Welcome to Canadian Punjabi Post
Follow us on

01

March 2021
ਨਜਰਰੀਆ

ਗੁਨਾਹ ਜਾਂ ਸਵਾਬ

January 21, 2021 01:48 AM

-ਪ੍ਰੀਤਮਾ ਦੋਮੇਲ
ਪਿਛਲੀ ਸਦੀ ਦਾ ਨੌਵਾਂ ਦਹਾਕਾ ਅਜੇ ਸ਼ੁਰੂ ਹੋਇਆ ਸੀ। ਮੇਰੀ ਸ਼ਾਦੀ ਨੂੰ ਤਿੰਨ ਕੁ ਮਹੀਨੇ ਹੋਏ ਸਨ। ਸ਼ਾਦੀ ਹੁੰਦੇ ਸਾਰ ਫੌਜੀ ਪਤੀ ਤੰਗਧਾਰ (ਕਸ਼ਮੀਰ) ਦੀਆਂ ਉਚੀਆਂ ਚੋਟੀਆਂ ਉਤੇ ਮੁਲਕ ਦੀ ਰਾਖੀ ਲਈ ਜਾ ਬੈਠਾ। ਉਦੋਂ ਬੜੇ ਚੰਗੇ ਵੇਲੇ ਸਨ। ਫੀਲਡ ਵਿੱਚ ਬੈਠੇ ਨਵੇਂ ਵਿਆਹੇ ਅਫਸਰਾਂ ਦੇ ਸੀ ਓ (ਕਮਾਂਡਿੰਗ ਅਫਸਰ) ਉਨ੍ਹਾਂ ਨੂੰ ਕਿਸੇ ਛੋਟੇ-ਮੋਟੇ ਕੋਰਸ 'ਤੇ ਭੇਜ ਦਿਆ ਕਰਦੇ ਸਨ। ਮੇਰੇ ਪਤੀ ਨੂੰ ਵੀ ਉਨ੍ਹਾਂ ਦੇ ਸੀ ਓ ਨੇ ਬੀ ਐਸ ਡਬਲਯੂ ਕੋਰਸ ਦੇ ਤਿੰਨ ਮਹੀਨੇ ਲਈ ਮਹੂ (ਮੱਧ ਪ੍ਰਦੇਸ਼) ਭੇਜ ਦਿੱਤਾ। ਉਨ੍ਹਾਂ ਮੈਨੂੰ ਫੋਨ ਕੀਤਾ ਬਈ ਮੈਂ ਤਿਆਰ ਰਹਾਂ, ਮੈਨੂੰ ਲੈ ਕੇ ਉਹ ਮਹੂ ਚਲੇ ਜਾਣਗੇ। ਮੇਰੀ ਤਾਂ ਖੁਸ਼ੀ ਦੀ ਹੱਦ ਨਾ ਰਹੀ। ਮੈਂ ਹਰਿਆਣਾ 'ਚ ਨੌਕਰੀ ਕਰਦੀ ਸੀ। ਕੁਝ ਜ਼ਰੂਰੀ ਸਾਮਾਨ ਲੈਣ ਲਈ ਚੰਡੀਗੜ੍ਹ ਪੁੱਜੀ। ਅੱਡੇ ਤੋਂ ਉਤਰ ਕੇ 22 ਸੈਕਟਰ ਦੀ ਮਾਰਕੀਟ ਵੱਲ ਜਾ ਰਹੀ ਸਾਂ ਕਿ ਸਾਹਮਣੇ ਛੋਟਾ ਭਰਾ ਮਿਲ ਗਿਆ। ਹਾਲ ਚਾਲ ਪੁੱਛਣ ਦੱਸਣ ਤੋਂ ਬਾਅਦ ਉਹਨੂੰ ਦੱਸਿਆ ਕਿ ਮੈਂ ਤਿੰਨ ਮਹੀਨੇ ਲਈ ਮਹੂ ਜਾ ਰਹੀ ਹਾਂ। ਉਸ ਨੇ ਕਿਹਾ ਕਿ ਜਾਣ ਤੋਂ ਪਹਿਲਾਂ ਪਿੰਡ ਮਾਂ (ਦਾਦੀ) ਨੂੰ ਜ਼ਰੂਰ ਮਿਲ ਲਵਾਂ। ਮੈਂ ਕਿਹਾ, ‘‘ਮੇਰੇ ਪਾਸ ਟਾਈਮ ਨਹੀਂ, ਮੈਂ ਕੁਝ ਜ਼ਰੂਰੀ ਚੀਜ਼ਾਂ ਖਰੀਦ ਕੇ ਸ਼ਾਮ ਨੂੰ ਅੰਬਾਲਾ ਮੁੜਨਾ ਹੈ, ਅਸੀਂ ਕੱਲ੍ਹ ਰਾਤ ਦੀ ਗੱਡੀ ਮਹੂ ਜਾਣਾ ਹੈ।” ਉਸ ਨੇ ਕਿਹਾ, ‘‘ਮਾਂ ਨੇ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਮੈਂ ਤੁਹਾਨੂੰ ਲੈਣ ਹੀ ਆਇਆ ਸੀ।” ਮੈਂ ਘਬਰਾ ਗਈ ਤੇ ਉਸ ਦੇ ਨਾਲ ਪਿੰਡ ਪੁੱਜ ਗਈ।
ਮਾਂ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਅੱਸੀਆਂ ਤੋਂ ਟੱਪੀ ਦਾਦੀ ਕਾਫੀ ਕਮਜ਼ੋਰ ਲੱਗੀ। ਛੋਟੇ ਜਿਹੇ ਕੱਦ ਵਾਲੀ ਗੋਰੀ ਚਿੱਟੀ ਦਾਦੀ ਦੇ ਮੂੰਹ ਵਿੱਚ ਦੰਦਾਂ ਦੀ ਬੀੜੀ ਚਮਕ ਰਹੀ ਸੀ, ਸਿਰ ਉਤੇ ਚਿੱਟੇ ਕਾਲੇ ਵਾਲਾਂ ਦਾ ਭਰਵਾਂ ਜੂੜਾ ਸੀ। ਹੱਸ ਕੇ ਬੋਲੀ, ‘‘ਚੰਗਾ ਹੋਇਆ ਤੂੰ ਆ ਗਈ, ਮੇਰਾ ਕੋਈ ਪਤਾ ਨਹੀਂ। ਪਰਸੋਂ ਸੁਫਨੇ ਵਿੱਚ ਤੇਰਾ ਬਾਬਾ ਜੀ ਮੈਨੂੰ ਬੋਲਿਆ, ਆ ਜਾ ਤੂੰ, ਉਥੇ ਕੀ ਕਰਦੀ ਏਂ, ਮੈਂ ਤੈਨੂੰ ਕਦ ਦਾ 'ਡੀਕ ਰਿਹਾਂ।”
ਮੈਂ ਵੀ ਅੱਗੋਂ ਦਾਦੀ ਨੂੰ ਹੱਸ ਕੇ ਕਿਹਾ, ‘‘ਬੈਠੀ ਰਹਿ ਤੂੰ-ਚੁੱਪ ਕਰ ਕੇ। 'ਡੀਕੀ ਜਾਣ ਦੇ ਬਾਬਾ ਜੀ ਨੂੰ। ਮੈਂ 2-3 ਮਹੀਨਿਆਂ ਲਈ ਤੇਰੇ ਪੋਤ-ਜੁਆਈ ਨਾਲ ਛਾਉਣੀ ਜਾ ਰਹੀ ਹਾਂ, ਫਿਰ ਆ ਕੇ ਸੁਣਾਂਗੀ ਤੇਰੀ ਗੱਲ।” ਉਹ ਗੰਭੀਰ ਹੋ ਕੇ ਬੋਲੀ, ‘‘ਨਹੀਂ ਧੀਏ, ਲੱਗਦਾ ਮੇਰੇ ਜਾਣ ਦਾ ਵੇਲਾ ਆ ਗਿਆ। ਬੱਸ ਤੇਰੇ ਨਾਲ ਕੁਝ ਗੱਲਾਂ ਕਰਨੀਆਂ, ਜਿਹੜੀਆਂ ਕਿਸੇ ਹੋਰ ਨਾਲ ਨਹੀਂ ਕਰ ਸਕਦੀ। ਚੱਲ ਆਪਾਂ ਬਾਹਰ ਵਾਲੇ ਪਿੱਪਲ ਥੱਲੇ ਬੈਠੀਏ।”
ਅਸੀਂ ਗਲੀ ਵਿੱਚੋਂ ਲੰਘ ਕੇ ਬਾਹਰ ਟੋਭੇ ਵਾਲੇ ਪਿੱਪਲ ਥੱਲੇ ਜਾ ਬੈਠੀਆਂ। ਬੈਠਦਿਆਂ ਹੀ ਦਾਦੀ ਬੋਲੀ, ‘‘ਤੈਨੂੰ ਪਤਾ ਹੈ ਮੁੰਨੀ, ਆਪਾਂ ਘਰ ਵਿੱਚ ਕਈ ਵਾਰੀ ਗੱਲਾਂ ਕਰਦੇ ਆਂ, ਤੇਰਾ ਇੱਕ ਚਾਚਾ ਹੁੰਦਾ ਸੀ, ਸੱਜਣ।”
‘‘ਆਹੋ ਮਾਂ, ਗੱਲਾਂ ਤਾਂ ਸੁਣੀਆਂ ਸੀ ਬਈ ਉਹ ਕਈ ਸਾਲ ਪਹਿਲਾਂ ਪੂਰਾ ਹੋ ਗਿਆ ਸੀ।''
‘‘ਨਹੀਂ, ਉਹ ਪੂਰਾ ਨਹੀਂ ਸੀ ਹੋਇਆ।”
‘‘ਫਿਰ?” ਮੈਂ ਹੈਰਾਨ ਹੋਈ।
ਦਾਦੀ ਨੇ ਇਧਰ-ਉਧਰ ਦੇਖਿਆ, ‘‘ਉਹੀ ਮੈਂ ਦੱਸਣ ਲੱਗੀ ਆਂ। ਸਾਡੇ ਪਿੰਡ ਲੁਹਾਰਾਂ ਤੇ ਤੇਲੀਆਂ ਦੇ ਕਈ ਘਰ ਹੁੰਦੇ ਸੀ। ਸਾਰੇ ਮੁਸਲਮਾਨ। ਹੱਲਿਆਂ ਤੋਂ ਪਹਿਲਾਂ ਦੀਆਂ ਗੱਲਾਂ ਨੇ। ਆਪੋ ਵਿੱਚ ਬਹੁਤ ਭਾਈਚਾਰਾ ਸੀ। ਫਿਰ ਮੁਲਖ ਵਿੱਚ ਰੌਲਾ ਪੈ ਗਿਆ। ਕਹਿੰਦੇ, ਮੁਸਲਮਾਨ ਨੂੰ ਅੱਡਰਾ ਮੁਲਖ ਮਿਲ ਗਿਆ ਹੈ, ਐਧਰ ਵਾਲੇ ਮੁਸਲਮਾਨ ਓਧਰ ਚਲੇ ਜਾਣਗੇ। ਫਿਰ ਸੁਣਿਆ, ਕੱਟ-ਵੱਢ ਸ਼ੁਰੂ ਹੋ ਗਈ। ਮੁਸਲਮਾਨਾਂ ਨੂੰ ਇਧਰ ਵੱਢਣ ਟੁੱਕਣ ਲੱਗ ਪਏ ਤੇ ਓਧਰ ਓਹੀ ਕੁਛ ਹਿੰਦੂਆਂ ਸਿੱਖਾਂ ਨਾਲ ਹੋਣ ਲੱਗ ਪਿਆ। ਤੇਲੀਆਂ ਦੀ ਮਰੀਅਮ ਮੇਰੀ ਭੈਣ ਬਣੀ ਹੋਈ ਸੀ। ਸਾਡਾ ਆਪਸ ਵਿੱਚ ਬਹੁਤ ਪਿਆਰ ਸੀ, ਉਨ੍ਹਾਂ ਦੀ ਪਿਛਲੀ ਉਮਰ ਵਿੱਚ ਕੁੜੀ ਹੋਈ ਸੀ-ਸੈਦਾਂ, ਤੇਰੀ ਛੋਟੀ ਭੂਆ ਦੇ ਹਾਣ ਦੀ ਸੀ। ਸਾਰਾ ਦਿਨ ਉਹ ਸਾਡੇ ਘਰ ਤੇਰੀ ਭੂਆ ਨਾਲ ਖੇਲ੍ਹਦੀ ਤੇ ਖਾਂਦੀ-ਪੀਂਦੀ ਰਹਿੰਦੀ।”
‘‘ਅੱਛਾ ਫਿਰ।” ਮੇਰੀ ਉਤਸੁਕਤਾ ਵਧਣ ਲੱਗੀ।
‘‘ਫਿਰ ਹੱਲੇ ਪੈ ਗਏ। ਪਿੰਡ ਵਾਲੇ ਭਾਵੇਂ ਮੁਸਲਮਾਨਾਂ ਨੂੰ ਰੁਕਣ ਲਈ ਕਹਿ ਰਹੇ ਸੀ, ਪਰ ਤੇਰੇ ਬਾਬਾ ਜੀ ਨੇ ਸਮਝਾਇਆ ਕਿ ਇਨ੍ਹਾਂ ਦਾ ਜਾਣਾ ਹੀ ਠੀਕ ਹੈ। ਉਦੋਂ ਕੁਰਾਲੀ ਦੇ ਆਸੇ ਪਾਸੇ ਬੇਰੀਆਂ ਤੇ ਅੰਬਾਂ ਦੇ ਬੜੇ ਤਕੜੇ ਬਾਗ ਹੁੰਦੇ ਸਨ, ਉਥੇ ਮੁਸਲਮਾਨਾਂ ਦਾ ਕੰਪ (ਕੈਂਪ) ਲਾਇਆ ਗਿਆ। ਜਾਣ ਲੱਗਿਆਂ ਮਰੀਅਮ ਸੈਦਾਂ ਨੂੰ ਮੇਰੇ ਕੋਲ ਛੱਡ ਗਈ। ਉਹਨੂੰ ਡਰ ਸੀ ਕਿ ਰਾਹ ਵਿੱਚ ਕੋਈ ਸੈਦਾਂ ਨੂੰ ਖੋਹ-ਖਿੰਜ ਕੇ ਨਾ ਲੈ ਜਾਵੇ। ਮੈਨੂੰ ਉਹਨੇ ਕਿਹਾ, ‘‘ਲੈ ਭੈਣ ਸੈਦਾਂ ਮੇਰੀ ਅਮਾਨਤ ਤੇਰੇ ਕੋਲ ਐ, ਇਹ ਤੇਰੀ ਲੱਛਮੀ (ਭੂਆ) ਵਰਗੀ ਹੈ। ਇਹਨੂੰ ਸਾਂਭ ਕੇ ਰੱਖੀਂ। ਜਦ ਠੰਢ ਠੇਰ ਹੋਈ, ਅਸੀਂ ਲੈ ਜਾਵਾਂਗੇ।”
‘‘ਅੱਛਾ ਫਿਰ ਕੀ ਹੋਇਆ ਮਾਂ।”
‘‘ਬੱਸ ਪੁੱਤ, ਫਿਰ ਕਈ ਮਹੀਨੇ ਲੰਘ ਗਏ। ਸੈਦਾਂ ਸਾਡੇ ਘਰ ਰਹੀ। ਫਿਰ ਹੌਲੀ ਹੌਲੀ ਮੁਸਲਮਾਨ ਕੁੜੀਆਂ ਨੂੰ ਪੁਲਸ ਘਰਾਂ ਵਿੱਚੋਂ ਕੱਢ ਕੱਢ ਕੇ ਲਿਜਾਣ ਲੱਗ ਪਈ। ਅਸੀਂ ਵੀ ਸੈਦਾਂ ਦੀ ਤਿਆਰੀ ਕਰ ਦਿੱਤੀ। ਉਹ ਭਾਵੇਂ ਉਦਾਸ ਸੀ, ਪਰ ਆਪਣੇ ਮਾਂ-ਬਾਪ ਕੋਲ ਜਾਣ ਦੀ ਉਸ ਨੂੰ ਖੁਸ਼ੀ ਵੀ ਸੀ।”
‘‘ਫਿਰ ਉਹ ਚਲੀ ਗਈ?”
‘‘ਹਾਂ ਸੱਚ, ਫਿਰ ਇੱਕ ਦਿਨ ਰਾਤ ਨੂੰ ਕੀ ਹੋਇਆ, ਸੈਦਾਂ ਬਾਹਰ ਵਿਹੜੇ ਵਿੱਚ ਪਿਸ਼ਾਬ ਕਰਨ ਨਿਕਲੀ ਨੂੰ ਜਦ ਚੋਖਾ ਚਿਰ ਹੋ ਗਿਆ ਤਾਂ ਮੈਂ ਬਾਹਰ ਨਿਕਲੀ ਤਾਂ ਮੈਂ ਦੇਖਿਆ ਤੇਰਾ ਚਾਚਾ ਸੱਜਣ ਉਸ ਨੂੰ ਘੜੀਸ ਕੇ ਬਾਹਰਲੀ ਬੈਠਕ ਵੱਲ ਲਿਜਾ ਰਿਹਾ ਸੀ। ਮੈਂ ਭੱਜ ਕੇ ਗਈ, ‘‘ਵੇ ਮੁੰਡਿਆ! ਆਹ ਕੀ ਕਰਨ ਡਿਹਾਂ, ਛੱਡ ਇਸ ਨੂੰ।”
‘‘ਅੱਛਾ ਫਿਰ?” ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ।
‘‘ਉਹਨੇ ਮੇਰੀ ਗੱਲ ਨਹੀਂ ਸੁਣੀ, ਉਵੇਂ ਹੀ ਉਹਨੂੰ ਖਿੱਚਦਾ ਰਿਹਾ। ਮੈਂ ਕਿਹਾ, ‘ਵੇ ਚੰਦਰਿਆ! ਇਹ ਤੇਰੀ ਭੈਣ ਲੱਛਮੀ ਵਰਗੀ ਐ।” ਬੋਲਿਆ, ‘‘ਇਹ ਮੁਸਲੀ ਮੇਰੀ ਕੁਝ ਨਹੀਂ ਲੱਗਦੀ।” ਮੈਂ ਕਿਹਾ, ‘‘ਪਰ ਮੇਰੀ ਧੀ ਹੈ ਇਹ। ਮੈਂ ਤੈਨੂੰ ਇਹਨੂੰ ਹੱਥ ਨਹੀਂ ਲਾਉਣ ਦੇਣਾ।” ਉਹ ਜਦ ਫਿਰ ਵੀ ਨਹੀਂ ਹਟਿਆ ਤਾਂ ਮੈਂ ਕਿਹਾ, ‘‘ਸੱਜਣਾ ਤੂੰ ਅੱਜ ਸੈਦਾਂ ਨੂੰ ਨਹੀਂ, ਆਪਣੀ ਭੈਣ ਨੂੰ ਹੱਥ ਪਾਇਆ ਹੈ, ਚਾਹ ਚਲਿਆ ਜਾਹ ਢਹਿ ਜਾਣਿਆ, ਦਫਾ ਹੋ ਜਾ ਮੇਰੀਆਂ ਅੱਖਾਂ ਅੱਗੋਂ, ਮੁੜ ਕੇ ਘਰ ਨਾ ਵੜੀਂ, ਕਹਿ ਕੇ ਮੈਂ ਖਿੱਚ ਕੇ ਸੋਟੀ ਉਸ ਦੇ ਮਾਰੀ। ਉਹ ਚੀਕ ਕੇ ਪਰਾਂ ਜਾ ਕੇ ਡਿੱਗਾ ਤੇ ਕੁੜੀ ਭੱਜ ਕੇ ਮੇਰੇ ਕੋਲ ਆ ਗਈ। ਮੈਂ ਕੰਬਦੀ ਸੈਦਾਂ ਨੂੰ ਲੈ ਕੇ ਅੰਦਰ ਆ ਗਈ, ਉਹਨੂੰ ਕਿਹਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸੇਗੀ।”
‘‘ਫਿਰ ਕੀ ਹੋਇਆ ਮਾਂ?”
‘‘ਬੱਸ ਫਿਰ ਦਿਨ ਲੰਘਣ ਲੱਗ ਪਏ। ਸੈਦਾਂ ਨੂੰ ਕੁਝ ਦਿਨਾਂ ਬਾਅਦ ਪੁਲਸ ਆ ਕੇ ਲੈ ਗਈ ਪਰ...।”
‘‘ਪਰ ਕੀ?”
‘‘ਬੱਸ ਤੇਰਾ ਚਾਚਾ ਮੁੜ ਕੇ ਘਰ ਨਹੀਂ ਆਇਆ। ਹੁਣ ਤਾਂ 30-35 ਸਾਲ ਹੋ ਗਏ, ਖਬਰਨੀਂ ਜਿਊਂਦਾ ਵੀ ਐ ਕਿ ਨਹੀਂ। ਬਥੇਰਾ ਟੋਲਿਆ। ਖੂਹ, ਟੋਭੇ, ਨਹਿਰ, ਨਾਲੇ ਸਭ ਛਾਣ ਮਾਰੇ। ਪੁਲਸ ਕੋਲ ਰਿਪੋਰਟ ਲਿਖਵਾਈ, ਪਰ ਉਹਦੀ ਕੋਈ ਖਬਰ ਨਹੀਂ ਮਿਲੀ। ਖਬਰੇ ਕਿੱਥੇ ਚਲਾ ਗਿਆ।”
ਕਹਿ ਕੇ ਦਾਦੀ ਹੁਬਕੀ ਰੋਣ ਲੱਗ ਪਈ। ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਕੇ ਦਾਦੀ ਨੂੰ ਤਸੱਲੀ ਦੇਵਾਂ। ਬੜੀ ਦੇਰ ਬਾਅਦ ਜਦ ਉਹ ਚੁੱਪ ਹੋਈ ਤਾਂ ਉਹਨੇ ਕਿਹਾ, ‘‘ਧੀਏ ਮੈਂ ਇਹ ਬੋਝ ਲੈ ਕੇ ਨਹੀਂ ਸੀ ਮਰਨਾ ਚਾਹੁੰਦੀ। ਮੈਂ ਚਾਹੁੰਦੀ ਸਾਂ, ਕਿਸੇ ਨਾਲ ਗੱਲ ਕਰ ਕੇ ਆਪਣੇ ਦਿਲ ਦਾ ਇਹ ਬੋਝ ਹੌਲਾ ਕਰਾਂ। ਤੂੰ ਮੈਨੂੰ ਭਾਵੇਂ ਬੁਰਾ ਸਮਝੀਂ, ਪਰ ਮੈਂ ਜੋ ਠੀਕ ਸਮਝਿਆ, ਕਰਿਆ। ਹਾਏ! ਮੇਰੇ ਸੱਜਣ ਨੂੰ ਕੋਈ ਘਰ ਮੋੜ ਲਿਆਵੇ। ਮੈਂ ਉਹਨੂੰ ਮੁਆਫ ਕਰ ਦਿੱਤਾ ਹੈ, ਉਹ ਵੀ ਮੈਨੂੰ ਮੁਆਫ ਕਰ ਦੇਵੇ।” ਇਹ ਕਹਿ ਕੇ ਉਹ ਚੁੱਪ ਹੋ ਗਈ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਦਾਦੀ ਨੇ ਸੱਚਮੁੱਚ ਹੀ ਕੋਈ ਗੁਨਾਹ ਕੀਤਾ ਸੀ, ਜਿਸ ਦੀ ਉਹ ਮੁਆਫੀ ਮੰਗ ਰਹੀ ਸੀ।

Have something to say? Post your comment