Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਕਹਾਣੀ: ਓਪਰੀ ਹਵਾ

October 21, 2020 09:31 AM

-ਅੰਮ੍ਰਿਤ ਕੌਰ
‘‘ਐਨੀਆਂ ਹੌਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ।” ਜਗੀਰੋ ਦੇ ਹੱਥ ਵਿੱਚ ਕੰਨਾਂ ਦੀਆਂ ਵਾਲੀਆਂ ਫੜੀਆਂ ਸਨ ਜਿਨ੍ਹਾਂ ਨੂੰ ਉਹ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪ੍ਰੀਤ ਨੇ ਦੇਖਿਆ ਕਿ ਇਹ ਉਹੀ ਵਾਲੀਆਂ ਸਨ, ਜਿਹੜੀਆਂ ਉਸ ਦੇ ਪੇਕਿਆਂ ਨੇ ਉਸ ਦੀ ਸੱਸ ਜਗੀਰੋ ਨੂੰ ਪਾਈਆਂ ਸਨ। ਦੋ ਕੁ ਦਿਨਾਂ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ। ਕਦੇ ਉਨ੍ਹਾਂ ਦੇ ਦਿੱਤੇ ਕੱਪੜਿਆਂ ਵਿੱਚ ਨੁਕਸ ਕੱਢਦੀ, ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ। ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ ਛੇ ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਿਆ। ਛੇ ਮਹੀਨਿਆਂ ਵਿੱਚ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਸ ਦੀ ਸੱਸ ਉਸ ਤੋਂ ਖੁਸ਼ ਨਹੀਂ। ਫਿਰ ਉਹ ਸੋਚਦੀ ਕਿ ਸੱਚ ਨੂੰਹ ਦੇ ਰਿਸ਼ਤੇ ਵਿੱਚ ਐਨਾ ਕੁ ਤਾਂ ਸਭ ਪਾਸੇ ਚੱਲਦਾ ਹੈ। ਜੇ ਪਿੰਡ ਦੀ ਕੋਈ ਕੁੜੀ ਪ੍ਰੀਤ ਕੋਲ ਸਿਲਾਈ, ਕਢਾਈ, ਬੁਣਾਈ ਆਦਿ ਦਾ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸ ਨੂੰ ਮਹਿਸੂਸ ਹੰਦਾ ਕਿ ਉਸ ਦੀ ਸੱਸ ਨੂੰ ਇਹ ਚੰਗਾ ਨਹੀਂ ਲੱਗਦਾ, ਖਾਸ ਕਰ ਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ। ਕਈ ਵਾਰ ਉਸ ਦੀ ਜੀਅ ਕੀਤਾ ਕਿ ਪੁੱਛ ਲਵੇ, ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਪ੍ਰੀਤ ਨੇ ਜੋ ਸੋਚਿਆ ਵੀ ਨਾ ਹੁੰਦਾ, ਉਹੋ ਜਿਹੇ ਮਤਲਬ ਕੱਢ ਲੈਂਦੀ। ਪ੍ਰੀਤ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ। ਇਸ ਕਰ ਕੇ ਉਹ ਚੁੱਪ ਰਹਿਣਾ ਹੀ ਠੀਕ ਸਮਝਦੀ। ਜਦੋਂ ਪ੍ਰੀਤ ਜਗੀਰੋ ਦੀ ਕਹੀ ਚੁਭਵੀਂ ਗੱਲ 'ਤੇ ਵੀ ਚੁੱਪ ਰਹਿੰਦੀ ਤਾਂ ਜਗੀਰੋ ਨੂੰ ਹੋਰ ਖਿੱਝ ਚੜ੍ਹਦੀ। ਕਈ ਵਾਰ ਉਹ ਬੁੜਬੁੜਾਉਂਦੀ “ਮਟੁੰਨ ਜਿਹੀ ਕਿੱਥੋਂ ਸਾਡੇ ਕਰਮਾਂ ਵਿੱਚ ਧਰੀ ਪਈ ਤੀ।”
ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸ ਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ। ਕਦੇ ਕਦੇ ਕੋਈ ਦਾਲ ਸਬਜ਼ੀ ਡੁੱਲ੍ਹ ਜਾਂਦੀ। ਕਈ ਵਾਰ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਜਾਣਬੁੱਝ ਕੇ ਇਉਂ ਕਰਦੀ ਹੋਵੇ।
ਇੱਕ ਦਿਨ ਤਾਂ ਹੱਦ ਹੋ ਗਈ। ਜਗੀਰੋ ਨੇ ਉਸ ਨੂੰ ਗਿੱਚੀਓਂ ਫੜ ਲਿਆ, ਨਾਲ ਨਾਲ ਬੋਲ ਰਹੀ ਸੀ, ‘ਮੈਂ ਖਤਮ ਕਰ ਦੇਊਂ ਇਹਨੂੰ, ਮੁੰਡੇ ਦੇ ਸਿਰ 'ਚ ਕੁਸ਼ ਪਾ ਕੇ ਵੱਸ 'ਚ ਕਰ ਲਿਆ।”
ਪ੍ਰੀਤ ਬਹੁਤ ਡਰ ਗਈ ਸੀ। ਉਸ ਨੇ ਆਪਣਾ ਆਪ ਮਸਾਂ ਛੁਡਾਇਆ। ਉਸ ਤੋਂ ਬਾਅਦ ਉਸ ਦੀ ਸੱਸ ਜਗੀਰੋ ਅੰਦਰ ਜਾ ਕੇ ਮੰਜੇ 'ਤੇ ਡਿੱਗ ਪਈ। ਪ੍ਰੀਤ ਡਰਦੀ ਉਸ ਦੇ ਕੋਲ ਵੀ ਨਾ ਗਈ। ਸ਼ਾਮ ਨੂੰ ਜਦੋਂ ਉਸ ਦਾ ਸਹੁਰਾ ਬਲਦੇਵ ਸਿੰਘ ਘਰ ਆਇਆ ਤਾਂ ਉਸ ਦੀ ਜਾਨ 'ਚ ਜਾਨ ਆਈ। ਉਸ ਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰੀ ਸਮਝੀ।
‘‘ਬਾਪੂ ਜੀ! ਬੇਬੇ ਜੀ ਠੀਕ ਨਹੀਂ ਲੱਗਦੇ, ਕਿਸੇ ਡਾਕਟਰ ਨੂੰ ਦਿਖਾ ਦਿਓ, ਪਤਾ ਨਹੀਂ ਕੀ ਹੋ ਗਿਆ ਸੀ ਅੱਜ।”
ਪਰ ਜਗੀਰੋ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗੀ। ਪ੍ਰੀਤ ਨੂੰ ਮੌਕਾ ਨਾ ਦਿੱਤਾ ਆਪਣੀ ਗੱਲ ਕਹਿਣ ਦਾ। ਉਸ ਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ। ਖੇਤ ਜਾਣ ਲੱਗਿਆਂ ਬਲਦੇਵ ਨੇ ਕਿਹਾ, ‘‘ਪ੍ਰੀਤ ਪੁੱਤ, ਤੂੰ ਆਪਣਾ ਧਿਆਨ ਰੱਖੀਂ।”
ਦੋ ਕੁ ਦਿਨ ਲੰਘੇ ਜਗੀਰੋ ਨੇ ਫਿਰ ਗੁੱਤੋਂ ਫੜ ਲਿਆ। ਸਬੱਬ ਨਾਲ ਸੁਖਦੇਵ ਖੇਤੋਂ ਘਰੇ ਆ ਗਿਆ। ਉਸ ਨੇ ਪ੍ਰੀਤ ਨੂੰ ਉਸ ਦੇ ਹੱਥੋਂ ਛੁਡਾਇਆ ਤੇ ਉਸ ਨੂੰ ਧੱਕਾ ਦੇ ਕੇ ਮੰਜੇ 'ਤੇ ਸੁੱਟ ਦਿੱਤਾ। ਪ੍ਰੀਤ ਡਰ ਨਾਲ ਕੰਬ ਰਹੀ ਸੀ। ਜਗੀਰੋ ਅਜੇ ਵੀ ਕਚੀਚੀਆਂ ਵੱਟ ਰਹੀ ਸੀ। ਬਲਦੇਵ ਸਿੰਘ ਨੇ ਪਾਣੀ ਦਾ ਗਲਾਸ ਭਰ ਕੇ ਜਗੀਰੋ ਦੇ ਮੂੰਹ 'ਤੇ ਮਾਰਿਆ ਤਾਂ ਉਸ ਨੂੰ ਹੋਸ਼ ਜਿਹੀ ਆਈ।
‘‘ਮੇਰੇ 'ਤੇ ਪਾਣੀ ਕਿਉਂ ਪਾਇਆ...?”
‘‘ਤੂੰ ਦੱਸ ਪਹਿਲਾਂ ਤੂੰ ਕੀ ਜਲੂਸ ਕੱਢਣ ਲੱਗੀ ਸੀ?” ਬਲਦੇਵ ਗੁੱਸੇ ਨਾਲ ਭਰਿਆ ਪਿਆ ਸੀ।
‘‘ਮੈਨੂੰ ਤਾਂ ਕੁਸ਼ ਵੀ ਯਾਦ ਨ੍ਹੀਂ। ਪਤਾ ਨ੍ਹੀਂ ਕੀ ਹੋ ਗਿਆ ਸੀ ਮੈਨੂੰ।”
‘‘ਪਹਿਲਾਂ ਜਦੋਂ ਬੇਬੇ ਜਿਊਂਦੀ ਸੀ, ਉਦੋਂ ਵੀ ਤੇਰਾ ਏਹੀ ਕੁੱਤਖਾਨਾ ਚੱਲਦਾ ਸੀ।”
‘‘ਮੈਨੂੰ ਲੱਗਦੈ ਮੇਰਾ ਤਵੀਤ ਜੂਠਾ ਹੋ ਗਿਆ, ਗ੍ਰਹਿਣ ਲੱਗਿਆ ਸੀ ਪਿੱਛੇ ਜਿਹੇ ਕਈ ਦਿਨ ਹੋ ਗਏ।” ਉਹ ਉਦਾਸ ਜਿਹੀ ਹੋ ਕੇ ਬੋਲੀ।
‘‘ਹੁਣ ਕੰਮ ਦੇ ਮੌਸਮ ਵਿੱਚ ਮੈਂ ਕਿੱਥੋਂ ਟੈਮ ਕੱਢਾਂ ਸਿਆਣਿਆਂ ਕੋਲ ਜਾਣ ਦਾ।”
ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ, ਨਾ ਕਦੇ ਸੁਣਿਆ ਸੀ, ਧਾਗੇ ਤਵੀਤ, ਇਹ ਕੀ ਚੱਕਰ ਹੈ। ਉਸ ਨੇ ਤਾਂ ਸੁਣਿਆ ਸੀ ਕਿ ਭੂਤ ਪ੍ਰੇਤ ਕੁਝ ਨਹੀਂ ਹੁੰਦਾ। ਫਿਰ ਇਹ ਕੀ? ਉਸ ਨੂੰ ਬੜਾ ਡਰ ਲੱਗਦਾ ਸੀ। ਉਸ ਦਾ ਪਤੀ ਡੇਢ ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ ਸੀ। ਜਦੋਂ ਉਸ ਦਾ ਫੋਨ ਆਉਂਦਾ ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਬਾਰੇ ਦੱਸ ਦੇਵੇ, ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਐ। ਉਸ ਦਾ ਪਤੀ ਪੜ੍ਹਿਆ-ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ 'ਤੇ ਰਹਿੰਦਾ? ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਓ-ਪੁੱਤਰ ਮਿਹਨਤੀ ਸਨ ਅਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ। ਗੁਜ਼ਾਰਾ ਠੀਕ ਚੱਲਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ ਸੀ।
ਪਹਿਲਾਂ ਜਗੀਰੋ ਨੂੰ ਹਫਤੇ ਦੋ ਹਫਤੇ ਬਾਅਦ ਕਸਰ ਹੁੰਦੀ ਸੀ, ਪਰ ਹੁਣ ਤੀਜੇ ਕੁ ਦਿਨ ਉਸ ਨੂੰ ਓਪਰੀ ਹਵਾ ਆ ਦਬੋਚਦੀ। ਸਭ ਤੋਂ ਪਹਿਲਾਂ ਕੰਮ ਉਸ ਦਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ। ਉਸ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੱਡਦੀ ਉੱਡਦੀ ਖਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ ਹੈ। ਉਹ ਆਪਣੇ ਪਤੀ ਨਾਲ ਸਲਾਹ ਕਰ ਕੇ ਪ੍ਰੀਤ ਨੂੰ ਮਿਲਣ ਚਲੀ ਗਈ। ਉਸ ਦੀ ਮਾਂ ਨੇ ਉਸ ਤੋਂ ਸਾਰੀਆਂ ਗੱਲਾਂ ਪੁੱਛੀਆਂ। ਉਸ ਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ। ਉਸ ਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗੀ। ਉਹ ਪ੍ਰੀਤ ਕੋਲ ਇੱਕ ਰਾਤ ਰੁਕ ਗਈ, ਪਰ ਉਸ ਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸ ਦੇ ਜਾਣ ਤੋਂ ਦੋ ਕੁ ਦਿਨ ਬਾਅਦ ਫੇਰ ਉਹੀ ਕੰਮ ਸ਼ੁਰੂ ਹੋ ਗਿਆ।
ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਵਿੱਚ ਆਈ ਹੋਈ ਸੀ ਤਾਂ ਪ੍ਰੀਤ ਦੇ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ, ਜਿਵੇਂ ਉਨ੍ਹਾਂ ਨੂੰ ਕਿਸੇ ਨੇ ਫੋਨ ਕਰ ਕੇ ਬੁਲਾਇਆ ਹੋਵੇ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਤਰਸ ਆਇਆ। ਉਸ ਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ। ਪ੍ਰੀਤ ਦੀ ਸੱਸ ਝਈਆਂ ਲੈ ਲੈ ਪੈ ਰਹੀ ਸੀ। ਨਾਲ ਭੂਤਰੇ ਸਾਨ੍ਹ ਵਾਂਗ ਫੁੰਕਾਰ ਰਹੀ ਸੀ। ਸੱਚੀਂ ਲੋਹੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਸੀ ਉਸ ਵਿੱਚ। ਉਸ ਨੇ ਇੱਕ ਵਾਰ ਫਿਰ ਪ੍ਰੀਤ ਨੂੰ ਆ ਦਬੋਚਿਆ। ਕੋਸ਼ਿਸ਼ ਕਰਨ 'ਤੇ ਵੀ ਉਹ ਜਗੀਰੋ ਦੇ ਹੱਥੋਂ ਉਸ ਨੂੰ ਛੁਡਾ ਨਾ ਸਕੀ।
ਬਲਦੇਵ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਹ ਸ਼ਰਮ ਨਾਲ ਮਰਨਹਾਕਾ ਹੋਇਆ ਪਿਆ ਸੀ। ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਵਿੱਚ ਕਿਹਾ, ‘‘ਮੈਨੂੰ ਮੁਆਫ ਕਰਨਾ ਵੀਰ ਜੀ! ਹੁਣ ਮਾਣ ਸਤਿਕਾਰ ਵਾਲੇ ਸਾਰੇ ਬੰਨ੍ਹ ਟੁੱਟਣਗੇ।” ਇਹ ਕਹਿ ਕੇ ਉਸ ਨੇ ਖੂੰਜੇ ਪਈ ਸੋਟੀ ਚੁੱਕ ਕੇ ਪ੍ਰੀਤ ਦੀ ਸੱਸ ਦੀਆਂ ਲੱਤਾਂ 'ਤੇ ਦੋ ਠੋਕੀਆਂ। ਜਗੀਰੋ ਨੇ ਇੱਕ ਹੱਥ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। ਜਗੀਰੋ ਢਿੱਹੀ ਜਿਹੀ ਪੈ ਗਈ। ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ। ਉਸ ਨੇ ਇੱਕ ਵਾਰ ਫਿਰ ਸੋਟੀ ਉਲਾਰੀ, ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਜਗੀਰੋ ਵੱਲ ਕਹਿਰ ਦੀ ਨਿਗ੍ਹਾ ਨਾਲ ਦੇਖ ਰਹੀ ਸੀ।
‘‘ਮੈਨੂੰ ਲੱਗਦੈ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ।” ਉਸ ਨੇ ਸੋਟੀ ਪਰ੍ਹੇ ਰੱਖਦਿਆਂ ਬਲਦੇਵ ਨੂੰ ਕਿਹਾ। ਬਲਦੇਵ ਨੇ ਕੁੜੀ ਦੀ ਬਾਂਹ ਫੜੀ ਅਤੇ ਬੈਠਕ ਵਿੱਚ ਲੈ ਗਿਆ। ਜਗੀਰੋ ਹੌਲੀ-ਹੌਲੀ ਅੰਦਰ ਜਾ ਕੇ ਮੰਜੇ ਉੱਤੇ ਪੈ ਗਈ। ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪ੍ਰੇਸ਼ਾਨ ਸੀ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਕੋਲ ਆਈ, ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ। ਉਹ ਅੰਦਰ ਗਈ, ਪਰ ਉਸ ਦੀ ਸੱਸ ਨੇ ਵਾਰ ਵਾਰ ਕਹਿਣ 'ਤੇ ਵੀ ਪਾਣੀ ਨਾ ਫੜਿਆ। ਉਹ ਭਰੀਆਂ ਅੱਖਾਂ ਨਾਲ ਬਾਹਰ ਆ ਗਈ ਤੇ ਰਸੋਈ ਵਿੱਚ ਚਲੀ ਗਈ। ‘‘ਕੀ ਹਾਲ ਕਰ 'ਤਾ ਮੇਰੀ ਜੁਆਕੜੀ ਦਾ। ਚੁੜੇਲ ਜ੍ਹੀ ਨੇ।” ਉਹ ਅਜੇ ਵੀ ਗੁੱਸੇ ਵਿੱਚ ਬੁੜਬੁੜਾ ਰਹੀ ਸੀ।
ਪ੍ਰੀਤ ਨੂੰ ਉਸ ਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਘਰ ਦਾ ਹਰ ਕੰਮ ਸਿਖਾਇਆ ਸੀ। ਸਿਲਾਈ, ਕਢਾਈ, ਬੁਣਾਈ, ਰਸੋਈ ਦੇ ਸਭ ਕੰਮ, ਇੰਨੇ ਕੁ ਕੰਮ ਕਿ ਸਹੁਰੇ ਘਰ ਵਾਲੇ ਉਸ ਦੀ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ। ਛਾਪਾਂ, ਛੱਲਿਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ। ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ ਸਨ, ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਣ ਤਾਣ ਕਰਨਾ ਚਾਹੁੰਦੇ ਹਨ ਤੇ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਆਪਾਂ ਨੂੰ ਬਿਨਾਂ ਮੰਗਿਆਂ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਦੀ, ਪਰ ਜਗੀਰੋ ਨੇ ਕਦੇ ਵੀ ਉਸ ਦੀ ਤਾਰੀਫ ਨਾ ਕੀਤੀ। ਸਗੋਂ ਕਈ ਵਾਰ ਠੀਕ ਕੰਮਾਂ ਵਿੱਚ ਵੀ ਨੁਕਸ ਕੱਢ ਦਿੰਦੀ ਸੀ। ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ। ਕਈ ਵਾਰੀ ਜਦੋਂ ਜਗੀਰੋ ਐਧਰ ਓਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ, ‘‘ਧੀਏ ਇਹਦਾ ਸੁਭਾਅ ਈ ਇਹੋ ਜਿਹਾ, ਤੂੰ ਦਿਲ 'ਤੇ ਨਾ ਲਾਇਆ ਕਰ ਏਹਦੀਆਂ ਗੱਲਾਂ।”
‘‘ਤੁਸੀਂ ਫਿਕਰ ਨਾ ਕਰੋ ਬਾਪੂ ਜੀ।” ਜਦੋਂ ਪ੍ਰੀਤ ਐਨਾ ਆਖ ਦਿੰਦੀ ਤਾਂ ਬਲਦੇਵ ਨੂੰ ਤਸੱਲੀ ਹੋ ਜਾਂਦੀ ਸੀ।
ਅੱਜ ਬਲਦੇਵ ਦਾ ਸਿਰ ਸ਼ਰਮ ਨਾਲ ਝੁਕ ਰਿਹਾ ਸੀ, ਜੋ ਉਸ ਦੇ ਘਰੇ ਜਲੂਸ ਨਿਕਲਿਆ। ਐਨਾ ਕੁ ਸ਼ੁਕਰ ਸੀ ਕਿ ਉਨ੍ਹਾਂ ਦਾ ਘਰ ਪਿੰਡ ਤੋਂ ਥੋੜ੍ਹਾ ਹਟ ਕੇ ਸੀ, ਪਰ ਜਗੀਰੋ ਚੁੱਪ ਕਰ ਕੇ ਮੱਥਾ ਫੜੀ ਬੈਠੀ ਸੀ। ਪ੍ਰੀਤ ਦੀ ਮਾਂ ਅੰਦਰ ਜਾ ਕੇ ਉਸ ਕੋਲ ਮੰਜੇ 'ਤੇ ਪੈਂਦ ਵੱਲ ਜਾ ਬੈਠੀ। ਜਗੀਰੋ ਕਹਿਣ ਲੱਗੀ, ‘‘ਮੈਨੂੰ ਤਾਂ ਭੋਰਾ ਪਤਾ ਨ੍ਹੀਂ ਲੱਗਦਾ...ਮੈਂ ਕੀ ਕਰੀ ਜਾਨੀ ਆਂ। ਮੈਥੋਂ ਤਾਂ ਜਾਣੀ ਕੋਈ ਧੱਕੇ ਨਾਲ ਹੀ ਕਰਵਾ ਲੈਂਦਾ ਸਭ ਕੁਸ਼। ਪਰ ਭੈਣ ਜੀ...ਪ੍ਰੀਤ ਨੇ ਕਦੇ ਦੱਸਿਆ ਈ ਨ੍ਹੀਂ ਥੋਨੂੰ ਵੀ ਕਸਰ ਹੁੰਦੀ ਹੈ।”
ਪ੍ਰੀਤ ਵੀ ਉਨ੍ਹਾਂ ਕੋਲ ਆ ਕੇ ਬੈਠ ਘਈ, ਪਰ ਉਸ ਦੀ ਮਾਂ ਨੇ ਉਸ ਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਤੇ ਜਗੀਰੋ ਨੂੰ ਕਹਿਣ ਲੱਗੀ, ‘‘ਦੇਖੋ ਭੈਣ ਜੀ ਨਾ ਮੈਨੂੰ ਕੋਈ ਕਸਰ ਹੁੰਦੀ ਐ...ਨਾ ਥੋਨੂੰ। ਇਹ ਤੁਸੀਂ ਵੀ ਜਾਣਦੇ ਓ ਤੇ ਮੈਂ ਵੀ...।” ਜਗੀਰੋ ਦਾ ਮੂੰਹ ਅੱਡਿਆ ਗਿਆ।
ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਬਹੁਤ ਸੀ, ਫਿਰ ਵੀ ਹੌਲੀ ਆਵਾਜ਼ ਵਿੱਚ ਬੋਲੀ, ‘‘ਜੇ ਮੇਰੀ ਧੀ ਕੰਮ ਨ੍ਹੀਂ ਕਰਦੀ, ਥੋਡੇ ਮੂਹਰੇ ਬੋਲਦੀ ਐ, ਆਏ ਗਏ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਓਹ ਤੋਂ ਪਾਪ ਕੀ ਹੋ ਗਿਆ, ਜਿਹੜਾ ਉਹਨੂੰ ਐਨਾ ਦੁਖੀ ਕਰਦੇ ਓਂ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ, ਅਸੀਂ ਵੀ ਥੋਨੂੰ ਅੱਖਾਂ 'ਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਵੀ ਔਖਾ ਕਰੋਗੇ, ਫਿਰ ਨਾ ਅਸੀਂ ਥੋਡੇ ਕੁਸ਼ ਲੱਗੇ, ਨਾ ਤੁਸੀਂ ਸਾਡੇ। ਓਪਰੀ ਹਵਾ ਜਿਵੇਂ ਥੋਨੂੰ ਮੇਰੀ ਧੀ ਨੂੰ ਗਿੱਚੀਓਂ ਫੜਨ ਲਈ ਮਜਬੂਰ ਕਰਦੀ ਐ, ਮੇਰੇ ਆਲੀ ਓਪਰੀ ਹਵਾ 'ਚ ਵੀ ਬਥੇਰਾ ਜ਼ੋਰ ਐ। ਅੱਜ ਤਾਂ ਥੋੜ੍ਹੀ ਸ਼ਰਮ ਸੀ, ਅੱਗੇ ਤੋਂ ਇਹ ਵੀ ਚੱਕੀ ਜਾਊ। ਜੇ ਥੋਨੂੰ ਇਹ ਹੋਊ ਕਿ ਅਸੀਂ ਕੁੜੀ ਲੈ ਜਾਂਗੇ, ਇਹ ਭੁੱਲ ਜੋ ਤੁਸੀਂ, ਫੇਰ ਨਾ ਆਖਣਾ ਮੇਰਾ 'ਕੱਲਾ 'ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ।” ਜਗੀਰੋ ਸੁਣ ਕੇ ਸੁੰਨ ਹੋ ਗਈ।
‘‘ਮੇਰੀ ਇੱਕ ਹੋਰ ਗੱਲ ਸੁਣ ਲਓ, ਇਹ ਗੱਲ ਆਪਣੇ ਦੋਵਾਂ ਵਿੱਚ ਰਹੇ ਤਾਂ ਚੰਗੀ ਐ।” ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖਿਆ, ‘‘ਨਾਲੇ ਭੈਣ ਜੀ, ਤੁਸੀਂ ਆਪ ਸਿਆਣੇ ਓ ਧਾਗੇ ਤਵੀਤਾਂ 'ਚ ਉਲਝਿਆ ਬੰਦਾ ਕਦੇ ਸੁਖੀ ਨ੍ਹੀਂ ਰਹਿੰਦਾ। ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਾਖੰਡੀ ਸਾਧਾਂ ਦੀਆਂ ਗੋਗੜਾਂ ਈ ਭਰਦੀ ਐ...।” ਜਗੀਰੋ ਚੁੱਪ ਕਰ ਕੇ ਸੁਣੀ ਜਾ ਰਹੀ ਸੀ। ਐਨੇ ਨੂੰ ਪ੍ਰੀਤ ਚਾਹ ਲੈ ਕੇ ਆ ਗਈ।
ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਜਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾਂ ਮੰਗੀ ਅਤੇ ਕਿਹਾ, ‘‘ਜੇ ਭੈਣ ਜੀ, ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਤਾਂ ਮੈਂ ਜਿਹੜਾ ਮੰਤਰ ਦੱਸਿਆ ਉਹਨੂੰ ਯਾਦ ਕਰ ਲੈਣਾ ਬੱਸ। ਫੇਰ ਨ੍ਹੀਂ ਓਪਰੀ ਹਵਾ ਨੇੜੇ ਲੱਗਦੀ।”

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’