Welcome to Canadian Punjabi Post
Follow us on

19

January 2021
ਨਜਰਰੀਆ

ਪੋਹ ਰਿੰਨ੍ਹੀਂ ਮਾਘ ਖਾਧੀ ਵਾਲੀ ਲੋਹੜੀ

January 12, 2021 01:16 AM

-ਪਰਮਜੀਤ ਕੌਰ ਸਰਹਿੰਦ
ਲੋਹੜੀ ਪੋਹ ਦੇ ਅਖੀਰਲੇ ਦਿਨ ਬਾਰਾਂ ਜਾਂ ਤੇਰਾਂ ਜਨਵਰੀ ਨੂੰ ਹੁੰਦੀ ਹੈ, ਪਰ ਪਿੰਡਾਂ ਵਿੱਚ ਧੂਣੀਆਂ ਪੋਹ ਦਾ ਮਹੀਨਾ ਸ਼ੁਰੂ ਹੋਣ ਸਾਰ, ਭਾਵ ਅੱਧੇ ਕੁ ਦਸੰਬਰ ਤੋਂ ਲੱਗਣ ਲੱਗਦੀਆਂ ਹਨ। ਅਜੋਕੇ ਸਮੇਂ ਰਲ-ਮਿਲ ਕੇ ਸੇਕਣ ਵਾਲੀਆਂ ਅਤੇ ਲੋਹੜੀ ਮੌਕੇ ਬਾਲਣ ਵਾਲੀਆਂ ਧੂਣੀਆਂ ਪਿੰਡਾਂ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ, ਪਰ ਪੰਜਾਬ ਵਿੱਚ ਖਾਸ ਕਰ ਕੇ ਪਿੰਡਾਂ ਵਿੱਚ ਲੋਹੜੀ ਮਨਾਉਣ ਦਾ ਢੰਗ ਬੜਾ ਸਾਦਾ ਅਤੇ ਮਿਲਵਰਤਣ ਵਾਲਾ ਰਿਹਾ ਹੈ ਤੇ ਕਾਫੀ ਹੱਦ ਤੱਕ ਅੱਜ ਵੀ ਹੈ। ਭਾਵੇਂ ਪਿੰਡਾਂ ਦੇ ਲੋਕ ਵੀ ਅੱਜਕੱਲ੍ਹ ਸ਼ਹਿਰੀਆਂ ਵਾਂਗ 'ਕੱਲੋ-ਮੱਲ੍ਹੜੇ' ਜਿਹੇ ਸੁਭਾਅ ਦੇ ਹੋ ਗਏ ਹਨ, ਪਰ ਅਜਿਹੇ ਮੌਕੇ ਦੋ-ਚਾਰ ਘਰ ਹਾਲੇ ਵੀ ਰਲ ਬੈਠਦੇ ਹਨ। ਪਿੰਡਾਂ ਵਿੱਚ ਦਿਖਾਵੇ ਨਾਲੋਂ ਮਿਲਵਰਤਣ ਜ਼ਿਆਦਾ ਹੁੰਦਾ ਹੈ, ਪਰ ਅੱਜਕੱਲ੍ਹ ਘੱਟ ਰਹੀਆਂ ਭਾਈਚਾਰਕ ਸਾਂਝਾਂ ਨੇ ਸਾਡੇ ਸਭਿਆਚਾਰ ਦੇ ਵਿਚਾਰਾਂ ਨੂੰ ਖੋਰਾ ਲਾਇਆ ਹੈ। ਇਹ ਤਿਉਹਾਰ ਸਾਂਝ ਦਾ ਪ੍ਰਤੀਕ ਹੈ। ਬਹੁਤ ਸਮਾਂ ਪਹਿਲਾਂ ਠੰਢ ਤੋਂ ਬਚਣ ਲਈ ਮਨੁੱਖ ਕੋਲ ਕੱਪੜੇ ਜਾਂ ਅੱਗ ਹੀ ਇਕਮਾਤਰ ਸਾਧਨ ਸੀ। ਕੱਪੜੇ ਵੀ ਉਸ ਸਮੇਂ ਅੱਜ ਵਰਗੇ ਨਹੀਂ ਸਨ ਹੁੰਦੇ। ਧੁੰਦ ਅਤੇ ਠੰਢੀਆਂ ਸੀਤ ਹਵਾਵਾਂ ਲੋਹੜੀ ਦੇ ਦਿਨਾਂ ਵਿੱਚ ਮਾਰੋ-ਮਾਰ ਕਰਦੀਆਂ ਸਨ। ਇਨ੍ਹਾਂ ਦਾ ਟਾਕਰਾ ਕਰਨ ਲਈ ਮਨੁੱਖ ਢੇਰ ਸਾਰਾ ਬਾਲਣ ਇਕੱਠੇ ਕਰਦੇ ਤੇ ਧੂਣੀਆਂ ਬਾਲ ਕੇ ਅੱਗ ਸੇਕਦੇ। ਇਸੇ ਤਰ੍ਹਾਂ ਪੋਹ ਅਤੇ ਮਾਘ ਵਿਚਲੀ ਰਾਤ ਲੋਹੜੀ ਬਣ ਗਈ।
ਵਿਗਿਆਨੀਆਂ ਅਨੁਸਾਰ ਇਸ ਮੌਕੇ ਸੂਰਜ ਦੱਖਣ ਦਿਸ਼ਾ ਤੋਂ ਉੱਤਰ ਦਿਸ਼ਾ ਵੱਲ ਦਾਖਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਸ਼ੁਭ ਮੌਕੇ ਸੂਰਜ ਦਾ ਰੁਖ਼ ਧਰਤੀ ਦੇ ਅਰਧ ਗੋਲੇ ਵੱਲ ਹੋ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸ਼ੁਭ ਆਗਮਨ ਸਦਕਾ ਹੀ ਮਕਰ-ਸਕ੍ਰਾਂਤੀ (ਮੱਘਰ ਦੀ ਸਗਰਾਂਦ) ਵੀ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ। ਲੋਹੜੀ ਦਾ ਸੰਬੰਧ ਸਾਂਦਲ-ਬਾਰ ਦੇ ਬਹਾਦਰ ਰਾਜਪੂਤ ਦੁੱਲਾ ਭੱਟੀ ਨਾਲ ਜੁੜਿਆ ਹੋਇਆ ਹੈ। ਮਾਨਤਾ ਹੈ ਕਿ ਕਿਸੇ ਗਰੀਬ ਦੀ ਵਿਆਹੁਣ ਯੋਗ ਕੰਨਿਆ ਨੂੰ ਕੋਈ ਰਾਜਾ ਜਬਰੀ ਲੈ ਜਾਣਾ ਚਾਹੁੰਦਾ ਸੀ, ਪਰ ਦੁੱਲੇ ਨੇ ਉਸ ਦੀ ਰੱਖਿਆ ਕੀਤੀ ਤੇ ਯੋਗ ਵਰ ਲੱਭ ਕੇ ਰਾਤੋ-ਰਾਤ ਉਸ ਦਾ ਵਿਆਹ ਕਰ ਦਿੱਤਾ। ਇਸੇ ਲਈ ਦੁੱਲੇ ਦੀ ਯਾਦ ਵਿੱਚ ‘ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ’ ਗੀਤ ਗਾਇਆ ਜਾਂਦਾ ਹੈ।
ਅਜੇ ਕੇਵਲ ਦੋ-ਤਿੰਨ ਦਹਾਕੇ ਪਹਿਲਾਂ ਗਲੀ-ਗੁਆਂਢ ਦੇ ਲੋਕ ਇਕੱਠੇ ਧੂਣੀ ਲਾ ਕੇ ਸੇਕਦੇ ਹੁੰਦੇ ਸਨ। ਲੋਹੜੀ ਦੇ ਦਿਨ ਇਹ ਧੂਣੀ ਖਾਸ ਅਹਿਮੀਅਤ ਰੱਖਦੀ। ਪਿੰਡਾਂ ਦੇ ਬੱਚੇ ਇੱਕ-ਦੋ ਦਿਨ ਪਹਿਲਾਂ ਹੀ ਲੋਹੜੀ ਬਾਲਣ ਲਈ ਛੋਟੀਆਂ-ਮੋਟੀਆਂ ਲੱਕੜਾਂ, ਪਾਥੀਆਂ, ਤਿਲਛਟੇ ਜਾਂ ਮੱਕੀ ਦੇ ਸੁੱਕੇ ਟਾਂਡੇ ਇਕੱਠੇ ਕਰਨ ਲੱਗ ਪੈਂਦੇ। ਕਿਸੇ ਗੁਹਾਰੇ ਦੇ ਡਿੱਗੇ-ਲੱਥੇ ਲਿਓੜ ਇਕੱਠੇ ਕਰਨ ਲੱਗ ਜਾਂਦੇ। ਕੁਝ ਬਾਲਣ ਤਾਈਆਂ, ਚਾਚੀਆਂ, ਦਾਦੀਆਂ ਤੇ ਭਾਬੀਆਂ ਤੋਂ ਘਰਾਂ ਤੋਂ ਲੈ ਕੇ ਆਉਂਦੇ। ਕੁਝ ਸੁਆਣੀ ਦੇ ਆਖੇ ਤੋਂ ਘਰਾਂ ਦੇ ਬੱਚੇ ਟੋਲੀਆਂ ਬਣਾ ਕੇ ਉਨ੍ਹਾਂ ਦੇ ਵਾੜਿਓਂ-ਗੁਹਾਰਿਓਂ ਲੈ ਆਉਂਦੇ। ਪੰਜ-ਸੱਤ ਘਰਾਂ ਦੇ ਬੱਚੇ ਟੋਲੀਆਂ ਬਣਾ ਕੇ ਬਾਲਣ ਇਕੱਠਾ ਕਰਦੇ ਤੇ ਇੱਕ ਦੇ ਵਿਹੜੇ ਜਾਂ ਚੌਂਤਰੇ ਦੇ ਖੂੰਜੇ 'ਚ ਢੇਰੀ ਲਾ ਕੇ ਰੱਖ ਲੈਂਦੇ। ਜਿਸ ਟੋਲੀ ਦੀ ਢੇਰੀ ਵੱਡੀ ਹੋਣੀ, ਉਸ ਦੀ ਬੜੀ ਟੌਹਰ ਹੋਣੀ। ਆਪਣੀ ਢੇਰੀ ਨੂੰ ਵੱਡੀ ਕਰਨ ਹਿੱਤ ਉਹ ਕਿਸੇ ਗੁਹਾਰੇ ਵਿੱਚੋਂ ਚੋਰੀ-ਚੋਰੀ ਪੰਜ-ਚਾਰ ਪਾਥੀਆਂ ਵੀ ਕੱਢ ਲਿਆਉਂਦੇ। ਵਾਹ ਲੱਗਦੀ ਆਪਣੀ ਢੇਰੀ ਦੀ ਰਾਖੀ ਵੀ ਕੀਤੀ ਜਾਂਦੀ ਕਿ ਕਿਤੇ ਦੂਜੀ ਟੋਲੀ ਵਾਲੇ ਚੁੱਕ-ਚੁਰਾ ਨਾ ਲੈਣ। ਇਹ ਸ਼ਰਾਰਤ ਕਈ ਵਾਰ ਹੋ ਜਾਂਦੀ ਸੀ। ਮੁੰਡੇ-ਕੁੜੀਆਂ ਰਲ ਕੇ ਬਾਲਣ ਇਕੱਠਾ ਕਰਦੇ ਤੇ ਉਨ੍ਹਾਂ ਨੂੰ ਵਿਆਹ ਵਰਗਾ ਚਾਅ ਤੇ ਉਮਾਹ ਹੁੰਦਾ। ਬੜੀ ਰੌਣਕ ਵਾਲੇ ਦਿਨ ਹੁੰਦੇ ਸਨ। ਆਪਸੀ ਮੇਲ-ਜੋਲ ਹੁੰਦਾ ਸੀ ਤੇ ਗੂੜ੍ਹੀਆਂ ਸਾਂਝਾਂ ਹੁੰਦੀਆਂ ਸਨ। ਹਰ ਘਰ ਵਿੱਚ ਘਰ ਦੇ ਦੁੱਧ ਦਾ ਖੋਆ ਕੱਢਿਆ ਜਾਂਦਾ। ਜੇ ਕਿਸੇ ਪਰਵਾਰ ਦੇ ਘਰ ਦੁੱਧ ਥੋੜ੍ਹਾ ਹੁੰਦਾ ਤਾਂ ਆਂਢ-ਗੁਆਂਢ ਜਾਂ ਸ਼ਰੀਕੇ 'ਚ ਭਾਈਚਾਰੇ ਵਾਲੀਆਂ ਸੁਆਣੀਆਂ ਮੱਲੋ-ਮੱਲੀ ਉਨ੍ਹਾਂ ਦੇ ਘਰ ਖੋਏ ਲਈ ਦੁੱਧ ਭੇਜ ਦਿੰਦੀਆਂ। ਕੜਾਕੇ ਦੀ ਠੰਢ ਵਿੱਚ ਸਾਰਾ ਟੱਬਰ ਚੁੱਲ੍ਹੇ ਦੁਆਲੇ ਇਕੱਠਾ ਹੋ ਕੇ ਨਾਲੇ ਸੇਕੀ ਜਾਂਦਾ, ਨਾਲੇ ਗਾਜਰਾਂ ਕੱਦੂ-ਕਸ਼ ਕਰ ਕੇ ਦੁੱਧ ਦੀ ਕੜਾਹੀ ਵਿੱਚ ਪਾਈ ਜਾਂਦਾ ਤੇ ਗਜਰੇਲਾ ਬਣ ਜਾਂਦਾ। ਘਰ ਦੀ ਸ਼ੱਕਰ ਜਾਂ ਦੇਸੀ ਖੰਡ ਵਾਲਾ ਉਹ ਗਜਰੇਲਾ ਅੱਜ ਦੇ ਕਾਜੂ-ਬਾਦਾਮਾਂ ਵਾਲੇ ਗਜਰੇਲੇ ਨੂੰ ਮਾਤ ਪਾਉਂਦਾ। ਆਮ ਤੌਰ 'ਤੇ ਖੋਏ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ। ਸਾਉਣੀ ਦੀ ਫਸਲ ਵਿੱਚ ਤਿਲ ਘਰਾਂ ਵਿੱਚ ਆਮ ਹੁੰਦੇ। ਕਈ ਘਰਾਂ ਵਿੱਚ ਓਖਲੀ ਵਿੱਚ ਮੂਲ੍ਹੇ ਨਾਲ ਤਿਲ ਕੁੱਟੇ ਜਾਂਦੇ ਤੇ ਖੋਏ ਵਿੱਚ ਰਲਾ ਕੇ ਭੁੱਗਾ ਬਣਾਇਆ ਜਾਂਦਾ। ਤਿਲ ਕੁੱਟ ਕੇ ਕੁੱਲਰ ਵੀ ਬਣਾਈ ਜਾਂਦੀ। ਪਿੰਨੀਆਂ ਹੁੰਦੀਆਂ, ਭੁੱਗਾ ਹੁੰਦਾ ਜਾਂ ਕੁੱਲਰ ਇਨ੍ਹਾਂ ਵਿੱਚ ਘਰ ਦੀ ਸ਼ੱਕਰ-ਖੰਡ ਪਹਿਲੇ ਦਿਨ ਖੋਏ-ਤਲੋਏ ਭਾਰੀ ਖਾਣਾ ਖਾਧਾ ਜਾਂਦਾ ਸੀ ਤੇ ਦੂਜੇ ਦਿਨ ਹਲਕਾ-ਫੁਲਕਾ। ਇਹ ਰਸਮਾਂ ਸਨ, ਜੋ ਆਪੇ ਬਣਾਈਆਂ ਹੋਈਆਂ ਸਨ, ਪਰ ਬੜੀਆਂ ਹੀ ਸਾਰਥਿਕ ਤੇ ਲਾਹੇਵੰਦ। ਇੱਕ ਰਿਵਾਜ਼ ਹੋਰ ਵੀ ਹੁੰਦਾ। ਆਮ ਹੀ ਕਿਹਾ ਜਾਂਦਾ ਕਿ ਜਿਹੜਾ ਮਾਘੀ ਨੂੰ ਸਿਰ ਨਹਾਵੇਗਾ, ਉਸ ਦੇ ਵਾਲ ਸੋਨੇ ਦੇ ਹੋ ਜਾਣਗੇ। ਇਹ ਖਾਸ ਤੌਰ 'ਤੇ ਬੱਚਿਆਂ ਨੂੰ ਕਿਹਾ ਜਾਂਦਾ ਕਿਉਂਕਿ ਉਦੋਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ ਅਤੇ ਬੱਚੇ ਬਹੁਤੀ ਠੰਢ ਵਿੱਚ ਸਿਰ ਨਹਾਉਣ ਤੋਂ ਕਤਰਾਉਂਦੇ ਸਨ।
ਉਦੋਂ ਅੱਜ ਵਾਂਗ ਲੋਹੜੀਆਂ ਮਨਾਉਣ ਤੇ ਗਾਉਣ ਵਜਾਉਣ ਦੇ ਅਡੰਬਰ ਵੀ ਨਹੀਂ ਸੀ ਕਰਦਾ। ਕਿਸੇ ਦੇ ਮੁੰਡੇ ਦੀ ਜਾਂ ਮੁੰਡੇ ਦੇ ਵਿਆਹ ਦੀ ਲੋਹੜੀ ਵਰਗੀ ਕੋਈ ਉਚੇਚ ਨਹੀਂ ਸੀ ਹੁੰਦੀ। ਲੋਹੜੀ ਨੂੰ ਸਿਰਫ ਲੋਹੜੀ ਕਰ ਕੇ ਹੀ ਮਨਾਇਆ ਜਾਂਦਾ। ਅੱਜ ਲੋਹੜੀ ਨੂੰ ਜੋ ਦਿਖਾਵੇ ਲੋਕੀਂ ਕਰਦੇ ਹਨ, ਉਹ ਉਦੋਂ ਕੋਈ ਨਹੀਂ ਸੀ ਕਰਦਾ। ਪੰਜ-ਸੱਤ ਘਰਾਂ ਨੇ ਕਿਸੇ ਇੱਕ ਵਿੱਚ ਇਕੱਠੇ ਹੋ ਕੇ ਬੱਚਿਆਂ ਦੇ ਇਕੱਠੇ ਕੀਤੇ ਬਾਲਣ ਦੀ ਲੋਹੜੀ ਬਾਲ ਲੈਣੀ, ਕਿਸੇ ਨੇ ਕੋਈ ਨਿੱਕਾ-ਮੋਟਾ ਖੁੰਢ ਬਲਦੀ ਲੋਹੜੀ ਵਿੱਚ ਰੱਖ ਦੇਣਾ, ਜੋ ਅੱਧੀ ਰਾਤ ਤੱਕ ਮੱਚੀ ਜਾਣਾ। ਘਰਾਂ ਦੀਆਂ ਸੁਆਣੀਆਂ, ਨੂੰਹ-ਧੀਆਂ ਮੁੱਠੀ 'ਚ ਤਿਲ ਲਈ ਆਉਂਦੀਆਂ ਤੇ ਬਲਦੀ ਲੋਹੜੀ ਉਤੇ ਉਨ੍ਹਾਂ ਦਾ ਮੱਥਾ ਟੇਕਦੀਆਂ। ਕੋਈ ਕਹਿੰਦੀ, ‘‘ਇੱਸਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਪੁੱਟੀ ਜਾਏ।' ਉਦੋਂ ਤਾਂ ਅਸੀਂ ਬੱਚੇ ਵੀ ਰੀਸੋ-ਰੀਸੀ ਗਾਈ ਜਾਂਦੇ। ਅਰਥ ਸਮਝਣ ਦੀ ਕੋਈ ਲੋੜ ਨਹੀਂ ਸੀ ਜਾਪਦੀ, ਪਰ ਅੱਜ ਮੈਂ ਸੋਚਦੀ ਹਾਂ ‘ਇੱਸਰ’ ਤੋਂ ਉਨ੍ਹਾਂ ਦਾ ਭਾਵ ਖੁਸ਼ਹਾਲੀ ਤੇ ‘ਦਲਿੱਦਰ’ ਤੋਂ ਭਾਵ ਮੰਦਹਾਲੀ ਜਾਂ ਗਰੀਬੀ ਹੁੰਦਾ ਸੀ। ਕੁਝ ਦੇਰ ਖੜ੍ਹ-ਬੈਠ ਕੇ ਔਰਤਾਂ ਘਰੋਂ-ਘਰੀ ਮੁੜ ਜਾਂਦੀਆਂ, ਲੋਹੜੀ ਮੰਗਦੇ ਬੱਚੇ ਗਾਉਂਦੇ ਫਿਰਦੇ :
ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ...
***
ਲੋਹੜੀ ਬਈ ਲੋਹੜੀ
ਤੇਰਾ ਪੁੱਤ ਚੜੂਗਾ ਘੋੜੀ
ਸਾਡੀ ਲੋਹੜੀ ਮਨਾ ਦੇ
ਸੁਆਣੀਆਂ ਉਨ੍ਹਾਂ ਲਈ ਮੰਗਾਈਆਂ ਰਿਉੜੀਆਂ ਜਾਂ ਘਰ ਬਣੀਆਂ ਪਿੰਨੀਆਂ ਅਤੇ ਤਲੋਏ ਦੇ ਦਿੰਦੀਆਂ। ਮੱਥਾ ਟੇਕਦੀਆਂ ਔਰਤਾਂ ਘਰ-ਪਰਵਾਰ ਤੇ ਨਗਰ ਖੇੜੇ ਦੀ ਸੁੱਖ ਮੰਗਦੀਆਂ। ਜੇ ਉਸ ਨਾਲ ਕਿਸੇ ਦੇ ਘਰ ਮੁੰਡਾ ਹੁੰਦਾ ਜਾਂ ਮੁੰਡਾ ਵਿਆਹਿਆ ਹੁੰਦਾ ਤਾਂ ਉਹ ਲੋਹੜੀ ਦੀ ਖੁਸ਼ੀ ਅਤੇ ਰਿਉੜੀਆਂ, ਮੂੰਗਫਲੀ ਤੇ ਘਰੇ ਭੁੰਨੇ ਮੱਕੀ ਦੇ ਦਾਣਿਆਂ ਦੀਆਂ ਖਿੱਲਾਂ ਵੰਡ ਦਿੰਦੀਆਂ। ਕਈ ਲੋਕ ਗੁੜ ਵੀ ਵੰਡਦੇ ਅਤੇ ਕੁਝ ਪਿੰਡਾਂ ਵਿੱਚ ਘਰ-ਘਰ ਇਹੋ ਲੋਹੜੀ ਵੰੜੀ ਜਾਂਦੀ।
ਬੱਚਿਆਂ, ਬੁੱਢਿਆਂ ਤੇ ਗੱਭਰੂਆਂ ਨੇ ਦੇਰ ਰਾਤ ਤੱਕ ਲੋਹੜੀ ਦੁਆਲੇ ਬੈਠੇ ਰਹਿੰਦਿਆਂ ਕਦੇ ਕੋਈ ਖੱਪ ਨਾ ਪਾਉਣੀ। ਘਰੋਂ ਲਿਆਂਦੀ ਮੂੰਗਫਲੀ ਚੱਬਦੇ ਰਹਿਣਾ ਤੇ ਕੁਝ ਘਰ ਦੀਆਂ, ਕੁਝ ਬਾਹਰ ਦੀਆਂ ਗੱਲਾਂ ਕਰੀ ਜਾਣੀਆਂ। ਕੋਈ ਦਿਖਾਵਾ, ਕੋਈ ਈਰਖਾ ਨਾ ਹੁੰਦੀ। ਲੋਹੜੀ ਬੱਸ ਲੋਹੜੀ ਹੁੰਦੀ, ਜੋ ਮਨਾਂ ਦੀ ਸਾਂਝ ਨਾਲ ਮਨਾਈ ਜਾਂਦੀ, ਕਦੇ ਸਿਆਸੀ ਸੱਥ ਨਾ ਬਣਦੀ। ਸਮੇਂ ਦੇ ਨਾਲ ਲੋਹੜੀ ਦਾ ਸਰੂਪ ਬਦਲ ਗਿਆ। ਇਸ ਚਾਰ ਦੀਵਾਰੀਆਂ ਦੇ ਯੁੱਗ ਵਿੱਚ ਬੜੀ ਯਾਦ ਆਉਂਦੀ ਹੈ ‘ਪੋਹ ਰਿੰਨ੍ਹੀ ਮਾਘ ਖਾਧੀ’ ਵਾਲੀ ਲੋਹੜੀ, ਜਿਸ ਵਿੱਚ ਮੋਹ ਮੁਹੱਬਤਾਂ ਦਾ ਨਿੱਘ ਤੇ ਸਾਂਝਾਂ ਦੀ ਸੁਗੰਧ ਰਚੀ ਹੁੰਦੀ ਸੀ।

Have something to say? Post your comment