Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਕਹਾਣੀ : ਬੇੜੀਆਂ

November 04, 2020 08:20 AM

-ਆਰਤੀ ਤਿਵਾੜੀ
ਸਮਾਜ ਦੀਆਂ ਬੇੜੀਆਂ ਤੋਂ ਆਜ਼ਾਦ ਹੋਣ ਦੀ ਗੁਹਾਰ ਲਾਉਂਦੀ ਨਵੀਂ ਪੀੜ੍ਹੀ ਲਈ ਰਿਸ਼ਤੇ ਬਣਾਉਣਾ ਆਸਾਨ ਨਹੀਂ ਹੁੰਦਾ। ਅਜਿਹੇ ਵਿਚ ਜਦ ਉਹ ਫੈਸਲੇ ਲੈ ਲੈਂਦੇ ਹਨ ਤਾਂ ਪੁਰਾਣੀ ਪੀੜ੍ਹੀ ਨੂੰ ਵੀ ਸਮਾਜ, ਸੰਸਕਾਰ ਅਤੇ ਲੋਕ ਕੀ ਕਹਿਣਗੇ ਵਰਗੀਆਂ ਰੁਕਾਵਟਾਂ ਤੋਂ ਪਾਰ ਕਰਵਾਉਣ ਵਿੱਚ ਵੀ ਪਿੱਛੇ ਨਹੀਂ ਹਟਦੇ ਹਨ।
‘‘ਮਾਂ ਮੈਂ ਇੱਕ ਵਾਰ ਕਹਿ ਦਿੱਤਾ ਨਾ, ਤੁਸੀਂ ਵਾਰ-ਵਾਰ ਇਸ ਤੋਂ ਮਨ੍ਹਾ ਕਿਉਂ ਕਰਦੇ ਹੋ?” ਕਹਿੰਦੇ ਹੋਏ ਆਸਥਾ ਦਫਤਰ ਜਾਣ ਦੀ ਤਿਆਰੀ ਵਿੱਚ ਹੋਰ ਤੇਜ਼ੀ ਕਰਨ ਲੱਗੀ। ਜਦ ਉਹ ਨਾਰਾਜ਼ ਹੋ ਜਾਂਦੀ ਹੈ ਤਾਂ ਹਰ ਕੰਮ ਜਲਦੀ ਹੀ ਕਰਨ ਲੱਗਦੀ ਹੈ। ਇਹ ਆਦਤ ਉਸ ਨੇ ਮਾਂ ਸੁਮਿੱਤਰਾ ਤੋਂ ਸਿੱਖੀ ਸੀ। ਆਸਥਾ ਦੀ ਗੱਲ ਸੁਣ ਕੇ ਸੁਮਿੱਤਰਾ ਉਸ ਨੂੰ ਸਮਝਾਉਂਦੇ ਹੋਏ ਬੋਲੀ, ‘‘ਪਰ ਧੀਏ ਇਹ ਵੀ ਤਾਂ ਸੋਚ ਨਾ ਕਿ ਅਸੀਂ ਇੱਕ ਸਮਾਜ ਅਤੇ ਦੁਨੀਆ ਵਿੱਚ ਰਹਿੰਦੇ ਹਾਂ। ਅੱਗੇ ਵਧਣ ਦਾ ਤਾਂ ਇਹ ਬਿਲਕੁਲ ਮਤਲਬ ਨਹੀਂ ਕਿ ਅਸੀਂ ਇਨ੍ਹਾਂ ਨਿਯਮਾਂ ਅਤੇ ਸਮਾਜ ਦੀ ਸੋਚ 'ਤੇ ਮਿੱਟੀ ਪਾ ਦੇਈਏ।”
‘‘ਸੋਚਣਾ ਤੁਸੀਂ ਹੈ, ਮੈਂ ਨਹੀਂ। ਮੈਂ ਆਪਣਾ ਫੈਸਲਾ ਤੁਹਾਨੂੰ ਦੱਸ ਦਿੱਤਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਜ਼ਰੀਏ ਨੂੰ ਸਮਝੋ, ਕਿਉਂਕਿ ਤੁਹਾਡੀ ਸਹਿਮਤੀ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਮੇਰੀ।” ਕਹਿੰਦੇ ਹੋਏ ਆਸਥਾ ਅੱਜ ਫਿਰ ਹੜਬੜੀ ਵਿੱਚ ਨਾਸ਼ਤਾ ਕਰਦੇ ਹੋਏ ਨਿਕਲ ਗਈ। ਆਖਰ ਕਿਉਂ ਨਾ ਕਰੇ ਉਹ ਇੰਨੀ ਜਿੱਦ। ਵਿਆਹ ਕਰਾਉਣ ਦਾ ਫੈਸਲਾ ਉਸ ਨੇ ਸੋਚ ਸਮਝ ਕੇ ਲਿਆ ਸੀ। ਸਮਾਜ ਅਤੇ ਉਸ ਦੇ ਨਿਯਮਾਂ ਦੀਆਂ ਗੱਲਾਂ ਉਹ ਬਹੁਤ ਵਾਰ ਸੁਣ ਚੁੱਕੀ ਹੈ। ਉਸ ਨੂੰ ਸਾਰੀਆਂ ਗੱਲਾਂ ਕਾਲ ਸੈਂਟਰ ਦੇ ਉਸੇ ਮਿਊਜ਼ਿਕ ਵਾਂਗ ਲੱਗਦੀਆਂ ਹਨ, ਜਿੱਥੇ ਉਹ ਆਪਣੇ ਇੱਕ ਛੋਟੇ ਜਿਹੇ ਕੰਮ ਨੂੰ ਪੂਰਾ ਹੋਣ ਦੀ ਉਡੀਕ ਵਿੱਚ ਕਾਲ ਹੋਲਡ 'ਤੇ ਲਾ ਕੇ ਉਸ ਨੂੰ ਸੁਣਦੀ ਰਹਿੰਦੀ ਸੀ, ਪਰ ਉਧਰੋਂ ਕੋਈ ਜਵਾਬ ਨਹੀਂ ਆਉਂਦਾ ਸੀ।
ਗੱਡੀ ਡਰਾਈਵ ਕਰਦੇ ਹੋਏ ਉਸ ਦੇ ਦਿਮਾਗ ਵਿੱਚ ਇਹੀ ਸਭ ਗੱਲਾਂ ਚੱਲ ਰਹੀਆਂ ਸਨ। ਅੱਜ ਉਹ ਕੁਝ ਜ਼ਿਆਦਾ ਖਿੱਝ ਰਹੀ ਸੀ। ਟਰੈਫਿਕ ਦੀ ਲਾਲ ਬੱਤੀ 'ਤੇ ਦੋ ਮਿੰਟ ਦਾ ਸਮਾਂ ਵੀ ਪਹਾੜ ਜਿਹਾ ਲੱਗਦਾ ਸੀ। ਉਸ ਦੇ ਘਰੋਂ ਨਿਕਲਣ ਤੋਂ ਪਹਿਲਾਂ ਅਤੇ ਰਾਤ ਨੂੰ ਘਰ ਆਉਣ ਪਿੱਛੋਂ ਵਿਆਹ ਇੱਕੋ-ਇੱਕ ਵਿਸ਼ਾ ਸੀ ਜਿਸ 'ਤੇ ਉਹ ਮਾਂ ਨਾਲ ਚਰਚਾ ਕਰ ਕੇ ਉਨ੍ਹਾਂ ਦੀ ਹਾਮੀ ਚਾਹ ਰਹੀ ਸੀ, ਪਰ ਹਰ ਵਾਰ ਉਹੀ ਸਭ ਗੱਲਾਂ ਹੰੁਦੀਆਂ ਅਤੇ ਉਹ ਰੁੱਸ ਕੇ ਕਮਰੇ ਵਿੱਚ ਚਲੀ ਜਾਂਦੀ। ਦਿੱਕਤ ਇਹ ਸੀ ਕਿ ਜਦ ਉਸ ਨੂੰ ਲੱਗਦਾ ਕਿ ਰਾਤ ਤੇ ਅਗਲੀ ਸਵੇਰ ਉਸ ਦੇ ਮਨਾਉਣ-ਸਮਝਾਉਣ 'ਤੇ ਮਾਂ ਕੁਝ ਪਿਘਲ ਰਹੀ ਹੈ ਤਾਂ ਉਸੇ ਦਿਨ ਕਦੇ ਵੱਡੇ ਪਾਪਾ ਜਾਂ ਬਾਕੀ ਪਰਵਾਰ ਵਾਲੇ ਤੇ ਕਦੇ ਗੁਆਂਢ ਦੀਆਂ ਆਂਟੀਆਂ ਸਾਰਾ ਦਿਨ ਮਾਂ ਨੂੰ ਸਮਾਜ ਦੇ ਕਾਇਦੇ-ਕਾਨੂੰਨ ਸਮਝਾ ਕੇ ਚਲੇ ਜਾਂਦੇ। ਇਸ ਤੋਂ ਮਾਂ ਫਿਰ ਉਹੀ ਗੱਲਾਂ ਲੈ ਕੇ ਕੇ ਉਸ ਨੂੰ ਸਮਝਾਉਣ ਬੈਠ ਜਾਂਦੀ।
ਇਧਰ ਆਸਥਾ ਦੇ ਜਾਣ ਪਿੱਛੋਂ ਫਿਰ ਸੁਮਿੱਤਰਾ ਦਾ ਮਨ ਕਿਸੇ ਕੰਮ ਵਿੱਚ ਨਹੀਂ ਲੱਗ ਰਿਹਾ ਸੀ। ਰਸੋਈ ਵਿੱਚ ਆਪਣੇ ਲਈ ਇੱਕ ਕੱਪ ਚਾਹ ਬਣਾਉਣ ਗਈ ਤਾਂ ਹਰ ਚੀਜ਼ ਖਿੱਲਰੀ ਹੋਈ ਛੱਡ ਦਿੱਤੀ। ਸਫਾਈ ਅਤੇ ਸਲੀਕੇ ਨਾਲ ਹਰ ਕੰਮ ਕਰਨ ਵਾਲੀ ਸੁਮਿੱਤਰਾ ਨੂੰ ਆਸਥਾ ਦੀ ਚਿੰਤਾ ਸਤਾ ਰਹੀ ਸੀ। ਇੰਨੀ ਨਾਰਾਜ਼ਗੀ ਅਤੇ ਜਿੱਦ ਨੂੰ ਬੜਾਵਾ ਦੇਣ ਵਿੱਚ ਕਿਤੇ ਨਾ ਕਿਤੇ ਉਸੇ ਦਾ ਹੱਥ ਸੀ। ਸੋਚ ਵਿੱਚ ਪੈ ਗਈ ਸੀ ਸੁਮਿੱਤਰਾ, ਕਿਉਂ ਨਾ ਪੂਰੀ ਕਰਦੀ ਉਹ ਉਸ ਦੀ ਹਰ ਜਿੱਦ। ਕਰੀਬ 12 ਸਾਲ ਪਹਿਲਾਂ ਜਦ ਆਸਥਾ ਦੇ ਪਾਪਾ ਦਾ ਦਿਹਾਂਤ ਹੋਇਆ ਤਾਂ ਸਹੁਰੇ ਪਰਵਾਰ ਨੇ ਸਾਥ ਦਿੱਤਾ, ਪਰ ਉਨ੍ਹਾਂ ਦੇ ਵਿਹਾਰ ਵਿੱਚ ਕਿਤੇ ਨਾ ਕਿਤੇ ਆਪਣਾਪਣ ਸਿਰਫ ਰਸਮੀ ਰੂਪ ਲੈ ਚੁੱਕਾ ਸੀ। ਆਪਣਿਆਂ ਦੇ ਨਾਂਅ 'ਤੇ ਕੋਈ ਸੀ ਤਾਂ ਉਹ 10 ਸਾਲ ਦੀ ਆਸਥਾ, ਜੋ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਸਹੀ ਕਹਿੰਦੇ ਹਨ ਕਿ ਧੀਆਂ ਜਲਦੀ ਵੱਡੀਆਂ ਹੋ ਜਾਂਦੀਆਂ ਹਨ, ਪਰ ਆਸਥਾ ਤਦ ਤੋਂ ਹੀ ਵੱਡੀ ਹੋ ਗਈ ਸੀ, ਜਦ ਉਸ ਦੇ ਪਾਪਾ ਉਸ ਨੂੰ ਛੱਡ ਕੇ ਚਲੇ ਗਏ ਸਨ। ਸਭ ਨੇ ਉਸ ਨੂੰ ਬਹਿਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪਾਪਾ ਜਲਦੀ ਮੁੜ ਆਉਣਗੇ, ਪਰ ਸੁਮਿੱਤਰਾ ਨੇ ਜੀਵਨ ਦੇ ਇਸ ਕੌੜੇ ਸੱਚ ਨੂੰ ਬੜੇ ਸਹਿਜ ਢੰਗ ਨਾਲ ਸਮਝਾ ਦਿੱਤਾ ਸੀ।
ਵਕਤ ਦੀ ਇੱਕ ਚੰਗੀ ਆਦਤ ਹੁੰਦੀ ਹੈ ਕਿ ਚੰਗਾ ਹੋਵੇ ਜਾਂ ਬੁਰਾ, ਉਹ ਬੀਤ ਹੀ ਜਾਂਦਾ ਹੈ। ਇੰਨੇ ਸਾਲ ਖੰਭ ਲਾ ਕੇ ਬੀਤ ਗਏ ਤੇ ਛੋਟੀ ਜਿਹੀ ਆਸਥਾ ਅੱਜ ਪੂਰੇ 22 ਸਾਲ ਦੀ ਹੋ ਚੁੱਕੀ ਸੀ। ਚੰਗੀ ਪੜ੍ਹਾਈ ਕਰ ਕੇ ਕਰੀਅਰ ਸੈਟਲ ਕਰਨ ਵੱਲ ਕਦਮ ਵਧਾ ਰਹੀ ਆਸਥਾ ਦੀ ਨਵੀਂ ਇੱਛਾ ਸੁਮਿੱਤਰਾ ਨੂੰ ਥੋੜ੍ਹਾ ਅਸਹਿਜ ਕਰ ਰਹੀ ਸੀ। ਭਾਵੇਂ ਉਹ ਸਿੰਗਲ ਮਦਰ ਦੇ ਟੈਗ ਨੂੰ ਪੂਰੇ ਆਤਮ ਵਿਸ਼ਵਾਸ ਨਾਲ ਅਪਣਾਉਂਦੀ ਸੀ, ਪਰ ਕਿਤੇ ਨਾ ਕਿਤੇ ਉਸ ਦੇ ਮਨ ਵਿੱਚ ਸਮਾਜ ਤੇ ਇਸ ਵਿੱਚ ਫੈਲੀਆਂ ਰੂੜੀਵਾਦੀ ਗੱਲਾਂ ਬਾਰੇ ਉਸ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਦੇ ਵਿਚਲੇ ਸਮੇਂ ਨੂੰ ਤੈਅ ਕਰਨ ਵਿੱਚ ਹਰ ਵਕਤ ਉਨ੍ਹਾਂ ਨੂੰ ਇਹੀ ਡਰ ਲੱਗਾ ਰਹਿੰਦਾ ਸੀ ਕਿ ਆਸਥਾ ਦੀ ਸੁਰੱਖਿਆ ਵਿੱਚ ਕਮੀ ਨਾ ਹੋਵੇ। ਪੂਰਾ ਦਿਨ ਸੁਮਿੱਤਰਾ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਰਹੀ।
ਸ਼ਾਮ ਨੂੰ ਆਸਥਾ ਨੇ ਦਫਤਰ 'ਚੋਂ ਨਿਕਲਣ ਤੋਂ ਪਹਿਲਾਂ ਸੁਮਿੱਤਰਾ ਨੂੰ ਫੋਨ ਕਰ ਕੇ ਕਹਿ ਦਿੱਤਾ ਕਿ ਉਹ ਖਾਣਾ ਨਾ ਬਣਾਏ, ਅੱਜ ਬਾਹਰੋਂ ਕੁਝ ਲੈਂਦੀ ਆਏਗੀ। ਬਾਹਰੋਂ ਖਾਣਾ ਲਿਆਉਣ ਦਾ ਸਿੱਧਾ ਮਤਲਬ ਇਹ ਸੀ ਕਿ ਗੱਲਬਾਤ ਗੰਭੀਰ ਅਤੇ ਆਰ-ਪਾਰ ਦੀ ਹੋਵੇਗੀ। ਹਮੇਸ਼ਾ ਤੋਂ ਆਈਸਕ੍ਰੀਮ ਅਤੇ ਬਾਹਰ ਦਾ ਖਾਣਾ ਲਿਆ ਕੇ ਆਸਥਾ ਦੇ ਨਾਲ ਬੈਠ ਕੇ ਕਿਸੇ ਜ਼ਰੂਰੀ ਗੱਲ 'ਤੇ ਫੈਸਲੇ ਲੈਣ ਦੀ ਇਹ ਆਦਤ ਸੁਮਿੱਤਰਾ ਦੀ ਸੀ। ਮਾਂ ਨੂੰ ਵਿਆਹ ਲਈ ਮਨਾਉਣ ਦਾ ਆਸਥਾ ਨੂੰ ਇਹੀ ਵਿਚਾਰ ਆਇਆ ਸੀ। ਜਿਵੇਂ ਉਹ ਆਈ, ਸੁਮਿੱਤਰਾ ਨੇ ਨਾਰਮਲ ਰਹਿੰਦੇ ਹੋਏ ਖਾਣਾ ਪਰੋਸਣ ਦੇ ਲਈ ਪੈਕੇਟ ਲੈ ਲਿਆ। ਆਸਥਾ ਜਦ ਤੱਕ ਕੱਪੜੇ ਬਦਲ ਕੇ ਆਈ ਖਾਣਾ ਮੇਜ਼ 'ਤੇ ਸਜ ਚੁੱਕਾ ਸੀ। ਆਪਣੀ ਪਲੇਟ ਲੈਂਦੇ ਹੋਏ ਉਸ ਨੇ ਮਾਂ ਨੂੰ ਇੱਕ ਨਜ਼ਰ ਦੇਖਿਆ। ਫਿਰ ਰੋਟੀ ਦਾ ਟੁਕੜਾ ਤੋੜਦੇ ਹੋਏ ਬੋਲੀ, ‘‘ਤੁਸੀਂ ਕੁਝ ਸੋਚਿਆ?”
ਉਸ ਦੀ ਗੱਲ ਸਮਝਣ ਦੇ ਬਾਅਦ ਵੀ ਸੁਮਿੱਤਰਾ ਨੇ ਗੱਲ ਬਦਲਦੇ ਹੋਏ ਜਵਾਬ ਦਿੱਤਾ, ‘‘ਹਾਂ ਸਾਰਾ ਦਿਨ ਸੋਚਦੀ ਰਹੀ। ਮੈਂ ਕੀ ਕਹਿੰਦੀ ਹਾਂ, ਸ਼ਾਪਿੰਗ ਲਈ ਅਸੀਂ ਅਗਲੇ ਐਤਵਾਰ ਨੂੰ ਮਾਰਕੀਟ ਚਲਦੇ ਹਾਂ।”
ਆਸਥਾ, ‘‘ਹਾਂ ਮਾਂ, ਚੱਲਾਂਗੇ, ਪਰ ਤੁਸੀਂ ਜਾਣਦੇ ਹੋ ਕਿ ਮੈਂ ਕਿਸ ਦੀ ਗੱਲ ਕਰ ਰਹੀ ਹਾਂ। ਤੁਸੀਂ ਸਮਝਦੇ ਕਿਉਂ ਨਹੀਂ? ਆਖਰ ਆਸ਼ੂਤੋਸ਼ ਜੀ ਵਿੱਚ ਤੁਹਾਨੂੰ ਕੀ ਕਮੀ ਨਜ਼ਰ ਆਉਂਦੀ ਹੈ, ਉਨ੍ਹਾਂ ਨੇ ਹਮੇਸ਼ਾ ਤੋਂ ਮੇਰਾ ਖਿਆਲ ਰੱਖਿਆ ਹੈ, ਤੁਹਾਨੂੰ ਵੀ ਇੰਨੀ ਇੱਜ਼ਤ ਦਿੰਦੇ ਹਨ। ਉਨ੍ਹਾਂ ਨਾਲ ਜਦ ਮੈਂ ਹੁੰਦੀ ਹਾਂ ਤਾਂ ਕੋਈ ਝਿਜਕ ਨਹੀਂ ਰਹਿੰਦੀ। ਅਸੀਂ ਹਰ ਟਾਪਿਕ 'ਤੇ ਗੱਲ ਕਰ ਸਕਦੇ ਹਾਂ। ਉਹ ਤੁਹਾਨੂੰ ਵੀ ਪਸੰਦ ਹਨ। ਫਿਰ ਇਸ ਵਿਆਹ ਨੂੰ ਲੈ ਕੇ ਤੁਸੀਂ ਰਾਜ਼ੀ ਕਿਉਂ ਨਹੀਂ ਹੁੰਦੇ?”
ਸੁਮਿੱਤਰਾ ਮੰਨ ਰਹੀ ਸੀ ਕਿ ਆਸਥਾ ਇਸ ਵਾਰ ਵੀ ਸਹੀ ਕਹਿ ਰਹੀ ਹੈ, ਪਰ ਉਨ੍ਹਾਂ ਨੇ ਇੱਕ ਵਾਰ ਫਿਰ ਸਮਾਜ ਦੀ ਦਲੀਲ ਦਿੱਤੀ, ‘‘ਪੁੱਤ, ਤੂੰ ਸਮਝਦੀ ਕਿਉਂ ਨਹੀਂ, ਸਮਾਜ ਕੀ ਕਹੇਗਾ। ਉਹ ਇਸ ਵਿਆਹ ਨੂੰ ਨਹੀਂ ਸਵੀਕਾਰੇਗਾ। ਤੇਰੇ ਵੱਡੇ ਪਾਪਾ ਵੀ ਕੁਝ ਸਪੱਸ਼ਟ ਨਹੀਂ ਕਹਿ ਰਹੇ। ਉਨ੍ਹਾਂ ਨੂੰ ਇਹ ਰਿਸ਼ਤਾ ਜਚ ਨਹੀਂ ਰਿਹਾ। ਮੈਂ ਤੇਰੀ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਤੈਨੂੰ ਉਨ੍ਹਾਂ ਨਾਲ ਪਤਾ ਨਹੀਂ ਕੀ ਨਾਰਾਜ਼ਗੀ ਹੈ। ਗੁਆਂਢ ਦੀ ਮਿਸਿਜ਼ ਸ਼ਰਮਾ ਵੀ ਤੈਨੂੰ ਸਮਝਾਉਣ ਦੀ ਗੱਲ ਕਹਿ ਰਹੀ ਸੀ। ਤੂੰ ਹੀ ਦੱਸ, ਮੈਂ ਸਾਰੇ ਰਿਸ਼ਤਿਆਂ ਨੂੰ ਨਾਰਾਜ਼ ਕਰ ਕੇ ਨਵੇਂ ਰਿਸ਼ਤੇ ਵਿੱਚ ਕਿਵੇਂ ਬੱਝ ਜਾਵਾਂ? ਸਮਾਜ ਵਿੱਚ ਇਸ ਉਮਰ ਵਿੱਚ ਔਰਤ ਦੇ ਦੂਸਰੇ ਵਿਆਹ ਨੂੰ ਅਜੇ ਸਵੀਕਾਰ ਨਹੀਂ ਕੀਤਾ ਜਾਂਦਾ। ਕਿਸ ਤਰ੍ਹਾਂ ਲੱਗੇਗਾ ਕਿ ਜਦ ਖੁਦ ਦੀ ਬੇਟੀ ਦੀ ਵਿਆਹ ਦੀ ਉਮਰ ਹੋ ਰਹੀ ਹੈ ਅਤੇ ਮਾਂ ਆਪਣੇ ਦੂਸਰੇ ਵਿਆਹ ਦੀਆਂ ਤਿਆਰੀਆਂ ਕਰੇ।”
ਮਾਂ ਦੀ ਗੱਲ ਸੁਣ ਕੇ ਆਸਥਾ ਥੋੜ੍ਹੀ ਤੈਸ਼ ਵਿੱਚ ਆ ਗਈ, ‘‘ਕਿਹੜਾ ਸਮਾਜ ਤੇ ਕਿਹੜੇ ਰਿਸ਼ਤੇ? ਜਦ ਪਾਪਾ ਚਲੇ ਗਏ ਸਨ ਤਾਂ ਇਹ ਸਭ ਵੀ ਤੁਹਾਨੂੰ ਇਕੱਲਾ ਛੱਡ ਗਏ ਸਨ। ਤਦ ਆਸ਼ੂਤੋਸ਼ ਜੀ ਨੇ ਤੁਹਾਨੂੰ ਅਤੇ ਮੈਨੂੰ ਭਾਵਨਾਤਮਕ ਰੂਪ ਤੋਂ ਸੰਭਾਲਿਆ ਸੀ। ਉਹ ਸਿਰਫ ਪਾਪਾ ਦੇ ਦੋਸਤ ਨਹੀਂ ਸਨ, ਉਹ ਤੁਹਾਨੂੰ ਵੀ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ। ਫਿਰ ਤੁਸੀਂ ਅਚਾਨਕ ਤੋਂ ਉਨ੍ਹਾਂ ਨੂੰ ਐਵੇਂ ਇਗਨੋਰ ਕਰ ਰਹੇ ਹੋ। ਤੁਸੀਂ ਸਮਾਜ ਦੀ ਗੱਲ ਕਰ ਰਹੇ ਹੋ, ਸਮਾਜ ਬਣਦਾ ਵੀ ਤਾਂ ਸਾਡੇ ਤੋਂ ਹੈ। ਤੁਸੀਂ ਜਦ ਤੱਕ ਇਨ੍ਹਾਂ ਦੀ ਸੁਣੋਗੇ ਇਹ ਤੁਹਾਡੇ ਤੋਂ ਉਮੀਦ ਲਗਾਉਂਦੇ ਰਹਿਣਗੇ। ਆਪਣੀ ਸਾਰੀ ਜ਼ਿੰਮੇਵਾਰੀ ਪੂਰੀ ਕਰ ਚੁੱਕੀ ਹੋ ਤੁਸੀਂ। ਆਪਣੇ ਲਈ ਸੋਚਣਾ ਚਾਹੀਦੈ। ਮੈਂ ਆਪਣੇ ਪੈਰਾਂ 'ਤੇ ਖੜ੍ਹੀ ਹਾਂ ਤਾਂ ਤੁਹਾਡੀ ਮਿਹਨਤ ਦੀ ਹੀ ਬਦੌਲਤ। ਮੇਰੀ ਵੀ ਤਾਂ ਤੁਹਾਡੇ ਪ੍ਰਤੀ ਕੋਈ ਜ਼ਿੰਮੇਵਾਰੀ ਹੈ। ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡਾ ਵਿਆਹ ਆਸ਼ੂਤੋਸ਼ ਜੀ ਨਾਲ ਕਰਾਵਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਉਨ੍ਹਾਂ ਨੂੰ ਪਾਪਾ ਦੀ ਥਾਂ ਦਿਓ। ਉਨ੍ਹਾਂ ਨਾਲ ਵਿਆਹ ਕਰ ਕੇ ਜੀਵਨ ਵਿੱਚ ਦੋਬਾਰਾ ਖੁਸ਼ੀਆਂ ਦਾ ਸਵਾਗਤ ਕਰੋ। ਤੁਸੀਂ ਮੇਰੀ ਗੱਲ ਨੂੰ ਮੰਨ ਕਿਉਂ ਨਹੀਂ ਲੈਂਦੇ? ਮੈਂ ਤੁਹਾਡਾ ਪਰਵਾਰ ਹਾਂ ਤੇ ਮੈਂ ਆਪਣੇ ਇਸ ਪਰਵਾਰ ਵਿੱਚ ਇੱਕ ਮੈਂਬਰ ਲਿਆਉਣਾ ਚਾਹੁੰਦੀ ਹਾਂ ਅਤੇ ਤੁਸੀਂ ਪਿੱਛੇ ਹਟ ਰਹੇ ਹੋ। ਮੈਂ ਚਾਹਾਂਗੀ ਕਿ ਤੁਸੀਂ ਅੱਜ ਸਾਫ-ਸਾਫ ਦੱਸੋ ਕਿ ਮੇਰੀ ਗੱਲ ਕੀ ਗਲਤ ਹੈ। ਮੈਂ ਇਸ ਦੇ ਬਾਅਦ ਤੁਹਾਡੇ ਨਾਲ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕਰਾਂਗੀ।”
ਇੰਨਾ ਕਹਿ ਕੇ ਉਹ ਚੁੱਪ ਹੋ ਗਈ ਅਤੇ ਸੁਮਿੱਤਰਾ ਰਸੋਈ ਵਿੱਚ ਕੰਮ ਕਰਨ ਦਾ ਬਹਾਨਾ ਬਣਾ ਕੇ ਮੇਜ਼ ਤੋਂ ਉਠ ਗਈ। ਉਹ ਵੀ ਸੋਚ ਰਹੀ ਸੀ ਕਿ ਧੀ ਵਾਕਈ ਵੱਡੀ ਹੋ ਗਈ ਹੈ। ਆਪਣੇ ਪਾਪਾ ਦੇ ਦੋਸਤ ਆਸ਼ੂਤੋਸ਼ ਜੀ ਨਾਂ ਨਾਂਅ ਤੋਂ ਬੁਲਾਉਣ ਦੀ ਆਦਤ ਉਸ ਨੂੰ ਬਚਪਨ ਤੋਂ ਸੀ, ਕਿਉਂਕਿ ਉਹ ਆਸਥਾ ਨੂੰ ਦੋਸਤ ਹੀ ਕਹਿੰਦੇ ਸਨ। ਆਸਥਾ ਤਾਂ ਆਸ਼ੂਤੋਸ਼ ਜੀ ਨਾਲ ਘੁਲੀ-ਮਿਲੀ ਸੀ। ਆਸਥਾ ਦੇ ਪਾਪਾ ਵੀ ਆਸ਼ੂਤੋਸ਼ ਨੂੰ ਦੋਸਤ ਤੋਂ ਵੱਧ ਪਰਵਾਰ ਦਾ ਹਿੱਸਾ ਮੰਨਦੇ ਸਨ। ਉਹ ਹੀ ਹਨ ਜਿਨ੍ਹਾਂ ਨੇ ਅੱਜ ਤੱਕ ਸਾਥ ਦਿੱਤਾ ਹੈ। ਆਸਥਾ ਇਸ ਗੱਲ ਨੂੰ ਲੈ ਕੇ ਜਿੱਦ ਕਰ ਰਹੀ ਹੈ ਕਿ ਸੁਮਿੱਤਰਾ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਆਸ਼ੂਤੋਸ਼ ਨਾਲ ਕਰੇ। ਜਿਸ ਸਮਾਜ ਨੂੰ ਪਰੇ ਰੱਖ ਕੇ ਆਸਥਾ ਨੂੰ ਇੰਨਾ ਅੱਗੇ ਵਧਾਇਆ ਸੀ, ਉਸੇ ਦੇ ਅੱਗੇ ਸਮਾਜ ਦੀ ਦਲੀਲ ਕਮਜ਼ੋਰ ਪੈਣੀ ਹੀ ਸੀ। ਸੌਣ ਵੇਲੇ ਉਸ ਨੇ ਆਸਥਾ ਨੂੰ ਵਾਟਸਐਪ 'ਤੇ ਗੁੱਡ ਨਾਈਟ ਦੇ ਨਾਲ ਹੀ ‘ਮੈਂ ਵਿਆਹ ਲਈ ਤਿਆਰ ਹਾਂ’ ਦਾ ਮੈਸੇਜ ਭੇਜਿਆ। ਮੈਸੇਜ ਪੜ੍ਹ ਕੇ ਨਾਲ ਦੇ ਕਮਰੇ ਵਿੱਚ ਲੈਪਟਾਪ 'ਤੇ ਕੰਮ ਕਰ ਰਹੀ ਆਸਥਾ ਖੁਸ਼ੀ ਨਾਲ ਚੀਕਦੀ ਹੋਈ ਮਾਂ ਦੇ ਕਮਰੇ ਵਿੱਚ ਆਈ ਤੇ ਗਲੇ ਲੱਗ ਗਈ। ਵਾਕਈ ਅੱਜ ਸੁਮਿੱਤਰਾ ਨੇ ਸਮਾਜ ਦੀ ਬਣਾਈ ਇੱਕ ਮਜ਼ਬੂਤ ਬੇੜੀ ਤੋੜ ਦਿੱਤੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ