Welcome to Canadian Punjabi Post
Follow us on

27

January 2021
ਬ੍ਰੈਕਿੰਗ ਖ਼ਬਰਾਂ :
ਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰਟਰੈਵਲਰਜ਼ ਲਈ ਪਾਬੰਦੀਆਂ ਹੋਰ ਸਖ਼ਤ ਕਰਨ ਦਾ ਫਰੀਲੈਂਡ ਨੇ ਦਿੱਤਾ ਸੰਕੇਤਰਾਮ ਰਹੀਮ ਦਾ ਚੇਲਿਆਂ ਨੂੰ ਦਿਲਾਸਾ: ਜੇਲ੍ਹ ਵਿੱਚੋਂ ਮਾਂ ਅਤੇ ਸਮਰਥਕਾਂ ਨੂੰ ਚਿੱਠੀ ਲਿਖ ਕੇ ਕਿਹਾ: ਜਲਦੀ ਡੇਰੇ ਵਿੱਚ ਆ ਜਾਵਾਂਗਾਰਾਜੋਆਣਾ ਨੂੰ ਫਾਂਸੀ ਦਾ ਫੈਸਲਾ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦਿੱਤਾਕਿਸਾਨ ਜਥੇਬੰਦੀਆਂ ਦਾ ਐਲਾਨ: ਟਰੈਕਟਰ ਪਰੇਡ ਮਗਰੋਂ ਪਹਿਲੀ ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਵੀ ਕੀਤਾ ਜਾਵੇਗਾਗਵਰਨਰ ਜਨਰਲ ਜੂਲੀ ਪੇਯੈਟ ਨੇ ਦਿੱਤਾ ਅਸਤੀਫਾਆਤਮਘਾਤੀ ਧਮਾਕਿਆਂ ਨਾਲ ਕੰਬਿਆ ਬਗਦਾਦ, 6 ਹਲਾਕ
ਨਜਰਰੀਆ

ਘਰ ਦਾ ਸ਼ਿੰਗਾਰ ਤੇ ਗਹਿਣਾ ਛੱਜ

November 25, 2020 09:07 AM

-ਜੈਕਬ ਤੇਜਾ ਸਰਜੇਚੱਕ
ਪੁਰਾਣੇ ਸਮਿਆਂ ਵਿੱਚ ਫਸਲ ਨੂੰ ਵੱਢਣ ਅਤੇ ਕੱਢਣ ਤੋਂ ਮਗਰੋਂ ਸਾਫ-ਸੁਥਰੀ ਕਰਨ ਲਈ ਛੱਜ ਦੀ ਵਰਤੋਂ ਕੀਤੀ ਜਾਂਦੀ ਸੀ। ਪੰਜਾਬ ਖੇਤੀ ਨਾਲ ਸੰਬੰਧ ਰੱਖਣ ਵਾਲਾ ਸੂਬਾ ਹੋਣ ਕਾਰਨ ਇੱਥੇ ਘਰਾਂ ਵਿੱਚ ਖੇਤੀਬਾੜੀ ਨਾਲ ਸੰਬੰਧਤ ਔਜ਼ਾਰ ਬਹੁਤ ਪਿਆਰ ਨਾਲ ਸਾਂਭੇ ਅਤੇ ਵਰਤੇ ਜਾਂਦੇ ਹਨ। ਇਨ੍ਹਾਂ ਔਜ਼ਾਰਾਂ ਵਿੱਚੋਂ ਇੱਕ ਹੈ ਛੱਜ। ਘਰ ਵਿੱਚ ਛੱਜ ਦੀ ਪੂਰੀ ਚੌਧਰ ਹੁੰਦੀ ਸੀ। ਛੱਜ ਦੀ ਵਰਤੋਂ ਅੱਜ ਵੀ ਕੀਤੀ ਜਾਂਦੀ ਹੈ, ਪਰ ਤੀਲ੍ਹਾਂ ਵਾਲੇ ਛੱਜ ਬਹੁਤ ਘੱਟ ਮਿਲਦੇ ਹਨ ਤੇ ਉਨ੍ਹਾਂ ਦੀ ਜਗ੍ਹਾ ਅੱਜਕੱਲ੍ਹ ਲੋਹੇ ਦੇ ਛੱਜ ਨੇ ਲੈ ਲਈ ਹੈ।
ਛੱਜ ਕਾਨਿਆਂ ਦੀਆਂ ਤੀਲ੍ਹਾਂ ਨੂੰ ਚਮੜੇ ਦੀ ਡੋਰੀ ਜਾਂ ਧਾਗੇ ਨਾਲ ਗੰਢ ਕੇ ਬਣਾਇਆ ਜਾਂਦਾ ਹੈ। ਖੇਤੀ ਵਿੱਚ ਛੱਜ ਦੀ ਮਹੱਤਵ ਪੂਰਨ ਥਾਂ ਰਹੀ ਹੈ। ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ ਜਾਂ ਢਹਾ ਕਿਹਾ ਜਾਂਦਾ ਹੈ। ਛੱਜ ਬਣਾਉਣ ਲਈ ਹਰੇ ਅਤੇ ਨਰਮ ਕਾਨਿਆਂ ਨੂੰ ਵੱਢ ਕੇ ਘਰ ਦੀ ਛੱਤ, ਖੁੱਲ੍ਹੇ ਵਿਹੜੇ ਜਾਂ ਖੇਤ ਵਿੱਚ ਸੁਕਾਉਣਾ ਪੈਂਦਾ ਹੈ। ਕੁਝ ਦਿਨ ਸੁਕਾ ਕੇ ਕਾਨਿਆਂ ਨੂੰ ਛਿੱਲੜ ਲਾਹ ਕੇ ਪੂਲ਼ੇ ਬੰਨ੍ਹ ਕੇ ਖੜੇ ਰੱਖ ਲਏ ਜਾਂਦੇ ਹਨ। ਛੱਜ ਦਾ ਤਲ਼ਾ ਬਣਾਉਣ ਲਈ ਕਾਨਿਆਂ ਦੇ ਉਤਲੇ ਸਿਰੇ ਵਾਲੇ ਪਾਸਿਓਂ ਢਾਈ ਤੋਂ ਤਿੰਨ ਫੁੱਟ ਲੰਮੀਆਂ ਨਰਮ ਪਤਲੀਆਂ ਤੀਲ੍ਹਾਂ ਵੱਢ ਲਈਆਂ ਜਾਂਦੀਆਂ ਹਨ। ਛੱਜ ਬਣਾਉਣ ਵਿੱਚ ਜ਼ਿਆਦਾ ਪਤਲੀਆਂ ਤੀਲ੍ਹਾਂ ਦੀ ਵਰਤੋਂ ਹੁੰਦੀ ਹੈ। ਤਲੇ ਦੇ ਹੇਠਲੇ ਪਾਸੇ ਮੂੰਹ ਅੱਗੇ ਪੋਟਾ-ਪੋਟਾ ਬਾਂਸ ਦੀਆਂ ਬਰੀਕ ਫੱਟੀਆਂ ਰੱਖ ਕੇ ਬੰਨ੍ਹੀਆਂ ਜਾਂਦੀਆਂ ਹਨ। ਬਾਂਸ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਕਿ ਛੱਜ ਦੇ ਤਲ਼ੇ ਨੂੰ ਆਸਰਾ ਮਿਲ ਸਕੇ ਤੇ ਤੀਲ੍ਹਾਂ ਸਿੱਧੀਆਂ ਤੇ ਆਪੋ ਵਿੱਚ ਜੁੜੀਆਂ ਰਹਿਣ। ਤਲ਼ੇ ਦੇ ਪਿੱਛੋਂ ਤੀਲ੍ਹਾਂ ਉਤੇ ਵਾਲੇ ਪਾਸੇ ਨੂੰ ਚਾਰ ਕੁ ਇੰਚ ਮੋੜਨ /ਭੰਨਣ ਲੱਗੇ ਤੀਲ੍ਹਾਂ ਪਾਣੀ ਵਿੱਚ ਗਿੱਲੀਆਂ ਕਰੀਦੀਆਂ ਹਨ, ਤਾਂ ਕਿ ਨਰਮ ਹੋ ਕੇ ਦੂਹਰੀਆਂ ਕਰਨੀਆਂ ਸੌਖੀਆਂ ਹੋ ਜਾਣ।
ਭੰਨਣ ਨੂੰ ਨੀਵਾਂ ਜਾਂ ਨਿਮਾਣਾ ਆਖਦੇ ਹਨ। ਇਹ ਭੰਨੀਆਂ ਇਸ ਲਈ ਜਾਂਦੀਆਂ ਹਨ ਕਿ ਪਿੱਛੋਂ ਅਨਾਜ ਨੂੰ ਡਿੱਗਣ ਤੋਂ ਰੋਕਿਆ ਜਾ ਸਕੇ। ਛੱਜ ਦੇ ਉਤਲੇ ਸਿਰੇ 'ਤੇ ਮੁੱਠੇ ਵਿੱਚ ਸੱਤ ਮੋਟੇ ਕਾਨੇ ਬੰਨ੍ਹੇ ਜਾਂਦੇ ਅਤੇ ਇਸ ਦੇ ਦੋਵੇਂ ਸੱਜੇ-ਖੱਬੇ ਸਿਰਿਆਂ ਨੂੰ ਕੱਸ ਕੇ ਧਾਗੇ ਨਾਲ ਬੰਨ੍ਹਿਆ ਜਾਂਦਾ ਹੈ। ਪੂਰੇ ਛੱਜ ਵਿੱਚ ਨਮੂਨੇ ਪਾਉਣ ਨੂੰ ਫੜ ਕਰਨਾ ਆਖਦੇ ਅਤੇ ਬੰਨ੍ਹਣ ਲਈ ਕੱਕਰ/ ਪੱਠਾ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਕੱਕਰ ਚਮੜੇ ਦਾ ਬਹੁਤ ਪੱਕਾ ਧਾਗਾ/ ਡੋਰੀ ਹੁੰਦੀ, ਜੋ ਬੱਕਰੇ ਦੀਆਂ ਬਰੀਕ ਨਾੜਾਂ ਨੂੰ ਸੁਕਾ ਕੇ ਬਣਦੀ ਹੈ। ਛੱਜ ਦੇ ਦੋਵੇਂ ਪਾਸੇ ਸੱਜੇ-ਖੱਬੇ ਸਿਰੇ ਥੋੜ੍ਹੇ ਬਾਹਰ ਨੂੰ ਹੁੰਦੇ ਅਤੇ ਦਾਣਿਆਂ ਨੂੰ ਬਾਹਰ ਡਿੱਗਣ ਤੋਂ ਬਚਾਉਂਦੇ ਹਨ। ਛੱਜ ਨੂੰ ਬਣਾਉਣ ਲਈ ਦਾਤਰੀ, ਪੜਛੀ ਅਤੇ ਕਰਦ ਦਾ ਇਸਤੇਮਾਲ ਕੀਤੀ ਜਾਂਦਾ ਹੈ। ਪੂਰੇ ਛੱਜ ਵਿੱਚ ਇੱਕ ਸੌ ਸੱਤਰ ਦੇ ਕਰੀਬ ਤੀਲ੍ਹਾਂ ਅਤੇ ਛੇ-ਸੱਤ ਬਾਂਸ ਦੀਆਂ ਫੱਟੀਆਂ ਦੀ ਵਰਤੋਂ ਹੁੰਦੀ ਹੈ।
ਕਾਨਿਆਂ ਦਾ ਬਣਿਆ ਹੋਣ ਕਰ ਕੇ ਛੱਜ ਬਹੁਤ ਹੌਲਾ ਹੁੰਦਾ ਹੈ। ਇਸ ਦਾ ਭਾਰ/ ਵਜ਼ਨ ਚਾਰ ਸੌ ਤੀਹ ਕੁ ਗਰਾਮ ਦੇ ਕਰੀਬ ਹੁੰਦਾ ਹੈ। ਇਸ ਦੀ ਚੌੜਾਈ ਦੋ ਫੁੱਟ ਤੇ ਲੰਬਾਈ ਡੇਢ ਫੁੱਟ ਹੁੰਦੀ ਹੈ। ਛੱਜ ਨੂੰ ਤਿਆਰ ਕਰਨ ਵਿੱਚ ਇੱਕ ਘੰਟੇ ਦਾ ਸਮਾਂ ਲੱਗਦਾ ਹੈ। ਛੱਜ ਬਣਾਉਣ ਵਾਲੇ ਇੱਕ ਬਜ਼ੁਰਗ ਨਾਲ ਮੇਰੀ ਗੱਲ ਹੋਈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਛੱਜ ਦੀ ਕੀਮਤ ਇੱਕ ਧੇਲੀ-ਪੌਲੀ ਹੁੰਦੀ ਸੀ। ਕਾਨੇ ਮੁਫਤ ਮਿਲਦੇ ਸਨ, ਜੋ ਅੱਜ ਮੁੱਲ ਮਿਲਦੇ ਹਨ। ਠੇਕੇਦਾਰਾਂ ਨੇ ਕਾਨਿਆਂ ਦੇ ਠੇਕੇ ਲਏ ਹੋਏ ਹਨ। ਅੱਜ ਕੱਲ੍ਹ ਸੱਠ ਤੋਂ ਲੈ ਕੇ ਅੱਸੀ ਰੁਪਏ ਤੱਕ ਦਾ ਛੱਜ ਵਿਕਦਾ ਹੈ। ਓਦਾਂ ਦੁਕਾਨਾਂ 'ਤੇ ਲੋਹੇ ਦੇ ਛੱਜ ਆ ਗਏ, ਤੀਲ੍ਹਾਂ ਵਾਲਿਆਂ ਦੀ ਵਿਕਰੀ ਘੱਟ ਹੋ ਗਈ ਹੈ।
ਪੰਜਾਬੀ ਵਿਆਹ ਵਿੱਚ ਰਾਤ ਨੂੰ ਜਾਗੋ ਕੱਢਦੇ ਸਮੇਂ ਨਾਨਕਿਆਂ ਵੱਲੋਂ ਨੱਚ-ਟੱਪ ਕੇ ਲੋਕ ਬੋਲੀਆਂ ਅਤੇ ਰੀਤਾਂ ਨਾਲ ਦਾਦਕਿਆਂ ਵੱਲੋਂ ਦਿੱਤਾ ਗਿਆ ਛੱਜ ਜ਼ਰੂਰ ਭੰਨਿਆ ਜਾਂਦਾ ਹੈ। ਇਹ ਵਿਆਹ ਦੀ ਰਸਮ ਹੈ। ਇਸ ਵਿੱਚ ਨਾਨਕਿਆਂ ਅਤੇ ਦਾਦਕਿਆਂ ਦੇ ਬੋਲੀਆਂ ਦੇ ਮੁਕਾਬਲੇ ਵਿੱਚ ਛੱਜ ਭੰਨਿਆ ਜਾਂਦਾ ਹੈ। ਪੁਰਾਣਾ ਛੱਡ ਲੈ ਕੇ ਉਸ ਨੂੰ ਮੇਲਣਾਂ ਘੁੰਗਰੂਆਂ ਵਾਲੇ ਸੋਟੇ ਨਾਲ ਕੁੱਟ-ਕੁੱਟ ਕੇ ਤੀਲਾ-ਤੀਲਾ ਕਰ ਦੇਂਦੀਆਂ ਹਨ। ਨਾਲੋਂ ਨਾਲ ਮਸਤੀ ਵਿੱਚ ਗਾ ਰਹੀਆਂ ਹੁੰਦੀਆਂ ਹਨ:
‘ਤੋੜ ਦਿਓ ਨੀ ਇਸ ਭਾਗਾਂ ਵਾਲੇ ਛੱਜ ਨੂੰ...।’
ਆਮ ਤੌਰ 'ਤੇ ਛੱਜ ਘਰਾਂ ਵਿੱਚ ਕਣਕ ਦਾਣੇ, ਛੱਟਣ, ਚੌਲ ਛੱਟਣ ਜਾਂ ਵੰਡ ਕੱਢਣ ਦੇ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਦਾਣੇਦਾਰ ਬੀਜ ਛੱਟਣ ਲਈ ਵੀ ਵਰਤਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਫਸਲ ਵੱਢਣ ਪਿੱਛੋਂ ਉਸ ਨੂੰ ਬਲਦਾਂ ਨਾਲ ਗਾਹਿਆ ਜਾਂਦਾ ਅਤੇ ਅਨਾਜ ਵਿੱਚੋਂ ਕੱਖ/ ਫੂਸ ਵੱਖ ਕਰਨ ਲਈ ਛੱਜ ਵਿੱਚ ਪਾ ਕੇ ਹਵਾ ਦੇ ਰੁਖ਼ ਨਾਲ ਉਚਾਈ ਤੋਂ ਉਡਾਇਆ ਜਾਂਦਾ ਸੀ। ਹਵਾ ਵਿੱਚ ਉਡਾਉਣ ਨਾਲ ਉਡ ਕੇ ਕੱਖ ਵੱਖ ਹੋ ਜਾਂਦੇ ਤੇ ਦਾਣੇ ਵਜ਼ਨ ਵਾਲੇ ਹੋਣ ਕਰ ਕੇ ਹੇਠਾਂ ਕਿਰਦੇ ਜਾਂਦੇ ਸਨ। ਜ਼ਿਆਦਾ ਅਨਾਜ ਛੱਜ ਦੇ ਮੂੰਹ ਵਿੱਚੋਂ ਹੋ ਕੇ ਘਰਾਂ ਤੱਕ ਪਹੁੰਚਦਾ ਹੈ। ਲੋਕ ਪੁਰਾਣੇ ਛੱਜ ਨੰ ਨਾ ਤਾਂ ਬਾਲਦੇ, ਨਾਂ ਸੁੱਟਦੇ, ਸਗੋਂ ਛੱਜ ਵਧਾਉਣ ਦੀ ਰਸਮ ਕਰਦੇ ਹਨ। ਛੱਜ ਬਣਾਉਣ ਦੀ ਅਨੋਖੀ ਤੇ ਪੁਰਾਤਨ ਕਲਾ ਹੈ। ਅੱਜਕੱਲ੍ਹ ਇਹ ਕਲਾ ਲੋਕਾਂ ਦੇ ਹੱਥਾਂ ਵਿੱਚੋਂ ਕਿਰਦੀ ਤੇ ਵਿੱਸਰਦੀ ਜਾ ਰਹੀ ਹੈ। ਮਸ਼ੀਨੀ ਯੁੱਗ ਹੋਣ ਕਰ ਕੇ ਅੱਜ ਕੱਲ੍ਹ ਛੱਜ ਬਣਾਉਣ ਵਾਲਿਆਂ ਨੂੰ ਬਹੁਤਾ ਕੰਮ ਨਹੀਂ ਮਿਲਦਾ। ਇਸ ਲੀ ਉਹ ਇਸ ਕੰਮ ਤੋਂ ਮੁੱਖ ਮੋੜਨ ਲੱਗੇ ਹਨ।

Have something to say? Post your comment