Welcome to Canadian Punjabi Post
Follow us on

02

July 2025
 
ਨਜਰਰੀਆ

ਆਓ! ਕੁਝ ਨਵਾਂ ਕਰੀਏ

November 27, 2020 08:07 AM

-ਸਤਵਿੰਦਰ ਸਿੰਘ ਅਰਾਈਆਂਵਾਲਾ
ਸਵੱਖਤੇ ਉਠ ਕੇ ਤੁਸੀਂ ਕੀ ਕਰਦੇ ਹੋ ਸਵੇਰ ਤੋਂ ਸ਼ਾਮ ਤੱਕ, ਹਰ ਰੋਜ਼ ਇੱਕੋ ਜਿਹਾ ਦਿਨ ਬਤੀਤ ਕਰਦੇ ਹੋ? ਕੀ ਤੁਹਾਡਾ ਸਮਾਂ ਤੁਹਾਡੇ ਹੱਥ ਹੇਠ ਹੈ? ਕੀ ਤੁਸੀਂ ਇੰਟਰਨੈਟ ਦੇ ਗ਼ੁਲਾਮ ਤਾਂ ਨਹੀਂ? ਜੇ ਇਸ ਸਭ ਦਾ ਜਵਾਬ ‘ਹਾਂ' ਹੈ ਤਾਂ ਤੁਹਾਨੂੰ ਆਪੇ ਜੀਵਨ ਵਿੱਚ ਬਦਲਾਅ ਲਿਆਉਣ ਦੀ ਸਖ਼ਤ ਲੋੜ ਹੈ।
ਜ਼ਿੰਦਗੀ ਇਕ-ਸਾਰ ਜਾਂ ਇੱਕੋ ਰੰਗ ਵਿੱਚ ਨਹੀਂ ਚੱਲਦੀ ਰਹਿਣੀ ਚਾਹੀਦੀ। ਇਸ ਵਿੱਚ ਉਤਰਾਅ ਚੜ੍ਹਾਅ ਜ਼ਰੂਰੀ ਹਨ। ਜਿਵੇਂ ਕੁਦਰਤ ਵਿੱਚ ਰੰਗਾਂ ਦੀ ਭਰਮਾਰ ਹੈ: ਹਰਾ, ਲਾਲ, ਨੀਲਾ, ਕਾਲਾ, ਚਿੱਟਾ, ਜਾਮਣੀ ਤੇ ਹੋਰ ਵੀ ਅਨੇਕਾਂ ਰੰਗ, ਉਵੇਂ ਹੀ ਜ਼ਿੰਦਗੀ ਵਿੱਚ ਅਨੇਕਾਂ ਰੰਗਾਂ ਦੀ ਭਰਮਾਰ ਜ਼ਰੂਰੀ ਹੈ। ਕਦੇ ਜ਼ਿੰਦਗੀ ਵਿੱਚ ਹਾਸਾ, ਕਦੇ ਮਜ਼ਾਕ ਕਦੇ ਸੰਜੀਦਗੀ, ਭਰੋਸਗੀ, ਦਿਆਲਤਾ ਤੇ ਕਦੇ-ਕਦੇ ਰੋਸਾ ਚਾਹੀਦਾ ਹੈ। ਜਿਵੇਂ ਬੱਚਾ ਸਾਰਾ ਦਿਨ ਇੱਕੋ ਜਿਹਾ ਵਿਹਾਰ ਨਹੀਂ ਕਰਦਾ, ਉਹ ਅਨੇਕਾਂ ਰੰਗ (ਵਿਵਹਾਰ) ਬਦਲਦਾ ਹੈ, ਜਿਸ ਕਰਕੇ ਉਹ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਖ਼ੁਸ਼ ਕਰ ਦਿੰਦਾ ਹੈ।
ਦਿ੍ਰਸ਼ਟਾਂਤ ਦੇ ਤੌਰ 'ਤੇ ਤੁਸੀਂ ਇੱਕ ਬਾਗ਼ ਵਿੱਚ ਜਾਵੋ, ਜਿੱਥੇ ਇੱਕੋ ਰੰਗ ਦੇ ਇੱਕੋ ਕਿਸਮ ਦੇ ਫੁੱਲ ਹੋਣ। ਅਜਿਹੇ ਫੁੱਲ ਤੁਹਾਨੂੰ ਕੁਝ ਸਮੇਂ ਲਈ ਖ਼ੁਸ਼ੀ ਦੇਣਗੇ, ਤੁਹਾਨੂੰ ਚੰਗੇ ਵੀ ਲੱਗਣਗੇ, ਪਰ ਕੁਝ ਸਮੇਂ ਬਾਅਦ ਤੁਸੀਂ ਇੱਕ ਹੀ ਰੰਗ ਦੇ ਫੁੱਲਾਂ ਤੋਂ ਅੱਕ ਜਾਵੋਗੇ। ਤੁਹਾਡਾ ਮਨ ਵਿਲੱਖਣਤਾ ਦੀ ਭਾਲ ਕਰੇਗਾ, ਜੋ ਤੁਹਾਨੂੰ ਆਨੰਦਿਤ ਕਰ ਦੇਵੇਗੀ।
ਇੱਕ ਵਾਰ ਕਿਸੇ ਉਚੇ ਰਾਜ ਦੇ ਬਾਦਸ਼ਾਹ ਨੇ ਵਿਦਵਾਨ, ਬੁੱਧੀਜੀਵੀਆਂ ਤੇ ਮਨੋਵਿਗਿਆਨੀਆਂ ਨੂੰ ਦਰਬਾਰ ਵਿੱਚ ਸੱਦਾ ਦਿੱਤਾ। ਰਾਜੇ ਨੇ ਸਾਰਿਆਂ ਨੂੰ ਮਨੁੱਖ ਦੇ ਖ਼ੁਸ਼ ਰਹਿਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਕਿਹਾ। ਸਭ ਵਿਦਵਾਨ, ਬੁੱਧੀਜੀਵੀ ਅਤੇ ਮਨੋਵਿਗਿਆਨੀਆਂ ਨੇ ਆਪੋ ਆਪਣੇ ਤਰਕ ਅਤੇ ਵਿਚਾਰ ਰਾਜੇ ਨੂੰ ਸੁਣਾਉਣੇ ਸ਼ੁਰੂ ਕਰ ਦਿੱਤੇ। ਕਿਸੇ ਨੇ ਕਿਹਾ ਕਿ ਮਨੁੱਖ ਦੀਆਂ ਲੋੜਾਂ ਪੂਰੀਆਂ ਕਰ ਦਿਓ, ਕੋਈ ਕਹਿੰਦਾ ਮਨੁੱਖ ਦੇ ਦੁੱਖਾਂ ਦੇ ਕਾਰਨ ਮੁਕਾ ਦਿੱਤੇ ਜਾਣ। ਸਵੇਰ ਤੋਂ ਸ਼ਾਮ ਤੱਕ ਚੱਲੀ ਇਕੱਤਰਤਾ 'ਚ ਹਜ਼ਾਰਾਂ ਵਿਚਾਰ ਸਾਹਮਣੇ ਆਏ, ਪਰ ਰਾਜਾ ਕੋਈ ਨਾ ਨੁਕਸ ਕੱਢ ਕੇ ਵਿਚਾਰ ਨਕਾਰ ਦਿੰਦਾ। ਇੰਨੇ ਨੂੰ ਇੱਕ ਰਾਜੇ ਦਾ ਸਿਪਾਹੀ ਬੋਲਿਆ ਕਿ ਉਹ ਇਸ ਸਵਾਲ ਦਾ ਪ੍ਰਤੁੱਖ ਪ੍ਰਮਾਣ ਸਹਿਤ ਉਤਰ ਦੇ ਸਕਦਾ ਹੈ, ਪਰ ਇਸ ਕੰਮ ਲਈ ਉਹ ਜਿਸ ਵੀ ਵਿਅਕਤੀ ਨੂੰ ਚੁਣੇਗਾ, ਉਸ ਵਿਅਕਤੀ ਨੂੰ ਰਾਜੇ ਵੱਲੋਂ ਇੱਕ ਹਜ਼ਾਰ ਸੋਨੇ ਦੀ ਮੋਹਰ ਰੋਜ਼ ਦਿੱਤੀ ਜਾਵੇ, ਰਾਜਾ ਕਿਵੇਂ ਨਾ ਕਿਵੇਂ ਇੰਨੀ ਵੱਡੀ ਰਕਮ ਦੇਣਾ ਮੰਨ ਗਿਆ। ਸਿਪਾਹੀ ਨੇ ਇੱਕ ਸਿਹਤਮੰਦ ਵਿਅਕਤੀ ਨੂੰ ਚੁਣਿਆ ਅਤੇ ਉਸ ਨੂੰ ਪੰਜ ਫੁੱਟ ਸਕੇਅਰ ਟੋਆ ਪੁੱਟਣ ਲਈ ਕਿਹਾ। ਇੰਨੀ ਵੱਡੀ ਤਨਖ਼ਾਹ ਕਰਕੇ ਉਹ ਵਿਅਕਤੀ ਖ਼ੁਸ਼ੀ-ਖ਼ੁਸ਼ੀ ਟੋਆ ਪੁੱਟਣ ਲੱਗਾ। ਜਦੋਂ ਉਸਨੇ ਟੋਆ ਪੁੱਟਿਆ ਤਾਂ ਸਿਪਾਹੀ ਨੇ ਕਿਹਾ ਕਿ ਇਸ ਨੂੰ ਇਸੇ ਮਿੱਟੀ ਨਾਲ ਭਰ ਦੇ। ਵਿਅਕਤੀ ਨੇ ਟੋਆ ਭਰਿਆ ਤਾਂ ਸਿਪਾਹੀ ਨੇ ਮੁੜ ਟੋਆ ਪੁੱਟਣ ਲਈ ਕਿਹਾ ਤੇ ਫਿਰ ਟੋਆ ਭਰਨ ਲਈ। ਇਹੋ ਜਿਹਾ ਸਿਲਸਿਲਾ ਕਈ ਦਿਨ ਏਦਾਂ ਚੱਲਦਾ ਰਿਹਾ। ਰਾਜੇ ਨੇ ਦੇਖਿਆ ਕਿ ਸ਼ੁਰੂ ਵਿੱਚ ਵੱਡੀ ਧਨ ਦੀ ਰਕਮ ਕਰਕੇ ਉਤਸ਼ਾਹਿਤ ਵਿਅਕਤੀ ਅੱਗੋਂ ਨਾ ਉਤਸ਼ਾਹਿਤ ਸੀ ਤੇ ਨਾ ਖ਼ੁਸ਼। ਉਹ ਕੰਮ ਤੋਂ ਨਿਰਾਸ਼ ਹੋ ਗਿਆ ਅਤੇ ਉਸ ਨੂੰ ਉਦਾਸੀ ਨੇ ਘੇਰ ਲਿਆ। ਰਾਜੇ ਨੇ ਇਸ ਦਾ ਕਾਰਨ ਸਿਪਾਹੀ ਨੂੰ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਇਹ ਇੱਕੋ ਕੰਮ ਵਾਰ ਵਾਰ ਕਰ ਰਿਹਾ ਸੀ, ਜਿਸ ਵਿੱਚ ਨਾ ਕੁਝ ਨਵਾਂ ਸੀ ਅਤੇ ਨਾ ਕੋਈ ਵੱਖਰਾ ਤਜ਼ਰਬਾ, ਜਿਸ ਕਰਕੇ ਇੱਕੋ ਹੀ ਕੰਮ ਕਰਦੇ ਰਹਿਣ ਕਰਕੇ ਇਹ ਨਿਰਾਸ਼ ਅਤੇ ਉਦਾਸ ਹੋ ਗਿਆ। ਖ਼ੁਸ਼ੀ ਨਵੇਂ ਅਤੇ ਵੱਖਰੇ ਵਿੱਚ ਹੁੰਦੀ ਹੈ।
ਜ਼ਿਕਰ ਯੋਗ ਹੈ ਕਿ ਨਵਾਂ ਕਰਨ ਦਾ ਮਤਲਬ ਇਹ ਨਹੀਂ ਕਿ ਪੁਰਾਣੇ ਦਾ ਤਿਆਗ ਕਰ ਦੇਈਏ। ਇੱਥੋਂ ਨਵੇਂ ਤੋਂ ਭਾਵ ਹੈ ਕਿ ਆਪਣੇ ਵਿਹਾਰ ਵਿੱਚ ਬਦਲਾਅ ਕਰਦੇ ਰਹਿਣ ਤੋਂ ਹੈ। ਅਜਿਹੀਆਂ ਆਦਤਾਂ ਜਿਹੜੀਆਂ ਉਦਾਸੀ ਤੇ ਨਿਰਾਸ਼ਾ ਦਿੰਦੀਆਂ ਹਨ, ਉਨ੍ਹਾਂ ਨੂੰ ਬਦਲ ਕੇ ਚੰਗੀਆਂ ਆਦਤਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਜੋ ਆਦਤਾਂ ਜਾਂ ਕਾਰਜ ਤੁਹਾਨੂੰ ਭੇਡਚਾਲ ਦਾ ਹਿੱਸਾ ਬਣਾਉਂਦੇ ਹਨ, ਉਨ੍ਹਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਭੇਦਚਾਲ ਦਾ ਨਾਂ ਤਾਂ ਉਦੇਸ਼ ਹੁੰਦਾ ਹੈ, ਨਾ ਹੀ ਕੋਈ ਮੰਜ਼ਿਲ।
ਕਈ ਵਾਰ ਕੁਝ ਨਵਾਂ ਕਰਨਾ ਆਸਾਨ ਨਹੀਂ ਹੁੰਦਾ। ਤੁਹਾਡਾ ਅਤੀਤ ਤੁਹਾਡੇ ਵਿਕਾਸ ਤੇ ਨਵੀਨਤਾ ਦੇ ਪੈਰ ਜਕੜ ਲੈਂਦਾ ਹੈ, ਤੁਹਾਡੇ ਵੱਲੋਂ ਸਿਰਜਿਆ ਤੁਹਾਡਾ ਆਲਾ-ਦੁਆਲਾ, ਨਵੇਂ ਵੱਲ ਜਾਣ ਦੇ ਤੁਹਾਡੇ ਰਾਹ ਬੰਦ ਕਰ ਦਿੰਦਾ ਹੈ, ਪਰ ਇਸ ਲਈ ਤੁਹਾਨੂੰ ਤਾਕਤਵਰ ਬਣਨਾ ਪਵੇਗਾ। ਆਪਣੇ ਅੰਦਰ ਦਿ੍ਰੜਤਾ ਲਿਆਉਣੀ ਪਵੇਗੀ। ਦਿ੍ਰੜ ਇਰਾਦਾ ਹੀ ਬਦਲਾਅ ਦਾ ਜ਼ਿੰਮੇਵਾਰ ਬਣਦਾ ਹੈ। ਨਵਾਂ ਕਰਨ ਲਈ ਕੰਨ ਬੰਦ ਅਤੇ ਅੱਖਾਂ ਖੋਲ੍ਹਣੀਆਂ ਪੈਣਗੀਆਂ। ਹੋ ਸਕਦਾ ਹੈ ਨਵਾਂ ਕਰਦੇ ਸਮੇਂ ਤੁਸੀਂ ਕਿਸੇ ਮੋੜ 'ਤੇ ਜਾ ਕੇ ਅਟਕ ਜਾਵੋ, ਪਰ ਤੁਹਾਡੀ ਦਿ੍ਰੜਤਾ ਜ਼ਿੰਦਗੀ ਦੇ ਹਰ ਅਣਜਾਣ ਮੋੜ ਨੂੰ ਸਰ ਕਰਨ ਵਿੱਚ ਤੁਹਾਡਾ ਹਥਿਆਰ ਬਣੇਗੀ। ਜ਼ਿਕਰਯੋਗ ਹੈ ਕਿ ਨਵਾਂ ਕਰਨ ਵਾਲੇ ਹੀ ਮਾਰਗ ਦਰਸ਼ਕ ਬਣ ਕੇ ਉਭਰਦੇ ਹਨ, ਜਿਨ੍ਹਾਂ ਦੀਆਂ ਪੈੜਾਂ 'ਤੇ ਸੰਸਾਰ ਤੁਰਦਾ ਹੈ।
ਨਿਰੋਆਪਣ ਅਤੇ ਤਾਜ਼ਗੀ ਲਈ ਕਿਤਾਬਾਂ ਪੜ੍ਹਨਾ ਇੱਕ ਬਿਹਤਰੀਨ ਢੰਗ ਹੈ। ਕਿਤਾਬ ਪੜ੍ਹਦੇ ਤੁਸੀਂ ਇੱਕ ਅਜਿਹੇ ਸੰਸਾਰ ਵਿੱਚ ਦਾਖਲ ਹੋ ਜਾਂਦੇ ਹੋ, ਜੋ ਸੰਸਾਰ ਬਿਲਕੁਲ ਤੁਹਾਡੀ ਸੋਚ ਤੋਂ ਵੱਖਰਾ ਹੁੰਦਾ ਹੈ। ਇਹ ਤੁਹਾਡੇ ਅੰਦਰ ਇੱਕ ਨਵੀਂ ਰੂਹ ਭਰਨ ਦੇ ਕਾਬਲ ਹੁੰਦਾ ਹੈ। ਇੱਕ ਵਿਦਵਾਨ ਦਾ ਕਹਿਣਾ ਹੈ ਕਿ ਜਦੋਂ ਉਹ ਨਿਰਾਸ਼ ਹੁੰਦਾ ਹੈ ਤਾਂ ਉਹ ਕਿਤਾਬ ਪੜ੍ਹਦਾ ਹੈ, ਜਦੋਂ ਉਸ ਨੂੰ ਉਦਾਸੀ ਘੇਰ ਲੈਂਦੀ ਹੈ ਤਾਂ ਉਹ ਗਾਉਂਦਾ ਹੈ।
ਬਦਲਾਅ ਕੁਦਰਤ ਦਾ ਨਿਯਮ ਹੈ। ਸੂਰਜ ਭਾਵੇਂ ਇੱਕੋ ਹੈ, ਪਰ ਇਹ ਕਦੇ ਪੁਰਾਣਾ ਨਹੀਂ ਹੁੰਦਾ। ਹਰ ਰੋਜ਼ ਸੂਰਜ ਨਵੀਆਂ ਰੋਸ਼ਨੀਆਂ ਲੈ ਕੇ ਆਉਂਦੇ ਹੈ ਅਤੇ ਆਪਣੀਆਂ ਰੌਸ਼ਨੀਆਂ ਨਾਲ ਸਮੁੱਚੇ ਬ੍ਰਹਿਮੰਡ ਨੂੰ ਰੁਸ਼ਨਾ ਜਾਂਦਾ ਹੈ। ਹਰ ਦਿਨ ਕੁਦਰਤ ਨਵਾਂ ਜਨਮ ਲੈਂਦੀ ਹੈ, ਜੇ ਅਜਿਹੇ ਨਾ ਹੁੰਦਾ ਤਾਂ ਮਨੁੱਖ ਕਦੋਂ ਦਾ ਕੁਦਰਤ ਤੋਂ ਅੱਕ ਚੁੱਕਾ ਹੋਣਾ ਸੀ। ਨਦੀਆਂ ਦਾ ਪਾਣੀ ਹਰ ਸਮੇਂ ਨਵਾਂ ਹੁੰਦਾ ਹੈ, ਨਵੇਂ ਤੇ ਨਿਰੰਤਰ ਵਿੱਚ ਤਾਜ਼ਗੀ ਹੰੁਦੀ ਹੈ। ਹਰ ਦਿਨ ਤੁਹਾਡੇ ਅੰਦਰ ਨਵੀਂ ਊਰਜਾ ਅਤੇ ਜੋਸ਼ ਲੈ ਕੇ ਆਉਂਦਾ ਹੈ। ਇਹ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਉਸ ਊਰਜਾ ਤੇ ਜੋਸ਼ ਨੂੰ ਵਰਤਦੇ ਕਿਵੇਂ ਹੋ। ਕੁਝ ਕਰਨ ਲਈ ਜਾਗਣਾ ਪੈਦਾ ਹੈ, ਪ੍ਰਾਪਤ ਕਰਨ ਲਈ ਝੁਕਣਾ ਪੈਂਦਾ ਹੈ, ਆਕੜ ਵਿੱਚ ਪੁੱਠੇ ਭਾਂਡੇ ਝੜੀ 'ਚ ਖਾਲੀ ਰਹਿ ਜਾਂਦੇ ਹਨ।
ਸਮਾਂ ਹਮੇਸ਼ਾਂ ਪੁਰਾਣੇ ਤੋਂ ਨਵੇਂ ਵੱਲ ਵਧਦਾ ਹੈ, ਜੋ ਵੀ ਸਮੇਂ ਨਾਲ ਨਵਾਂ ਹੋ ਗਿਆ, ਉਸਦੀ ਹੋਂਦ ਕਾਇਮ ਰਹਿੰਦੀ ਹੈ, ਬਾਕੀ ਖਾਕ ਬਣ ਜਾਂਦੇ ਹਨ। ਮਿਜ਼ਾਇਲਾਂ ਦੀ ਲੜਾਈ ਵਿੱਚ ਪੁਰਾਤਨ ਤੀਰਾਂ ਨਾਲ ਨਹੀਂ ਲੜਿਆ ਜਾ ਸਕਦਾ। ਇਸ ਲਈ ਸਮਰੱਥ ਹੋਣਾ ਪੈਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!