Welcome to Canadian Punjabi Post
Follow us on

27

January 2021
ਬ੍ਰੈਕਿੰਗ ਖ਼ਬਰਾਂ :
ਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾਕਿਸਾਨ ਜਥੇਬੰਦੀਆਂ ਦਾ ਐਲਾਨ: ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾਆਤਮਘਾਤੀ ਧਮਾਕਿਆਂ ਨਾਲ ਕੰਬਿਆ ਬਗਦਾਦ, 6 ਹਲਾਕ
ਨਜਰਰੀਆ

ਨੌਕਰੀਆਂ ਦੇ ਨਖਰੇ

November 25, 2020 09:09 AM

-ਸੁਖਦੇਵ ਸਿੰਘ ਸੰਤੇਮਾਜਰਾ
ਭਾਰਤ ਵਿੱਚ ਅੱਜ ਵੀ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਕਰੋੜਾਂ ਪੜ੍ਹੇ-ਲਿਖੇ ਨੌਜਵਾਨ ਨੌਕਰੀ ਉਡੀਕਦੇ ਹੋਏ ਆਪਣੀਆਂ ਜੁਆਨੀਆਂ ਗਾਲ ਰਹੇ ਹਨ। ਸਰਕਾਰੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਨੂੰ ਸਰਕਾਰ ਤਿਆਰ ਨਹੀਂ। ਨੌਜਵਾਨਾਂ ਨੂੰ ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀਆਂ ਲੱਭਣੀਆਂ ਪੈ ਰਹੀਆਂ ਹਨ। ਇਹ ਨੌਕਰੀਆਂ ਵੀ ਠੇਕੇਦਾਰੀ ਸਿਸਟਮ ਹੇਠ ਮਿਲਦੀਆਂ ਹਨ। ਪੰਜਾਬ ਵਿੱਚ ਹੀ ਨਹੀਂ, ਹਰ ਥਾਈਂ ਸਰਕਾਰੀ ਨੌਕਰੀ ਸੁਫਨਾ ਬਣ ਕੇ ਰਹਿ ਗਈ ਹੈ। ਮਾਪੇ ਆਪਣੇ ਬੱਚਿਆਂ ਨੂੰ ਧੁੰਦਲੇ ਭਵਿੱਖ ਦੇ ਡਰੋਂ ਲੱਖਾਂ ਰੁਪਏ ਖਰਚ ਕਰ ਕੇ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਨੂੰ ਘੱਲ ਰਹੇ ਹਨ। ਪੰਜ ਦਹਾਕੇ ਪਹਿਲਾਂ ਪੰਜਾਬ ਦਾ ਇਹ ਹਾਲ ਨਹੀਂ ਸੀ, ਚੰਗੇ ਪੜ੍ਹਿਆਂ-ਲਿਖਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਜਾਂਦੀਆਂ ਸਨ। ਸਾਡੇ ਨਾਲ ਇਹ ਵਾਪਰਿਆ ਸੀ ਕਿ ਅਸੀਂ ਭਲੀ ਚੰਗੀ ਮਿਲੀ ਸਰਕਾਰੀ ਨੌਕਰੀ ਹੱਥੋਂ ਗੁਆ ਲਈ ਸੀ।
ਗੱਲ 1962 ਦੀ ਹੈ। ਮੈਂ ਤੇ ਮੇਰਾ ਦੋਸਤ ਮਿੱਤਰ, ਖਰੜ ਦਾ ਅਮਰਜੀਤ, ਚੰਡੀਗੜ੍ਹ ਡੀ ਏ ਵੀ ਕਾਲਜ ਪੜ੍ਹਦੇ ਸਾਂ। ਅਸੀਂ ਸਾਰੇ ਮਿੱਤਰ ਬੜੇ ਬੇਪਰਵਾਹ, ਮਸਤ-ਮੌਲਾ, ਪਰ ਅਗਾਂਹਵਧੂ ਵਿਚਾਰਾਂ ਵਾਲੇ ਸਾਂ। ਬੁੜੈਲ ਦਾ ਕਾਮਰੇਡ ਰਣਧੀਰ ਬਾਈ, ਕਸ਼ਮੀਰਾ ਵੀ ਸਾਡੇ ਜੋਟੀਦਾਰ ਸਨ। ਅਮਰਜੀਤ ਚੰਗੀ ਸਿਹਤ ਦਾ ਮਾਲਕ ਸੀ ਅਤੇ ਵਧੀਆ ਅਥਲੀਟ ਸੀ। ਅਸੀਂ ਰੋਜ਼ ਕਾਲਜ ਟਾਈਮ ਪਿੱਛੋਂ ਇਕੱਠੇ ਹੁੰਦੇ ਅਤੇ ਚੰਡੀਗੜ੍ਹ ਦੇ 22 ਸੈਕਟਰ ਵਿੱਚ ਗੇੜੀ ਲਾਉਂਦੇ, ਸ਼ਾਮੀਂ 22, 23 ਸੈਕਟਰ ਦੇ ਮੋੜ ਤੋਂ ਸਿੰਡੀਕੇਟ ਕੰਪਨੀ ਦੀ ਬੱਸ ਫੜ ਕੇ ਖਰੜ ਆ ਜਾਂਦੇ। ਰਣਧੀਰ ਤੇ ਕਸ਼ਮੀਰਾ ਆਪਣੇ ਪਿੰਡ ਬੁੜੈਲ ਚਲੇ ਜਾਂਦੇ।
ਬੀ ਏ ਪਾਸ ਕਰ ਕੇ ਮੈਂ ਅਤੇ ਅਮਰਜੀਤ ਨੇ ਕਿਸੇ ਦੇ ਕਹਿਣ ਉਤੇ ਚੰਡੀਗੜ੍ਹ ਇੰਪਲਾਈਮੈਂਟ ਐਕਸਚੇਂਜ ਵਿੱਚ ਨਾਂਅ ਦਰਜ ਕਰਵਾ ਦਿੱਤੇ। ਕੁਝ ਦਿਨਾਂ ਬਾਅਦ ਸਾਨੂੰ ਰੁਜ਼ਗਾਰ ਦਫਤਰੋਂ ਇੰਟਰਵਿਊ ਦੀ ਚਿੱਠੀ ਆ ਗਈ। ਇਹ ਨੌਕਰੀ ਪੰਜਾਬ ਦੇ ਸਿਹਤ ਮਹਿਕਮੇ ਲਈ ਸੀ, ਕੇਵਲ ਦੋ ਉਮੀਦਵਾਰ ਚੁਣਨੇ ਸਨ। ਸ਼ਰਤ ਇਹ ਸੀ ਕਿ ਉਮੀਦਵਾਰ ਕੋਲ ਬੀ ਏ ਵਿੱਚ ਇਕਨਾਮਿਕਸ ਦਾ ਵਿਸ਼ਾ ਅਤੇ ਮੈਰਿਟ ਚੰਗੀ ਹੋਵੇ। ਇੰਟਰਵਿਊ ਲਈ ਕੁੱਲ 10 ਜਾਂ 12 ਉਮੀਦਵਾਰ ਆਏ। ਅਸੀਂ ਦੋਵੇਂ ਚੁਣ ਲਏ ਗਏ, ਸਾਡੇ ਪਾਸ ਇਕਨਾਮਿਕਸ ਦਾ ਵਿਸ਼ਾ ਸੀ ਤੇ ਮੈਰਿਟ ਵੀ ਵਾਹਵਾ ਚੰਗੀ ਸੀ। ਅਸੀਂ ਬਹੁਤ ਖੁਸ਼ ਹੋਏ। ਕੁਝ ਦਿਨਾਂ ਮਗਰੋਂ ਦਫਤਰੋਂ ਸਾਨੂੰ ਨੌਕਰੀ 'ਤੇ ਹਾਜ਼ਰ ਹੋਣ ਦੀ ਕਾਲ ਆ ਗਈ। ਮਿੱਥੇ ਦਿਨ ਅਸੀਂ ਖਰੜ ਬਸ ਅੱਡੇ ਉੱਤੇ ਪੁੱਜ ਗਏ। ਪਹਿਲੇ ਹੀ ਦਿਨ ਅਸੀਂ ਲੇਟ ਹੋ ਰਹੇ ਸਾਂ, ਬੱਸ ਨਾ ਮਿਲੀ। ਅਸੀਂ ਫਿਰ ਕਿਰਾਏ ਦੀ ਕਾਰ ਕਰ ਕੇ ਚੰਡੀਗੜ੍ਹ ਦਫਤਰ ਪੁੱਜੇ ਤਾਂ ਦਫਤਰ ਸੁਪਰਡੈਂਟ ਨੇ ਸਾਨੂੰ ਕੰਮ ਸਮਝਾ ਦਿੱਤਾ ਤੇ ਇੱਕ ਇੱਕ ਵੱਡਾ ਰਜਿਸਟਰ ਦੇ ਦਿੱਤਾ ਜਿਸ ਵਿੱਚ ਅਸੀਂ ਖਾਨੇ ਬਣਾ ਕੇ ਗੁਰਦਾਸਪੁਰ ਜ਼ਿਲੇ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਮਰਨ ਵਾਲੇ ਵਿਅਕਤੀਆਂ ਦੇ ਵੇਰਵੇ ਤੇ ਗਿਣਤੀ ਲਿਖਣੀ ਸੀ ਕਿ ਕਿਸ ਬਿਮਾਰੀ ਨਾਲ ਕਿੰਨੇ ਲੋਕ ਮਰੇ ਅਤੇ ਕਿਹੜੀ ਨਾਲ ਕਿੰਨੇ ਮਰੇ। ਪਹਿਲੇ ਹੀ ਦਿਨ ਕੰਮ ਬੜਾ ਬੇਸੁਆਦਾ ਤੇ ਅਕਾਊ ਕਿਸਮ ਦਾ ਲੱਗਿਾ। ਅਸੀਂ ਮੌਜ-ਮਸਤੀ ਵਾਲੀ ਤਬੀਅਤ ਵਾਲੇ ਸੀ। ਉਸ ਉਮਰ ਵਿੱਚ ਭਵਿੱਖ ਲਈ ਗੰਭੀਰਤਾ ਦੀ ਵੀ ਘਾਟ ਸੀ। ਸਾਨੂੰ ਜਾਪਿਆ, ਪਹਿਲੇ ਹੀ ਦਿਨ ਸਾਡੇ ਪੱਲੇ ਮਰਿਆਂ-ਗਲਿਆਂ ਦਾ ਹਿਸਾਬ ਪਾ ਦਿੱਤਾ।
ਅਮਰਜੀਤ ਸਾਹਮਣੇ ਵਾਲੀ ਮੇਜ਼ ਉਤੇ ਬੈਠਾ ਸੀ, ਉਹ ਵੀ ਉਪਰਾਮ ਜਿਹਾ ਸੀ, ਵਾਰ ਵਾਰ ਮੇਰੇ ਵੱਲੇ ਦੇਖੀ ਜਾਵੇ। ਮੈਂ ਉਠ ਕੇ ਪਿਸ਼ਾਬ ਕਰਨ ਬਹਾਨੇ ਵਾਸ਼ਰੂਮ ਆ ਗਿਆ, ਉਹ ਵੀ ਮੇਰੇ ਮਗਰੇ ਆ ਗਿਆ। ਮੈਂ ਪੁੱਛਿਆ, ਕਿਵੇਂ? ਕਹਿੰਦਾ, ਯਾਰ, ਇਹ ਮਰਿਆਂ ਦਾ ਹਿਸਾਬ ਆਪਣੇ ਵੱਸ ਦਾ ਨਹੀਂ। ਮੈਂ ਪੁੱਛਿਆ, ਫਿਰ? ਕਹਿੰਦਾ, ਚਲੋ ਬਾਹਰ। ਅਸੀਂ ਬਾਹਰ ਆ ਗਏ, ਕੰਟੀਨ ਤੋਂ ਇੱਕ ਗਲਾਸ ਲੱਸੀ ਦਾ ਪੀਤਾ। ਮੈਂ ਪੁੱਛਿਆ, ਕਿੱਥੇ ਚੱਲੀਏ? ਕਹਿੰਦਾ-ਸੱਤ ਸੈਕਟਰ ਚੱਲਦੇ ਹਾਂ, ਉਥੇ ਅਥਲੈਟਿਕ ਮੀਟ ਹੋ ਰਹੀ ਹੈ। ਉਥੋਂ ਲੋਕਲ ਬਸ ਫੜ ਕੇ ਅਸੀਂ ਸੈਕਟਰ ਸੱਤ ਜਾ ਪੁੱਜੇ ਅਤੇ ਖੇਡਾਂ ਦੇਖ ਕੇ ਆਪੋ-ਆਪਣੇ ਘਰ ਮੁੜ ਗਏ ਅਤੇ ਮੁੜ ਕੇ ਨੌਕਰੀ ਵਾਲੇ ਦਫਤਰ ਨਹੀਂ ਗਏ।
ਅੱਜ ਮੈਂ ਸੋਚਦਾ ਹਾਂ ਕਿ ਜਿਸ ਸਰਕਾਰੀ ਨੌਕਰੀ ਲਈ ਪੱਕੇ ਹੋਣ ਲਈ ਨੌਜਵਾਨ ਅੱਜ ਧਰਨੇ ਲਾਉਂਦੇ ਹਨ, ਭੁੱਖ ਹੜਤਾਲਾਂ ਕਰਦੇ ਹਨ, ਪਾਣੀ ਦੀਆਂ ਟੈਂਕੀਆਂ ਉਤੇ ਚੜ੍ਹਦੇ ਹਨ ਤੇ ਪੁਲਸ ਦੀਆਂ ਡਾਂਗਾਂ ਖਾਂਦੇ ਹਨ, ਉਸ ਨੌਕਰੀ ਨੂੰ ਅਸੀਂ ਕਿਵੇਂ ਠੁਕਰਾਇਆ? ਇਹ ਵੱਖਰੀ ਗੱਲ ਹੈ ਕਿ ਬਾਅਦ ਦੀ ਜ਼ਿੰਦਗੀ ਵਿੱਚ ਸਾਨੂੰ ਆਪਣੇ ਜੀਵਨ ਲੀਹ ਉਤੇ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਣੇ ਪਏ ਸਨ। ਅਮਰਜੀਤ ਪੰਜਾਬ ਯੂਨੀਵਰਸਿਟੀ ਤੋਂ ਫਿਜ਼ੀਕਲ ਐਜੂਕੇਸ਼ਨ ਦੀ ਐਮ ਏ ਕਰ ਕੇ ਕੈਨੇਡਾ ਚਲਾ ਗਿਆ ਅਤੇ ਅੱਜਕੱਲ੍ਹ ਵਿਨੀਪੈਗ ਰਹਿ ਰਿਹਾ ਹੈ। ਮੈਂ ਪੰਜਾਬ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਐਮ ਏ ਕਰਦਾ ਵਿੱਚੇ ਛੱਡ ਕੇ ਆਰਮੀ ਵਿੱਚ ਕਮਿਸ਼ਨ ਲਈ ਸਿਲੈਕਟ ਹੋ ਕੇ ਟਰੇਨਿੰਗ ਲਈ ਓ ਟੀ ਐਸ (ਆਫੀਸਰਜ਼ ਟਰੇਨਿਗ ਸਕੂਲ) ਮਦਰਾਸ (ਅੱਜਕਲ੍ਹ ਚੇਨਈ) ਚਲਾ ਗਿਆ। ਮੇਰੇ ਜੀਵਨ ਵਿੱਚ ਇੱਕ ਹੋਰ ਅਣਹੋਣੀ ਹੋਈ। ਜਦੋਂ ਸਾਡੀ ਟਰੇਨਿੰਗ ਲਗਭਗ ਖਤਮ ਹੋਣ ਵਾਲੀ ਸੀ, ਪਾਸਿੰਗ ਆਊਟ ਪਰੇਡ ਦੀ ਰਿਹਰਸਲ ਹੋ ਰਹੀ ਸੀ ਅਤੇ ਕੇਵਲ 22 ਦਿਨ ਰਹਿੰਦੇ ਸਨ, ਜਦੋਂ ਸਾਡੇ ਮੋਢਿਆਂ ਉੱਤੇ ਸੈਕਿੰਡ ਲੈਫਟੀਨੈਂਟ ਦੇ ਸਟਾਰ ਲੱਗਣੇ ਸਨ, ਮੈਨੂੰ ਆਰਮੀ ਹੈੱਡਕੁਆਰਟਰ ਤੋਂ ਚਾਣਚੱਕ ਮਿਲੇ ਸਿਗਨਲ ਦੇ ਆਧਾਰ 'ਤੇ, ਬਿਨਾਂ ਕੋਈ ਕਾਰਨ ਦੱਸੇ ਫੌਰੀ ਸਕੂਲ ਵੱਲੋਂ ਘਰ ਭੇਜ ਦਿੱਤਾ ਗਿਆ।
ਗੱਲ ਇਸ ਤਰ੍ਹਾਂ ਸੀ ਕਿ ਮੇਰੇ ਪਿਤਾ ਜੀ ਆਪਣੇ ਇਲਾਕੇ ਦੇ ਸੀ ਪੀ ਐਮ ਦੇ ਸਿਰਕੱਢ ਆਗੂ ਸਨ। 1962 ਦੀ ਭਾਰਤ-ਚੀਨ ਲੜਾਈ ਵੇਲੇ ਇਸ ਪਾਰਟੀ ਦੇ ਸਾਰੇ ਵੱਡੇ ਨੇਤਾ ਭਾਰਤ ਦੀ ਸਰਕਾਰ ਨੇ ਚੀਨ-ਪੱਖੀ ਗਰਦਾਨ ਕੇ ਜੇਲ੍ਹੀਂ ਡੱਕ ਦਿੱਤੇ ਸਨ। ਮੇਰੇ ਪਿਤਾ ਜੀ ਵੀ ਉਸ ਵੇਲੇ ਤਿਹਾੜ ਜੇਲ੍ਹ ਦਿੱਲੀ ਬੰਦ ਸਨ। ਸ਼ਾਇਦ ਉਨ੍ਹਾਂ ਦੇ ਸਿਆਸੀ ਵਿਚਾਰਾਂ ਕਰ ਕੇ ਮੈਨੂੰ ਵੀ ਇਹ ਸਜ਼ਾ ਭੁਗਤਣੀ ਪਈ।

Have something to say? Post your comment