ਸੈਕਰਾਮੈਂਟੋ,ਕੈਲੀਫੋਰਨੀਆ( ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ 7/11 ਸਟੋਰ ਤੇ ਪੰਜਾਬੀ ਕੈਸ਼ੀਅਰ ਦੀ ਲੁੱਟ ਖੋਹ ਦੌਰਾਨ ਹੋਈ ਮੌਤ ਬਾਅਦ ਸੈਕਰਾਮੈਂਟੋ ਪੁਲੀਸ ਨੇ ਦੋਸ਼ੀਆਂ ਤੱਕ ਪੁਜਣ ਲਈ ਲੋਕਾਂ ਨੂੰ ਮੱਦਦ ਕਰਨ ਦੀ ਅਪੀਲ ਕੀਤੀ ਹੈ। ਇਸ ਲਈ ਪੁਲੀਸ ਨੇ ਜਾਣਕਾਰੀ ਦੇਣ ਲਈ ਫੋਨ ਨੰਬਰ ਵੀ ਜਾਰੀ ਕਿਤੇ ਹਨ ਜੋ ਸੈਕਰਾਮੈਂਟੋ ਪੁਲਿਸ ਨੂੰ (916) 808-5471 ਜਾਂ ਸੈਕਰਾਮੈਂਟੋ ਵੈਲੀ ਕਰਾਈਮ ਸਟੋਪਰ (916) 443- 4357 ਤੇ ਇਤਲਾਹ ਦਿੱਤੀ ਜਾ ਸਕਦੀ ਹੈ। ਇਸ ਘਟਨਾ ਬੀਤੀ ਦਿਨ ਸਾਊਥਲੈਂਡ ਪਾਰਕ ਏਰੀਏ ਵਿੱਚ ਸਵੇਰੇ 7/11 ਸਟੋਰ ਤੇ ਵਾਪਰੀ। ਮਰਨ ਵਾਲਾ ਕੈਸ਼ੀਅਰ 31 ਸਾਲਾ ਗੁਰਪ੍ਰੀਤ ਸਿੰਘ ਪੰਜਾਬ ਦੇ ਖੰਨਾ ਵਿੱਚਲੇ ਪਿੰਡ ਚਕੋਹੀ ਦਾ ਹੈ। ਜਾਣਕਾਰੀ ਮੁਤਾਬਿਕ ਸੋਮਵਾਰ ਸਵੇਰੇ 3: 23 ਵਜੇ, ਸੈਕਰਾਮੈਂਟੋ ਪੁਲਿਸ ਨੂੰ ਜਾਣਕਾਰੀ ਇੱਕ ਗਾਹਕ ਵੱਲੋਂ ਦਿੱਤੀ ਗਈ। ਇਹ ਸਟੋਰ ਸੈਕਰਾਮੈਂਟੋ ਦੇ 43 ਐਵੀਨਿਊ ਦੇ 1100 ਬਲਾਕ ਵਿੱਚ ਪੈਂਦਾ ਹੈ। ਜਦੋਂ ਗਾਹਕ ਸਟੋਰ ਵਿੱਚ ਵੜਿਆ ਤਾਂ ਉਸਨੇ ਕੈਸ਼ੀਅਰ ਗੁਰਪ੍ਰੀਤ ਸਿੰਘ ਨੂੰ ਗੰਭੀਰ ਜਖਮੀ ਹਾਲਤ ਵਿੱਚ ਫ਼ਰਸ਼ ਤੇ ਡਿੱਗੇ ਨੂੰ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਇਸ ਮੰਦਭਾਗੀ ਘਟਨਾਂ ਬਾਰੇ ਜਾਣਕਾਰੀ ਦਿੱਤੀ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਦੇ ਪੈਰਾਮੇਡਿਕਸ ਗੁਰਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਲੈ ਗਏ ਜਿੱਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਰੋਜ ਦੇ ਗਾਹਕਾਂ ਨੇ ਗੁਰਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਸਟੋਰ 7/11 ਸਟੋਰ ਦੇ ਦਰਵਾਜ਼ੇ ਅੱਗੇ ਫੁੱਲ ਰੱਖ ਸੇਜਲ ਅੱਖਾਂ ਨਾਲ ਗੁਰਪ੍ਰੀਤ ਨੂੰ ਯਾਦ ਕੀਤਾ। ਗੁਰਪ੍ਰੀਤ ਸਿੰਘ ਦੀ ਯਾਦ ਵਿੱਚ 7/11 ਸਟੋਰ ਮਾਲਕ ਨੇ ਇੱਕ ਦਿਨ ਲਈ ਆਪਣਾ ਸਟੋਰ ਬੰਦ ਰੱਖਿਆ। ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪੰਜ ਸਾਲਾ ਬੇਟੀ ਤੇ ਪਤਨੀ ਛੱਡ ਗਏ ਨੇ, ਜਿਹੜੇ ਕਿ ਇੰਡੀਆ ਵਿੱਚ ਰਹਿ ਰਹੇ ਹਨ। ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਮਹਿਜ਼ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਆਇਆ ਸੀ। ਸਥਾਨਕ ਪੰਜਾਬੀ ਭਾਈਚਾਰੇ ਵਿੱਚ ਇਸ ਘਟਨਾਂ ਦਾ ਜਿਥੇ ਸਖਤ ਰੋਸ ਹੈ ਉਥੇ ਪੰਜਾਬ ਚ ਉਸਦੇ ਪਰਿਵਾਰ ਲਈ ਮੱਦਦ ਦੀ ਵੀ ਅਪੀਲ ਕੀਤੀ ਗਈ ਹੈ। ਇਹੋ ਜਿਹੀ ਹੀ ਘਟਨਾ ਪਿਛਲੇ ਸਾਲ ਫਲੋਰਨ ਰੋਡ ਸ਼ੈਕਰਾਮੈਂਟੋ ਤੇ ਸ਼ੈਵਰੋਨ ਗੈਸ ਸਟੇਸ਼ਨ ਤੇ ਪੰਜਾਬ ਤੋਂ ਇੱਕ ਨਵੇਂ ਆਏ ਪੰਜਾਬੀ ਨਾਲ ਹੋਈ ਜਿਸਨੂੰ ਕਿਸੇ ਅਣਪਛਾਤੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।