ਵੀਨਸ, 7 ਨਵੰਬਰ (ਪੋਸਟ ਬਿਊਰੋ)- ਸਿੱਖ ਭਾਈਚਾਰਾ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਭਾਰਤ ਦੀ ਪ੍ਰਮੁੱਖ ਰਾਜਨੀਤਕ ਆਗੂ ਸੋਨੀਆ ਗਾਂਧੀ ਦਾ ਜੱਦੀ-ਪੁਸ਼ਤੀ ਘਰ ਖਰੀਦ ਲਿਆ ਹੈ। ਉਹ ਇਸ ਘਰ ਨੂੰ ਇੱਕ ਵਿਰਾਸਤੀ ਸਥਾਨ ਵਜੋਂ ਵਿਕਸਤ ਕਰਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣਾ ਚਾਹੁੰਦੇ ਹਨ। ਇਹ ਸਥਾਨ ਇਟਲੀ ਦੇ ਵੈਨੇਤੋ ਰਾਜ ਦੇ ਵਿਚੈਂਸਾ ਜ਼ਿਲੇ ਵਿੱਚ ਲੁਸੀਆਨਾ ਸ਼ਹਿਰ ਵਿੱਚ ਹੈ, ਜਿੱਥੇ ਸੋਨੀਆ ਗਾਂਧੀ 9 ਦਸੰਬਰ 1946 ਨੂੰ ਸਨਿਓਰ ਸਟੀਫਨ ਤੇ ਪਾਓਲਾ ਮਾਈਨੋ ਦੇ ਘਰ ਜਨਮੇ ਸਨ ਅਤੇ ਬਾਅਦ ਵਿੱਚ ਨਹਿਰੂ ਪਰਵਾਰ ਦੀ ਨੂੰਹ ਬਣੇ ਸਨ।
ਵਿਸ਼ੇਸ਼ ਗੱਲਬਾਤ ਦੌਰਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਸੋਨੀਆ ਗਾਂਧੀ ਨੇ ਜਿੱਥੇ ਭਾਰਤੀ ਰਾਜਨੀਤੀ ਅੰਦਰ ਸਿਖਰਾਂ ਨੂੰ ਛੋਹਿਆ ਹੈ, ਉਥੇ ਵਿਸ਼ਵ ਦੀਆਂ ਮਹਾਨ ਔਰਤਾਂ ਵਿੱਚ ਉਚਾ ਵੀ ਦਰਜਾ ਰੱਖਦੇ ਹਨ। ਇਸ ਲਈ ਇਹ ਘਰ ਖਰੀਦ ਕੇ ਉਨ੍ਹਾਂ ਦੀ ਵਿਰਾਸਤ ਸੰਭਾਲਣ ਦਾ ਉਪਰਾਲਾ ਕੀਤਾ ਹੈ। ਸੁਖਦੇਵ ਸਿੰਘ ਕੰਗ ਦੇ ਇਸ ਉਪਰਾਲੇ ਦੀ ਇਟਲੀ ਸਰਕਾਰ ਵੱਲੋਂ ਲੁਸਿਆਨਾ ਸ਼ਹਿਰ ਦੀ ਮੇਅਰ ਕੋਰਾਡੀਨ ਅਨਤੋਨੈਲਾ ਨੇ ਵੀ ਉਚੇਚੇ ਤੌਰ `ਤੇ ਸ਼ਾਲਾਘਾ ਕੀਤੀ ਤੇ ਕਿਹਾ ਕਿ ਇਟਲੀ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਹਿੱਤ ਇਹ ਇੱਕ ਕੜੀ ਸਾਬਿਤ ਹੋਵੇਗਾ।