Welcome to Canadian Punjabi Post
Follow us on

02

July 2025
 
ਨਜਰਰੀਆ

ਔਰਤਾਂ ਨੂੰ ਖੁਦ ਹੀ ਲੜਨਾ ਪਵੇਗਾ

November 26, 2020 09:09 AM

-ਹਰਪ੍ਰੀਤ ਕੌਰ ਦੁੱਗਰੀ
ਸਾਡੇ ਸਮਾਜ ਵਿੱਚ ਪ੍ਰਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਔਰਤ ਦੀ ਸਥਿਤੀ ਤਰਸ ਯੋਗ ਰਹੀ ਹੈ। ਅੱਜ ਬੇਸ਼ੱਕ ਮਾਹੌਲ ਬਦਲ ਗਿਆ ਹੈ, ਪਰ ਮਨੁੱਖੀ ਮਾਨਸਿਕਤਾ ਨਹੀਂ ਬਦਲੀ। ਔਰਤ ਨਾਲ ਸੰਬੰਧਤ ਪ੍ਰਸਥਿਤੀਆਂ ਪਹਿਲਾਂ ਵਾਂਗ ਹੀ ਹਨ। ਪ੍ਰਾਚੀਨ ਕਾਲ ਵਿੱਚ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ, ਕਿਉਂਕਿ ਸਮਾਜ ਦੇ ਹਾਕਮਾਂ ਨੂੰ ਡਰ ਸੀ ਕਿ ਜੇ ਇਨ੍ਹਾਂ ਨੂੰ ਸਿੱਖਿਆ ਦਿੱਤੀ ਗਈ ਤਾਂ ਇਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਹੋ ਜਾਣਗੀਆਂ। ਅੱਜ ਉਨ੍ਹਾਂ ਨੂੰ ਸਿੱਖਿਆ ਮਿਲ ਰਹੀ ਹੈ, ਪਰ 21ਵੀਂ ਸਦੀ ਵਿੱਚ ਪਹੁੰਚਣ 'ਤੇ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੀ।
ਸਮਾਜ ਵਿੱਚ ਔਰਤਾਂ ਦੀ ਹਾਲਤ ਨੂੰ ਸੁਧਾਰਨ ਲਈ ਜੋਤਿਬਾ ਫੂਲੇ ਨੇ ਪਹਿਲ ਕੀਤੀ। ਉਨ੍ਹਾਂ ਨੇ ਆਪਣੀ ਪਤਨੀ ਸਵਿੱਤਰੀ ਬਾਈ ਫੂਲੇ ਨੂੰ ਪੜ੍ਹਾ ਕੇ ਨਵੇਂ ਰਿਕਾਰਡ ਬਣਾਏ। ਸਵਿੱਤਰੀ ਬਾਈ ਭਾਰਤ ਦੀ ਪਹਿਲੀ ਸਿੱਖਿਅਤ ਮਹਿਲਾ, ਸਮਾਜ ਸੁਧਾਰਕ ਅਤੇ ਮਰਾਠੀ ਕਵਿੱਤਰੀ ਹੋਈ ਹੈ। ਇਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਔਰਤਾਂ ਦੇ ਅਧਿਕਾਰਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਅਤੇ ਇਨ੍ਹਾਂ ਨੂੰ ਸਮਾਜ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ, ਕਿਉਂਕਿ ਹਿੰਦੂ ਧਰਮ ਵਿੱਚ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਔਰਤ ਲਈ ਬੁੱਧ ਧਰਮ ਵਿੱਚ ਪ੍ਰਵੇਸ਼ ਦੁਆਰ ਖੋਲ੍ਹ ਕੇ ਭਗਵਾਨ ਬੁੱਧ ਨੇ ਜਿਹੜਾ ਪੈਰੋਕਾਰ ਔਰਤਾਂ 'ਤੇ ਕੀਤਾ, ਉਹ ਸੰਸਾਰ ਵਿੱਚ ਹੋਰ ਕੋਈ ਮਹਾਂਪੁਰਖ ਨਹੀਂ ਕਰ ਸਕਿਆ। ਇਸ ਸੁਨਹਿਰੀ ਕਾਲ ਤੋਂ ਔਰਤ ਦੀ ਉਨਤੀ ਦਾ ਯੁੱਗ ਸ਼ੁਰੂੁ ਹੋਇਆ, ਜਦੋਂ ਔਰਤ ਨੂੰ ਮਾਣ-ਸਨਮਾਨ ਮਿਲਿਆ।
ਬੁੱਧ ਧਰਮ ਅਤੇ ਸਿੱਖ ਫਲਸਫਾ ਦੋਵੇਂ ਨਾਲ-ਨਾਲ ਚਲਦੇ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਚੁੱਕੀਆਂ ਹਨ। ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਸਾਇੰਸ, ਰਾਜਨੀਤੀ ਜਾਂ ਫਿਰ ਫੈਸ਼ਨ ਦੀ ਦੁਨੀਆ ਹੋਵੇ। ਉਹ ਹਰ ਖੇਤਰ ਵਿੱਚ ਆਪਣੇ ਕੰਮ ਦਾ ਲੋਹਾ ਮੰਨਵਾ ਚੁੱਕੀਆਂ ਹਨ। ਫਿਰ ਵੀ ਅੱਜ ਦੀਆਂ ਔਰਤਾਂ ਦੀ ਦਸ਼ਾ ਤਰਸ ਯੋਗ ਬਣੀ ਪਈ ਹੈ। ਨਵਜਾਤ ਬੱਚੀਆਂ ਤੋਂ ਬਜ਼ੁਰਗ ਔਰਤਾਂ ਤੱਕ ਨਾ ਆਪਣੇ ਘਰ ਸੁਰੱਖਿਅਤ ਹਨ ਅਤੇ ਨਾ ਘਰੋਂ ਬਾਹਰ। ਪਹਿਲਾਂ ਔਰਤਾਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੁੰਦੀਆਂ ਸਨ ਅਤੇ ਅੱਜ ਸਮੂਹਿਕ ਬਲਾਤਕਾਰ ਕਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਅੰਕੜਿਆਂ ਅਨੁੁਸਾਰ ਭਾਰਤ ਵਿੱਚ ਹਰ ਵੀਹ ਮਿੰਟ ਵਿੱਚ ਬਲਾਤਕਾਰ ਦੀ ਘਟਨਾ ਵਾਪਰਦੀ ਹੈ।
ਭਾਰਤ ਵਿੱਚ ਅਪਰਾਧ 2019 ਰਿਪੋਰਟ ਦੱਸਦੀ ਹੈ ਕਿ ਔਰਤਾਂ ਖਿਲਾਫ ਅਪਰਾਧ ਪਿਛਲੇ ਸਾਲ ਤੋਂ 7.3 ਫੀਸਦੀ ਵਧ ਚੁੱਕੇ ਹਨ। 2018-19 ਵਿੱਚ ਬੱਚਿਆਂ ਦੇ ਖਿਲਾਫ ਅਪਰਾਧਾਂ ਵਿੱਚ 4.5 ਫੀਸਦੀ ਵਾਧਾ ਹੋਇਆ ਹੈ। 2019 ਵਿੱਚ ਬੱਚਿਆਂ ਦੇ ਖਿਲਾਫ ਅਪਰਾਧ ਦੇ ਕੁੱਲ 1.48 ਲੱਖ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 46.6 ਫੀਸਦੀ ਅਗਵਾ ਕਰਨ ਦੇ ਕੇਸ ਸਨ ਅਤੇ 35.3 ਫੀਸਦੀ ਕੇਸ ਸੈਕਸ ਅਪਰਾਧਾਂ ਨਾਲ ਸੰਬੰਧਤ ਹਨ। ਮੁੱਕਦੀ ਗੱਲ ਹੈ ਕਿ ਆਜ਼ਾਦੀ ਦੇ 73 ਸਾਲ ਬਾਅਦ ਵੀ ਸਾਡੇ ਸਮਾਜ ਵਿੱਚ ਲੋਕਾਂ ਦੀ ਮਾਨਸਿਕਤਾ ਵਿੱਚ ਕੋਈ ਬਦਲਾਅ ਨਹੀਂ ਆਇਆ। ਅੱਜ ਵੀ ਮਨੂੰਵਾਦੀ ਸੋਚ ਤੇ ਜਾਤ-ਪਾਤ ਦਾ ਕੋਹੜ ਸਾਡੇ ਸਮਾਜ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਕੇ ਬੈਠਾ ਹੈ।
ਭਾਰਤ ਵਿੱਚ 2019 ਵਿੱਚ ਹਰ ਦਿਨ ਔਸਤਨ 87 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ ਅਤੇ ਸਾਲ ਦੌਰਾਨ ਔਰਤਾਂ ਖਿਲਾਫ ਅਪਰਾਧਾਂ ਦੇ 4,05,861 ਮਾਮਲੇ ਦਰਜ ਕੀਤੇ ਗਏ। ਇਹ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ। ਭਾਰਤ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਜੇ ਇਹ ਦੋ ਨੰਬਰ ਬਣੀਆਂ ਰਹਿਣਗੀਆਂ ਤਾਂ ਭਾਰਤ ਕਦੇ ਤਰੱਕੀ ਨਹੀਂ ਕਰ ਸਕਦਾ। ਅਜਿਹੇ ਮਾਹੌਲ ਵਿੱਚ ਔਰਤ ਮਾਨਸਿਕ ਤੇ ਸਰੀਰਕ ਰੂਪ ਵਿੱਚ ਸਿਹਤਮੰਦ ਨਹੀਂ ਰਹਿ ਸਕਦੀ। ਦੇਸ਼ ਵਿੱਚ ਔਰਤਾਂ ਦੀ ਸਥਿਤੀ ਸੁਧਾਰਨ ਲਈ ਸੁੂਝਵਾਨ ਨੌਜਵਾਨਾਂ, ਬੁੱਧੀਜੀਵੀਆਂ ਤੇ ਚਿੰਤਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰਤਾਂ ਨੂੰ ਅੱਗੇ ਆ ਕੇ ਆਪਣੀ ਲੜਾਈ ਆਪ ਲੜਨੀ ਚਾਹੀਦੀ ਹੈ। ਸਾਡਾ ਦਲੇਰ ਬਣਨਾ ਸਮੇਂ ਦੀ ਮੰਗ ਹੈ ਕਿਉਂਕਿ ਅਸੀਂ ਵਹਿਸ਼ੀਆਂ ਵਿੱਚ ਆਪਣੀ ਹੋਂਦ ਨੂੰ ਜਿੰਦਾ ਰੱਖਣਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!