Welcome to Canadian Punjabi Post
Follow us on

12

July 2025
 
ਨਜਰਰੀਆ

ਧਰਤੀ ਨੇ ਤਾਂ ਏਡੀ ਰਹਿਣਾ ਹੈ...

February 23, 2021 12:29 AM

-ਦੀਪਕ ਜਲੰਧਰੀ
ਪੰਜਾਬੀ ਦੇ ਇੱਕ ਪ੍ਰਸਿੱਧ ਸ਼ਾਇਰ ਪੁਸ਼ਪ ਸ਼ਾਹਕੋਟੀ ਨੇ ਬਹੁਤ ਚਿਰ ਪਹਿਲਾਂ ਇੱਕ ਨਜ਼ਮ ਲਿਖੀ ਸੀ :
ਸੋਚੋ, ਸਮਝੋ, ਮੰਨੋ ਕਹਿਣਾ, ਧਰਤੀ ਨੇ ਤਾਂ ਏਡੀ ਰਹਿਣਾ,
ਵਧਦੀ ਰਹੀ ਆਬਾਦੀ ਜੇਕਰ, ਕਿੱਥੇ ਉਠਣਾ, ਕਿੱਥੇ ਬਹਿਣਾ?
ਸ਼ਾਇਰ ਦਾ ਇਹ ਦਰਦ ਇਸ ਸਮੇਂ ਯਾਦ ਆਉਣ ਦਾ ਕਾਰਨ ਇਹ ਹੈ ਕਿ ਸੰਨ 2021 ਜਨਗਣਨਾ ਦਾ ਸਾਲ ਹੈ। ਪਿਛਲੀ ਵਾਰ ਜਨਗਣਨਾ ਸੰਨ 2011 ਵਿੱਚ ਹੋਈ ਸੀ। ਉਦੋਂ ਦੇਸ਼ ਦੀ ਆਬਾਦੀ ਇੱਕ ਅਨੁਮਾਨ ਅਨੁਸਾਰ 125 ਕਰੋੜ ਦੇ ਲਗਭਗ ਸੀ। ਅੱਜਕੱਲ੍ਹ 135 ਕਰੋੜ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਤੇ ਸੰਸਾਰ ਦੀ ਆਬਾਦੀ ਹੈ ਸਾਢੇ ਸੱਤ ਸੌ ਕਰੋੜ ਤੋਂ ਵੀ ਵੱਧ। ਇਹ ਖੁਸ਼ੀ ਦੀ ਗੱਲ ਨਹੀਂ ਕਿ ਸੰਸਾਰ ਨੇ ਸਾਢੇ ਸੱਤ ਸੌ ਕਰੋੜ ਦੇ ਅੰਕੜੇ ਨੂੰ ਛੂਹ ਲਿਆ ਹੈ, ਸਗੋਂ ਗੰਭੀਰ ਚਿੰਤਾ ਦਾ ਮੁੱਦਾ ਹੈ। ਧਰਮ-ਮਜ਼੍ਹਬ ਦੀ ਆੜ ਵਿੱਚ ਅਸੀਂ ਧਰਤੀ ਉਪਰ ਕਿੰਨਾ ਭਾਰ ਪਾ ਚੁੱਕੇ ਹਾਂ।
ਮਹਾਤਮਾ ਬੁੱਧ ਦੇ ਸਮੇਂ ਬਰਮਾ (ਮਿਆਂਮਾਰ) ਤੋਂ ਕਾਬਲ ਤੱਕ ਅਤੇ ਸ੍ਰੀਲੰਕਾ ਤੋਂ ਪੇਸ਼ਾਵਰ ਤੱਕ ਜਦੋਂ ਭਾਰਤ ਇੱਕੋ ਦੇਸ਼ ਸੀ ਤਾਂ ਇਸ ਦੀ ਆਬਾਦੀ ਇੱਕ ਕਰੋੜ ਸੀ। ਬਾਰਾਂ-ਬਾਰਾਂ ਕੋਹ ਤੱਕ ਦੀਵਾ ਜਗਣ ਦੇ ਕਿੱਸੇ ਵੱਡੇ-ਵਡੇਰੇ ਸੁਣਾਇਆ ਕਰਦੇ ਸਨ। ਜਨਸੰਖਿਆ ਵਧਦੀ ਗਈ ਤਾਂ ਵਧਦੀ ਗਈ। ਜਦੋਂ ਭਾਰਤ ਦੀ ਵੰਡ ਹੋਈ ਤਾਂ ਦੇਸ਼ ਦੀ ਆਬਾਦੀ 33 ਕਰੋੜ ਸੀ, ਜਿਸ ਵਿੱਚੋਂ ਅੱਠ ਕਰੋੜ ਪਾਕਿਸਤਾਨ ਦੇ ਹਿੱਸੇ ਆਈ ਅਤੇ ਬਾਕੀ ਭਾਰਤ ਨੂੰ ਮਿਲ ਗਈ। ਇਸ ਵੰਡ ਸਮੇਂ ਦਸ ਲੱਖ ਲੋਕਾਂ ਦਾ ਕਤਲ ਵੀ ਹੋਇਆ ਸੀ। ਅੱਜ ਭਾਰਤ ਦੀ ਆਬਾਦੀ ਸਰਕਾਰੀ ਅੰਕੜਿਆਂ ਅਨੁਸਾਰ 135 ਕਰੋੜ ਹੈ।
ਸਾਨੂੰ ਲੱਗਦਾ ਹੈ ਕਿ ਇਹ ਅੰਕੜਾ ਡੇਢ ਅਰਬ ਦੇ ਕਰੀਬ ਹੈ, ਕਿਉਂਕਿ ਦੂਰ-ਦਰਾਜ ਦੇ ਕਈ ਇਲਾਕਿਆਂ ਤੱਕ ਮਰਦਮ ਸ਼ੁਮਾਰੀ ਕਰਨ ਵਾਲੇ ਜਾਂਦੇ ਹੀ ਨਹੀਂ। ਸੰਨ 1804 ਵਿੱਚ ਦੁਨੀਆ ਦੀ ਕੁੱਲ ਆਬਾਦੀ ਇੱਕ ਸੌ ਕਰੋੜ ਸੀ। ਕੇਵਲ ਦੋ ਸੌ ਸੌਲਾਂ ਸਾਲਾਂ ਵਿੱਚ ਇਹ ਸਾਢੇ ਸੱਤ ਅਰਬ ਕਿਵੇਂ ਅਤੇ ਕਿਉਂ ਹੋ ਗਈ? ਇਹ ਚਿੰਤਾ ਦਾ ਮੁੱਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਬਰਥ ਕੰਟਰੋਲ ਪ੍ਰਤੀ ਖੂਬ ਪ੍ਰਚਾਰ ਕੀਤਾ ਜਾਂਦਾ ਹੈ। ਸਾਧਨ ਵੀ ਹਾਸਲ ਕਰਾਏ ਗਏ, ਪਰ ਆਬਾਦੀ ਦਾ ਬੇ-ਇੰਤਹਾ ਵਧਣਾ ਰੋਕਿਆ ਨਾ ਜਾ ਸਕਿਆ।
ਸੰਨ 1952 ਵਿੱਚ ਇੱਕ ਫਿਲਮ ਆਈ ਸੀ, ਮਿਸਟਰ ਸੰਪਤ। ਉਸ ਫਿਲਮ ਵਿੱਚ ਆਬਾਦੀ ਦੇ ਵਧਣ ਪ੍ਰਤੀ ਖੂਬ ਵਿਅੰਗ ਕੀਤਾ ਗਿਆ ਸੀ। ਫਿਲਮ ਦੇ ਹੀਰੋ ਸਵਰਗੀ ਮੋਤੀ ਲਾਲ ਸਨ। ਉਹ ਜਿੱਥੇ ਵੀ ਜਾਂਦੇ, ਉਨ੍ਹਾਂ ਨੂੰ ਭੀੜ ਹੀ ਭੀੜ ਦਿਖਾਈ ਦਿੰਦੀ। ਉਹ ਕਹਿੰਦੇ ਸਨ ਕਿ ਏਡੀ ਲੰਬੀ-ਚੌੜੀ ਦੁਨੀਆ, ਫਿਰ ਵੀ ਇਸ ਵਿੱਚ ਜਗ੍ਹਾ ਨਹੀਂ। ਅੱਜ ਹਾਲਾਤ ਉਸ ਦੌਰ ਤੋਂ ਵੀ ਖਰਾਬ ਹੁੰਦੇ ਜਾ ਰਹੇ ਹਨ। ਇੱਕ ਵਿਚਾਰ ਅਨੁਸਾਰ ਆਬਾਦੀ ਦੇ ਵਾਧੇ ਨੂੰ ਰੋਕਣ ਦੇ ਦੋ ਤਰੀਕੇ ਹਨ। ਇੱਕ ਤਾਂ ਉਹ ਜੋ ਮਨੁੱਖ ਖੁਦ ਅਪਣਾਵੇ ਅਤੇ ਦੂਜਾ ਤਰੀਕਾ ਪਰਮਾਤਮਾ ਨੰ ਅਪਣਾਉਣਾ ਪੈਂਦਾ ਹੈ। ਮਨੁੱਖ ਜੇ ਵਧਦੀ ਆਬਾਦੀ ਦੀ ਰੋਕਥਾਮ ਲਈ ਉਪਲਬਧ ਤਰੀਕਿਆਂ ਦੀ ਵਰਤੋਂ ਨਹੀਂ ਕਰਦਾ ਜਾਂ ਇਸ ਪ੍ਰਤੀ ਅਸਫਲ ਰਹਿੰਦਾ ਹੈ ਤਾਂ ਕੁਦਰਤ ਨੂੰ ਕੋਈ ਨਾ ਕੋਈ ਵਸੀਲਾ (ਕਹਿਰ) ਅਪਣਾਉਣਾ ਪੈਂਦਾ ਹੈ। ਫਿਰ ਆਬਾਦੀ 'ਤੇ ਕੰਟਰੋਲ ਕਰਨ ਲਈ ਯੁੱਧ ਹੁੰਦੇ ਹਨ, ਮਹਾਮਾਰੀ ਫੁੱਟ ਪੈਂਦੀ ਹੈ, ਹੜ੍ਹ, ਸੁਨਾਮੀ, ਭੂਚਾਲ ਅਤੇ ਤੂਫਾਨ ਆਦਿ ਆਬਾਦੀ ਨੂੰ ਕੰਟਰੋਲ ਕਰਦੇ ਹਨ। ਅਸੀਂ ਕੁਦਰਤ ਦੇ ਕਹਿਰ ਤੋਂ ਬਚਣ ਵਾਲੇ ਤਰੀਕਿਆਂ ਵੱਲ ਮਨੁੱਖ ਦੇ ਝੁਕਾਅ ਨੂੰ ਸਹੀ ਸਮਝਦੇ ਹਾਂ। ਧਰਤੀ ਸੀਮਿਤ ਹੈ, ਖਾਣ ਵਾਲੇ ਅੰਨ ਪਦਾਰਥ ਵੀ ਸੀਮਿਤ ਹਨ। ਜੇ ਆਬਾਦੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਕਿੱਥੇ ਉਠਣਾ, ਕਿੱਥੇ ਬਹਿਣਾ ਹੈ?
ਉਹੀ ਪੁਰਾਣੀ ਗੱਲ ਯਾਦ ਆਉਂਦੀ ਹੈ ਕਿ ਇੱਕ ਵਿਅੰਗਕਾਰ ਨੇ ਇੱਕ ਵਾਰ ਲਿਖਿਆ ਸੀ ਕਿ ਜਨਸੰਖਿਆ ਇਸੇ ਤਰ੍ਹਾਂ ਵਧਦੀ ਰਹੀ ਤਾਂ ਸਾਡੇ ਘਰਾਂ 'ਚੋਂ ਮੰਜੇ-ਬਿਸਤਰਿਆਂ ਦਾ ਗਾਇਬ ਹੋਣਾ ਤੈਅ ਹੈ। ਮੇਜ਼-ਕੁਰਸੀਆਂ ਅੱਖੋਂ ਓਹਲੇ ਹੋ ਜਾਣਗੀਆਂ। ਸਾਰਾ ਕੰਮ ਖੜ੍ਹੇ-ਖੜ੍ਹੇ ਹੋਵੇਗਾ। ਸੌਣਾ, ਖਾਣਾ ਆਦਿ। ਹਰ ਥਾਂ 'ਤੇ ਭੀੜ ਏਨੀ ਵੱਧ ਜਾਵੇਗੀ ਕਿ ਸਾਰਾ ਸੰਸਾਰ ਬੈਠਣ, ਲੇਟਣ ਬਾਰੇ ਇਤਿਹਾਸ 'ਚੋਂ ਪੜ੍ਹੇਗਾ। ਚਲੋ ਮੰਨ ਲਓ ਕਿ ਅਜਿਹਾ ਨਾ ਹੋਵੇ, ਪਰ ਤੰਗੀ ਤਾਂ ਸਾਹਮਣੇ ਆਵੇਗੀ।
ਮਹਿੰਗਾਈ ਵਧਣ ਦਾ ਇੱਕ ਕਾਰਨ ਇਹ ਹੈ ਕਿ ਬੇਕਾਰੀ ਦਾ ਵਧਣਾ ਵੀ ਵੱਧਦੀ ਆਬਾਦੀ ਨੂੰ ਮੰਨਿਆ ਜਾਂਦਾ ਹੈ। ਇੰਞ ਕਹਿ ਲਓ ਕਿ ਅੱਜ ਦੀਆਂ ਸਾਰੀਆਂ ਸਮੱਸਿਆਵਾਂ ਇਸ ਵਧਦੀ ਆਬਾਦੀ ਕਾਰਨ ਹੀ ਹਨ। ਅੰਗਰੇਜ਼ਾਂ ਦੇ ਜ਼ਮਾਨੇ ਦੀ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ ਗੁਲਾਮ ਚਾਹੀਦੇ ਸਨ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਤੋਪਾਂ ਦਾ ਚਾਰਾ ਮਿਲ ਸਕੇ। ਤਦੇ ਹੀ ਉਨ੍ਹਾਂ ਨੇ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਇਨਾਮ ਦੇਣਾ ਕਰ ਰੱਖਿਆ ਸੀ। ਅਸੀਂ ਆਜ਼ਾਦ ਹਾਂ ਅਤੇ ਸਾਨੂੰ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰਨ ਤੋਂ ਪਹਿਲਾਂ ਲੱਖ ਵਾਰੀ ਸੋਚਣਾ ਪਵੇਗਾ। ਸੰਨ 1977 ਵਿੱਚ ਸਵਰਗੀ ਰਾਜ ਨਾਰਾਇਣ ਕੇਂਦਰ ਸਰਕਾਰ ਵਿੱਚ ਸਿਹਤ ਮੰਤਰੀ ਸਨ। ਉਨ੍ਹਾਂ ਨੇ ਬਰਥ ਕੰਟਰੋਲ ਦਾ ਨਾਂਅ ਬਦਲ ਕੇ ਪਰਵਾਰ ਕਲਿਆਣ ਵਿਭਾਗ ਕਰ ਦਿੱਤਾ। ਉਨ੍ਹਾਂ ਦਾ ਮੰਤਵ ਇਹ ਸੀ ਕਿ ਲੋਕ ਆਪਣੇ ਪਰਵਾਰ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਰਵਾਰ ਕੰਟਰੋਲ ਕਰ ਲੈਣ, ਪਰ ਏਦਾਂ ਨਹੀਂ ਹੋਇਆ। ਇਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਕੁਝ ਧਰਮਾਂ ਵਿੱਚ ਬਹੁ-ਵਿਆਹ ਪ੍ਰਤਾ ਅਜੇ ਕਾਇਮ ਹੈ ਤੇ ਸੰਤਾਨ ਪੈਦਾ ਕਰਨਾ ਈਸ਼ਵਰ ਦੀ ਕ੍ਰਿਪਾ ਮੰਨਿਆ ਜਾਂਦਾ ਹੈ। ਦੇਸ਼ 'ਤੇ ਸ਼ਾਸਨ ਕਰਨ ਵਾਲੇ ਰਾਜਨੀਤਕ ਦਲਾਂ ਵੱਲੋਂ ਤੁਸ਼ਟੀਕਰਨ ਅਤੇ ਵੋਟ ਬੈਂਕ ਕਾਰਨ ਇਸ ਮੁੱਦੇ ਪ੍ਰਤੀ ਕੋਈ ਪ੍ਰਭਾਵਸ਼ਾਲੀ ਫੈਸਲਾ ਨਹੀਂ ਲਿਆ ਜਾਂਦਾ।
ਇਸ ਨੂੰ ਬਦਕਿਸਮਤੀ ਸਮਝੋ ਕਿ ਕੁਝ ਮਜ਼੍ਹਬ ਜਨਸੰਖਿਆ ਕੰਟਰੋਲ ਬਾਰੇ ਬਣਾਏ ਕਿਸੇ ਵੀ ਕਾਨੂੰਨ ਨੂੰ ਆਪਣੇ ਮਜ਼੍ਹਬ ਵਿੱਚ ਦਖਲ ਮੰਨਦੇ ਹਨ। ਕਾਮਨ-ਸਿਵਲ ਕੋਡ 'ਤੇ ਜਨਸੰਖਿਆ ਵਾਧਾ ਰੋਕਣ ਬਾਰੇ ਸਾਰੇ ਵਿਚਾਰ ਠੰਢੇ ਬਸਤੇ ਵਿੱਚ ਪਏ ਲੱਗਦੇ ਹਨ। ਚੀਨ ਨੇ ਇਸੇ ਤਰ੍ਹਾਂ ਦੇ ਨਿਰਣੇ ਨੂੰ ਬਹੁਤ ਸਖਤੀ ਨਾਲ ਲਾਗੂ ਕੀਤਾ ਅਤੇ ‘ਹਮ ਦੋ, ਹਮਾਰਾ ਏਕ’ ਕਾਨੂੰਨ ਲਾਗੂ ਕਰ ਦਿੱਤਾ।
ਇਹ ਵੀ ਹਕੀਕਤ ਹੈ ਕਿ ਸਾਡਾ ਦੇਸ਼ ਯੁਵਾ ਦੇਸ਼ ਕਹਾਉਂਦਾ ਹੈ ਅਤੇ ਚੀਨ ਬਜ਼ੁਰਗ ਦੇਸ਼। ਸਾਡੇ ਦੇਸ਼ ਵਿੱਚ ‘ਹਮ ਦੋ, ਹਮਾਰੇ ਦੋ’ ਦਾ ਨਾਅਰਾ ਕੇਵਲ ਕਾਗਜ਼ਾਂ ਵਿੱਚ ਤੇ ਬੋਰਡਾਂ ਉਪਰ ਚਿਪਕਿਆ ਰਿਹਾ। ਅਸੀਂ ਕੁਝ ਨੇਤਾਵਾਂ ਦੇ ਇੱਥੇ ਨਾਂਅ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੇ ਜਨਸੰਖਿਆ ਰੋਕਣ ਦੇ ਵਿਚਾਰ ਵਿਰੁੱਧ ਅੱਠ-ਨੌਂ ਬੱਚੇ ਪੈਦਾ ਕਰ ਦਿੱਤੇ। ਜਦੋਂ ਅਗਲੀ ਮਰਦਮ ਸ਼ੁਮਾਰੀ ਹੋਵੇਗੀ ਅਤੇ ਕੁਝ ਰਾਜਨੇਤਾ ਇਸ ਦੇ ਵਿਰੋਧ ਵਿੱਚ ਧਰਨੇ ਵੀ ਲਾਉਣਗੇ, ਪਰ ਜਦੋਂ ਤੱਕ ਜਨਸੰਖਿਆ ਦੀ ਸਹੀ ਜਾਣਕਾਰੀ ਨਹੀਂ ਮਿਲੇਗੀ, ਤਦ ਤੱਕ ਯੋਜਨਾਵਾਂ ਨਹੀਂ ਬਣ ਸਕਦੀਆਂ।
ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਅਤੇ ਸਿਹਤ ਦੇ ਇਲਾਵਾ ਬਿਜਲੀ, ਪਾਣੀ, ਸੜਕਾਂ ਆਦਿ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕੇਗਾ। ਇਸ ਲਈ ਸ਼ਾਸਕਾਂ ਨੂੰ ਚੋਣਾਂ ਅਤੇ ਵੋਟ ਬੈਂਕ ਦਾ ਲਾਲਚ ਛੱਡ ਕੇ ਕੋਈ ਸਖਤ ਕਦਮ ਚੁੱਕਣਾ ਚਾਹੀਦਾ ਹੈ। ਨਹੀਂ ਤਾਂ ਇਹ ਗੱਲ ਸੱਚ ਹੋ ਨਿਬੜੇਗੀ ਕਿ ਲੋਕਾਂ ਨੂੰ ਬੈਠਣ, ਲੇਟਣ ਦੀ ਜਗ੍ਹਾ ਵੀ ਨਸੀਬ ਨਹੀਂ ਹੋਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ