Welcome to Canadian Punjabi Post
Follow us on

18

April 2021
ਨਜਰਰੀਆ

ਸ਼ਬਦਾਂ ਦਾ ਜਾਦੂਗਰ ਸੀ ਸਾਹਿਰ ਲੁਧਿਆਣਵੀ

March 10, 2021 01:42 AM

-ਅਮਰਜੀਤ ਸਿੰਘ ਹੇਅਰ
ਅਬਦੁਲ ਹਈ ਨੇ 17 ਸਾਲ ਦੀ ਉਮਰ ਵਿੱਚ ਅਲਾਮਾ ਇਕਬਾਲ ਦੇ ਦਾਗ਼ ਦੇਹਲਵੀ ਉੱਤੇ ਲਿਖੇ ਕਸੀਦੇ ਦੇ ਇਸ ਸ਼ਾਇਰ ਤੋਂ ਪ੍ਰੇਰਨਾ ਲੈ ਕੇ ਆਪਣਾ ਤਖੱਲਸ ਸਾਹਿਰ ਰੱਖ ਲਿਆ :
ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ੀਰਾਜ ਭੀ
ਸੈਂਕੜੇ ਸਾਹਿਰ ਭੀ ਹੋਂਗੇ, ਸਾਹਿਬ-ਏ-ਇਜਾਜ਼ ਭੀ।
ਉਸ ਨੇ ਆਪਣੇ ਨਾਂਅ ਨਾਲ ਆਪਣੇ ਸਾਹਿਰ ਦਾ ਨਾਂਅ ਜੋੜ ਲਿਆ। ਦੁਨੀਆ ਉਸ ਨੂੰ ਸਾਹਿਰ ਲੁਧਿਆਣਵੀ ਵਜੋਂ ਜਾਣਦੀ ਹੈ। ਉਸ ਦਾ ਜਨਮ ਅੱਠ ਮਾਰਚ 1921 ਨੂੰ ਹੋਇਆ। ਉਹ ਸੱਤ ਸਾਲ ਦਾ ਸੀ ਜਦ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਤੇ ਉਸ ਦੀ ਮਾਂ ਉਸ ਦੀ ਕਾਨੂੰਨੀ ਗਾਰਡੀਅਨ ਬਣੀ। ਉਸ ਨੇ ਮੈਟਿ੍ਰਕ ਮਾਲਵਾ ਖਾਲਸਾ ਹਾਈ ਸਕੂਲ ਤੋਂ 1937 ਵਿੱਚ ਪਾਸ ਕੀਤੀ ਤੇ ਗੌਰਮਿੰਟ ਕਾਲਜ ਲੁਧਿਆਣਾ ਵਿਚ ਦਾਖਲਾ ਲੈ ਲਿਆ, ਪਰ ਬੀ ਏ ਪਾਸ ਕੀਤੇ ਬਗੈਰ ਕਾਲਜ ਛੱਡ ਦਿੱਤਾ। ਉਹ 1943 ਵਿੱਚ ਸ਼ਾਇਰੀ ਦੀ ਪਲੇਠੀ ਕਿਤਾਬ ‘ਤਲਖੀਆਂ’ ਨਾਲ ਮਸ਼ਹੂਰ ਹੋ ਗਿਆ। ਉਸ ਦਾ ਅਰਮਾਨ ਫਿਲਮੀ ਗੀਤਕਾਰ ਬਣਨ ਦਾ ਸੀ, ਇਸ ਲਈ ਬੰਬਈ ਚਲਾ ਗਿਆ। ਉਸ ਦੀ ਪਹਿਲੀ ਫਿਲਮ ‘ਆਜ਼ਾਦੀ ਕੀ ਰਾਹ ਪੇ’ 1951 ਵਿੱਚ ਰਿਲੀਜ਼ ਹੋਈ। ਦੋ ਫਿਲਮਾਂ ‘ਨੌਜਵਾਨ’ ਅਤੇ ‘ਬਾਜ਼ੀ’ ਨੇ ਧੁੰਮ ਮਚਾ ਦਿੱਤੀ। ਫਿਰ ਹਰ ਇੱਕ ਫਿਲਮ ਨਾਲ ਉਸ ਦੀ ਗੁੱਡੀ ਚੜ੍ਹਦੀ ਗਈ। ਸਾਹਿਰ ਦੀ ਮੌਤ 25 ਅਕਤੂਬਰ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।
ਉਸ ਨੇ 111 ਫਿਲਮਾਂ ਲਈ 718 ਗੀਤ ਲਿਖੇ। ਬਹੁਤੀਆਂ ਫਿਲਮਾਂ ਉਸ ਦੇ ਗੀਤਾਂ ਕਾਰਨ ਹੀ ਕਾਮਯਾਬ ਹੁੰਦੀਆਂ ਸਨ। ਫਿਲਮੀ ਬੰਦਿਸ਼ਾਂ ਦੇ ਬਾਵਜੂਦ ਉਸ ਨੇ ਸੈਂਕੜੇ ਸਦਾਬਹਾਰ ਗੀਤ ਲਿਖੇ। ਉਹ ਲਿਖਦਾ ਹੈ, ‘ਮੈਂ ਹਮੇਸ਼ਾ ਫਿਲਮੀ ਗੀਤਾਂ ਨੂੰ ਸ਼ਾਇਰੀ ਦੇ ਪੱਧਰ ਉੱਤੇ ਲਿਜਾਣ ਦਾ ਯਤਨ ਕੀਤਾ ਹੈ ਅਤੇ ਇਨ੍ਹਾਂ ਨੂੰ ਸਿਆਸੀ ਅਤੇ ਸਮਾਜਕ ਉਦੇਸ਼ਾਂ ਲਈ ਵਰਤਿਆ ਹੈ।’ ਉਹ ਸਮਝਦਾ ਸੀ ਕਿ ਫਿਲਮ ਚੰਗੀ ਸ਼ਾਇਰੀ ਨੂੰ ਅਨਪੜ੍ਹ ਲੋਕਾਂ ਤੱਕ ਵੀ ਲਿਜਾਣ ਦਾ ਵਧੀਆ ਮਾਧਿਅਮ ਹੈ। ਫਿਲਮੀ ਗੀਤ ਉਸ ਲਈ ਸ਼ਾਇਰੀ ਦੀ ਇੱਕ ਕਿਸਮ ਹੈ। ਉਸ ਨੇ ਆਪਣੀਆਂ ਬਹੁਤ ਸਾਰੀਆਂ ਛਪੀਆਂ ਗਜ਼ਲਾਂ ਅਤੇ ਨਜ਼ਮਾਂ ਨੂੰ ਫਿਲਮਾਂ ਵਿੱਚ ਸ਼ਾਮਲ ਕੀਤਾ। ‘ਕਭੀ ਕਭੀ' ਅਤੇ ‘ਪਿਆਸਾ’ ਇਸ ਦੀਆਂ ਮਿਸਾਲਾਂ ਹਨ। ‘ਪਿਆਸਾ’ ਦੇ ਗੀਤ ਜਵਾਹਰ ਲਾਲ ਨਹਿਰੂ ਨੂੰ ਵੀ ਪਸੰਦ ਆਏ ਅਤੇ ‘ਟਾਈਮ’ ਰਸਾਲੇ ਨੇ ਇਸ ਨੂੰ ਦੁਨੀਆ ਵਿੱਚ ਕਿਸੇ ਵੀ ਜ਼ੁਬਾਨ ਵਿੱਚ ਬਣੀਆਂ ਸੌ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਕੀਤਾ। ‘ਵੋ ਅਫਸਾਨਾ ਜਿਸੇ ਅੰਜਾਮ ਤੱਕ ਲਾਨਾ ਨਾ ਹੋ ਮੁਮਕਿਨ, ਉਸੇ ਏਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ’, ‘ਦੇਖਾ ਹੈ ਜ਼ਿੰਦਗੀ ਕੋ ਕੁਛ ਇਤਨੇ ਕਰੀਬ ਸੇ, ਚਿਹਰੇ ਤਮਾਮ ਲਗਨੇ ਲਗੇ ਹੈਂ ਅਜੀਬ ਸੇ’, ‘ਤੇਰਾ ਮਿਲਨਾ ਖੁਸ਼ੀ ਕੀ ਬਾਤ ਸਹੀ, ਤੁਝ ਸੇ ਮਿਲ ਕਰ ਉਦਾਸ ਰਹਿਤਾ ਹੂੰ’, ‘ਕਭੀ ਖੁਦ ਪੇ ਕਭੀ ਹਾਲਾਤ ਪੇ ਰੋਨਾ ਆਇਆ, ਬਾਤ ਨਿਕਲੀ ਤੋ ਹਰ ਏਕ ਬਾਤ ਪੇ ਰੋਨਾ ਆਇਆ’, ‘ਗ਼ਮ ਔਰ ਖੁਸ਼ੀ ਮੇਂ ਫਰਕ ਨਾ ਮਹਿਸੂਸ ਹੋ ਯਹਾਂ ਮੈਂ ਦਿਲ ਕੋ ਉਸ ਮੁਕਾਮ ਪੇ ਲਾਤਾ ਚਲਾ ਗਿਆ’ ਜਿਹੇ ਕਾਬਿਲੇਗੌਰ ਸ਼ਿਅਰ ਵਾਲੇ ਸਾਹਿਰ ਨੂੰ ਸ਼ਬਦਾਂ ਦੇ ਜਾਦੂਗਰ ਦਾ ਖਿਤਾਬ ਐਵੇਂ ਹੀ ਨਹੀਂ ਮਿਲ ਗਿਆ। ਦੇਸ਼ ਵਿਦੇਸ਼ ਵਿੱਚ ਹੋਣ ਵਾਲੇ ਮੁਸ਼ਾਇਰਿਆਂ ਦੀ ਉਹ ਜਿੰਦ ਜਾਨ ਸੀ। ਫਿਲਮੀ ਗੀਤਕਾਰੀ ਦੇ ਨਾਲ ਨਾਲ ਉਸ ਦੀ ਅਦਬੀ ਸ਼ਾਇਰੀ ਦਾ ਸਫਰ ਵੀ ਨਿਰੰਤਰ ਜਾਰੀ ਰਿਹਾ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਕਈ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖੇ ਸਨ। ਫਿਲਮ ਦੇ ਵਿਸ਼ੇ ਤੇ ਕਹਾਣੀ ਮੁਤਾਬਕ ਗੀਤ ਲਿਖਣੇ ਖਾਲਾ ਜੀ ਦਾ ਵਾੜਾ ਨਹੀਂ, ਪਰ ਸਾਹਿਰ ਨੇ ਇਹ ਕਲਾਤਮਕ ਕੰਮ ਬੜੀ ਸ਼ਿੱਦਤ ਨਾਲ ਕੀਤਾ। ਜਦੋ ਵੀ ਭਾਰਤੀ ਫਿਲਮਾਂ ਵਿੱਚ ਗੀਤਕਾਰੀ ਦੀ ਗੱਲ ਹੋਵੇਗੀ ਤਾਂ ਉਸ ਦਾ ਨਾਂਅ ਹੀ ਸਭ ਤੋਂ ਉਪਰ ਹੋਵੇਗਾ। ਇਹੋ ਕਾਰਨ ਹੈ ਕਿ ਬਾਅਦ ਦੇ ਸ਼ਾਇਰਾਂ ਨੇ ਉਸ ਦੀ ਸ਼ਾਇਰੀ ਤੋਂ ਪ੍ਰੇਰਨਾ ਲੈ ਕੇ ਲਿਖਿਆ ਹੈ। ਉਸ ਦੀ ਕਲਮ ਤੋਂ ਨਿਕਲਿਆ ਹਰ ਗੀਤ ਤੇ ਸ਼ਿਅਰ ਅੱਜ ਵੀ ਸਦਾਬਹਾਰ ਹੈ ਅਤੇ ਹਮੇਸ਼ਾ ਰਹੇਗਾ। ਸਾਹਿਰ ਨੇ ਜਿੱਥੇ ਰਿਸ਼ਤਿਆਂ ਨੂੰ ਆਪਣੀ ਸ਼ਾਇਰੀ ਤੇ ਗੀਤਕਾਰੀ ਦਾ ਵਿਸ਼ਾ ਬਣਾਇਆ, ਉਥੇ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਲੋਕਪੱਖੀ ਸ਼ਾਇਰ ਹੋਣ ਦਾ ਵੀ ਸਬੂਤ ਦਿੱਤਾ। ਮਾਇਆ ਨਗਰੀ ਮੁੰਬਈ ਵਿੱਚ ਸੰਵੇਦਨਹੀਣਤਾ ਨਾਲ ਭਰੇ ਲੋਕਾਂ ਵਿੱਚ ਉਸ ਨੇ ਆਪਣੇ ਅੰਦਰਲੀ ਸੰਵੇਦਨਾਂ ਨੂੰ ਮਰਨ ਨਹੀਂ ਦਿੱਤਾ। ਉਹ ਸੰਸਾਰ ਸ਼ਾਂਤੀ ਦਾ ਝੰਡਾ-ਬਰਦਾਰ ਸੀ। ਦੁਨੀਆ ਵਿੱਚ ਕਿਤੇ ਵੀ ਇਨਸਾਨ ਦਾ ਖੂਨ ਵਹਿਣ ਉੱਤੇ ਉਹ ਕੁਰਲਾ ਉਠਦਾ ਸੀ ਅਤੇ ਜੰਗ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਦੁਸ਼ਮਣ ਸਮਝਦਾ ਸੀ। ਇਸੇ ਲਈ ਉਸ ਨੇ ਹਮੇਸ਼ਾ ਪਿਆਰ ਅਤੇ ਅਮਨ ਦਾ ਪੈਗਾਮ ਦਿੱਤਾ। ਉਸ ਦਾ ਦਿਲ ਕਿਰਤੀਆਂ ਅਤੇ ਮਜ਼ਲੂਮਾਂ ਲਈ ਧੜਕਦਾ ਸੀ। ਉਸ ਨੇ ਕਿਰਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ :
‘ਆਜ ਸੇ ਏ ਮਜ਼ਦੂਰ ਕਿਸਾਨੋ! ਮੇਰੇ ਰਾਗ਼ ਤੁਮਾਰੇ ਹੈਂ
ਫ਼ਾਕਾਕਸ਼ ਇਨਸਾਨੋ! ਮੇਰੇ ਜੋਗ-ਬਹਿਰ ਤੁਮਾਰੇ ਹੈਂ
ਆਜ ਸੇ ਮੇਰੇ ਫ਼ਨ ਕਾ ਮਕਸਦ ਜੰਜ਼ੀਰੇਂ ਪਿਘਲਾਨਾ ਹੈ
ਆਜ ਸੇ ਮੈਂ ਸ਼ਬਨਮ ਕੇ ਬਦਲੇ ਅੰਗਾਰੇ ਬਰਸਾਊਂਗਾ।’
ਹਾਲਾਂਕਿ ਉਸ ਨੇ ਪਿਆਰ-ਮੁਹੱਬਤ ਦੇ ਸਬੰਧਾਂ ਬਾਰੇ ਵੀ ਬੇਬਾਕ ਸ਼ਾਇਰੀ ਰਚੀ, ਪਰ ਉਹ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਤੋਂ ਵੀ ਭਲੀਭਾਤ ਜਾਣੂ ਸੀ :
ਤੁਮਾਰੇ ਗ਼ਮ ਕੇ ਸਿਵਾ ਔਰ ਵੀ ਗ਼ਮ ਹੈਂ ਮੁਝੇ
ਨਿਜਾਤ ਜਿਨਸੇ ਮੇਂ ਏਕ ਲੰਮਹਾ ਪਾ ਨਹੀਂ ਸਕਤਾ
ਯੇ ਕਾਰਖਾਨੇ ਮੇਂ ਲੋਹੇ ਕਾ ਸ਼ੋਰੋ-ਗੁਲ
ਜਿਸ ਮੇਂ ਹੈ ਦਫਨ ਲਾਖੋਂ ਗਰੀਬੋਂ ਕੀ ਰੂਹ ਕਾ ਨਗਮਾ।
ਪੰਜਾਬੀ ਹੀ ਨਹੀਂ, ਭਾਰਤੀ ਸਾਹਿਤ ਦੀ ਨਾਮਚੀਨ ਹਸਤੀ ਅੰਮ੍ਰਿਤਾ ਪ੍ਰੀਤਮ ਨਾਲ ਸਾਹਿਰ ਦੇ ਪ੍ਰੇਮ ਦੀਆਂ ਧੁੰਮਾਂ ਵੀ ਪੈ ਗਈਆਂ ਸਨ। ਪ੍ਰਸਿੱਧ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਉਸ ਦਾ ਨਾਂਅ ਜੋੜਿਆ ਜਾਣ ਲੱਗਾ ਸੀ। ਉਸ ਦਾ ਗਾਇਆ ਇੱਕ ਗੀਤ ਬਹੁਤ ਮਕਬੂਲ ਹੋਇਆ, ਜਿਸ ਦੇ ਬੋਲ ਸਨ ‘ਤੁਮ ਮੁਝੇ ਭੂਲ ਭੀ ਜਾਓ ਤੋ ਯੇਹ ਹਕ ਹੈ ਤੁਮਕੋ, ਮੇਰੀ ਬਾਤ ਔਰ ਹੈ, ਮੈਨੇ ਤੋ ਮੁਹੱਬਤ ਕੀ ਹੈ।’ ਇਤਫਾਕ ਦੇਖੋ ਕਿ ਇਹ ਗੀਤ ਲਿਖਿਆ ਵੀ ਸਾਹਿਰ ਨੇ ਸੀ। ਵੱਡੀਆਂ ਹਸਤੀਆਂ ਨਾਲ ਸੰਬੰਧ ਰਹਿਣ ਦੇ ਬਾਵਜੂਦ ਉਹ ਵਿਆਹ ਦੇ ਬੰਧਨ ਵਿੱਚ ਬੱਝ ਨਾ ਸਕਿਆ।
1963 ਵਿੱਚ ਫਿਲਮ ‘ਤਾਜ ਮਹਿਲ' ਤੇ 1976 ਵਿੱਚ ਫਿਲਮ ‘ਕਭੀ ਕਭੀ' ਲਈ ਉਸ ਨੂੰ ਫਿਲਮਫੇਅਰ ਐਵਾਰਡ ਤੋਂ ਇਲਾਵਾ 1971 ਵਿੱਚ ਪਦਮਸ੍ਰੀ ਜਿਹੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ। ਉਸ ਨੇ ਔਰਤਾਂ ਬਾਰੇ ਬੜੀਆਂ ਭਾਵ-ਪੂਰਨ ਸਤਰਾਂ ਲਿਖੀਆਂ :
‘ਔਰਤ ਨੇ ਜਨਮ ਦੀਆਂ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਆ
ਜਬ ਜੀ ਚਾਹਾ ਮਸਲਾ ਕੁਚਲਾ,
ਜਬ ਜੀ ਚਾਹਾ ਧੁਤਕਾਰ ਦੀਆ।’
ਸਾਹਿਰ ਨੇ ਸਮਾਜਕ ਬੁਰਾਈਆਂ ਜਿਵੇਂ ਔਰਤਾਂ ਦੀ ਦੁਰਦਸ਼ਾ, ਰਿਸ਼ਵਤਖੋਰੀ, ਦਾਜ, ਸਮਾਜਕ ਨਾ ਬਰਾਬਰੀ ਆਦਿ ਨੂੰ ਨਿੰਦਿਆ। ਉਸ ਨੇ ਆਦਮੀ ਔਰਤ ਦੇ ਆਪਸੀ ਪਿਆਰ, ਕੁਦਰਤ ਦੀ ਖੂਬਸੂਰਤੀ ਤੇ ਮਹੱਤਤਾ ਨੂੰ ਆਪਣੇ ਗੀਤਾਂ ਵਿੱਚ ਵਿਸ਼ਾ ਬਣਾਇਆ। ਉਸ ਦੇ ਗੀਤਾਂ ਵਿੱਚ ਰੁਮਾਂਸ ਹੈ, ਸੰਗੀਤ ਹੈ ਅਤੇ ਸਰਲਤਾ ਹੈ। ਇਸੇ ਲਈ ਉਸ ਦੇ ਗੀਤ ਸਦਬਹਾਰ ਹਨ ਅਤੇ ਅੱਜ ਵੀ ਰੇਡੀਓ ਤੇ ਟੀ ਵੀ ਉੱਤੇ ਸੁਣਾਏ ਅਤੇ ਦਿਖਾਏ ਜਾਂਦੇ ਹਨ। ਇਹ ਪੀੜ੍ਹੀ ਦਰ ਪੀੜ੍ਹੀ ਹਰਮਨ ਪਿਆਰੇ ਰਹੇ ਹਨ। ਜਦੋਂ ਤੱਕ ਦੁਨੀਆ ਰਹੇਗੀ, ਲੋਕ ਉਸ ਦੇ ਗੀਤਾਂ ਦਾ ਆਨੰਦ ਮਾਣਦੇ ਰਹਿਣਗੇ।

Have something to say? Post your comment