Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਸੁਰਖ਼ੀ ਭਾਬੀ

January 25, 2021 02:01 AM

-ਬਲਜੀਤ ਪਰਮਾਰ
ਚੀਨ ਨਾਲ ਜੰਗ ਤੋਂ ਥੋੜ੍ਹਾ ਕੁ ਚਿਰ ਪਹਿਲਾਂ ਦੀ ਗੱਲ ਹੋਊ। ਰਿਸ਼ਤੇਦਾਰੀ ਵਿੱਚੋਂ ਤਾਏ ਦੇ ਮੁੰਡੇ ਦਾ ਵਿਆਹ ਸੀ। ਭੁਪਿੰਦਰ ਸਿੰਘ ਨਾਂਅ ਸੀ ਉਹਦਾ, ਪਰ ਸਾਰੇ ਉਹਨੂੰ ਬਿੰਦੀ ਕਹਿ ਕੇ ਬੁਲਾਉਂਦੇ ਸਨ। ਇਹਦਾ ਕਾਰਨ ਇੱਕ ਹੋਰ ਵੀ ਸੀ। ਬਿੰਦੀ ਜਨਮ ਤੋਂ ਹੀ ਰੱਜ ਕੇ ਸੋਹਣਾ ਸੀ। ਤਾਈ ਨੇ ਜੁਆਕ ਦੇ ਮੱਥੇ ਉਤੇ ਕਾਲੀ ਬਿੰਦੀ ਜਿਹੀ ਲਾ ਦਿਆ ਕਰਨੀ, ਬਈ ਨਜ਼ਰ ਨਾ ਲੱਗੇ। ਜੁਆਨ ਹੋਇਆ ਤਾਂ ਫੌਜ ਵਿੱਚ ਭਰਤੀ ਹੋ ਗਿਆ। ਉਹਦੀ ਇੱਕ ਮਾਸੀ ਪਟਿਆਲੇ ਰਹਿੰਦੀ ਸੀ। ਉਹਦੀ ਇੱਕ ਸਹੇਲੀ ਰਾਜੇ ਦੇ ਮਹਿਲ ਵਿੱਚ ਛੋਟਾ-ਮੋਟਾ ਕੰਮ ਕਰਦੀ ਸੀ। ਘਰ ਵਾਲੇ ਨੇ ਛੱਡੀ ਹੋਈ ਸੀ। ਅੱਗੋਂ ਉਹਦੀ ਇੱਕ ਕੁੜੀ ਸੀ, ਜਿਹੜੀ ਪਟਿਆਲੇ ਹੀ ਆਪਣੇ ਨਾਨਕੇ ਪਲੀ, ਪਰ ਘਰ ਦੇ ਹਾਲਾਤ ਕਰ ਕੇ ਅਨਪੜ੍ਹ ਰਹਿ ਗਈ। ਸੋਹਣੀ ਉਹ ਵੀ ਬਹੁਤ ਸੀ ਤੇ ਉਤੋਂ ਸ਼ੁਕੀਨਣ ਵੀ ਬਾਹਲੀ। ਖੈਰ! ਬਿੰਦੀ ਬਾਈ ਦਾ ਉਸ ਨਾਲ ਵਿਆਹ ਹੋ ਗਿਆ। ਸਹੁਰੇ ਘਰ ਆਉਂਦੇ ਸਾਰ ਪਿੰਡ ਵਿੱਚ ਉਹਦੀਆਂ ਗੱਲਾਂ ਹੋਣ ਲੱਗੀਆਂ। ਪਿੰਡ ਵਿੱਚ ਉਹ ਪਹਿਲੀ ਸੀ ਜਿਹੜੀ ਬੁੱਲ੍ਹਾਂ `ਤੇ ਲਾਲੀ ਲਾਉਂਦੀ ਸੀ। ਗੂੜ੍ਹੇ ਲਾਲ ਰੰਗ ਦੀ। ਉਹਦਾ ਨਾਂਅ ਸੁਰਖੀ ਪੈ ਗਿਆ। ਕਈ ਜਣੇ ਤਾਂ ਉਹਨੂੰ ਬਿੰਦੀ ਦੀ ਸੁਰਖੀ ਕਹਿਣ ਲੱਗ ਪਏ। ਭਾਬੀ ਕੋਲ ਨਿੱਕੀ ਜਿਹੀ ਸੰਦੂਕੜੀ ਵੀ ਸੀ, ਜਿਹਦੇ ਵਿੱਚ ਉਹ ਚਪਟੀ ਜਿਹੀ ਪਾਊਡਰ ਦੀ ਡੱਬੀ ਅਤੇ ਨਹੁੰ ਰੰਗਣ ਵਾਲੀਆਂ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਰੱਖਦੀ ਸੀ, ਪਰ ਸੁਰਖੀ ਵਾਲੀ ਗੱਲ ਕੁਝ ਬਹੁਤ ਹੀ ਰੰਗ ਫੜ ਗਈ।
ਛੁੱਟੀਆਂ ਵਿੱਚ ਪਿੰਡ ਜਾਣਾ ਤਾਂ ਸਾਰਾ ਦਿਨ ਭੱਜੇ ਫਿਰਨਾ। ਪਿਓ ਨੇ ਚੰਡੀਗੜ੍ਹ ਹੋਣਾ ਅਤੇ ਮਾਂ ਬਹੁਤਾ ਟੋਕਾ ਟਾਕੀ ਨਹੀਂ ਸੀ ਕਰਦੀ। ਖੇਡਣ ਕੁੱਦਣ ਤੋਂ ਇਲਾਵਾ ਬੱਸ ਇੱਕੋ ਕੰਮ ਹੁੰਦਾ ਸੀ, ਜੀਤ ਦੇ ਡਾਕਖਾਨੇ ਦਾ ਰੋਜ਼ ਚੱਕਰ ਮਾਰਨਾ। ਮਾਂ ਨੂੰ ਪਿਓ ਦੀ ਚਿੱਠੀ ਦੀ ਉਡੀਕ ਰਹਿੰਦੀ ਸੀ। ਜੀਤ ਮੈਨੂੰ ਉਕਾ ਪਸੰਦ ਨਹੀਂ ਸੀ। ਬੜਾ ਅਜੀਬ ਜਿਹਾ ਬੰਦਾ ਸੀ। ਉਮਰ ਹੋਊ ਕੋਈ ਪੰਜ ਦਹਾਕੇ। ਇੱਕ ਲੱਤ ਉਹਦੀ ਬਚਪਨ ਤੋਂ ਖਰਾਬ ਸੀ, ਜਿਹਨੂੰ ਉਹ ਹੱਥ ਨਾਲ ਚੁੱਕ ਕੇ ਲੰਮੀ ਸਾਰੀ ਸੋਟੀ `ਤੇ ਰੱਖ ਕੇ ਤੁਰਦਾ ਸੀ। ਪਿੰਡ ਦੇ ਸ਼ਰਾਰਤੀ ਮੁੰਡੇ ਉਹਨੂੰ ਕਦੇ ਕੈਦੋ ਕਹਿੰਦੇ ਅਤੇ ਕਦੇ ਮਾਮਾ ਹੀਰ ਦਾ ਕਹਿ ਕੇ ਛੇੜਿਆ ਕਰਦੇ। ਉਹ ਪਿੱਛੇ ਕਿਸੇ ਦੇ ਭੱਜ ਨਾ ਸਕਦਾ, ਪਰ ਪਿੱਠ ਪਿੱਛੇ ਗਾਲ੍ਹਾਂ ਬਹੁਤ ਕੱਢਦਾ। ਪੁਰਾਣੇ ਜ਼ਮਾਨੇ ਦੀਆਂ ਦਸ ਜਮਾਤਾਂ ਪੜ੍ਹਿਆ ਸੀ ਉਹ। ਸਾਡੇ ਪਿੰਡ ਉਦੋਂ ਪੱਕਾ ਡਾਕਖਾਨਾ ਸੀ। ਜੀਤ ਦਾ ਘਰ ਕੱਚੇ ਡਾਕਖਾਨੇ ਦਾ ਕੰਮ ਸਾਰਦਾ ਸੀ। ਡਾਕੀਏ ਨੇ ਪਿੰਡ ਦੀ ਸਾਰੀ ਡਾਕ ਜੀਤ ਦੇ ਘਰ ਦੇ ਜਾਣੀ। ਅੱਗੇ ਉਹਦਾ ਕੰਮ ਸੀ ਘਰ ਘਰ ਖ਼ਤ ਪਹੁੰਚਾਉਣੇ, ਪਰ ਉਹਤੋਂ ਤੁਰ ਕਿੱਥੇ ਹੁੰਦਾ ਸੀ। ਸਾਰਿਆਂ ਨੂੰ ਉਥੇ ਆਉਣਾ ਪੈਂਦਾ। ਬੱਸ ਲੋਕਾਂ ਦੀ ਇਸੇ ਮਜਬੂਰੀ ਦਾ ਫਾਇਦਾ ਜੀਤ ਨੇ ਦੱਬ ਕੇ ਉਠਾਉਣਾ।
ਪਿੰਡ ਦੀ ਛੋਟੀ ਜਿਹੀ ਬੀਹੀ ਵਿੱਚ ਜੀਤ ਦਾ ਵੱਡਾ ਸਾਰਾ ਘਰ ਸੀ, ਉਹ ਵੀ ਪੱਕਾ। ਛੋਟੀਆਂ ਇੱਟਾਂ ਦਾ ਬਣਿਆ। ਉਹਦੇ ਪੁਰਖੇ ਜ਼ਰੂਰ ਪੈਸੇ ਟਕੇ ਵਾਲੇ ਹੋਣਗੇ। ਦਰ ਹਮੇਸ਼ਾ ਖੁੱਲ੍ਹਾ ਰਹਿਣਾ। ਅੰਦਰ ਵੜਦਿਆਂ ਵੱਡਾ ਸਾਰਾ ਕੋਰਸ ਕਮਰਾ। ਕਮਰਾ ਕਾਹਦਾ, ਦਲਾਨ ਲੱਗਦਾ ਸੀ। ਇੱਕ ਪਾਸੇ ਪੁਰਾਣੀ ਲੱਕੜੀ ਦਾ ਮੇਜ਼। ਨਾਲ ਲੱਗਦੀ ਉਚੀ ਕੁਰਸੀ, ਜਿਸ ਉਤੇ ਜੀਤ ਨੇ ਬਹਿਣਾ। ਗਰਮੀਆਂ ਵਿੱਚ ਉਹਨੇ ਲੱਠੇ ਦੀ ਬਨੈਣ ਪਾ ਕੇ ਬੈਠੇ ਨੇ ਸਾਊ ਜਿਹਾ ਲੱਗਣਾ। ਸਰਦੀਆਂ ਵਿੱਚ ਲੋਈ ਦੀ ਬੁੱਕਲ ਮਾਰ ਕੇ ਕੁਰਸੀ ਵਿੱਚ ਸੁੰਗੜ ਕੇ ਬੈਠੇ ਹੋਣਾ ਤਾਂ ਕੁੰਡਲੀ ਮਾਰੀ ਬੈਠਾ ਸੱਪ ਲੱਗਣਾ। ਅੱਖਾਂ ਉਹਦੀਆਂ ਬੀਹੀ ਆਲੇ ਦਰਵਾਜ਼ੇ ਦੀਆਂ ਬਿੜਕਾਂ ਲੈਂਦੀਆਂ। ਕੌਣ ਆਉਂਦਾ, ਕੌਣ ਜਾਂਦਾ, ਸਭ ਦੇਖਦੀਆਂ। ਉਹਦੇ ਸਿਰ ਉਪਰ ਸ਼ਤੀਰ ਉਤੇ ਵੱਡਾ ਸਾਰਾ ਕੱਪੜੇ ਦੀਆਂ ਝਾਲਰਾਂ ਵਾਲਾ ਪੱਖਾ ਲੱਗਾ ਹੁੰਦਾ। ਵਿਚ ਵਿਚਾਲੇ ਮੋਟੀ ਰੱਸੀ ਹੋਣੀ, ਜਿਸ ਨਾਲ ਪੱਖਾ ਝੱਲਣਾ। ਬਾਹਲਾ ਭਾਰਾ ਸੀ ਪੱਖਾ। ਉਹ ਇਸੇ ਤਾਕ ਵਿੱਚ ਰਹਿੰਦਾ, ਕੋਈ ਰੱਸੀ ਹਿਲਾਉਣ ਆਲਾ ਹੱਥ ਆਵੇ।
ਪਿੰਡ ਦੇ ਜਣੇ ਜੁਆਕ ਉਹਤੋਂ ਵਾਕਿਫ ਸਨ। ਉਨ੍ਹਾਂ ਉਹਦਾ ਦਰ ਲੰਘਣ ਵੇਲੇ ਹੱਥਾਂ ਦਾ ਕੁੰਡਾ ਕੱਢ ਕੇ ਲੰਘ ਜਾਣਾ, ਪਰ ਉਹਨੇ ਫਿਰ ਵੀ ਪਛਾਣ ਲੈਣਾ ਤੇ ਗਾਲ੍ਹਾਂ ਵਾਹੁਣੀਆਂ। ਮੈਂ ਫਸ ਜਾਣਾ। ਰੋਜ਼ ਦਾ ਚੱਕਰ ਜੁ ਸੀ। ਕਈ ਕਈ ਚਿਰ ਰੱਸੀ ਖਿਚਦੇ ਰਹਿਣਾ। ਹੱਥਾਂ ਦੀਆਂ ਤਲੀਆਂ ਤੇ ਉਂਗਲਾਂ ਦੇ ਪੋਟੇ ਦੁਖਣੇ। ਰੋਣ ਹਾਕਾ ਹੋ ਜਾਣਾ। ਉਹਨੇ ਮੁਸਕੜੀ ਜਿਹੀ ਹੱਸ ਕੇ ਕਹਿਣਾ, ‘‘ਅੱਜ ਤਾਂ ਖ਼ਤ ਆਇਆ ਨ੍ਹੀਂ, ਕੱਲ੍ਹ ਆਜੂ।”
ਮੈਂ ਭੋਲੇ ਭਾਅ ਪੁੱਛਣਾ, ਕਿਉਂ ਨ੍ਹੀਂ ਆਇਆ?
ਲੈ ਹੁਣ ਤੇਰਾ ਪਿਓ ਲਿਖੂ, ਪਾਊ, ਤਾਂ ਆਊ।
ਮੈਂ ਬੁੱਲ੍ਹ ਲਮਕਾਈ, ਹੱਥ ਪਲੋਸਦੇ ਹੌਲੀ ਹੌਲੀ ਖਾਲੀ ਹੱਥੀਂ ਘਰ ਮੁੜ ਆਉਣਾ। ਬਰੰਗ ਖ਼ਤ ਵਾਂਗੂੰ।
ਇੱਕ ਦਿਨ ਕਹਿੰਦਾ, ਤੇਰੇ ਬਿੰਦੀ ਬਾਈ ਦਾ ਖ਼ਤ ਆਇਆ ਤੇਰੀ ਭਾਬੀ ਦੇ ਨਾਂਅ। ਭੱਜ ਕੇ ਦੇ ਆ। ਕਈ ਦਿਨਾਂ ਦੀ ਉਡੀਕਦੀ ਸੀ। ਬੀਹੀ ਵਿੱਚ ਗੇੜੇ ਕੱਢਦੀ ਫਿਰਦੀ ਸੀ।
ਹਲਕੀਆਂ-ਹਲਕੀਆਂ ਕਣੀਆਂ ਪੈਣ। ਮੈਂ ਕੱਛ ਵਿੱਚ ਖ਼ਤ ਦੱਬ ਕੇ ਸ਼ੂਟ ਵੱਟੀ ਤੇ ਬਿੰਦੀ ਬਾਈ ਦੇ ਵਿਹੜੇ ਜਾ ਸਾਹ ਲਿਆ। ਭਾਬੀ ਭੱਜੀ ਆਈ। ਖ਼ਤ ਖੋਲ੍ਹਿਆ ਤੇ ਪੀੜ੍ਹੀ ਤੇ ਬਹਿ ਕੇ ਅੱਖਾਂ ਨਾਲ ਲਾਇਆ। ਮੱਥੇ ਲਾਇਆ। ਪੜ੍ਹਨਾ ਆਵੇ ਨਾ। ਮੇਰੀ ਬਾਂਹ ਖਿੱਚੀ ਤੇ ਗੋਦੀ ਬਿਠਾ ਲਿਆ। ਮੇਰੀ ਪਿੱਠ ਓਹਦੀ ਹਿੱਕ ਵੱਲ। ਬਿੰਦੀ ਬਾਈ ਦਾ ਖ਼ਤ ਮੇਰੇ ਹੱਥੀਂ। ਮੇਰੇ ਨਿੱਕੇ ਮੋਢਿਆਂ ਉਤੋਂ ਭਾਬੀ ਦੀਆਂ ਅੱਖਾਂ ਖ਼ਤ `ਤੇ ਟਿਕੀਆਂ। ਹਰਫ ਬਾਈ ਦੇ, ਬੋਲ ਮੇਰੇ ਤੇ ਕੰਨ ਭਾਬੀ ਦੇ।
‘‘ਮੇਰੀ ਪਿਆਰੀ...'', ਮੈਂ ਖ਼ਤ ਪੜ੍ਹਦਾ ਜਾਵਾਂ, ਪਿੱਛੇ ਬੈਠੀ ਉਹ ਮੈਨੂੰ ਬਾਹਵਾਂ ਵਿੱਚ ਘੁੱਟੇ, ਜੱਫੀਆਂ ਪਾਵੇ। ਮੇਰੇ ਕੇਸਾਂ ਨੂੰ ਚੁੰਮ ਕਈ ਵਾਰੀ ਕੋਸਾ ਜਿਹਾ ਪਾਣੀ ਮੇਰੀ ਧੋਣ `ਤੇ ਡਿੱਗਿਆ। ਮੈਨੂੰ ਲੱਗਾ, ਜਿਉਂ ਕਣੀਆਂ ਮੁੜ ਡਿੱਗੀਆਂ ਹੋਣ। ਖ਼ਤ ਵਿੱਚ ਲਿਖੇ ਸਾਰੇ ਸ਼ਬਦਾਂ ਦੇ ਪੂਰੇ ਮਾਇਨੇ ਦਸ ਗਿਆਰਾਂ ਸਾਲ ਦਾ ਨਿਆਣਾ ਕੀ ਜਾਣੇ, ਪਰ ਮੈਨੂੰ ਲੱਗਾ ਭਾਬੀ ਕਈ ਵਾਰੀ ਰੋਈ ਸੀ।
‘‘ਇੱਕ ਵਾਰੀ ਹੋਰ ਪੜ੍ਹ ਦੇ।” ਓਹਨੇ ਕਈ ਵਾਰੀ ਕਿਹਾ। ਮੈਂ ਚਿੱਠੀ ਕਿੰਨੀ ਵਾਰੀ ਪੜ੍ਹੀ, ਯਾਦ ਨਹੀਂ।... ਮੈਂ ਸੁੰਨ ਜਿਹਾ ਹੋ ਗਿਆ। ਇੰਨਾ ਪਿਆਰ ਤਾਂ ਕਦੇ ਕਿਸੇ ਨੇ ਕੀਤਾ ਹੀ ਨਹੀਂ ਸੀ।
ਭਾਬੀ ਨੇ ਮੈਨੂੰ ਕੱਛਾਂ ਵਿੱਚ ਹੱਥ ਦੇ ਕੇ ਖੜ੍ਹਾ ਕੀਤਾ। ਮੇਰਾ ਮੂੰਹ ਆਪਣੇ ਵੱਲ ਕੀਤਾ ਤੇ ਕਈ ਵਾਰ ਚੁੰਮਿਆ। ਸੁਰਖੀ ਦਾ ਰੰਗ ਮੇਰੀਆਂ ਗੱਲ੍ਹਾਂ ਚਮਕੇ। ਮੈਂ ਉਹਦੇ ਵੱਲ ਵੇਖੀ ਜਾਵਾਂ। ਕਹਿੰਦੀ-ਤੇਰਾ ਬਾਈ ਵੀ ਨਿੱਕਾ ਹੁੰਦਾ ਤੇਰੇ ਅਰਗਾ ਹੁੰਦਾ ਹੋਣਾ। ਘਰੇ ਜਾਹ। ਮਾਂ ਉਡੀਕਦੀ ਹੋਣੀ ਐ।
ਘਰ ਜਾਂਦਿਆਂ ਜੀਤ ਡਾਕੀਏ ਦਾ ਦਰ ਦੇਖਿਆ। ਬੰਦ ਸੀ। ਖੁੱਲ੍ਹਾ ਹੁੰਦਾ ਤਾਂ ਪੱਖਾ ਝੱਲਣਾ ਚੰਗਾ ਲੱਗਣਾ ਸੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’