Welcome to Canadian Punjabi Post
Follow us on

24

November 2020
ਨਜਰਰੀਆ

ਜਾਗਦਿਆਂ ਦਾ ਮੇਲਾ ਜਾਗੋ

October 27, 2020 09:01 PM

-ਜਸਪ੍ਰੀਤ ਕੌਰ ਸੰਘਾ
ਪੰਜਾਬੀ ਲੋਕ ਗੀਤ, ਪੰਜਾਬੀ ਪਹਿਰਾਵਾ, ਪੰਜਾਬੀਆਂ ਦਾ ਰਹਿਣ-ਸਹਿਣ ਤੇ ਪੰਜਾਬੀਆਂ ਦੇ ਰੀਤੀ-ਰਿਵਾਜ, ਇਹ ਸਭ ਪੰਜਾਬੀ ਸਭਿਆਚਾਰ ਦਾ ਅਟੁੱਟ ਅੰਗ ਹਨ ਤੇ ਪੰਜਾਬੀ ਸਭਿਆਚਾਰ ਨੂੰ ਅਮੀਰ ਅਤੇ ਵਡਮੁੱਲਾ ਬਣਾਉਂਦੇ ਹਨ। ਖੁਸ਼ੀ ਹੋਵੇ ਜਾਂ ਗਮੀਂ, ਹਰ ਮੌਕੇ ਲਈ ਪੰਜਾਬੀਆਂ ਦੇ ਵੱਖਰੇ ਰੀਤੀ-ਰਿਵਾਜ ਹਨ ਅਤੇ ਹਰ ਰੀਤ ਦਾ ਆਪਣਾ ਖਾਸ ਮਹੱਤਵ ਹੈ। ਇਹ ਰੀਤੀ ਰਿਵਾਜ ਦੁੱਖ ਦੇ ਮੌਕੇ ਸਾਡਾ ਦੁੱਖ ਵੰਡਾਉਂਦੇ ਹਨ ਅਤੇ ਖੁਸ਼ੀਆਂ ਦੇ ਮੌਕੇ ਸਾਡੀ ਖੁਸ਼ੀ ਦੁੱਗਣੀ ਕਰ ਦਿੰਦੇ ਹਨ। ਜੇ ਕਿਤੇ ਮੌਕਾ ਵਿਆਹ ਦਾ ਹੋਵੇ ਤਾਂ ਇਹੀ ਰਸਮ-ਰਿਵਾਜ ਵਿਆਹ ਦੀਆਂ ਰੌਣਕਾਂ ਨੂੰ ਚਾਰ ਚੰਨ ਲਾ ਦਿੰਦੇ ਹਨ।
ਪੁਰਾਣੇ ਸਮਿਆਂ ਵਿੱਚ ਵਿਆਹ ਕਈ-ਕਈ ਦਿਨ ਚੱਲਦੇ ਸਨ, ਪਰ ਸਮਾਂ ਬਦਲ ਗਿਆ ਹੈ। ਅੱਜਕੱਲ੍ਹ ਵਿਆਹ ਇੱਕ ਦੋ ਦਿਨ ਵਿੱਚ ਨਿਪਟ ਜਾਂਦੇ ਹਨ। ਪੰਜਾਬੀਆਂ ਨੇ ਆਪਣੀਆਂ ਸਹੂਲਤਾਂ ਅਨੁਸਾਰ ਵਿਆਹ ਮੌਕੇ ਕੀਤੀਆਂ ਜਾਂਦੀਆਂ ਰਸਮਾਂ ਘੱਟ ਕਰ ਦਿੱਤੀਆਂ ਹਨ, ਪਰ ਵਿਆਹ ਦੀ ਇੱਕ ਰਸਮ ਅਜਿਹੀ ਹੈ, ਜੋ ਅੱਜ ਵੀ ਚਾਅ ਨਾਲ ਪੂਰੀ ਕੀਤੀ ਜਾਂਦੀ ਹੈ। ਉਸ ਤੋਂ ਬਿਨਾਂ ਵਿਆਹ ਅਧੂਰਾ ਮੰਨਿਆ ਜਾਂਦਾ ਹੈ ਤੇ ਇਹ ਰਸਮ ਹੈ ‘ਜਾਗੋ’ ਦੀ ਰਸਮ। ਹੌਲੀ-ਹੌਲੀ ਸਮੇਂ ਅਨੁਸਾਰ ਭਾਵੇਂ ਇਸ ਦਾ ਰੂਪ ਬਦਲਿਆ ਹੈ, ਪਰ ਜਾਗੋ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਦੀ ਹੈ।
ਪੁਰਾਣੇ ਸਮਿਆਂ ਵਿੱਚ ਸਿਰਫ ਮੁੰਡੇ ਦੇ ਵਿਆਹ ਮੌਕੇ ਜਾਗੋ ਕੱਢੀ ਜਾਂਦੀ ਸੀ, ਪਰ ਅੱਜਕੱਲ੍ਹ ਮੁੰਡੇ ਅਤੇ ਕੁੜੀ ਦੋਵਾਂ ਦੇ ਵਿਆਹ ਮੌਕੇ ਜਾਗੋ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਇਹ ਨਾਲ ਇਹ ਸੋਚ ਜੁੜੀ ਸੀ ਕਿ ਜਾਗੋ ਕੱਢ ਕੇ ਇੱਕ ਤਾਂ ਮਨੋਰੰਜਨ ਹੋਵੇਗਾ, ਦੂਜਾ ਸਾਰਿਆਂ ਨੂੰ ਜਾਗਦਾ ਰੱਖਿਆ ਜਾਵੇ ਤਾਂ ਜੋ ਵਿਆਹ ਵਾਲੇ ਘਰ ਵਿੱਚ ਪੈਸੇ, ਗਹਿਣੇ ਜਾਂ ਹੋਰ ਕੀਮਤੀ ਸਾਮਾਨ ਦੀ ਰਾਖੀ ਕੀਤੀ ਜਾ ਸਕੇ। ਇਸ ਨਾਲ ਦੁੱਗਣਾ ਫਾਇਦਾ ਹੁੰਦਾ ਸੀ।
ਜਾਗੋ ਨਾਨਕਿਆਂ ਵੱਲੋਂ ਬੜੇ ਚਾਅ ਨਾਲ ਸਾਰੇ ਪਿੰਡ ਵਿੱਚ ਘੁਮਾਈ ਜਾਂਦੀ ਰਹੀ ਹੈ। ਇੱਕ ਪਿੱਤਲ ਦੀ ਵਲਟੋਹੀ (ਗਾਗਰ) ਦੇ ਮੂੰਹ ਉੱਤੇ ਕੁਝ ਆਟੇ ਦੇ ਦੀਵੇ ਰੱਖੇ ਜਾਂਦੇ ਸਨ। ਇਸ ਖੂਬਸੂਰਤ ਜਗਦੇ ਦੀਵਿਆਂ ਵਾਲੀ ਵੱਡੀ ਵਲਟੋਹੀ ਨੂੰ ਹੀ ਜਾਗੋ ਕਿਹਾ ਜਾਂਦਾ ਹੈ, ਜੋ ਵੱਡੀ ਮਾਮੀ ਆਪਣੇ ਸਿਰ ਉਪਰ ਚੁੱਕਦੀ ਸੀ ਅਤੇ ਬਾਕੀ ਮੇਲਣਾ ਕੋਲ ਛੱਜ, ਪਰਾਤਾਂ ਆਦਿ ਹੁੰਦੀਆਂ ਸਨ, ਜਿਨ੍ਹਾਂ ਨੂੰ ਜਦੋਂ ਉਹ ਖੜਕਾਉਂਦੀਆਂ ਤਾਂ ਇੱਕ ਵੱਖਰਾ ਸੰਗੀਤ ਸਿਰਜਿਆ ਜਾਂਦਾ। ਜਾਗੋ ਭਾਵੇਂ ਨਾਨਕਿਆਂ ਦੀ ਹੁੰਦੀ, ਪਰ ਦਾਦਕੇ ਵੀ ਇਸ ਵਿੱਚ ਪੂਰਾ ਸਹਿਯੋਗ ਕਰਦੇ। ਇਸ ਤਰ੍ਹਾਂ ਛੱਜ ਭੰਨਦੀਆਂ ਤੇ ਪਰਾਤਾਂ ਖੜਕਾਉਂਦੀਆਂ ਮੇਲਣਾ ਪਿੰਡ ਵੱਲ ਹੋ ਤੁਰਦੀਆਂ ਤੇ ਗਾਉਂਦੀਆਂ :
ਏਸ ਪਿੰਡ ਦਿਓ ਪੰਚੋ ਵੇ
ਸਰਪੰਚੋ ਲੰਬੜਦਾਰੋ
ਬਈ ਮੇਲ ਆਇਆ ਚੰਦ ਸਿਉਂ ਦੇ
ਜ਼ਰਾ ਹਟ ਕੇ ਪਰਾਂ ਨੂੰ ਲੰਘ ਜਾਇਓ
ਬਈ ਵੱਡੀ ਮਾਮੀ ਜੈਲਦਾਰਨੀ
ਕਿਤੇ ਮਾਮੀ ਦੇ ਨਾ ਹੱਥ ਲੱਗ ਜਇਓ
ਬਈ ਵੱਡੀ ਮਾਮੀ ਜੈਲਦਾਰਨੀ।
ਫਿਰ ਪਿੰਡ ਵਿੱਚ ਸ਼ਰੀਕੇ-ਭਾਈਚਾਰੇ ਵਾਲੇ ਘਰਾਂ ਵਿੱਚ ਜਾਗੋ ਲਿਜਾਈ ਜਾਂਦੀ। ਘਰ ਵਿੱਚ ਤੇਲ ਚੋਅ ਕੇ ਉਸ ਦਾ ਸੁਆਗਤ ਕੀਤਾ ਜਾਂਦਾ ਅਤੇ ਮੇਲਣਾ ਗਾਉਂਦੀਆਂ :
ਨਿੰਮ ਵੱਢ ਢੋਲਕੀ ਬਣਾ ਦਾਰੀਏ
ਸਾਡੇ ਆਉਂਦਿਆਂ ਦੇ
ਆਉਂਦਿਆਂ ਦੇ ਸ਼ਗਨ ਮਨਾ ਦਾਰੀਏ।
ਇਸ ਤੋਂ ਬਾਅਦ ਜਿਸ ਘਰ ਜਾਗੋ ਲੈ ਕੇ ਗਏ ਹੁੰਦੇ ਉਹ ਘਰ ਵਾਲੇ ਜਾਗੋ ਦੇ ਦੀਵਿਆਂ ਵਿੱਚ ਤੇਲ ਪਾਉਂਦੇ ਅਤੇ ਇਸ ਦੇ ਨਾਲ ਹੀ ਸ਼ਗਨ ਵਜੋਂ ਕੁਝ ਰੁਪਏ ਵੀ ਦਿੰਦੇ ਸਨ। ਸਾਡੇ ਲੋਕ ਗੀਤਾਂ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ :
ਕੋਈ ਪਾਊਗਾ ਨਸੀਬਾਂ ਵਾਲਾ
ਬਈ ਜਾਗੋ ਵਿੱਚੋਂ ਤੇਲ ਮੁੱਕਿਆ।
ਜਾਗੋ ਇਸੇ ਤਰ੍ਹਾਂ ਇੱਕ ਘਰ ਤੋਂ ਦੂਜੇ ਘਰ ਘੁਮਾਈ ਜਾਂਦੀ। ਮੇਲਣਾਂ ਉੱਚੀ-ਉੱਚੀ ਹੇਕਾਂ ਲਾ ਕੇ ਗੀਤ ਗਾਉਂਦੀਆਂ ਤੇ ਗਿੱਧਾ ਪਾਉਂਦੀਆਂ ਤੇ ਸਾਰਿਆਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦੀਆਂ। ਜਾਗੋ ਕੱਢਦੇ ਸਮੇਂ ਪਰਨਾਲੇ ਭੰਨਣੇ, ਮੰਜੇ ਪੁੱਠੇ ਕਰਨੇ, ਪਸ਼ੂ ਖੋਲ੍ਹਣੇ ਆਮ ਗੱਲ ਹੁੰਦੀ ਸੀ ਤੇ ਉਦੋਂ ਪਿੰਡ ਵਿੱਚ ਕੋਈ ਵੀ ਅਜਿਹੀ ਗੱਲ ਦਾ ਗੁੱਸਾ ਨਹੀਂ ਸੀ ਕਰਦਾ। ਇਸੇ ਤਰ੍ਹਾਂ ਨਾਨਕਾ ਮੇਲ ਦਾਦਕਿਆਂ ਨੂੰ ਮਖੌਲ ਕਰਦਾ ਉਚੀ-ਉਚੀ ਗਾਉਂਦਾ :
ਆਉਂਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਟੋਕਰਾ ਨੜਿਆਂ ਦਾ
ਕਿੱਥੇ ਲਾਹੇਂਗੀ, ਕਿੱਥੇ ਲਾਹੇਂਗੀ ਨੀਂ
ਸਾਰਾ ਪਿੰਡ ਛੜਿਆਂ ਦਾ...
ਆਪਸੀ ਪਿਆਰ, ਇਤਫਾਕ ਤੇ ਸਾਂਝ ਦੀ ਪ੍ਰਤੀਕ ਜਾਗੋ ਸਾਰੇ ਪਿੰਡ ਵਿੱਚ ਘੁਮਾ ਕੇ ਅਤੇ ਧਮਾਲਾਂ ਪਾ ਕੇ ਮੇਲਣਾਂ ਵਿਆਹ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੰਦੀਆਂ ਅਤੇ ਅਖੀਰ ਉਹ ਵਿਆਹ ਵਾਲੇ ਘਰ ਮੁੜ ਆਉਂਦੀਆਂ ਅਤੇ ਗਾਉਂਦੀਆਂ :
ਨਾਨਕਿਆਂ ਤੇ ਦਾਦਕਿਆਂ ਨੇ
ਚਾਵਾਂ, ਸੱਧਰਾਂ, ਖੁਸ਼ੀਆਂ ਦੇ ਨਾਲ
ਸਾਰੇ ਪਿੰਡ ਘੁਮਾਈ ਆ ਬਈ
ਹੁਣ ਜਾਗੋ ਆਈ ਆ।
ਅਫਸੋਸ ਅੱਜ ਇਹ ਚਾਵਾਂ ਸੱਧਰਾਂ ਨਾਲ ਨਾਨਕਿਆਂ 'ਤੇ ਦਾਦਕਿਆਂ ਵੱਲੋਂ ਕੱਢੀ ਜਾਂਦੀ ਜਾਗੋ ਅਲੋਪ ਹੋ ਰਹੀ ਹੈ। ਉਸ ਦੀ ਜਾਗੋ ਡੀਜੇ ਉੱਤੇ ਵੱਜਦੇ ਗੀਤਾਂ ਨੇ ਲੈ ਲਈ ਹੈ। ਅੱਜਕੱਲ੍ਹ ਜਾਗੋ ਕਿਰਾਏ 'ਤੇ ਲਿਆਂਦੀ ਜਾਂਦੀ ਹੈ ਜਿਸ ਵਿੱਚ ਦੀਵਿਆਂ ਦੀ ਜਗ੍ਹਾ ਬਿਜਲਈ ਬੱਤੀਆਂ ਲੱਗੀਆਂ ਹੁੰਦੀਆਂ ਹਨ। ਬੋਲੀਆਂ ਪਾਉਣ ਲਈ ਇੱਕ ਢੋਲੀ ਕਿਰਾਏ 'ਤੇ ਲਿਆਂਦਾ ਜਾਂਦਾ ਹੈ। ਪਹਿਲਾਂ ਵਰਗਾ ਮਾਹੌਲ ਨਹੀਂ ਰਿਹਾ ਅਤੇ ਨਾ ਉਹ ਚਾਅ ਰਹਿ ਗਏ ਹਨ। ਇਹ ਸਭ ਸਾਡੇ ਰਹਿਣ-ਸਹਿਣ 'ਚ ਆਈਆਂ ਤਬਦੀਲੀਆਂ ਦਾ ਹੀ ਅਸਰ ਹੈ।

Have something to say? Post your comment