੀ ਸੀ, ਅੱਜਕੱਲ੍ਹ ਪੱਕੇ ਘਰਾਂ ਵਿੱਚ ਪੋਚੇ ਲਾਉਣੇ, ਕੱਪੜੇ ਧੋਣੇ ਸ਼ੁਰੂ ਕਰ ਦਿੱਤੇ। ਖੁਸ਼ੀ ਗਮੀ ਵਿੱਚ ਉਹ ਅਜੇ ਵੀ ਸਭ ਦੇ ਜਾਂਦੀ। ਹਰ ਕੰਮ ਰੀਝ ਨਾਲ ਕਰਦੀ। ਕਿਸੇ ਘਰੋਂ ਉਸ ਦੇ ਕੰਮ ਦੀ ਅੱਜ ਤੱਕ ਸ਼ਿਕਾਇਤ ਨਹੀਂ ਮਿਲੀ। ਉਸ ਦੇ ਦੋਵੇਂ ਮੁੰਡੇ ਘੱਟ ਹੀ ਪੜ੍ਹੇ। ਵੱਡਾ ਮੁੰਡਾ ਰਾਜ ਮਿਸਤਰੀ ਦਾ ਤੇ ਛੋਟਾ ਵੈਲਡਿੰਗ ਦਾ ਕੰਮ ਕਰਦਾ ਰਿਹਾ।
ਆਂਢ-ਗੁਆਂਢ ਤੋਂ ਬਿਨਾਂ ਉਸ ਦੀਆਂ ਬਹੂਆਂ ਨੂੰ ਕੋਈ ਨਹੀਂ ਸੀ ਪਛਾਣਦਾ। ਪਿੱਛੇ ਜਿਹੇ ਉਸ ਨੇ ਆਪਣੇ ਘਰ ਨੂੰ ਨਵੀਂ ਦਿੱਖ ਦਿੱਤੀ। ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਦੇ ਬਾਵਜੂਦ ਉਹ ਆਪਣੇ ਘਰ ਫੇਰ ਮਜ਼ਦੂਰਾਂ ਨਾਲ ਕੰਮ ਕਰਦੀ। ਮਾਸੀ ਤਾਂ ਭਾਵੇਂ ਗਲੀ ਵਿੱਚ ਮੈਨੂੰ ਦਿਸਣੋਂ ਹਟ ਗਈ ਸੀ, ਪਰ ਮੈਂ ਸੋਚਣ ਲੱਗਿਆ ਕਿ ਮੁੰਡਿਆਂ ਅਤੇ ਨੂੰਹ ਦੇ ਗੁਜ਼ਰਨ ਮਗਰੋਂ ਉਸ ਦਾ ਕੀ ਬਣੇਗਾ। ਹੋਰ ਕਈ ਘਰਾਂ ਵਿੱਚ ਮਿਲਣ ਮਗਰੋਂ ਮੈਂ ਉਥੋਂ ਤੁਰ ਪਿਆ। ਭਾਵੇਂ ਮਾਸੀ ਦੇ ਮੂੰਹ ਵਿੱਚ ਦੰਦ ਨਹੀਂ ਰਹੇ, ਉਸ ਦੇ ਪੁੱਤ ਤੇ ਨੂੰਹ ਨਹੀਂ ਰਹੀ, ਪਰ ਉਹ ਚਾਰ ਦਹਾਕੇ ਪਹਿਲਾਂ ਵਾਂਗ ਕੰਮ ਕਰਦੀ ਨਜ਼ਰ ਆ ਰਹੀ ਹੈ। ਉਹ ਮੈਨੂੰ ਕੰਮ ਵਾਲੀ ਮਸ਼ੀਨ ਜਾਪਦੀ ਸੀ। ਪਿੰਡ ਦੀ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਕੋਈ ਹੀ ਐਸਾ ਮੈਂਬਰ ਹੋਵੇਗਾ ਜਿਹੜਾ ਉਸ ਦੇ ਕੰਮਾਂ ਦੀ ਕਦਰ ਨੂੰ ਨਾ ਜਾਣਦਾ ਹੋਵੇ। ਮਾਸੀ ਸਾਡੇ ਪਿੰਡ ਦੀ ਸ਼ਾਨ ਹੈ। ਜਦੋਂ ਕਦੇ ਨਾਨਕੇ ਤੇ ਦਾਦਕੇ ਜਾਂਦਾ ਹਾਂ ਤਾਂ ਕਈ ਔਰਤਾਂ ਕਹਿ ਦਿੰਦੀਆਂ ‘‘ਆ ਗਏ ਭਾਈ ਜਮੇਰੋ ਦੇ ਨਿਆਣੇ।”
ਅਜਿਹੇ ਸਮੇਂ ਅਕਸਰ ਆਪਣੀ ਮਾਂ ਦੇ ਨਾਲ-ਨਾਲ ਮਾਸੀ ਦੀ ਵੀ ਯਾਦ ਆ ਜਾਂਦੀ ਹੈ।

Have something to say? Post your comment