Welcome to Canadian Punjabi Post
Follow us on

01

March 2021
ਨਜਰਰੀਆ

ਮਹਾਮਾਰੀ ਦਾ ਟੀਕਾ ਤਾਂ ਆ ਗਿਆ, ਪਰ ਚੁਣੌਤੀਆਂ ਬਹੁਤ ਹਨ

January 21, 2021 01:49 AM

-ਪੂੁਰਨ ਚੰਦ ਸਰੀਨ
ਇਹ ਦੇਸ਼ ਲਈ ਮਾਣ, ਵਿਗਿਆਨੀਆਂ ਲਈ ਪ੍ਰਾਪਤੀ ਅਤੇ ਸਿਆਸੀ ਇੱਛਾ ਸ਼ਕਤੀ ਤੇ ਨਾਗਰਿਕਾਂ ਦੇ ਸੰਜਮ ਦੀ ਜਿੱਤ ਹੈ ਕਿ ਇੱਕ ਪਾਸੇ ਅਣਦੇਖੀ, ਅਣਜਾਣ ਬੀਮਾਰੀ ਹੌਲੀ-ਹੌਲੀ ਘੱਟ ਹੋ ਰਹੀ ਹੈ ਅਤੇ ਦੂਸਰੇ ਪਾਸੇ ਰਾਹਤ ਮਿਲ ਰਹੀ ਹੈ ਕਿ ਸਭ ਕੁਝ ਪਟੜੀ 'ਤੇ ਆ ਰਿਹਾ ਹੈ, ਪਰ ਇਸ ਤੋਂ ਇਹ ਸੋਚਣਾ ਗਲਤੀ ਹੋਵੇਗੀ ਕਿ ਬੀਮਾਰੀ ਖਤਮ ਹੋ ਜਾਵੇਗੀ, ਇਸ ਦਾ ਫੈਲਾਅ ਰੁਕ ਜਾਵੇਗਾ ਅਤੇ ਅਸੀਂ ਪਹਿਲਾਂ ਵਾਂਗ ਰਹਿਣ ਲੱਗਾਂਗੇ।
ਪਹਿਲੀ ਗੱਲ ਇਹ ਹੈ ਕਿ ਕੋਈ ਵੀ ਟੀਕਾ ਹੋਵੇ, ਉਹ ਕਦੇ ਬੀਮਾਰੀ ਦਾ ਇਲਾਜ ਨਹੀਂ ਹੁੰਦਾ, ਕਿਉਂਕਿ ਬਹੁਤਾ ਕਰ ਕੇ ਬੀਮਾਰੀਆਂ ਬਾਰੇ ਭਰਮ ਰਹਿੰਦਾ ਹੈ ਕਿ ਉਹ ਹੁੰਦੀਆਂ ਕਿਵੇਂ ਹਨ, ਇਨਫੈਕਸ਼ਨ ਕਿਵੇਂ ਹੰੁਦਾ ਹੈ ਅਤੇ ਜਦੋਂ ਇਸ ਬਾਰੇ ਪੱਕੀ ਜਾਣਕਾਰੀ ਨਹੀਂ ਤਾਂ ਉਨ੍ਹਾਂ ਨੂੰ ਨਾ ਹੋਣ ਦੇਣ ਬਾਰੇ 100 ਫੀਸਦੀ ਗਾਰੰਟੀ ਕਿਵੇਂ ਦਿੱਤੀ ਜਾ ਸਕਦੀ ਹੈ? ਇਸ ਬੀਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਪ੍ਰਕਿਰਿਆ ਅਤੇ ਪ੍ਰਭਾਵ ਉਹੋ ਜਿਹਾ ਹੈ ਜਿਵੇਂ ਜਨਮ ਲੈਣ ਤੋਂ ਪਹਿਲਾਂ ਮਾਤਾ ਤੇ ਉਸ ਦੇ ਬਾਅਦ ਬੱਚੇ ਦਾ ਟੀਕਾਕਰਨ ਹੁੰਦਾ ਹੈ ਤਾਂ ਕਿ ਜ਼ਿੰਦਗੀ ਭਰ ਕਈ ਬੀਮਾਰੀਆਂ ਦੇ ਹਮਲੇ ਤੋਂ ਬਚ ਕੇ ਰਿਹਾ ਜਾਵੇ।
ਮਹਾਮਾਰੀ ਵਾਂਗ ਆਈ ਇਹ ਬੀਮਾਰੀ ਟੀਕਾ ਲੱਗਣ ਨਾਲ ਰੁਕ ਜਾਵੇਗੀ, ਪਰ ਜੇ ਕੋਈ ਸਮਝੇ ਜਾਂ ਕਹੇ ਕਿ ਇਹ ਖਤਮ ਹੋ ਜਾਵੇਗੀ ਤਾਂ ਇਹ ਗਲਤ ਹੋਵੇਗਾ, ਇਸ ਲਈ ਇਸ ਤੋਂ ਬਚਣ ਦੇ ਉਪਾਅ ਜੋ ਹਾਲੇ ਤੱਕ ਕੀਤੇ ਜਾ ਰਹੇ ਹਨ ਤੇ ਅਸੀਂ ਉਨ੍ਹਾਂ ਦੇ ਅਭਿਆਸੀ ਹੋ ਗਏ ਹਾਂ, ਉਨ੍ਹਾਂ ਨੂੰ ਜਾਰੀ ਰੱਖਣ 'ਚ ਹੀ ਭਲਾਈ ਹੈ। ਟੀਕਾਕਰਨ ਦੀ ਸ਼ੁਰੂਆਤ ਪੂਰੇ ਵਿਸ਼ਵ 'ਚ ਹੋ ਚੁੱਕੀ ਹੈ ਅਤੇ ਭਾਰਤ ਵਿੱਚ ਵੀ ਹੋ ਰਹੀ ਹੈ ਤਾਂ ਇਹ ਇੱਕ ਹਾਂ-ਪੱਖੀ ਕਦਮ ਹੈ, ਨਾਲ ਹੀ ਯਕੀਨ ਵੀ ਹੈ ਕਿ ਇਸ ਦੀ ਇਨਫੈਕਸ਼ਨ ਤੋਂ ਬਚਾਅ ਹੋ ਜਾਵੇਗਾ।
ਇਥੇ ਸਮਝਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਤੱਕ ਜਿੰਨੇ ਵੀ ਟੀਕਾਕਰਨ ਹੋਏ ਹਨ, ਉਨ੍ਹਾਂ ਦਾ ਟੀਚਾ ਸੀਮਿਤ ਆਬਾਦੀ ਵਾਲਾ ਰਿਹਾ ਹੈ, ਪਰ ਇਸ ਬੀਮਾਰੀ ਦਾ ਟੀਕਾ ਸਾਰਿਆਂ ਨੂੰ ਲਵਾਉਣਾ ਹੋਵੇਗਾ ਕਿਉਂਕਿ ਇਸਦਾ ਸ਼ਿਕਾਰ ਬੱਚੇ, ਨੌਜਵਾਨ, ਅੱਧਖੜ, ਬਜ਼ੁਰਗਾਂ 'ਚੋਂ ਕੋਈ ਵੀ ਹੋ ਸਕਦਾ ਹੈ। ਟੀਕਾਕਰਨ ਨਾਲ ਇੰਨਾ ਹੁੰਦਾ ਹੈ ਕਿ ਇਸ ਦੇ ਲੱਗਣ ਨਾਲ ਸਰੀਰ ਇਸ ਕਾਬਿਲ ਹੋ ਜਾਂਦਾ ਹੈ ਕਿ ਬੀਮਾਰੀ ਦਾ ਹਮਲਾ ਝੱਲ ਸਕੇ ਅਤੇ ਉਸ ਨੂੰ ਦੂਰੋਂ ਨਮਸਤੇ ਕਰ ਕੇ ਭਜਾਉਣ 'ਚ ਸਫਲ ਹੋ ਸਕੇ। ਇਸ ਦਾ ਭਾਵ ਹੈ ਕਿ ਸਾਡੀ ਇਮਿਊਨਿਟੀ ਇੰਨੀ ਵੱਧ ਹੈ ਕਿ ਅਸੀਂ ਉਸ ਤੋਂ ਬਚੇ ਰਹਿਣ 'ਚ ਸਫਲ ਹੋਈਏ ਅਤੇ ਬੀਮਾਰ ਨਾ ਪਈਏ। ਇਸਦਾ ਇੱਕ ਅਰਥ ਇਹ ਵੀ ਹੈ ਕਿ ਜੋ ਵੀ ਵਾਇਰਸ ਹੈ, ਉਹ ਮਨੁੱਖ ਦੇ ਸਰੀਰ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਆਪਣਾ ਸ਼ਿਕਾਰ ਨਾ ਮਿਲਣ ਤੋਂ ਇੰਨਾ ਕਮਜ਼ੋਰ ਹੋ ਜਾਵੇ ਕਿ ਆਪਣੀ ਮੌਤ ਖੁਦ ਮਰ ਜਾਵੇ।
ਹਾਲੇ ਸਿਰਫ ਸਿਹਤ ਕਾਮਿਆਂ, ਜ਼ਰੂਰੀ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਨੂੰ ਟੀਕਾ ਲੱਗੇਗਾ ਅਤੇ ਉਸ ਤੋਂ ਬਾਅਦ 50 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਵਾਰੀ ਹੈ। ਇਸ ਕੰਮ 'ਚ ਕਿੰਨਾ ਸਮਾਂ ਲੱਗੇਗਾ, ਇਸ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ, ਨਿਸ਼ਚਿਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਫਿਰ ਵੀ ਛੇ ਮਹੀਨਿਆਂ ਤੋਂ ਇੱਕ ਸਾਲ ਦਾ ਅਰਸਾ ਆਪਣੇ ਦੇਸ਼ ਦੀ ਆਬਾਦੀ ਦੇ ਆਕਾਰ ਨੂੰ ਦੇਖ ਕੇ ਲੱਗ ਸਕਦਾ ਹੈ। ਇਸ ਪਿੱਛੋਂ ਹੋਰਨਾਂ ਲੋਕਾਂ ਦੀ ਵਾਰੀ ਆਵੇਗੀ। ਇਸ ਦੌਰਾਨ ਪਤਾ ਲੱਗ ਜਾਵੇਗਾ ਕਿ ਟੀਕਾਕਰਨ ਦੀ ਸਫਲਤਾ ਦੀ ਔਸਤ ਦਰ ਕੀ ਹੈ ਤੇ ਇਹ ਵੀ ਕਿ ਇਸ ਦੌਰਾਨ ਹੋ ਸਕਦਾ ਹੈ ਕਿ ਵਿਗਿਆਨੀ ਕੋਈ ਨਵੀਂ ਖੋਜ ਕਰ ਲੈਣ, ਜਿਸ ਨਾਲ ਵੱਧ ਅਸਰਦਾਰ ਡਾਕਟਰੀ ਪ੍ਰਣਾਲੀ ਨਿਕਲ ਸਕੇ।
ਇਸ ਟੀਕਾਕਰਨ ਦੇ ਅਸਰ ਬਾਰੇ ਖੋਜ ਕਰਨ ਵਾਲਿਆਂ ਵੱਲੋਂ ਦੋ ਗੱਲਾਂ ਕਹੀਆਂ ਗਈਆਂ ਹਨ, ਇੱਕ ਤਾਂ ਇਹ ਕਿ ਇਸ ਦੇ ਲੱਗਣ 'ਤੇ ਵਿਅਕਤੀ ਖੁਦ ਬਚ ਜਾਵੇਗਾ, ਪਰ ਜੇ ਉਸ ਦੇ ਸਰੀਰ 'ਚ ਵਾਇਰਸ ਹੈ ਤਾਂ ਉਹ ਉਸ ਤੋਂ ਦੂਸਰਿਆਂ ਭਾਵ ਆਪਣੇ ਸੰਪਰਕ 'ਚ ਆਉਣ ਵਾਲਿਆਂ ਨੂੰ ਇਨਫੈਕਟਿਡ ਕਰ ਸਕਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਜੇ ਉਹ ਅਜੇ ਤੱਕ ਇਨਫੈਕਸ਼ਨ ਤੋਂ ਬਚਿਆ ਹੈ ਤਾਂ ਆਪਣੇ ਨਾਲ ਹੋਰਨਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਕਵਚ ਬਣ ਸਕਦਾ ਹੈ। ਅਜਿਹਾ ਇਸ ਲਈ ਹੈ ਕਿ ਅਜੇ ਤੱਕ ਇਹ ਬੀਮਾਰੀ ਲੱਛਣ ਤੇ ਬਿਨਾਂ ਕਿਸੇ ਲੱਛਣ ਦੇ ਵਧਦੀ ਹੋਈ ਦੇਖੀ ਜਾਂਦੀ ਰਹੀ ਹੈ। ਇਸ ਦਾ ਭਾਵ ਇਹ ਹੋਇਆ ਕਿ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਜਿਨ੍ਹਾਂ ਦਾ ਟੀਕਾਕਰਨ ਹੋ ਗਿਆ ਹੈ, ਉਨ੍ਹਾਂ ਤੋਂ ਇਨਫੈਕਸ਼ਨ ਨਹੀਂ ਹੋ ਸਕਦੀ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਹ ਸਥਿਤੀ ਸਿਰਫ ਉਦੋਂ ਆ ਸਕਦੀ ਹੈ ਜਦੋਂ ਹਰੇਕ ਵਿਅਕਤੀ ਦਾ ਟੀਕਾਕਰਨ ਹੋ ਜਾਵੇ ਜੋ ਮੌਜੂਦਾ ਹਾਲਤਾਂ 'ਚ ਤੁਰੰਤ ਸੰਭਵ ਨਹੀਂ। ਇਸ 'ਚ ਮਹੀਨਿਆਂ ਤੋਂ ਕਈ ਸਾਲ ਲੱਗਣ ਵਾਲੇ ਹਨ। ਇਸ ਲਈ ਹਰ ਨਾਗਰਿਕ ਨੂੰ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਹੋਵੇਗਾ ਕਿ ਅਜੇ ਇਸ ਬੀਮਾਰੀ ਤੋਂ ਬਚ ਕੇ ਰਹਿਣ ਦੇ ਉਪਾਅ ਕਰਦੇ ਹੋਏ ਜਿਊਣਾ ਹੋਵੇਗਾ। ਇਸ ਦਾ ਭਾਵ ਇਹ ਹੈ ਕਿ ਅਸੀਂ ਆਪਣੀ ਜਿਸ ਜੀਵਨ-ਸ਼ੈਲੀ ਨੂੰ ਇੰਨ੍ਹੀਂ ਦਿਨੀਂ ਆਪਣੀ ਰੋਜ਼ਮੱਰਾ ਦਾ ਅੰਗ ਬਣਾ ਲਿਆ ਹੈ, ਉਸੇ ਨੂੰ ਅੱਗੇ ਵੀ ਆਪਣਾਈ ਰੱਖਣਾ ਹੋਵੇਗਾ ਅਤੇ ਕੁਝ ਚੀਜ਼ਾਂ ਅਜਿਹੀਆਂ ਹਨ ਕਿ ਉਹ ਸਾਰੀ ਜ਼ਿੰਦਗੀ ਨਾਲ ਰਹਿਣ ਤਾਂ ਚੰਗਾ ਹੈ। ਇਸ ਬੀਮਾਰੀ ਕਾਰਨ ਸਾਡੀ ਜੀਵਨ-ਸ਼ੈਲੀ 'ਚ ਬਹੁਤ ਤਬਦੀਲੀਆਂ ਆਈਆਂ ਹਨ ਜਿਨ੍ਹਾਂ 'ਚੋਂ ਕੁਝ ਨੂੰ ਕਾਇਮ ਰੱਖਿਆ ਜਾ ਸਕਦਾ ਤੇ ਕੁਝ ਨੂੰ ਛੱਡਣ ਬਾਰੇ ਸੋਚਿਆ ਜਾ ਸਕਦਾ ਹੈ। ਇਸ 'ਚ ਗੱਲਬਾਤ, ਮੀਟਿੰਗ, ਕੰਮ-ਧੰਦੇ, ਰੋਜ਼ਗਾਰ ਪ੍ਰੈਜ਼ੈਂਟੇਸ਼ਨ ਆਦਿ ਲਈ ਆਧੁਨਿਕ ਸੰਚਾਰ ਅਤੇ ਗੱਲਬਾਤ ਦੇ ਸਾਧਨਾਂ ਦੀ ਵਰਤੋਂ ਸਦਾ ਲਈ ਅਪਣਾਈ ਜਾ ਸਕਦੀ ਹੈ।
ਸਾਡੇ ਦੇਸ਼ 'ਚ ਇਨਫੈਕਸ਼ਨ ਦੀ ਦਰ ਘਟਣ ਦਾ ਇੱਕ ਕਾਰਨ ਇਹ ਹੈ ਕਿ ਇਸ ਬੀਮਾਰੀ ਦੇ ਦੌਰਾਨ ਜ਼ਿਆਦਾਤਰ ਲੋਕਾਂ ਨੇ ਆਪਣੀ ਇਮਿਊਨਿਟੀ ਬਣਾਈ ਰੱਖਣ ਲਈ ਆਪਣੇ ਖਾਣ-ਪੀਣ 'ਚ ਕਾਫ਼ੀ ਤਬਦੀਲੀਆਂ ਕੀਤੀਆਂ ਹਨ। ਇਨ੍ਹਾਂ ਨੂੰ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾ ਸਕਦਾ ਹੈ ਕਿਉਂਕਿ ਪੌਸ਼ਟਿਕਤਾ ਹਮੇਸ਼ਾ ਹੀ ਬਣੀ ਰਹਿਣੀ ਚਾਹੀਦੀ ਹੈ।
ਇਹੀ ਸਾਰੀਆਂ ਚੁਣੌਤੀਆਂ ਜਾਂ ਅਵਸਰ ਹਨ ਜਿਨ੍ਹਾਂ ਦੇ ਨਾਲ ਸਾਨੂੰ ਜਿਊਣ ਦੀ ਪ੍ਰੈਕਟਿਸ ਹੋ ਗਈ ਹੈ ਅਤੇ ਫਿਰ ਇਨ੍ਹਾਂ ਨੂੰ ਅਪਣਾਈ ਰੱਖਣ 'ਚ ਹੀ ਸਮਝਦਾਰੀ ਹੈ।

 

Have something to say? Post your comment