Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਨਜਰਰੀਆ

ਮਾਂ ਬੋਲੀ ਜੇ ਆਉਂਦੀ ਹੋਵੇ

February 23, 2021 12:31 AM

-ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ
ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸ ਦੇ ਆਪਣੇ ਹੀ ਇਸ ਨੂੰ ਵਿਸਾਰ ਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਪਹਿਲ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ, ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ, ਉਹ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਆਪਣੇ ਵੱਲੋਂ ਸਾਰੇ ਦਫਤਰਾਂ ਵਿੱਚ ਮਾਂ ਬੋਲੀ ਪੰਜਾਬੀ ਲਾਗੂ ਹੋਣ ਦੇ ਦਾਅਵੇ ਕਰਦੀਆਂ ਹਨ, ਪਰ ਅਸਲੀਅਤ ਸਾਰਿਆਂ ਨੂੰ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਉਨ੍ਹਾਂ ਤੋਂ ਕਿਸੇ ਬੋਲੀ ਜਾਂ ਸਭਿਆਚਾਰ ਪ੍ਰਤੀ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ। ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਜ਼ਿੰਮੇਵਾਰੀ ਬਣਦੀ ਹੈ। ਇਹ ਧਿਆਨ ਯੋਗ ਅਤੇ ਗੰਭੀਰ ਮਸਲਾ ਹੈ।
ਸਾਡੇ ਪੰਜਾਬੀ ਲੋਕ ਗੱਲ ਕਰਦੇ-ਕਰਦੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਗਲਤ-ਮਲਤ ਬੋਲ ਜਾਂਦੇ ਹਨ ਤੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਅਜਿਹੇ ਹਨ, ਜੋ ਪੰਜਾਬੀ ਵਿੱਚ ਘੁਲਮਿਲ ਗਏ ਹਨ। ਇਹ ਵੱਖਰਾ ਵਿਸ਼ਾ ਹੈ, ਪਰ ਸਭ ਤੋਂ ਵੱਧ ਹੈਰਾਨੀ ਉਦੋਂ ਹੁੰਦੀ ਹੈ, ਜਦ ਆਮ ਪਰਵਾਰ ਵਿਆਹ ਦੇ ਕਾਰਡ ਅੰਗਰੇਜ਼ੀ ਵਿੱਚ ਛਪਾਉਣ ਨੂੰ ਪਹਿਲ ਦਿੰਦੇ ਹਨ। ਭਾਵੇਂ ਕਾਰਡ ਵਿੱਚ ਛਪੀਆਂ ਲਾਈਨਾਂ ਦਾ ਮਤਲਬ ਪਰਵਾਰ ਦੇ ਇੱਕ ਵੀ ਮੈਂਬਰ ਨੂੰ ਨਾ ਪਤਾ ਹੋਵੇ, ਪਰ ਕਾਰਡ ਅੰਗਰੇਜ਼ੀ ਵਿੱਚ ਛਪਵਾਉਣਾ ਹੁੰਦਾ ਹੈ। ਇੱਥੋਂ ਤੱਕ ਕਿ ਕਾਰਡ ਛਾਪਣ ਵਾਲੇ ਗੁਰਬਾਣੀ ਦੀਆਂ ਤੁਕਾਂ ਨੂੰ ਵੀ ਅੰਗਰੇਜ਼ੀ ਵਿੱਚ ਉਲਥਾ ਕਰ ਕੇ ਛਾਪ ਦਿੰਦੇ ਹਨ। ਖਾਸ ਕਰ ਕੇ ਉਹ ਪਰਵਾਰ, ਜਿਨ੍ਹਾਂ ਦਾ ਧੀ-ਪੁੱਤ ਵਿਦੇਸ਼ ਤੋਂ ਆ ਕੇ ਇਧਰ ਆ ਕੇ ਵਿਆਹ ਰਚਾਉਂਦਾ ਹੈ, ਉਨ੍ਹਾਂ ਦੇ ਕਾਰਡ ਜ਼ਰੂਰ ਅੰਗਰੇਜ਼ੀ ਵਿੱਚ ਛਪੇ ਹੁੰਦੇ ਹਨ। ਘਰਾਂ ਦੇ ਬਾਹਰ ਲੱਗੀਆਂ ਤਖਤੀਆਂ ਆਦਿ 'ਤੇ ਵੀ ਅੰਗਰੇਜ਼ੀ ਉਕਰੀ ਹੁੰਦੀ ਹੈ। ਦਰਸ਼ਨ ਸਿੰਘ ਨੂੰ ਡੀ ਐਸ ਲਿਖ ਕੇ ਜਾਂ ਅੰਗਰੇਜ਼ੀ ਦਾ ਕੋਈ ਸ਼ਬਦ ਵਰਤ ਕੇ ਪਿੱਛੇ ਕੋਟੇਜ ਆਦਿ ਲਿਖ ਕੇ ਘਰਾਂ ਦੇ ਨਾਂਅ ਰੱਖੇ ਜਾਂਦੇ ਹਨ। ਇਹ ਵਰਤਾਰਾ ਅੱਜਕੱਲ੍ਹ ਸ਼ਹਿਰਾਂ ਵਿੱਚ ਆਮ ਵੇਖਣ ਨੂੰ ਮਿਲ ਰਿਹਾ ਹੈ।
ਮਾਪੇ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਪਹਿਲ ਦਿੰਦੇ ਹਨ, ਪਤਾ ਨਹੀਂ ਪੰਜਾਬੀ ਭਾਸ਼ਾ ਵਿੱਚ ਉਹ ਗੱਲਾਂ ਕਿਉਂ ਨਹੀਂ ਹੁੰਦੀਆਂ। ਮਾਂ-ਪਿਓ, ਬੱਚਿਆਂ ਨੂੰ ਏ ਬੀ ਸੀ ਸਿਖਾਉਣ ਲਈ ਵੱਧ ਤੱਤਪਰ ਰਹਿੰਦੇ ਹਨ, ਹਾਲਾਂਕਿ ਬਹੁਤੇ ਮਾਪਿਆਂ ਨੂੰ ਆਪ ਨੂੰ ਵੀ ਊੜਾ ਐੜਾ ਨਹੀਂ ਆਉਂਦਾ। ਸਕੂਲਾਂ ਵਿੱਚ ਵੀ ਅੰਗਰੇਜ਼ੀ ਪੜ੍ਹਾਉਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ, ਜਦੋਂ ਕਿ ਪੰਜਾਬੀ ਤੋਂ ਕੰਨੀ ਖਿਸਕਾ ਲਈ ਜਾਂਦੀ ਹੈ।
ਪਿੰਡਾਂ ਵਿੱਚ ਤਾਂ ਨਹੀਂ, ਸ਼ਹਿਰਾਂ ਵਿੱਚ ਦੁਕਾਨਾਂ ਦੇ ਬੋਰਡ ਬਹੁਤੇ ਅੰਗਰੇਜ਼ੀ ਵਿੱਚ ਨਜ਼ਰ ਪੈਂਦੇ ਹਨ ਜਾਂ ਬਹੁਤੇ ਥਾਈਂ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਦੁਕਾਨਾਂ ਦੇ ਬੋਰਡ ਲਿਖੇ ਹੁੰਦੇ ਹਨ। ਜੇ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਹੇਜ ਹੋਵੇ ਤਾਂ ਉਨ੍ਹਾਂ ਨੂੰ ਸਰਕਾਰਾਂ ਤੋਂ ਝਾਕ ਨਹੀਂ ਕਰਨੀ ਚਾਹੀਦੀ, ਪਰ ਕੀ ਕਰੀਏ, ਸਾਡੇ ਆਮ ਲੋਕ ਹੀ ਪੰਜਾਬੀ ਭਾਸ਼ਾ ਨੂੰ ਰੱਦ ਕਰੀ ਜਾ ਰਹੇ ਹਨ। ਪੰਜਾਬੀ ਜਿਸ ਵਿੱਚ ਬਾਬਾ ਨਾਨਕ, ਬਾਬਾ ਫਰੀਦ ਅਤੇ ਹੋਰ ਅਨੇਕਾਂ ਪੀਰਾਂ-ਫਕੀਰਾਂ ਨੇ ਆਪਣੀ ਇਲਾਹੀ ਬਾਣੀ ਦੀ ਰਚਨਾ ਕੀਤੀ ਅਤੇ ਸਾਡੇ ਮਾਰਗਦਰਸ਼ਕ ਬਣੇ ਇਸੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ।
ਪੰਜਾਬੀ ਵਿੱਚ ਵੱਖ-ਵੱਖ ਰਿਸ਼ਤਿਆਂ ਦੀ ਆਪਣੀ ਵਿਸ਼ੇਸ਼ ਮਹਾਨਤਾ ਹੈ। ਮਾਮਾ, ਚਾਚਾ, ਤਾਇਆ, ਫੁੱਫੜ ਇਹ ਸ਼ਬਦ ਪੰਜਾਬੀ ਵਿੱਚ ਹਨ, ਜਦੋਂ ਕਿ ਅੰਗਰੇਜ਼ੀ ਵਿੱਚ ਸਿਰਫ ‘ਅੰਕਲ’ ਨਾਲ ਹੀ ਗੱਲ ਬਣ ਜਾਂਦੀ ਹੈ। ਅੱਜਕੱਲ੍ਹ ਦੇ ਦਾਦਾ-ਦਾਦੀ ਵੀ ਆਪਣੇ ਆਪ ਨੂੰ ਬਾਬਾ ਜਾਂ ਬੇਬੇ ਅਖਵਾਉਣ ਵਿੱਚ ਅਪਮਾਨ ਮਹਿਸੂਸ ਕਰਦੇ ਹਨ। ਉਹ ਕਹਿੰਦੇ ਹਨ ਕਿ ਬੱਚੇ ਸਾਨੂੰ ਵੱਡੇ ਪਾਪਾ ਜਾਂ ਵੱਡੇ ਮੰਮੀ ਪੁਕਾਰਨ। ਜਿਹੜਾ ਨਿੱਘ ਤੇ ਸੁਆਦ ਬੇਬੇ ਜਾਂ ਬਾਬਾ ਕਹਿ ਕੇ ਜਾਂ ਕਹਾ ਕੇ ਆਉਂਦਾ ਉਹ ਵੱਡਾ ਪਾਪਾ ਜਾਂ ਵੱਡੀ ਮੰਮੀ ਕਹਿ ਕੇ ਨਹੀਂ ਆ ਸਕਦਾ। ਬਹੁਤੇ ਘਰਾਂ ਵਿੱਚ ਅੰਗਰੇਜ਼ੀ ਅਖਬਾਰ ਆਉਂਦਾ ਹੈ, ਪਰ ਪੰਜਾਬੀ ਦਾ ਇੱਕ ਵੀ ਅਖਬਾਰ ਜਾਂ ਰਸਾਲਾ ਨਹੀਂ ਆਉਂਦਾ। ਕਈਆਂ ਲਈ ਅੰਗਰੇਜ਼ੀ ਦਾ ਅਖਬਾਰ ਸਿਰਫ ਸਟੇਟਸ ਸਿੰਬਲ ਹੈ। ਅਖਬਾਰ ਘਰੇ ਆਇਆ, ਚੁੱਕਿਆ ਅਤੇ ਇਕੱਠਾ ਕਰ ਕੇ ਰੱਖ ਦਿੱਤਾ। ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ੀ ਨਾ ਪੜ੍ਹੀ ਜਾਵੇ, ਪਰ ਆਪਣੀ ਮਾਂ ਬੋਲੀ ਦਾ ਸਤਿਕਾਰ ਜ਼ਰੂਰ ਕੀਤਾ ਜਾਵੇ। ਮਤਰੇਈ, ਮਤਰੇਈ ਹੁੰਦੀ ਹੈ, ਮਾਂ-ਮਾਂ ਹੀ ਹੁੰਦੀ ਹੈ।
ਸਾਡੇ ਪੰਜਾਬੀ ਦੇ ਲੇਖਕ ਵੀ ਆਪਣੇ ਆਪ ਨੂੰ ਪੰਜਾਬੀ ਦੇ ਬਹੁਤ ਵੱਡੇ ਮੁਦੱਈ ਸਮਝਦੇ ਹਨ, ਪਰ ਬਹੁਤੇ ਲੇਖਕਾਂ ਦੇ ਧੀਆਂ-ਪੁੱਤਾਂ ਦੇ ਵਿਆਹਾਂ ਦੇ ਕਾਰਡ ਅੰਗਰੇਜ਼ੀ ਵਿੱਚ ਛਪ ਕੇ ਆਉਂਦੇ ਹਨ। ਅਜਿਹੇ ਮੁਦੱਈਆਂ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਇਸ ਕਰ ਕੇ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦਾ ਸਤਿਕਾਰ ਤਾਂ ਹੀ ਬਰਕਰਾਰ ਰਹਿ ਸਕਦਾ ਹੈ, ਜੇ ਸਾਡੇ ਆਮ ਲੋਕ ਇਸ ਨਾਲ ਆਪਣੀ ਪਿਆਰ ਭਰੀ ਸਾਂਝ ਪਾਉਣ। ਹਰਜਿੰਦਰ ਕੰਗ ਦਾ ਇਹ ਸ਼ਿਅਰ ਸਮੂਹ ਪੰਜਾਬੀਆਂ ਨੂੰ ਇੱਕ ਹਲੂਣਾ ਦੇਣ ਦਾ ਯਤਨ ਹੈ :
ਮਾਂ ਬੋਲੀ ਬਿਨ ਦੁਨੀਆਂ ਉਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,
ਆਪਣਾ ਸਭਿਆਚਾਰ ਭੁਲਾ ਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।
ਫੁੱਲ ਕਿਤੇ ਵੀ ਉਗਣ ਭਾਵੇਂ, ਮਹਿਕਾਂ ਤੋਂ ਪਹਿਚਾਣੇ ਜਾਂਦੇ,
ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।
ਵਿਰਸੇ ਦੇ ਫੁੱਲ ਤਾਂ ਹੀ ਖਿੜਦੇ ਮਾਂ ਬੋਲੀ ਜੇ ਆਉਂਦੀ ਹੋਵੇ,
ਰੂਹ ਦੇ ਪੱਤਣ ਜਿੰਦ ਮਜਾਜਣ, ਲੋਕ ਗੀਤ ਕੋਈ ਗਾਉਂਦੀ ਹੋਵੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ