Welcome to Canadian Punjabi Post
Follow us on

29

November 2020
ਨਜਰਰੀਆ

ਪਤਝੜ ਦੇ ਮੌਸਮ

October 26, 2020 09:47 AM

-ਸ਼ਵਿੰਦਰ ਕੌਰ
ਪੰਜ ਕੁ ਦਹਾਕੇ ਪਹਿਲਾਂ ਜਿਨ੍ਹਾਂ ਗੱਲਾਂ ਬਾਰੇ ਅਸੀਂ ਸੁਫਨੇ ਵਿੱਚ ਵੀ ਨਹੀਂ ਚਿਤਵਿਆ ਸੀ, ਅੱਜ ਸਾਡੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਬਣ ਰਹੀਆਂ ਹਨ। ਨਵੀਂ ਤੋਂ ਨਵੀਂ ਤਕਨੀਕ ਜਿੱਥੇ ਸਾਨੂੰ ਬੜਾ ਕੁਝ ਸੁੁਖਾਵਾਂ ਦੇ ਰਹੀ ਹੈ, ਉਥੇ ਆਪੋ-ਆਪਣੇ ਸੀਮਿਤ ਦਾਇਰਿਆਂ ਵਿੱਚ ਰਹਿਣ ਲਈ ਬੇਵਸ ਵੀ ਕਰ ਰਹੀ ਹੈ। ਨਵਾਂ ਪਾਉਣ ਦੇ ਚੱਕਰਾਂ ਵਿੱਚ ਬੜਾ ਕੁਝ ਚੰਗਾ ਸਮਾਜ ਵਿੱਚੋਂ ਮਨਫੀ ਹੋ ਰਿਹਾ ਹੈ। ਆਪਣੇ ਹਿੱਤਾਂ ਨੂੰ ਪਹਿਲ ਦਿੰਦੇ ਅਸੀਂ ਨਰੋਈਆਂ ਕਦਰਾਂ-ਕੀਮਤਾਂ, ਨਿੱਘੇ ਪਰਵਾਰਕ ਰਿਸ਼ਤਿਆਂ ਅਤੇ ਭਾਈਚਾਰਕ ਸਾਂਝ ਤੋਂ ਦੂਰ ਹੋ ਰਹੇ ਹਾਂ।
ਪਿਛਲੇ ਦਿਨੀਂ ਇਨ੍ਹਾਂ ਭਾਈਚਾਰਕ ਸਾਂਝਾਂ ਦਾ ਨਿੱਘ ਹੰਢਾਉਣ ਦਾ ਮੌਕਾ ਮਿਲ ਗਿਆ, ਜਿਸ ਨਾਲ ਮਨ ਨੂੰ ਸਕੂਨ ਮਿਲਿਆ ਕਿ ਅਜੇ ਵੀ ਸਭ ਕੁਝ ਖਤਮ ਨਹੀਂ ਹੋਇਆ। ਸਵੇਰੇ ਸੰਦੇਹਾਂ ਉਠ ਕੇ ਰਸੋਈ ਵਿੱਚ ਜਾ ਕੇ ਚਾਹ ਬਣਾ ਰਹੀ ਸਾਂ ਕਿ ਫੋਨ ਦੀ ਘੰਟੀ ਵੱਜਣ ਲੱਗੀ। ਆਵਾਜ਼ ਤੋਂ ਪਤਾ ਲੱਗ ਗਿਆ ਕਿ ਫੋਨ ਪਤੀ ਵਾਸਤੇ ਹੈ। ਮੈਂ ਰਸੋਈ ਵਿੱਚੋਂ ਹੀ ਆਵਾਜ਼ ਦਿੱਤੀ, ‘‘ਤੁਹਾਡਾ ਫੋਨ ਹੈ।”
‘‘ਤੁਸੀਂ ਹੀ ਦੇਖ ਲਵੋ, ਮੈਂ ਗੁਸਲਖਾਨੇ ਵਿੱਚ ਹਾਂ।” ਉਧਰੋਂ ਆਵਾਜ਼ ਆਈ। ਜਦੋਂ ਫੋਨ ਚੁੱਕਿਆ ਤਾਂ ਕਰਨ ਵਾਲੇ ਦਾ ਨਾਂਅ ਪੜ੍ਹ ਕੇ ਮਨ ਕਿਸੇ ਅਣਹੋਣੀ ਘਟਨਾ ਵਾਪਰ ਜਾਣ ਦੇ ਡਰੋਂ ਸਹਿਮ ਗਿਆ। ਅਸਲ ਵਿੱਚ ਫੋਨ ਪੁੱਤਰ (ਜੇਠ ਦੇ ਲੜਕੇ) ਦਾ ਸੀ, ਜੋ ਬਾਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਆਪਣੀ ਮਾਂ ਕੋਲ ਸੀ। ਇੱਕ ਨੂੰਹ ਅਤੇ ਪੁੱਤ, ਦੋ ਜੀਅ ਉਸ ਕੋਲ ਹਰ ਵਕਤ ਰਹਿੰਦੇ ਸਨ। ਉਸ ਦੀ ਧੀ ਸਮੇਤ ਬਾਕੀ ਪਰਵਾਰਕ ਜੀਅ ਜਾਂਦੇ ਰਹਿੰਦੇ ਸਨ। ਕਿਲੋਮੀਟਰ ਦੂਰ ਸਾਡੀ ਦੋਹਤੀ ਅਤੇ ਦੋਹਤ-ਜਵਾਈ ਦਾ ਘਰ ਸੀ। ਚਾਹ ਪਾਣੀ ਤੇ ਰੋਟੀ-ਟੁੱਕ ਉਹ ਲਿਆਉਂਦੇ ਅਤੇ ਰਾਤ ਨੂੰ ਠਹਿਰਨ ਵਾਲਿਆਂ ਨੂੰ ਘਰ ਨਹਾਉਣ ਧੋਣ ਲਈ ਭੇਜ ਕੇ ਆਪ ਉਥੇ ਬੈਠ ਜਾਂਦੇ। ਇਉਂ ਰਲ ਮਿਲ ਕੇ ਵਕਤ ਲੰਘਾਇਆ ਜਾ ਰਿਹਾ ਸੀ।
ਲਗਾਤਾਰ ਵੱਜ ਰਹੀ ਫੋਨ-ਘੰਟੀ ਸੁਣ ਕੇ ਮੇਰੇ ਪਤੀ ਵੀ ਆ ਗਏ, ‘‘ਕਿਸ ਦਾ ਫੋਨ ਹੈ, ਚੁੱਕ ਕਿਉਂ ਨਹੀਂ ਰਹੇ?”
‘‘ਹਸਪਤਾਲੋਂ ਹੈ, ਕਿਤੇ ਭੈਣ ਨਾ ਜ਼ਿਆਦਾ ਢਿੱਲੀ ਹੋ ਗਈ ਹੋਵੇ, ਤੁਸੀਂ ਹੀ ਸੁਣ ਲਵੋ।” ਫੋਨ ਦਾ ਬਟਨ ਨੱਪਣ `ਤੇ ਅੱਗੋਂ ਆਵਾਜ਼ ਆਉਂਦੀ ਹੈ, ‘‘ਚਾਚਾ, ਬੇਬੇ ਨੂੰ ਸਾਹ ਔਖਾ ਆਉਂਦੈ।”
‘‘ਤੂੰ ਭੱਜ ਕੇ ਡਾਕਟਰ ਨੂੰ ਬੁਲਾ ਲਿਆ, ਮੈਂ ਤੇਰੇ ਛੋਟੇ ਚਾਚੇ ਨੂੰ ਦੱਸਦੈਂ। ਬੱਸ ਅਸੀਂ ਪੰਦਰਾਂ ਮਿੰਟਾਂ ਵਿੱਚ ਪਹੁੰਚੇ ਲੈ।” ਅਜੇ ਤੁਰਨ ਲੱਗਦੇ ਹਾਂ, ਫੋਨ ਦੁਬਾਰਾ ਬੋਲ ਪੈਂਦਾ ਹੈ। ਜਿਹੜੀ ਅਣਹੋਣੀ ਤੋਂ ਡਰ ਰਹੇ ਸੀ, ਉਹ ਵਾਪਰ ਗਈ ਸੀ। ਭੈਣ ਆਪਣੇ ਹਿੱਸੇ ਦਾ ਸਫਰ ਤੈਅ ਕਰ ਕੇ ਸਦਾ ਲਈ ਤੁਰ ਗਈ ਸੀ।
ਅਸੀਂ ਚਾਰੇ ਜਣੇ ਹਸਪਤਾਲ ਵਿੱਚ ਪਹੁੰਚ ਜਾਂਦੇ ਹਾਂ। ਭੈਣ ਦੇ ਧੀ-ਜਵਾਈ ਵੀ ਪਹੁੰਚ ਗਏ। ਦੋਹਤੀ ਅਤੇ ਦੋਹਤ-ਜਵਾਈ ਤਾਂ ਸਵੇਰੇ ਸਾਝਰੇ ਚਾਹ ਦੀ ਕੇਤਲੀ ਦੇਣ ਆਏ ਹੁੰਦੇ ਹਨ। ਪਿੰਡ ਘਰੇ ਵੀ ਫੋਨ ਉੱਤੇ ਦੱਸ ਦਿੱਤਾ ਹੈ। ਹਸਪਤਾਲ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ `ਤੇ ਅੱਧਾ ਘੰਟਾ ਲੱਗ ਜਾਂਦਾ ਹੈ। ਭਰੇ ਮਨਾਂ ਨਾਲ ਅਸੀਂ ਸਾਰੇ ਭੈਣ ਨੂੰ ਲੈ ਕੇ ਪਿੰਡ ਤੁਰ ਪੈਂਦੇ ਹਾਂ। ਪਿੰਡ ਪਹੁੰਚਣ ਤੋਂ ਪਹਿਲਾਂ ਸਕੇ-ਸ਼ਰੀਕੇ, ਆਂਢ ਗੁਆਂਢ ਅਤੇ ਮੇਲ ਮਿਲਾਪ ਰੱਖਣ ਵਾਲੇ ਪਹੁੰਚੇ ਹੋਏ ਹਨ। ਲੋੜੀਂਦਾ ਪ੍ਰਬੰਧ, ਜਿਵੇਂ ਬੈਠਣ ਲਈ ਗੁਰਦੁਆਰੇ ਵਿੱਚੋਂ ਲਿਆ ਕੇ ਗੱਦੇ ਫਰਸ਼ ਉੱਤੇ ਵਿਛਾ ਦਿੱਤੇ ਗਏ ਹਨ। ਭੈਣ ਜਿਸ ਜਗ੍ਹਾ ਉੱਤੇ ਪਈ ਹੁੰਦੀ ਸੀ, ਉਸੇ ਥਾਂ ਮੰਜਾ ਡਾਹਿਆ ਪਿਆ ਹੈ। ਘਰ ਦੇ ਸਾਰੇ ਜੀਅ ਭੈਣ ਦੇ ਮੰਜੇ ਕੋਲ ਬੈਠ ਜਾਂਦੇ ਹਨ। ਸਭ ਨੇੜਲੇ ਰਿਸ਼ਤੇਦਾਰਾਂ ਨੂੰ ਤਾਇਆਂ, ਚਾਚਿਆਂ ਦੇ ਬੱਚੇ ਫੋਨਾਂ ਉੱਤੇ ਸਸਕਾਰ ਦਾ ਸਮਾਂ ਦੱਸ ਰਹੇ ਹਨ। ਸਾਰਿਆਂ ਦੇ ਪਹੁੰਚਣ ਉੱਤੇ ਭੈਣ ਨੂੰ ਅੰਤਿਮ ਵਾਰ ਨੁਹਾ ਕੇ ਆਖਰੀ ਸਫਰ ਉੱਤੇ ਨਿਕਲ ਤੁਰਦੇ ਹਾਂ। ਸਸਕਾਰ ਕਰ ਕੇ ਵਾਪਸ ਮੁੜਦੇ ਹਾਂ ਤਾਂ ਆਉਂਦਿਆਂ ਨੂੰ ਸਾਰਿਆਂ ਲਈ ਚਾਹ, ਰੋਟੀ ਆਦਿ ਤਿਆਰ ਹੈ। ਖੁਦ ਹੀ ਸਭ ਨੂੰ ਵਰਤਾਇਆ ਜਾ ਰਿਹਾ ਹੈ।
ਭੋਗ ਪੈਣ ਦੇ ਦਿਨ ਤੱਕ ਘਰ ਦੇ ਜੀਅ ਅਫਸੋਸ ਕਰਨ ਆਉਣ ਵਾਲਿਆਂ ਕੋਲ ਸੱਥਰ ਉਤੇ ਬੈਠਦੇ ਹਨ। ਆਪਣੇ ਆਪ ਹੀ ਡਿਊਟੀਆਂ ਲਾ ਕੇ ਨੇੜਲੇ ਸਾਰੇ ਪ੍ਰਬੰਧ ਕਰ ਰਹੇ ਹਨ। ਘਰ ਵਾਲਿਆਂ ਨੂੰ ਇਸ ਬਾਰੇ ਕੋਈ ਦਿਮਾਗੀ ਬੋਝ ਨਹੀਂ। ਕਬੀਲਦਾਰੀ ਤੋਂ ਵਿਹਲੇ ਹੋਏ ਬਜ਼ੁਰਗ ਅਤੇ ਬੀਬੀਆਂ ਸਾਰਾ ਦਿਨ ਦੁੱਖ ਵਿੱਚ ਸਰੀਕ ਹੁੰਦੇ ਹੋਏ ਸੱਥਰ ਉਤੇ ਬੈਠੇ ਰਹਿੰਦੇ ਹਨ। ਗੱਲਾਂ ਕਦੇ ਫਸਲ ਵਾੜੀ ਦੀਆਂ ਤੁਰ ਪੈਂਦੀਆਂ ਹਨ, ਕਦੇ ਸਿਆਸਤ ਉਤੇ ਚੁੰਝ ਚਰਚਾ ਹੋਣ ਲੱਗਦੀ ਹੈ। ਕਦੇ ਕਦੇ ਇੱਕ ਦੂਜੇ ਨੂੰ ‘ਹੁਣ ਤਾਂ ਭਰਾਵਾਂ ਤੇਰੀ ਵਾਰੀ ਹੈ’ ਵਰਗੇ ਫਿਕਰੇ ਕੱਸੇ ਜਾਂਦੇ ਹਨ। ਅਗਲਾ ਕਿਹੜਾ ਘੱਟ ਹੁੰਦਾ ਹੈ, ਅੱਗੋਂ ਪਟੱਕ ਦੇਣੇ ਕਹਿ ਦਿੰਦਾ ਹੈ, ‘‘ਨਾ ਭਰਾਵਾ, ਮੈਂ ਲਿਖਣ ਵੇਲੇ ਪਹਿਲਾਂ ਯਮ ਨੂੰ ਤੇਰਾ ਨਾਂਅ ਲਿਖਾ ਦਿੱਤਾ ਸੀ।” ਇਸ ਤਰ੍ਹਾਂ ਮਾਹੌਲ ਕੁਝ ਸਮਾਂ ਬਦਲ ਜਾਂਦਾ ਹੈ। ਕਦੇ ਕੋਈ ਜਾਗਰੂਕ ਜੀਅ ਰੇਹਾਂ ਸਪਰੇਆਂ ਦੀ ਜ਼ਿਆਦਾ ਵਰਤੋਂ ਅਤੇ ਇਸ ਨਾਲ ਹੁੰਦੇ ਰੋਗਾਂ ਬਾਰੇ ਵੀ ਚਰਚਾ ਕਰਨ ਲੱਗ ਜਾਂਦਾ। ਰਾਤ ਨੂੰ ਵੀ ਕੁਝ ਬੀਬੀਆਂ ਅਤੇ ਬਜ਼ੁਰਗ ਉਥੇ ਹੀ ਸੌਂ ਜਾਂਦੇ।
ਭੋਗ ਵਾਲੇ ਦਿਨ ਵੀ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਉਨ੍ਹਾਂ ਦੇ ਚਿਹਰਿਆਂ ਤੋਂ ਕੋਰੋਨਾ ਬਾਰੇ ਲੋਕਾਂ ਦੇ ਮਨਾਂ ਵਿੱਚ ਪੈਦਾ ਕੀਤੀ ਦਹਿਸ਼ਤ ਦਾ ਕੋਈ ਪ੍ਰਛਾਵਾਂ ਮੈਨੂੰ ਨਹੀਂ ਦਿੱਸਿਆ, ਸਗੋਂ ਮਾਨਸਿਕ ਤੌਰ ਉੱਤੇ ਤਕੜੇ ਅਤੇ ਸੰਜੀਦਾ ਚਿਹਰੇ ਹਰ ਆਉਣ ਜਾਣ ਵਾਲੇ ਰਿਸ਼ਤੇਦਾਰ ਦੀ ਲੋੜ ਦਾ ਖਿਆਲ ਰੱਖ ਰਹੇ ਸਨ। ਲੱਗ ਰਿਹਾ ਸੀ, ਗਮੀ, ਖੁਸ਼ੀ ਵਿੱਚ ਮਦਦਗਾਰ ਹੋਣਾ ਇਨ੍ਹਾਂ ਦੇ ਸੁਭਾਅ ਦਾ ਅੰਗ ਹੈ। ਭੋਗ ਤੋਂ ਬਾਅਦ ਜਦੋਂ ਅਸੀਂ ਵਾਪਸ ਸ਼ਹਿਰ ਆ ਰਹੇ ਸਾਂ ਤਾਂ ਮਨ ਵਿੱਚ ਰਿਸ਼ਤਿਆਂ ਦੇ ਇਸ ਨਿੱਘੇ ਅਹਿਸਾਸ ਨੇ ਪਕੜ ਬਣਾ ਲਈ ਸੀ। ਮੈਥੋਂ ਛੋਟੀ ਭੈਣ ਕਹਿ ਰਹੀ ਸੀ ਕਿ ਜ਼ਿੰਦਗੀ ਦੀ ਪਤਝੜ ਦੇ ਮੌਸਮ (ਆਖਰੀ ਪੜਾਅ) ਦੇ ਦਿਨ ਤਾਂ ਆਪਣੇ ਪਿੰਡ ਨਿੱਘੇ ਮਾਹੌਲ 'ਚ ਹੀ ਲੰਘਣੇ ਚਾਹੀਦੇ ਹਨ।
ਅਜੋਕੇ ਕਾਹਲ ਭਰੇ, ਰੁਝੇਵਿਆਂ ਵਾਲੇ ਅਤੇ ਬਦਲ ਰਹੀ ਜੀਵਨ ਸ਼ੈਲੀ ਵਾਲੇ ਸਮਾਜ ਵਿੱਚ ਪੁਰਾਣੇ ਸੱਭਿਆਚਾਰ ਦੇ ਅਜਿਹੇ ਰੰਗ ਫਿੱਕੇ ਪੈ ਰਹੇ ਹਨ। ਅੱਜ ਦੇ ਸਮੇਂ ਵਿੱਚ ਜਦੋਂ ਨਿੱਤ ਨਵੇਂ ਪਾਸ ਹੁੰਦੇ ਆਰਡੀਨੈਂਸ ਸਾਡੇ ਜਿਊਣ ਦੇ ਹੱਕ ਉਤੇ ਡਾਕਾ ਮਾਰ ਰਹੇ ਹਨ ਤਾਂ ਸਾਨੂੰ ਇਨ੍ਹਾਂ ਕਿਰਤੀ, ਕਿਸਾਨ ਤੇ ਮਜ਼ਦੂਰ ਦੀਆਂ ਭਾਈਚਾਰਕ ਸਾਂਝਾਂ ਨੂੰ ਹੋਰ ਤਕੜੀਆਂ ਕਰਨ ਦੀ ਜ਼ਰੂਰਤ ਹੈ। ਭਾਈਚਾਰਕ ਤੰਦਾਂ ਅਤੇ ਕਿਰਤੀਆਂ ਦੀ ਸਾਂਝ, ਕਾਲੀਆਂ ਰਾਤਾਂ ਨੂੰ ਸੂਹੀ ਸਵੇਰ ਵਿੱਚ ਬਦਲਣ ਦੀ ਤਾਕਤ ਰੱਖਦੇ ਹਨ।

 

Have something to say? Post your comment