Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਜਦੋਂ ਵਿਦਿਆਰਥੀ ਨੇ ਸ਼ਗਨ ਪਾਇਆ

October 21, 2020 09:26 AM

-ਸਿਮਰਜੀਤ ਸਿੰਮੀ
ਵਿਦਿਆਰਥੀ ਜੀਵਨ ਦੌਰਾਨ ਮੈਨੂੰ ਆਪਣੇ ਕਈ ਅਧਿਆਪਕ ਚਾਨਣ-ਮੁਨਾਰੇ ਲੱਗਦੇ ਸਨ। ਉਨ੍ਹਾਂ ਦੀਆਂ ਸੰਦਲੀ ਪੈੜਾਂ 'ਤੇ ਚੱਲ ਕੇ ਮੈਂ ਵੀ ਅਧਿਆਪਕਾ ਬਣਨ ਦੇ ਸੁਫਨੇ ਲਿਆ ਕਰਦੀ ਸੀ। ਮੈਨੂੰ ਲੱਗਦਾ ਸੀ ਕਿ ਕਿਸੇ ਬੁੱਤ ਘਾੜੇ ਵਾਂਗ ਅਧਿਆਪਕ ਪੱਥਰਾਂ ਨੂੰ ਤਰਾਸ਼ ਕੇ ਉਨ੍ਹਾਂ 'ਚੋਂ ਖੂਬਸੂਰਤ ਮੂਰਤੀਆਂ ਘੜ ਸਕਦੇ ਹਨ। ਪ੍ਰਾਚੀਨ ਕਾਲ ਦੇ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ‘ਗੁਰੂ-ਸ਼ਿਸ਼’ ਵਾਲਾ ਮੰਨਿਆ ਜਾਂਦਾ ਸੀ। ਗੁਰੂਕੁਲ ਪ੍ਰਥਾ ਵੇਲੇ ਗੁਰ-ਦੀਖਿਆ, ਗੁਰ-ਦੱਖਣਾ ਦੀ ਮੁਥਾਜ ਨਹੀਂ ਸੀ। ਅੱਜ ਵਾਂਗ ਅਧਿਆਪਕੀ ਕਿੱਤਾ ਵਪਾਰ ਨਹੀਂ ਸੀ ਹੁੰਦਾ। ਗੁਰੂ-ਕੁਲ ਵਿੱਚ ‘ਗੁਰਦੇਵ’ ਜਗਿਆਸੂਆਂ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਸਾਰੀ ਹਯਾਤੀ ਲਾ ਦਿੰਦੇ ਸਨ। ਹਰ ਅਧਿਆਪਕ ਦੀ ਤਮੰਨਾ ਹੁੰਦੀ ਕਿ ਉਸ ਦੇ ਸ਼ਿਸ਼ ਉਸ ਤੋਂ ਕਿਤੇ ਵੱਡੇ ਮੁਕਾਮ 'ਤੇ ਪੁੱਜਣ, ਇਹੀ ਉਨ੍ਹਾਂ ਲਈ ਸਭ ਤੋਂ ਵੱਡਾ ਇਨਾਮ-ਇਕਰਾਮ ਜਾਂ ਸਨਮਾਨ ਹੁੰਦਾ ਸੀ।
‘ਗੁਰੂ’ ਸੰਸਕ੍ਰਿਤ ਦਾ ਸ਼ਬਦ ਹੈ। ਉਪਨਿਸ਼ਦਾਂ ਵਿੱਚ ਗੁਰੂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ-‘ਗੁ’ ਦਾ ਅਰਥ ਅੰਧਕਾਰ ਅਤੇ ‘ਰੁ’ ਦਾ ਅਰਥ ਦੂਰ ਕਰਨ ਵਾਲਾ ਹੈ। ਭਾਵ, ਅਧਿਆਪਕ ਆਪਣੇ ਸ਼ਿਸ਼ ਦੇ ਮਨ-ਮਸਤਕ ਵਿੱਚ ਦੀਵੇ ਬਾਲ ਕੇ ਉਸ ਅੰਦਰ ਪ੍ਰਕਾਸ਼ ਫੈਲਾਉਣ ਦਾ ਕੰਮ ਕਰਦਾ ਹੈ। ਸਮਾਜ ਦੇ ਅਜਿਹੇ ਰੋਸ਼ਨ ਦਿਮਾਗ ਲੋਕ ਚਾਨਣ ਮੁਨਾਰੇ ਕਹਾਉਂਦੇ ਹਨ। ਭਾਰਤ ਦੇ ਸਾਬਕਾ ਰਾਸ਼ਟਰਪਤੀ, ਜਿਨ੍ਹਾਂ ਦਾ ਜਨਮ ਦਿਨ ‘ਅਧਿਆਪਕ ਦਿਵਸ’ ਵਜੋਂ ਮਨਾਇਆ ਜਾਂਦਾ ਹੈ, ਨੇ ਅਧਿਆਪਕਾ ਨੂੰ ਸਿੱਖਿਆ, ਸਮਾਜਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀ ਦੇ ਵਾਹਕ ਵਜੋਂ ਪਰਿਭਾਸ਼ਿਤ ਕੀਤਾ ਹੈ। ਨਿਗੁਰੇ ਦੀ ਸਥਿਤੀ ਕੱਲਰੀ ਭੂਮੀ ਵਾਂਗ ਜਾਣੀ ਜਾਂਦੀ ਹੈ, ਜੋ ਕੁਝ ਵੀ ਪੈਦਾ ਕਰਨ ਦੇ ਯੋਗ ਨਹੀਂ ਹੁੰਦੀ।
ਅਧਿਆਪਕ ਨੂੰ ‘ਚਾਨਣ ਦਾ ਵਣਜਾਰਾ' ਹੋਣ ਦਾ ਮਾਣ ਹਾਸਲ ਹੈ, ਜੋ ਅਗਿਆਨਤਾ ਦੀਆਂ ਬੰਦ ਖਿੜਕੀਆਂ ਖੋਲ੍ਹ ਕੇ ਆਪਣੇ ਸ਼ਿਸ਼ ਅੰਦਰ ਗਿਆਨ ਦੀ ਜੋਤ ਬਾਲਦਾ ਹੈ। ਇਹ ਮੈਂ ਆਪਣੇ ਸਤਿਕਾਰਤ ਅਧਿਆਪਕਾਂ ਬਾਰੇ ਸੋਚਿਆ ਕਰਦੀ ਸਾਂ। ਮੈਂ ਆਪਣੇ ਅਧਿਆਪਕਾਂ ਦੀਆਂ ਆਸਾਂ 'ਤੇ ਕਿੰਨਾ ਖਰਾ ਉੱਤਰੀ ਹਾਂ ਇਹ ਕਹਿਣਾ ਅਤਿ ਕਠਿਨ ਹੈ, ਪਰ ਜਦੋਂ ਕੋਈ ਪੁਰਾਣਾ ਵਿਦਿਆਰਥੀ ਉਚੇਚਾ ਮਿਲ ਕੇ ਸਤਿਕਾਰ ਦਿੰਦਾ ਹੈ ਤਾਂ ਰੂਹ ਸਰਸ਼ਾਰ ਹੋ ਜਾਂਦੀ ਹੈ। ਸੱਚ ਪੁੱਛੋਂ ਤਾਂ ਪੁਰਾਣੇ ਵਿਦਿਆਰਥੀਆਂ ਵੱਲੋਂ ਦਿਖਾਈ ਜਾਂਦੀ ਨਿਰਛਲ ਮੁਹੱਬਤ ਦੀ ਆਬਸ਼ਾਰ ਅੱਖਾਂ 'ਚੋਂ ਨੀਰ ਬਣ ਕੇ ਵਹਿਣ ਲੱਗਦੀ ਹੈ।
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਅੱਜ ਦੀ ਤਰ੍ਹਾਂ ‘ਅਧਿਆਪਕ ਦਿਵਸ’ ਅਤੇ ‘ਵਿਸ਼ਵ ਅਧਿਆਪਕ ਦਿਵਸ’ ਮੌਕੇ ਅਧਿਆਪਕ ਸਨਮਾਨੇ ਨਹੀਂ ਜਾਂਦੇ ਸਨ ਅਤੇ ਨਾ ਸਨਮਾਨਿਤ ਅਧਿਆਪਕਾਂ 'ਤੇ ਕਿਸੇ ਕਿਸਮ ਦਾ ਕੋਈ ਕਿੰਤੂ-ਪ੍ਰੰਤੂ ਹੁੰਦਾ ਸੀ, ਬਲਕਿ ਪੂਰੇ ਇਲਾਕੇ ਵਿੱਚ ਚੁੰਝ-ਚਰਚਾ ਅਧੀਨ ਉਸ ਕਾਬਲ ਅਧਿਆਪਕ ਦੀ ਖੂਬ ਪ੍ਰਸ਼ੰਸਾ ਹੁੰਦੀ ਸੀ। ਮੈਂ ਵਿਆਹ ਹੋਣ ਤੋਂ ਪਹਿਲਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਸਾਰੇ ਬੱਚੇ ਮੈਨੂੰ ਬੇਇੰਤਹਾ ਪਿਆਰ ਕਰਦੇ ਸਨ ਅਤੇ ਸਾਰੇ ਹੀ ਮੈਨੂੰ ਦੀਦੀ ਕਹਿ ਕੇ ਬੁਲਾਉਂਦੇ ਸਨ। ਫਿਰ ਸਰਕਾਰੀ ਨੌਕਰੀ ਮਿਲਣ ਕਰ ਕੇ ਉਹ ਸਕੂਲ ਛੱਡਣਾ ਪਿਆ। ਨਵੇਂ ਸਕੂਲ ਵਿੱਚ ਨਵੇਂ ਵਿਦਿਆਰਥੀਆਂ ਵਾਲ ਵਾਹ ਪਿਆ। ਉਥੋਂ ਵੀ ਅਸੀਮ ਪਿਆਰ ਮਿਲਿਆ। ਵਿਆਹ ਹੋਣ ਤੋਂ ਬਾਅਦ ਬਦਲੀ ਸਹੁਰਿਆਂ ਦੇ ਨਜ਼ਦੀਕ ਪਿੰਡ ਵਿੱਚ ਹੋ ਗਈ ਅਤੇ ਪੁਰਾਣੇ ਵਿਦਿਆਰਥੀ ਦੂਰ ਹੋ ਗਏ।
ਇੱਕ ਦਿਨ ਬੇਹੱਦ ਹੈਰਾਨੀ ਹੋਈ ਕਿ ਪ੍ਰਾਈਵੇਟ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ, ਜੋ ਵੱਡਾ ਹੋ ਗਿਆ ਸੀ, ਮੈਨੂੰ ਮਿਲਣ ਆਇਆ। ਮੈਂ ਉਸ ਨੂੰ ਪੁੱਛਿਆ, ‘‘ਜਗਜੀਤ ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੱਥੇ ਪੜ੍ਹਾਉਂਦੀ ਹਾਂ।” ਉਸ ਦਾ ਉੱਤਰ ਬੇਹੱਦ ਹੈਰਾਨੀ ਜਨਕ ਸੀ। ਉਸ ਨੇ ਕਿਹਾ, ‘‘ਦੀਦੀ! ਇਸ ਪਿੰਡ ਵਿਚ ਮੇਰੇ ਨਾਨਕੇ ਹਨ। ਕੱਲ੍ਹ ਸ਼ਾਮ ਨੂੰ ਮੇਰੇ ਮਾਮੇ ਦਾ ਮੁੰਡਾ ਸਕੂਲ ਦਾ ਕੰਮ ਕਰ ਰਿਹਾ ਸੀ। ਅਚਾਨਕ ਮੈਂ ਉਸ ਦਾ ਕੰਮ ਵੇਖਣ ਲੱਗ ਪਿਆ। ਚੈਕ ਕੀਤਾ ਹੋਇਆ ਕੰਮ ਵੇਖ ਕੇ ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਕਿਹਾ ਕਿ ਅਮਨ, ਇਹ ਦਸਤਖਤ ਮੇਰੀ ਦੀਦੀ ਦੇ ਹਨ। ਉਨ੍ਹਾਂ ਵਰਗੇ ਦਸਤਖਤ ਹੋਰ ਕੋਈ ਨਹੀਂ ਕਰ ਸਕਦਾ। ਫਿਰ ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਸਮਾਜਕ ਸਿੱਖਿਆ ਕੌਣ ਪੜ੍ਹਾਉਂਦਾ ਹੈ? ਉਸ ਨੇ ਤੁਹਾਡਾ ਜਿਹੜਾ ਨਾਂਅ ਦੱਸਿਆ, ਉਹ ਮੈਨੂੰ ਨਹੀਂ ਸੀ ਪਤਾ। ਉਹ ਕਹਿਣ ਲੱਗਾ, ‘‘ਦੀਦੀ! ਮੰਮੀ ਵਾਰ-ਵਾਰ ਮੈਨੂੰ ਵਾਪਸ ਜਾਣ ਲਈ ਜ਼ੋਰ ਪਾ ਰਹੇ ਸਨ, ਪਰ ਮੈਂ ਨਹੀਂ ਮੰਨਿਆ ਅਤੇ ਕਹਿੰਦਾ ਰਿਹਾ ਕਿ ਮੈਂ ਤਾਂ ਕੱਲ੍ਹ ਅਮਨ ਦਾ ਸਕੂਲ ਵੇਖ ਕੇ ਹੀ ਜਾਣਾ ਹੈ। ਮੇਰੀ ਜ਼ਿੱਦ ਉਨ੍ਹਾਂ ਨੇ ਮੰਨ ਲਈ। ਜਦੋਂ ਮੈਂ ਸਕੂਲ ਦੇ ਗੇਟ ਤੋਂ ਤੁਾਹਨੂੰ ਵੇਖਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ।” ਉਸ ਨੇ ਭੱਜ ਕੇ ਮੇਰੇ ਪੈਰੀਂ ਹੱਥ ਲਾਏ ਤਾਂ ਮੇਰੀ ਰੂਹ ਖਿੜ ਗਈ।
ਫਿਰ ਨਿੱਕੀਆਂ-ਨਿੱਕੀਆਂ ਮੋਹ ਭਰੀਆਂ ਗੱਲਾਂ ਕਰਨ ਤੋਂ ਬਾਅਦ ਕਹਿੰਦਾ; ‘‘ਅੱਛਾ ਦੀਦੀ! ਮੈਂ ਚੱਲਦਾਂ, ਮੇਰੇ ਮੰਮੀ ਜਾਣ ਦੀ ਕਾਹਲੀ ਕਰ ਰਹੇ ਸਨ।” ਜਾਣ ਲੱਗਿਆਂ ਉਹ ਵੀਹ ਰੁਪੇ ਮੈਨੂੰ ਦੇ ਕੇ ਕਹਿਣ ਲੱਗਾ ਕਿ ਮੈਂ ਵੀ ਤੁਹਾਡਾ ਭਰਾ ਈ ਹਾਂ। ਮੈਂ ਕਿਹਾ ਕਿ ਤੂੰ ਮੇਰੇ ਤੋਂ ਬਹੁਤ ਛੋਟਾ ਏਂ। ਨਾਲੇ ਮੈਂ ਆਪ ਕਮਾਉਂਦੀ ਹਾਂ। ਮੈਂ ਤੈਨੂੰ ਦੇਣਾ ਏਂ ਜਾਂ ਤੈਥੋਂ ਲੈਣਾ ਏ? ਪਰ ਵਾਰ-ਵਾਰ ਕਹਿਣ 'ਤੇ ਵੀ ਉਹ ਨਹੀਂ ਮੰਨਿਆ ਅਤੇ ਕਹਿੰਦਾ ਕਿ ਭਰਾ ਭੈਣਾਂ ਨੂੰ ਸ਼ਗਨ ਹੀ ਦਿੰਦੇ ਨੇ। ਮੈਂ ਉਸ ਦੇ ਦਿਲੀ ਪਿਆਰ ਤੇ ਸਤਿਕਾਰ ਦੀ ਕਦਰ ਕਰਦਿਆਂ ਵੀਹ ਰੁਪਏ ਫੜ ਲਏ। ਉਹਨੂੰ ਵੀ ਸ਼ਾਇਦ ਉਹ ਰੁਪਏ ਆਪਣੇ ਨਾਨਕਿਆਂ ਦੇ ਘਰੋਂ ਮਿਲੇ ਹੋਣਗੇ। ਅੱਜ ਵੀ ਉਸ ਵੱਲੋਂ ਦਿੱਤੇ ਸ਼ਗਨ ਰੂਪੀ ਵੀਹ ਰੁਪਏ ਮੈਂ ਕਿਸੇ ਵੱਡੇ ਸਨਮਾਨ ਵਾਂਗ ਸੰਭਾਲ ਕੇ ਰੱਖੇ ਹੋਏ ਹਨ। ਉਸ ਦੁਆਰਾ ਮੇਰੇ ਦਸਖਤ ਵੇਖ ਕੇ ਮੇਰੀ ਪਛਾਣ ਕਰਨ ਵਾਲੀ ਗੱਲ ਅੱਜ ਵੀ ਰੂਹਾਨੀ ਖੁਸ਼ੀ ਦਿੰਦੀ ਹੈ ਅਤੇ ਹਮੇਸ਼ਾ ਲੱਗਦੈ ਕਿ ਵਿਦਿਆਰਥੀਆਂ ਦੁਆਰਾ ਦਿੱਤਾ ਸਤਿਕਾਰ ਅਸਲੀ ਸਨਮਾਨ ਹੁੰਦਾ ਹੈ ਅਤੇ ਉਨ੍ਹਾਂ ਦਾ ਕਾਮਯਾਬ ਹੋਣਾ ਸੱਚਾ ਅਧਿਆਪਨ। ਇਸ ਵਿਦਿਆਰਥੀ ਵੱਲੋਂ ਮਿਲਿਆ ਵੀਹ ਰੁਪਿਆਂ ਦਾ ਸ਼ਗਨ ਮੈਨੂੰ ਸਦਾ ਆਪਣੇ ਫਰਜ਼ਾਂ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਮੈਂ ਹੋਰ ਮਿਹਨਤ ਕਰਦੀ ਹਾਂ ਤੇ ਵਿਦਿਆਰਥੀਆਂ ਨੂੰ ਸਮਾਜਕ ਕਦਰਾਂ-ਕੀਮਤਾਂ ਸਿਖਾਉਣ ਦੀ ਕੋਸ਼ਿਸ਼ ਕਰਦੀ ਹਾਂ। ਪ੍ਰਾਚੀਨ ਸਮਾਂ ਤਾਂ ਅਸੀਂ ਦੇਖਿਆ ਨਹੀਂ, ਫਿਰ ਵੀ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਗੁਰੂਕੁਲ ਵਿੱਚ ਵੀ ਗੁਰੂ ਅਤੇ ਸ਼ਿਸ਼ ਦਰਮਿਆਨ ਅਵੱਸ਼ ਜਜ਼ਬਾਤੀ ਰਿਸ਼ਤਾ ਹੁੰਦਾ ਹੋਵੇਗਾ। ਅਜਿਹਾ ਰੂਹਾਨੀ ਰਿਸ਼ਤਾ ਜੋ ਸਭ ਗਿਣਤੀਆਂ ਮਿਣਤੀਆਂ ਤੋਂ ਉਪਰ ਹੁੰਦਾ ਹੋਵੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”