Welcome to Canadian Punjabi Post
Follow us on

24

November 2020
ਨਜਰਰੀਆ

ਭਿ੍ਰਸ਼ਟਾਚਾਰ ਨਹੀਂ ਹੈ, ਤਾਂ ਹੀ ਤਾਂ...

October 27, 2020 08:59 PM

-ਗੁਰਮੀਤ ਬੇਦੀ
ਮੈਂ ਬਾਕੀ ਸਾਰੀਆਂ ਚੀਜ਼ਾਂ ਬਰਦਾਸ਼ਤ ਕਰ ਸਕਦਾ ਹਾਂ, ਪਰ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਫਜੂਲ 'ਚ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸੇ ਅਤੇ ਇਹ ਦੋਸ਼ ਲਾਏ ਕਿ ਭਿ੍ਰਸ਼ਟਾਚਾਰ ਵਧ ਗਿਆ ਹੈ ਅਤੇ ਸਰਕਾਰ ਸੁੱਤੀ ਪਈ ਹੈ। ਅਜਿਹਾ ਭਲਾ ਕਦੇ ਹੋ ਸਕਦਾ ਹੈ ਕਿ ਭਿ੍ਰਸ਼ਟਾਚਾਰ ਵਧ ਗਿਆ ਹੋਵੇ ਅਤੇ ਸਰਕਾਰ ਸੁੱਤੀ ਰਹੇ।
ਸਰਕਾਰ ਕੋਲ ਇੰਨੀ ਫੁਰਸਤ ਹੀ ਕਿੱਥੇ ਹੈ ਕਿ ਉਹ ਘੜੀ-ਦੋ ਘੜੀ ਸੌਂ ਕੇ ਫਰੈਸ਼ ਹੋ ਲਵੇ ਤੇ ਦੇਸ਼ ਦੇ ਚੌਧਰੀਆਂ ਕੋਲ ਇੰਨਾ ਸਮਾਂ ਹੀ ਕਿੱਥੇ ਹੈ ਕਿ ਉਹ ਘੜੀ ਦੋ ਘੜੀ ਭਿ੍ਰਸ਼ਟਾਚਾਰ ਕਰ ਲੈਣ। ਉਨ੍ਹਾਂ ਨੂੰ ਉਂਝ ਵੀ ਦੂਰ ਦੂਰ ਤੱਕ ਕਿਤੇ ਭਿ੍ਰਸ਼ਟਾਚਾਰ ਦਿਖਾਈ ਨਹੀਂ ਦਿੰਦਾ। ਸਿਰਫ ਗਰੀਬਾਂ ਦੀ ਬਦਹਾਲੀ ਦਿਸਦੀ ਹੈ, ਪਰ ਉਹ ਉਨ੍ਹਾਂ ਲਈ ਆਖਰ ਕਰ ਵੀ ਕੀ ਸਕਦੇ ਹਨ। ਭਿ੍ਰਸ਼ਟਾਚਾਰ 'ਤੇ ਸਰਕਾਰ ਦਾ ਸਟੈਂਡ ਵੀ ਸਪੱਸ਼ਟ ਹੈ ਅਤੇ ਮੇਰਾ ਵੀ।
ਸਾਡੇ ਦੋਵਾਂ ਦੇ ਸਟੈਂਡ ਨਾਲ ਇੱਕ ਨੇਤਾ ਜੀ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਨੇ ਵੀ ਭਿ੍ਰਸ਼ਟਾਚਾਰ ਕਦੀ ਨਹੀਂ ਦੇਖਿਆ। ਮੈਂ ਇੱਕ ਵਾਰ ਉਨ੍ਹਾਂ ਨੂੰ ਟੋਹ ਕੇ ਪੁੱਛਿਆ ਤਾਂ ਬੋਲੇ, ‘‘ਤੁਸੀਂ ਭਿ੍ਰਸ਼ਟਾਚਾਰ ਦੇਖਣ ਦੀ ਗੱਲ ਪੁੱਛ ਰਹੇ ਹੋ, ਮੈਂ ਤਾਂ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਚੋਣ ਖੇਤਰ ਦੀ ਸ਼ਕਲ ਵੀ ਪਲਟ ਕੇ ਨਹੀਂ ਦੇਖੀ।”
ਇੱਕ ਹੋਰ ਨੇਤਾ ਜੀ ਤੋਂ ਪੁੱਛਿਆ ਤਾਂ ਫਟਾਫਟ ਬੋਲੇ, ‘‘ਮੈਂ ਦਾਅਵੇ ਨਾਲ ਇਹ ਕਹਿ ਸਕਦਾ ਹਾਂ ਕਿ ਭਿ੍ਰਸ਼ਟਾਚਾਰ ਅੰਗਰੇਜ਼ਾਂ ਦੇ ਦੌਰ 'ਚ ਕਦੇ ਹੁੰਦਾ ਹੋਵੇਗਾ, ਅੱਜਕੱਲ੍ਹ ਬਿਲਕੁਲ ਵੀ ਨਹੀਂ ਹੈ। ਜੇ ਭਿ੍ਰਸ਼ਟਾਚਾਰ ਵਾਕਈ ਹੋ ਰਿਹਾ ਹੁੰਦਾ ਤਾਂ ਆਪਣੇ ਵੱਖੋ-ਵੱਖ ਕੰਮ ਕਰਾਉਣ ਦੇ ਬਦਲੇ ਮੈਨੂੰ ਨੋਟਾਂ ਦੇ ਬੰਡਲ ਫੜਾਉਣ ਵਾਲੇ ਲੋਕ ਇੰਨਾ ਤਾਅਨਾ ਤਾਂ ਜ਼ਰੂਰ ਮਾਰਦੇ ਕਿ ਤੁਹਾਡੇ ਰਾਜ 'ਚ ਭਿ੍ਰਸ਼ਟਾਚਾਰ ਹੋ ਰਿਹਾ ਹੈ। ਉਂਝ ਵੀ ਭਿ੍ਰਸ਼ਟਾਚਾਰ ਸੁਣੀ-ਸੁਣਾਈ ਗੱਲ ਹੈ, ਇਸ 'ਤੇ ਤੁਹਾਨੂੰ ਯਕੀਨ ਨਹੀਂ ਕਰਨਾ ਚਾਹੀਦਾ। ਜੇ ਭਿ੍ਰਸ਼ਟਾਚਾਰ ਹੁੰਦਾ ਤਾਂ ਸਾਨੂੰ ਰਾਤੋ-ਰਾਤ ਅਮੀਰ ਬਣਨ ਦਾ ਮੌਕਾ ਕਿੱਥੋਂ ਮਲਦਾ, ਸਾਡੇ ਕੋਲ ਪੈਟਰੋਲ ਪੰਪ ਕਿੱਥੋਂ ਆਉਂਦਾ, ਅਸੀਂ ਵਿਦੇਸ਼ੀ ਕਾਰ ਵਿੱਚ ਕਿਵੇਂ ਘੁੰਮਦੇ। ਵਿਦੇਸ਼ੀ ਬੈਂਕਾਂ ਵਿੱਚ ਖਾਤੇ ਕਿਵੇਂ ਖੁੱਲ੍ਹਵਾਉਂਦੇ ਤੇ ਕਿੱਥੋਂ ਪੈਸੇ ਲੈ ਕੇ ਇਨ੍ਹਾਂ ਖਾਤਿਆਂ 'ਚ ਜਮ੍ਹਾ ਕਰਾਉਂਦੇ, ਵੱਡੇ ਹੋਟਲਾਂ 'ਚ ਜਾ ਕੇ ਮਹਿੰਗੀ ਸ਼ਰਾਬ ਕਿਵੇਂ ਪੀਂਦੇ, ਕਲੱਬਾਂ ਅਤੇ ਪਾਰਟੀਆਂ ਦਾ ਖਰਚ ਕਿੱਥੋਂ ਕਰਦੇ, ਭਿ੍ਰਸ਼ਟਾਚਾਰ ਨਹੀਂ ਹੈ ਤਾਂ ਹੀ ਅਸੀਂ ਬੇਫਿਕਰ ਹੋ ਕੇ ਦੇਸ਼ ਸੇਵਾ ਕਰ ਰਹੇ ਹਾਂ।”
ਨੇਤਾਜੀ ਦੀ ਗੱਲ ਸੁਣ ਕੇ ਮੇਰਾ ਇਹ ਭਰੋਸਾ ਹੋਰ ਪੱਕਾ ਹੋ ਗਿਆ ਕਿ ਭਿ੍ਰਸ਼ਟਾਚਾਰ ਇਸ ਦੇਸ਼ 'ਚ ਕਿਤੇ ਨਹੀਂ ਹੈ। ਫਿਰ ਵੀ ਤਸੱਲੀ ਕਰਨ ਲਈ ਮੈਂ ਇੱਕ ਵੱਡੇ ਅਫਸਰ ਤੋਂ ਪੁੱਛਿਆ, ‘‘ਸਰ ਤੁਸੀਂ ਭਿ੍ਰਸ਼ਟਾਚਾਰ ਬਾਰੇ ਦੱਸ ਸਕਦੇ ਹੋ?”
ਉਹ ਜਲਦੀ ਵਿੱਚ ਸਨ। ਬੋਲੇ, ‘‘ਇੱਕ ਜ਼ਰੂਰੀ ਡੀਲ ਕਰਨ ਜਾ ਰਿਹਾ ਹਾਂ। ਫਿਲਹਾਲ ਡਿਟੇਲ ਵਿੱਚ ਨਹੀਂ ਦੱਸ ਸਕਾਂਗਾ। ਤੁਸੀਂ ਸਿਰਫ ਇੰਨਾ ਨੋਟ ਕਰ ਲਓ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਸਾਡੀਆਂ ਨੀਤੀਆਂ ਬਹੁਤ ਸਖਤ ਹਨ।”
ਅਫਸਰ ਸ੍ਰੀਰਾਮ ਨੂੰ ‘ਥੈਂਕਸ’ ਕਹਿਣ ਤੋਂ ਬਾਅਦ ਜਿਵੇਂ ਹੀ ਮੈਂ ਪਿੱਛੇ ਮੁੜਿਆ, ਮੇਰਾ ਸਾਹਮਣਾ ਇੱਕ ਦਫਤਰ ਦੇ ਬਾਬੂ ਜੀ ਨਾਲ ਹੋ ਗਿਆ। ਮੈਂ ਸ਼ਰਧਾ ਨਾਲ ਨਿਮਰ ਹੋ ਕੇ ਆਪਣੇ ਦੋਵੇਂ ਹੱਥ ਜੋੜਦੇ ਹੋਏ ਉਸ ਕੋਲੋਂ ਪੁੱਛਿਆ, ‘‘ਹੇ ਸਰਕਾਰੀ ਫਾਈਲਾਂ ਦੇ ਤਾਰਣਹਾਰ, ਹੇ ਸਰਕਾਰੀ ਤੰਤਰ ਦੇ ਘਟਾਟੇਪ 'ਚ ਉਮੀਦਾਂ ਦੇ ਟਿਮਮਿਟਾਉਂਦੇ ਚਿਰਾਗ, ਕੀ ਤੁਹਾਨੂੰ ਭਿ੍ਰਸ਼ਟਾਚਾਰ ਦੇ ਬਾਰੇ ਕੋਈ ਜਾਣਕਾਰੀ ਹੈ?”
ਉਨ੍ਹਾਂ ਬਾਬੂ ਜੀ ਨੇ ਪਹਿਲੇ ਮੈਨੂੰ ਗੌਰ ਨਾਲ ਉਪਰ ਤੋਂ ਹੇਠਾਂ ਤੱਕ ਦੇਖਿਆ। ਫਿਰ ਦਾਰਸ਼ਨਿਕ ਅੰਦਾਜ਼ 'ਚ ਬੋਲੇ, ‘‘ਜਿਵੇਂ ਇਸ ਦੁਨੀਆ 'ਚ ਭੂਤ, ਪ੍ਰੇਤ, ਚੁੜੇਲਾਂ ਆਦਿ ਹੁੰਦੀਆਂ ਨਹੀਂ, ਪਰ ਤੰਤਰਿਕ ਇਨ੍ਹਾਂ ਦੀ ਹੋਂਦ ਖੜੀ ਕਰ ਕੇ ਭੋਲੀ-ਭਾਲੀ ਜਨਤਾ ਨੂੰ ਡਰਾਉਦੇ ਹਨ ਉਂਝ ਹੀ ਸਾਡੇ ਦੇਸ਼ ਵਿੱਚ ਕੁਝ ਸਿਰਫਿਰੇ ਲੋਕ ਭਿ੍ਰਸ਼ਟਾਚਾਰ ਦਾ ਹਊਆ ਖੜਾ ਕਰ ਕੇ ਪਬਲਿਕ ਨੂੰ ਡਰਾ ਰਹੇ ਹਨ, ਹਕੀਕਤ ਇਹ ਹੈ ਕਿ ਦੇਸ਼ 'ਚ ਭਿ੍ਰਸ਼ਟਾਚਾਰ ਨਾਂਅ ਦੀ ਕੋਈ ਦੁਸ਼ਟ ਆਤਮਾ ਹੈ ਹੀ ਨਹੀਂ। ਜੇ ਹੁੰਦੀ ਤਾਂ ਕੀ ਤੁਸੀਂ ਮਹਿੰਗੇ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਭਿਜਵਾ ਲੈਦੇ, ਉਨ੍ਹਾਂ ਦੇ ਹੱਥਾਂ 'ਚ ਮਹਿੰਗੇ ਮੋਬਾਈਲ ਫੋਨ ਦੇ ਲੈਂਦੇ। ਤੁਹਾਡੀਆਂ ਪਤਨੀਆਂ ਕਿਟੀ ਪਾਰਟੀਆਂ 'ਚ ਜਾ ਸਕਦੀਆਂ, ਭਿ੍ਰਸ਼ਟਾਚਾਰ ਨਹੀਂ ਹੈ ਤਦੇ ਸਭ ਠੀਕ ਚੱਲ ਰਿਹਾ ਹੈ।”
ਦਫਤਰ ਤੋਂ ਬਾਹਰ ਨਿਕਲਦੇ ਹੀ ਮੇਰੀ ਨਜ਼ਰ ਉਥੋਂ ਗੁਜਰ ਰਹੇ ਇੱਕ ਜਸਟਿਸ ਉੱਤੇ ਪਈ। ਮੈਂ ਡਰਦੇ-ਡਰਦੇ ਉਨ੍ਹਾਂ ਤੋਂ ਵੀ ਪੁੱਛ ਲਿਆ, ‘‘ਸਰ, ਕੁਝ ਭਿ੍ਰਸ਼ਟਾਚਾਰ ਬਾਰੇ ਚਾਨਣਾ ਪਾਓ?” ਉਹ ਪ੍ਰਸ਼ਨ ਸੁਣ ਕੇ ਗੰਭੀਰ ਹੋ ਗਏ। ਫਿਰ ਬੋਲੇ, ‘‘ਪਹਿਲਾਂ ਤੁਸੀਂ ਭਿ੍ਰਸ਼ਟਾਚਾਰ ਨੂੰ ਜ਼ਿੰਦਾ ਜਾਂ ਮੁਰਦਾ ਫੜ ਕੇ ਲਿਆਓ। ਅਸੀਂ ਸਬੂਤ ਬਿਨਾਂ ਟਿੱਪਣੀ ਨਹੀਂ ਕਰਦੇ।”
ਫਿਰ ਘਰ ਪਰਤਦੇ ਹੋਏ ਮੈਂ ਇੱਕ ਪੁਲਸ ਵਾਲੇ ਤੋਂ ਪੁੱਛਿਆ, ‘‘ਤੁਸੀਂ ਭਿ੍ਰਸ਼ਟਾਚਾਰ ਨੂੰ ਕਿਤੇ ਦੇਖਿਆ ਹੈ?”
ਉਹ ਇਕਦਮ ਬੋਲਿਆ, ‘‘ਸਵੇਰੇ ਇੱਕ ਅਪਰਾਧੀ ਨੂੰ ਏਧਰੋਂ ਭੱਜਦੇ ਦੇਖਿਆ ਸੀ ਦੁਪਹਿਰੇ ਇੱਕ ਟੈਕਸੀ ਵਾਲਾ ਇੱਕ ਬਜ਼ੁਰਗ ਨੂੰ ਟੱਕਰ ਮਾਰ ਕੇ ਭੱਜ ਗਿਆ। ਦੋਵੇਂ ਕੇਸ ਰਫਾ-ਦਫਾ ਹੁੰਦੇ ਵੀ ਵੇਖੇ ਸੀ, ਪਰ ਭਿ੍ਰਸ਼ਟਾਚਾਰ ਬਿਲਕੁਲ ਨਹੀਂ ਦੇਖਿਆ।”
ਇਸ ਤੋਂ ਮੈਨੂੰ ਤਸੱਲੀ ਹੋ ਗਈ ਕਿ ਭਿ੍ਰਸ਼ਟਾਚਾਰ ਬਾਰੇ ਮੇਰਾ ਸਟੈਂਡ ਬਿਲਕੁਲ ਸਹੀ ਹੈ। ਭਿ੍ਰਸ਼ਟਾਚਾਰ ਸਿਰਫ ਮਨ ਦਾ ਵਹਿਮ ਹੈ। ਇਹ ਇਸ ਦੇਸ਼ ਵਿੱਚ ਨਾ ਸਿਆਸਤ 'ਚ ਪਾਇਆ ਜਾਂਦਾ ਹੈ, ਨਾ ਵਿਵਸਥਾ ਵਿੱਚ, ਨਾ ਸਰਕਾਰੀ ਦਫਤਰਾਂ ਵਿੱਚ ਅਤੇ ਕਿਤੇ ਹੋਰ। ਚਾਰੋਂ ਪਾਸੇ ਸਭ ਠੀਕ ਹੈ। ਮੈਂ ‘ਜੈ ਹੋ' ਦਾ ਨਾਅਰਾ ਲਾਇਆ ਅਤੇ ਘਰ ਵੱਲ ਤੁਰ ਪਿਆ।

Have something to say? Post your comment