Welcome to Canadian Punjabi Post
Follow us on

29

November 2020
ਨਜਰਰੀਆ

ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ

October 27, 2020 09:02 PM

-ਗੁਰਮੀਤ ਸਿੰਘ ਵੇਰਕਾ
ਘੁੰਡ ਕੱਢਣਾ ਸਾਡੇ ਪੁਰਾਣੇ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਹ ਭਾਰਤੀ ਔਰਤ ਦਾ ਗਹਿਣਾ ਹੈ, ਜੋ ਉਸ ਨੂੰ ਸੰਗ, ਸ਼ਰਮ ਹਯਾ ਤੇ ਝਿਜਕ ਦਾ ਅਹਿਸਾਸ ਕਰਾਉਂਦਾ ਹੈ। ਵੈਸੇ ਘੁੰਡ ਕੱਢਣ ਨੂੰ ਪੱਲਾ ਕਰਨਾ ਵੀ ਆਖਿਆ ਜਾਂਦਾ ਹੈ। ਇਹ ਸਮਾਜ ਵਿੱਚ ਰਹਿੰਦੇ ਹਰ ਪ੍ਰਾਣੀ ਲਈ ਛੋਟੇ-ਵੱਡੇ ਰਿਸ਼ਤਿਆਂ ਦੀ ਅਹਿਮੀਅਤ ਬਣਾਈ ਰੱਖਦਾ ਹੈ। ਸਾਡੇ ਪੰਜਾਬੀ ਪਰਵਾਰਾਂ ਦੀਆਂ ਔਰਤਾਂ ਸਹੁਰੇ ਤੇ ਜੇਠ ਤੋਂ ਇਲਾਵਾ ਪਿੰਡ ਦੇ ਵੱਡੇ ਬਜ਼ੁਰਗਾਂ ਤੋਂ ਘੁੰਡ ਕੱਢਦੀਆਂ ਸਨ। ਘੁੰਡ ਤੋਂ ਪਿੰਡ ਦੀ ਧੀ ਤੇ ਨੂੰਹ ਦੀ ਪਛਾਣ ਹੁੰਦੀ ਸੀ। ਇੱਥੋਂ ਤੱਕ ਕਿ ਪਹਿਲੇ ਸਮਿਆਂ ਵਿੱਚ ਸਹੁਰੇ ਜਾਂ ਜੇਠ ਨਾਲ ਨੂੰਹਾਂ ਇਕੱਠੀਆਂ ਮੰਜੇ 'ਤੇ ਨਹੀਂ ਬੈਠਦੀਆਂ ਸਨ, ਜੇ ਕਦੀ ਨੂੰਹਾਂ ਨੂੰ ਅਚਾਨਕ ਉਨ੍ਹਾਂ ਦੀ ਘਰ ਵਿੱਚ ਆਮਦ ਹੋਣ ਦਾ ਪਤਾ ਨਹੀਂ ਲੱਗਦਾ ਸੀ ਤਾਂ ਉਹ ਖੰਘੂਰਾ ਮਾਰ ਕੇ ਇਸ ਦਾ ਅਹਿਸਾਸ ਕਰਵਾ ਦਿੰਦੇ ਸਨ। ਇਸ ਨਾਲ ਸ਼ਰਮ ਹਯਾ ਦਾ ਪਰਦਾ ਬਣਿਆ ਰਹਿੰਦਾ ਸੀ। ਉਦੋਂ ਸਾਂਝੇ ਘਰ ਵਿੱਚ ਕਰੀਬ ਤਿੰਨ-ਚਾਰ ਮਰਦ ਹੁੰਦੇ ਸਨ ਜਿਨ੍ਹਾਂ ਤੋਂ ਨੂੰਹਾਂ ਨੂੰ ਘੁੰਡ ਕੱਢਣਾ ਪੈਂਦਾ ਸੀ ਤੇ ਉਨ੍ਹਾਂ ਨੂੰ ਭਾਵੇਂ ਇਸ ਨਾਲ ਕੰਮ ਕਰਨ ਵਿੱਚ ਦਿੱਕਤ ਆਉਂਦੀ, ਫਿਰ ਵੀ ਮਰਿਆਦਾ ਨੂੰ ਮੁੱਖ ਰੱਖ ਕੇ ਉਸ ਦੀ ਪਾਲਣਾ ਕਰਦੀਆਂ ਸਨ। ਨਵੀਂ ਵਿਆਹੀ ਦੇ ਘੁੰਡ ਚੁਕਾਈ ਤੇ ਸ਼ਗਨ ਦੇਣਾ ਪੈਂਦਾ ਸੀ। ਇਹ ਵੀ ਪੰਜਾਬ ਦੇ ਰੀਤੀ ਰਿਵਾਜ ਦਾ ਹਿੱਸਾ ਸੀ।
ਪਹਿਲੇ ਸਮਿਆਂ ਵਿੱਚ ਕੁਝ ਬਜ਼ੁਰਗਾਂ ਦਾ ਪਿੰਡ ਵਿੱਚ ਇੰਨਾ ਖੌਫ ਹੁੰਦਾ ਸੀ ਕਿ ਨੂੰਹ-ਧੀ ਉਨ੍ਹਾਂ ਦੇ ਅੱਗੇ ਸਿਰ ਢੱਕਦੀਆਂ ਹੀ ਸਨ, ਬਲਕਿ ਪਿੰਡ ਦੇ ਜਵਾਨ ਮੁੰਡੇ-ਕੁੜੀਆਂ ਵੀ ਉਨ੍ਹਾਂ ਅੱਗੇ ਨੰਗੇ ਸਿਰ ਨਹੀਂ ਸੀ ਜਾਂਦੇ। ਉਦੋਂ ਲੋਕਾਂ ਵਿੱਚ ਸ਼ਰਮ ਹਯਾ ਤੇ ਬਜ਼ੁਰਗਾਂ ਦਾ ਦਬਦਬਾ ਸੀ ਤੇ ਸਾਰਾ ਪਿੰਡ ਉਨ੍ਹਾਂ ਦਾ ਸਤਿਕਾਰ ਕਰਦਾ ਸੀ।
ਸਾਡੀ ਬੇਬੇ ਭਾਵੇਂ ਸ਼ਹਿਰ ਜੰਮੀ ਪਲੀ ਸੀ, ਉਸ ਨੇ ਵੀ ਪਿੰਡ ਰਹਿੰਦਿਆਂ ਪੇਂਡੂ ਸਭਿਆਚਾਰ ਨੂੰ ਮੁੱਖ ਰੱਖਦਿਆਂ ਹੀ ਸਾਡੀ ਚੰਗੀ ਪਰਵਰਿਸ਼ ਕੀਤੀ ਤੇ ਇਹੀ ਸੰਦੇਸ਼ ਦਿੱਤਾ ਕਿ ਭਾਵੇਂ ਤੁਹਾਡੀ ਕੋਈ ਸਕੀ ਭੈਣ ਨਹੀਂ ਹੈ, ਪਰ ਪਿੰਡ ਦੀ ਹਰ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਣਾ ਅਤੇ ਮੇਰੀ ਕੀਤੀ ਹੋਈ ਪਰਵਰਿਸ਼ ਦੀ ਲਾਜ ਰੱਖਣਾ। ਅਸੀਂ ਮਾਂ ਦੀ ਸਿੱਖਿਆ ਨੂੰ ਖਿੜ੍ਹੇ ਮੱਥੇ ਪਰਵਾਨ ਕੀਤਾ। ਉਸ ਜ਼ਮਾਨੇ ਵਿੱਚ ਘੁੰਡ ਨਾਲ ਜੁੜੇ ਕਈ ਪੰਜਾਬੀ ਲੋਕ ਗੀਤ, ਟੱਪੇ ਵੀ ਗਾਏ ਜਾਂਦੇ ਸਨ, ਜੋ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸਾਡੇ ਸੱਭਿਆਚਾਰ ਨਾਲ ਜੁੜੇ ਹੁੰਦੇ ਸਨ। ਜਿਵੇਂ ਕਿ :
ਹੀਰ ਦੇ ਹੀਰ ਦੇ ਹੀਰ ਦੇ ਨੀਂ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਨੀ।
ਇਸੇ ਤਰ੍ਹਾਂ ਜਦੋਂ ਕਿਤੇ ਕੋਈ ਗੱਭਰੂ ਨਵੀਂ ਵਿਆਹੀ ਮੁਟਿਆਰ ਨੂੰ ਸਹੁਰੇ ਪਿੰਡ ਕੱਚੇ ਪਹੇ ਤੋਂ ਤੋਰ ਕੇ ਲਿਆਉਂਦਾ ਸੀ ਤਾਂ ਪਿੰਡ ਦੀ ਹੱਦ ਵੜਦਿਆਂ ਹੀ ਮੁਟਿਆਰ ਨੂੰ ਘੁੰਡ ਕੱਢਣ ਲਈ ਕੁਝ ਇਸ ਤਰ੍ਹਾਂ ਆਖਦਾ ਸੀ :
ਘੁੰਡ ਕੱਢ ਕੇ ਪਤਲੀਏ ਨਾਰੇ,
ਨੀਂ ਸਹੁਰਿਆਂ ਦਾ ਪਿੰਡ ਆ ਗਿਆ।
ਉਹ ਵੀ ਵਕਤ ਸੀ ਜਦੋਂ ਸੁੱਘੜ ਮੁਟਿਆਰ ਸਹੇਲੀਆਂ ਨਾਲ ਬੈਠ ਕੇ ਆਪਣੇ ਸਹੁਰੇ ਘਰ ਬਾਰੇ ਟਿੱਚਰਾਂ ਕਰਦੀ ਸੀ ਤੇ ਆਖਦੀ :
ਨੀਂ ਸਹੁਰੀਂ ਜਾ ਕੇ ਦੋ ਦੋ ਪਿੱਟਣੇ,
ਘੁੰਡ ਕੱਢਣਾ ਮੜਕ ਨਾਲ ਤੁਰਨਾ।
ਸ਼ੌਕੀਨ ਮੁਟਿਆਰਾਂ ਘੁੰਡ ਕੱਢਣ ਲਈ ਆਪਣੀ ਸ਼ੌਕੀਨੀ ਦਾ ਵਿਖਾਵਾ ਇਸ ਤਰ੍ਹਾਂ ਕਰਦੀਆਂ ਸਨ :
ਬਾਰੀਂ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਤਾਸਾ,
ਨੀਂ ਸਹੁਰੇ ਕੋਲੋਂ ਘੁੰਡ ਕੱਢਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਕਈ ਵਾਰ ਨਵੀਂ ਵਿਆਹੀ ਘੰੁਡ ਕੱਢਣ ਤੋਂ ਤੰਗ ਆ ਕੇ ਇਹ ਵੀ ਆਖ ਦਿੰਦੀ ਸੀ ਕਿ :
ਕੋਰੇ ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ,
ਜੇਠ ਦੀਆਂ ਅੱਖਾਂ ਵਿੱਚ ਪਾ ਦੇਣੀ ਆ,
ਘੁੰਡ ਕੱਢਣੇ ਦੀ ਅਲਖ ਮਿਟਾ ਦੇਣੀ ਆ।
ਦਿਨੋਂ-ਦਿਨ ਪੱਛਮੀ ਸਭਿਆਚਾਰ ਸਾਡੇ 'ਤੇ ਭਾਰੀ ਹੁੰਦਾ ਜਾ ਰਿਹਾ ਹੈ। ਇਹ ਸਭ ਵੇਖ ਕੇ ਕਿਸੇ ਫਨਕਾਰ ਦੇ ਕਿਹੇ ਬੋਲ ਸੱਚ ਜਾਪਦੇ ਹਨ ਕਿ ‘ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ।’ ਇਸ ਦੇ ਬਾਵਜੂਦ ਅੱਜ ਵੀ ਹਰਿਆਣਾ ਤੇ ਰਾਜਸਥਾਨ ਸੂਬਿਆਂ 'ਚ ਕੁਝ ਔਰਤਾਂ ਘੁੰਡ ਕੱਢਦੀਆਂ ਹਨ।

Have something to say? Post your comment